ਵੈਂਟੀਲੇਟਰ ਤੇ ਕਾਰਡੀਆਕ ਮਾਨੀਟਰ ਮਸ਼ੀਨਾਂ ਵਾਲੇ 66 ਨਵੇਂ ਬੈੱਡ ਮਰੀਜਾਂ ਦੀ ਸੇਵਾ ਲਈ ਤਿਆਰ : ਡਾ. ਬਲਬੀਰ ਸਿੰਘ

ਪਟਿਆਲਾ ਫੋਟੋਂ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਹੋਰ।

ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ 2 ਅਕਤੂਬਰ ਨੂੰ ਮਾਤਾ ਕੌਸ਼ੱਲਿਆ ਹਸਪਤਾਲ ’ਚ ਨਵੇਂ ਆਈ.ਸੀ.ਯੂ. ਤੇ ਐਨਆਈਸੀਯੂ ਦਾ ਕਰਨਗੇ ਉਦਘਾਟਨ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਕ੍ਰਾਂਤੀ ਦੀ ਦਿਸ਼ਾ ਵੱਲ ਇੱਕ ਹੋਰ ਕਦਮ ਅੱਗੇ ਵਧਾ ਰਹੀ ਹੈ। 2 ਅਕਤੂਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ ਦੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਨਵੇਂ ਆਈ.ਸੀ.ਯੂ. ਅਤੇ ਐਨ.ਆਈ.ਸੀ.ਯੂ ਦਾ ਉਦਘਾਟਨ ਕਰਨਗੇ। ਦੋਵੇਂ ਮੁੱਖ ਮੰਤਰੀ 550 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਵਿੱਚ ਮਿਸ਼ਨ ਸਿਹਤਮੰਦ ਪੰਜਾਬ ਦੀ ਸ਼ੁਰੂਆਤ ਵੀ ਕਰਨਗੇ। ਇਹ ਪ੍ਰਗਟਾਵਾ ਅੱਜ ਰਾਜ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਉਨ੍ਹਾਂ ਦੱਸਿਆ ਕਿ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਵੈਂਟੀਲੇਟਰ ਅਤੇ ਕਾਰਡੀਅਕ ਮੌਨੀਟਰ ਵਾਲੇ 66 ਬੈੱਡ ਲਗਾਏ ਗਏ ਹਨ, ਜਿਹੜੇ ਕਿ ਐਮਰਜੈਂਸੀ, ਸਰਜਰੀ ਤੋਂ ਪਹਿਲਾਂ ਤੇ ਬਾਅਦ ਵਿੱਚ ਮਰੀਜਾਂ ਦੀ ਸੰਭਾਲ ਕਰਨਗੇ। ਇਸਦੇ ਨਾਲ ਹੀ ਐਨ.ਆਈ.ਸੀ.ਯੂ. ਨਵਜਾਤ ਬੱਚਿਆਂ ਦੀ ਸੰਭਾਲ ਕਰੇਗਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਢਲੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੋਂ ਬਾਅਦ ਸਾਡੀ ਸਰਕਾਰ ਦਾ ਅਗਲਾ ਟੀਚਾ ਸੈਕੰਡਰੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨਾ ਹੈ। ਇਸ ਲਈ 550 ਕਰੋੜ ਖ਼ਰਚਕੇ ਸਾਰੇ ਜ਼ਿਲ੍ਹਾ ਹਸਪਤਾਲ, ਸਬ ਡਿਵੀਜ਼ਨ ਹਸਪਤਾਲ ਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਐਮਰਜੈਂਸੀ ਬਲਾਕ, ਸੀਟੀ ਸਕੈਨ, ਐਮਆਰਆਈ, ਵੈਂਟੀਲੇਟਰ, ਕਾਰਡੀਅਕ ਮਾਨੀਟਰ ਬੈੱਡ ਆਦਿ ਦੇ ਨਾਲ ਲੈਸ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਭਾਦਸੋਂ ਤੋਂ ਸਰਕਾਰੀ ਬੱਸਾਂ ਦੇ ਟਾਇਮ ਮਿਸ ਰਹਿਣ ਕਾਰਨ ਸਵਾਰੀਆਂ ਤੇ ਵਿਦਿਆਰਥੀ ਪ੍ਰੇਸ਼ਾਨ

ਪਹਿਲੇ ਪੜਾਅ ਵਿੱਚ 19 ਜ਼ਿਲ੍ਹਾ ਹਸਪਤਾਲ, 6 ਸਬ ਡਵੀਜ਼ਨ ਹਸਪਤਾਲ ਅਤੇ 40 ਕਮਿਊਨਿਟੀ ਹੈਲਥ ਕੇਅਰ ਸੈਂਟਰਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿੱਥੇ ਮਰੀਜ਼ ਸੁਵਿਧਾ ਕੇਂਦਰ ਹੋਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਕਲੀਨਿਕਲ ਇਲਾਜ ਸਿਹਤ ਸੇਵਾਵਾਂ ਦਾ ਸਿਰਫ ਇੱਕ ਪਹਿਲੂ ਹੈ ਜਦਕਿ ਮਾਨਸਿਕ ਅਤੇ ਭਾਵਨਾਤਮਕ ਸਹਾਇਤਾ ਅਤੇ ਹਮਦਰਦੀ ਦੂਜਾ ਮੁੱਖ ਪਹਿਲੂ ਹੈ, ਇਸ ਲਈ ਅਸੀਂ ਮਰੀਜ਼ਾਂ ਨੂੰ ਸਹੀ ਦਿਸ਼ਾ ਵਿੱਚ ਮਾਰਗਦਰਸ਼ਨ ਕਰਨ ਲਈ ਮਰੀਜ਼ ਸੁਵਿਧਾ ਕੇਂਦਰ ਖੋਲ੍ਹੇ ਜਾਣਗੇ, ਜਿੱਥੇ ਮਰੀਜਾਂ ਲਈ ਪੀਣ ਵਾਲਾ ਪਾਣੀ ਤੇ ਬੈਠਣ ਲਈ ਢੁਕਵੀਂ ਥਾਂ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਇੱਥੇ ਮਰੀਜ਼ ਅਤੇ ਵਾਰਸ ਹਸਪਤਾਲਾਂ ਬਾਬਤ ਫੀਡਬੈਕ ਵੀ ਦੇ ਸਕਣਗੇ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪਿ੍ਰੰਸੀਪਲ ਬੁੱਧ ਰਾਮ ਅਤੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਚੇਅਰਮੈਨ ਗੁਰਦੇਵ ਸਿੰਘ ਲੱਖਣਾ ਤੇ ਜਗਰੂਪ ਸਿੰਘ ਸੇਖਵਾਂ ਵੀ ਮੌਜੂਦ ਸਨ।

80 ਫੀਸਦੀ ਲੋਕਾਂ ਦੇ ਇਲਾਜ਼ ਦਾ ਜੀਰੋਂ ਬਿਲ ਕਰਨਾ ਟੀਚਾ

ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਜਲਦੀ ਹੀ ਆਧੁਨਿਕ ਆਪ੍ਰੇਸ਼ਨ ਥੀਏਟਰ, ਲੇਬਰ ਰੂਮ ਅਤੇ ਐਮਰਜੈਂਸੀ ਬਲਾਕ ਹੋਣਗੇ ਜਿਸ ਨਾਲ ਇਨਫੈਕਸ਼ਨ ਦੀਆਂ ਸੰਭਾਵਨਾਵਾਂ ਵਿੱਚ ਕਾਫੀ ਕਮੀ ਆਵੇਗੀ ਅਤੇ ਜਾਨਾਂ ਬਚ ਜਾਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਦੇ ਹਸਪਤਾਲਾਂ ਨੂੰ ਡਿਜ਼ੀਟਲ ਕਰਨ ਲਈ ਫਰੀਦਕੋਟ ਦੇ ਹਸਪਤਾਲ ਵਿੱਚ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦੇ ਲਾਗੂ ਹੋਣ ਨਾਲ ਕੋਈ ਵੀ ਮਰੀਜ ਕਿਸੇ ਵੀ ਹਸਪਤਾਲ ’ਚ ਜਾਕੇ ਆਪਣਾ ਇਲਾਜ ਕਰਵਾ ਸਕੇਗਾ। ਡਾ.ਬਲਬੀਰ ਨੇ ਕਿਹਾ ਕਿ ਏਮਜ਼ ਦੇ ਅਧਿਐਨ ਅਨੁਸਾਰ ਗਰੀਬੀ ਦਾ ਵੱਡਾ ਕਾਰਨ ਸਿਹਤ ਸੰਭਾਲ ਉਤੇ ਹੋਣ ਵਾਲੇ ਖਰਚੇ ਹਨ, ਇਸੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦਾ ਟੀਚਾ ਸੂਬੇ ਦੇ 80 ਫੀਸਦੀ ਲੋਕਾਂ ਦਾ ਇਲਾਜ ਉਤੇ ਜ਼ੀਰੋ ਬਿਲ ਕਰਨਾ ਹੈ।