ਡਿਊਟੀ ’ਚ ਅਣਗਹਿਲੀ : ਪਾਵਰਕੌਮ ਨੇ 3 ਜੇਈ, 2 ਲਾਈਨਮੈਨ ਤੇ 1 ਐਸਐਸਏ ਕੀਤਾ ਮੁਅੱਤਲ

Powercom Sachkahoon

ਜ਼ਿਲ੍ਹਾ ਫਰੀਦਕੋਟ ਦੇ ਪਿੰਡ ਘੁੱਦੂਵਾਲਾ ਦੇ ਮੌਜੂਦਾ ਸਰਪੰਚ ਸਮੇਤ 2 ਖਿਲਾਫ਼ ਬਿਜਲੀ ਚੋਰੀ ਦਾ ਕੇਸ ਦਰਜ਼ (Powercom)

(ਸੁਖਜੀਤ ਮਾਨ) ਬਠਿੰਡਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਚੋਰੀ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਅਤੇ ਆਪਣੀ ਸਰਕਾਰੀ ਡਿਊਟੀ ਵਿੱਚ ਅਣਗਹਿਲੀ ਤੇ ਕੁਤਾਹੀ ਵਰਤਣ ਵਾਲਿਆਂ ਖਿਲਾਫ਼ ਸਖਤੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਇਸ ਸਖਤੀ ਤਹਿਤ ਅਣਗਹਿਲੀ ਵਰਤਣ ਵਾਲੇ 6 ਮੁਲਾਜਮਾਂ ਨੂੰ ਮੁਅੱਤਲ ਕੀਤਾ ਗਿਆ ਹੈ ਜਦੋਂਕਿ ਬਿਜਲੀ ਚੋਰੀ ਦੇ ਮਾਮਲੇ ’ਚ ਇੱਕ ਮੌਜੂਦਾ ਸਰਪੰਚ ਸਮੇਤ ਦੋ ਜਣਿਆਂ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਜੁਰਮਾਨਾ ਲਾਇਆ ਗਿਆ ਹੈ। (Powercom)

ਪਾਵਰਕੌਮ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਵਟਸਐਪ ਸੰਦੇਸ਼ ਰਾਹੀਂ ਪ੍ਰਾਪਤ ਸੂਚਨਾ ਦੇ ਅਧਾਰ ’ਤੇ ਗ੍ਰਾਮ ਪੰਚਾਇਤ ਪਿੰਡ ਘੁੱਦੂਵਾਲਾ, ਸਬ ਡਵੀਜਨ ਸਾਦਿਕ ਡਵੀਜਨ ਫਰੀਦਕੋਟ ਸਰਕਲ ਫਰੀਦਕੋਟ ਅਧੀਨ ਦੀ ਜ਼ਮੀਨ ਵਿੱਚ ਇੰਨਫੋਰਸਮੈਂਟ ਸਕੂਐਡ ਬਠਿੰਡਾ ਵੱਲੋਂ ਚੈਕਿੰਗ ਦੌਰਾਨ 4 ਨਜਾਇਜ਼ ਮੋਟਰਾਂ ਫੜੀਆਂ ਗਈਆਂ। ਬੁਲਾਰੇ ਨੇ ਦੱਸਿਆ ਫੜੀਆਂ ਗਈਆਂ ਨਜਾਇਜ ਮੋਟਰਾਂ ਬਹੁਤ ਲੰਮੇਂ ਸਮੇਂ ਤੋਂ ਪਿੰਡ ਘੁੱਦੂਵਾਲਾ ਦੇ ਮੌਜੂਦਾ ਸਰਪੰਚ ਹਰਨੀਤ ਸਿੰਘ ਵੱਲੋਂ ਚਲਾਈਆਂ ਜਾ ਰਹੀਆਂ ਸੀ।

ਇਸ ਤੋਂ ਇਲਾਵਾ ਗੁਰਮੀਤ ਸਿੰਘ ਪੁੱਤਰ ਮੇਜਰ ਸਿੰਘ ਦੀਆਂ 2 ਨਜਾਇਜ਼ ਮੋਟਰਾਂ ਚਲਦੀਆਂ ਫੜੀਆਂ ਗਈਆਂ। ਇਹਨਾਂ 6 ਨਜਾਇਜ਼ ਮੋਟਰਾਂ ਦੇ ਖਪਤਕਾਰਾਂ ਨੂੰ 3 ਲੱਖ 89 ਹਜ਼ਾਰ 181 ਰੁਪਏ ਬਿਜਲੀ ਚੋਰੀ ਲਈ ਜੁਰਮਾਨਾ ਕੀਤਾ ਗਿਆ ਹੈ । ਬੁਲਾਰੇ ਨੇ ਦੱਸਿਆ ਕਿ ਸਰਪੰਚ ਹਰਨੀਤ ਸਿੰਘ ਅਤੇ ਗੁਰਮੀਤ ਸਿੰਘ ਵਿਰੁੱਧ ਐਸ.ਐਚ.ਓ/ਐਂਟੀ ਪਾਵਰ ਥੈਫਟ ਪੁਲਿਸ ਸਟੇਸ਼ਨ ਵੱਲੋਂ ਬਿਜਲੀ ਚੋਰੀ ਐਕਟ ਦੀ ਧਾਰਾ-135 ਤਹਿਤ ਦਰਜ਼ ਕਰ ਲਿਆ ਅਤੇ ਦੋਵਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਬਿਜਲੀ ਚੋਰੀ ਦੇ ਇਸ ਮਾਮਲੇ ’ਚ ਬਿਜਲੀ ਚੋਰੀ ਨੂੰ ਰੋਕਣ ਵਿੱਚ ਅਸਫਲ ਜੇ.ਈ ਲਵਪ੍ਰੀਤ ਸਿੰਘ, ਜੇ.ਈ ਬਲਵਿੰਦਰ ਸਿੰਘ ਅਤੇ ਲਾਈਨਮੈਨ ਸਿੰਦਰ ਸਿੰਘ ਜਿੰਮੇਵਾਰ ਪਾਏ ਗਏ ਜਿਸ ਕਾਰਨ ਤਿੰਨਾਂ ਜਣਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਸ਼ਰਾਬੀ ਹਾਲਤ ਵਿੱਚ ਮਿਲੇ ਮੁਲਾਜ਼ਮ

ਇਸ ਤੋਂ ਇਲਾਵਾ ਜ਼ਿਲ੍ਹਾ ਮਾਨਸਾ ’ਚ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ  ਨੇ ਦੇਰ ਸ਼ਾਮ ਨੂੰ ਟੈਲੀਫੋਨ ਤੇ ਪ੍ਰਾਪਤ ਇਕ ਸੂਚਨਾ ਦੇ ਆਧਾਰ ਤੇ ਲਖਵੀਰ ਸਿੰਘ ਲਾਈਨਮੈਨ ਵੰਡ ਉਪ ਮੰਡਲ ਬੁਢਲਾਡਾ ਅਤੇ ਤਰਲੋਚਨ ਸਿੰਘ ਐਸ.ਐਸ.ਏ 66 ਕੇ ਵੀ ਸਬ ਸਟੇਸ਼ਨ ਭਾਦੜਾ ਅਧੀਨ ਐਸ ਐਸ ਈ ਭੀਖੀ ਅਧੀਨ ਓ ਅਤੇ ਐਮ ਮੰਡਲ ਮਾਨਸਾ ਨੂੰ ਡਿਊਟੀ ਸਮੇਂ ਦੌਰਾਨ ਸ਼ਰਾਬੀ ਹਾਲਤ ਵਿੱਚ ਪਾਇਆ ਗਿਆ ਇਸ ਸਮੇਂ ਦੋਰਾਨ ਪਿੰਡਾਂ ਦੀ ਬਿਜਲੀ ਵੀ ਪ੍ਰਭਾਵਿਤ ਹੋਈ ਜਿਸ ਨਾਲ ਬਿਜਲੀ ਖਪਤਕਾਰਾਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ। ਦੋਵਾਂ ਕਰਮਚਾਰੀਆਂ ਨੂੰ ਆਪਣੀ ਡਿਊਟੀ ਵਿੱਚ ਕੁਤਾਹੀ ਵਰਤਣ ’ਤੇ ਤੁਰੰਤ ਮੁਅੱਤਲ ਕਰ ਦਿੱਤਾ ਗਿਆ।

ਇਸ ਤੋਂ ਇਲਾਵਾ ਜ਼ਿਲ੍ਹਾ ਮੋਗਾ ’ਚ ਜਨਮ ਅਸ਼ਟਮੀ ਮੌਕੇ ਬਿਲਾਸਪੁਰ ਇਲਾਕੇ ਵਿੱਚ ਜਦੋਂ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਤਾਂ ਰਾਜਬਿੰਦਰ ਸਿੰਘ ਜੇਈ ਜੋ ਕਿ ਵੰਡ ਉਪ ਮੰਡਲ ਬਿਲਾਸਪੁਰ (ਅਧੀਨ ਵੰਡ ਮੰਡਲ ਬਾਘਾਪੁਰਾਣਾ ) ਵਿਖੇ ਕੰਮ ਕਰਦਾ ਸੀ ਵੱਲੋਂ ਬਿਜਲੀ ਸਪਲਾਈ ਦੇ ਵਿੱਚ ਵਿਘਨ ਸਬੰਧੀ ਹਰਭਜਨ ਸਿੰਘ ਈਟੀਓ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਦੇ ਦਖਲ ਦੇਣ ਦੇ ਬਾਵਜੂਦ ਜੇ.ਈ. ਜੋ ਕਿ ਬਿਲਾਸਪੁਰ ਸਬ ਡਵੀਜਨ ਦੇ ਇਲਾਕੇ ਦਾ ਇੰਚਾਰਜ ਸੀ, ਮੌਕੇ ’ਤੇ ਨਾ ਪਹੁੰਚਿਆ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਤਾਂ ਉਸ ਨੂੰ ਵੀ ਆਪਣੀ ਡਿਊਟੀ ਵਿੱਚ ਅਣਗਹਿਲੀ ਤੇ ਕੁਤਾਹੀ ਵਰਤਣ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਗਿਆ। ਉਕਤ ਮੁਅੱਤਲ ਮੁਲਾਜ਼ਮ ਮੁਅੱਤਲੀ ਸਮੇਂ ਦੌਰਾਨ ਬਦਲਵੀਆਂ ਥਾਵਾਂ ’ਤੇ ਲਗਾਏ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ