ਅਮਰਿੰਦਰ ਸਿੰਘ ਚੱਲਿਆ ਹੋਇਆ ਕਾਰਤੂਸ : ਨਵਜੋਤ ਸਿੱਧੂ, ਸਿੱਧੂ ਨੂੰ ਪਤਾ ਕੁਝ ਹੁੰਦਾ ਨਹੀਂ, ਬਸ ਬਕਵਾਸ ਕਰਦਾ ਰਹਿੰਦੈ : ਅਮਰਿੰਦਰ ਸਿੰਘ

ਨਵਜੋਤ ਸਿੱਧੂ ਅਤੇ ਅਮਰਿੰਦਰ ਸਿੰਘ ਵਿਚਕਾਰ ਮੁੜ ਸ਼ੁਰੂ ਹੋਈ ਟਵਿੱਟਰ ਵਾਰ

  •  ਅਮਰਿੰਦਰ ਸਿੰਘ ਨੇ ਪਿਛਲੀਵਾਰ ਪਾਰਟੀ ਬਣਾਈ ਸੀ ਤਾਂ ਉਨ੍ਹਾਂ ਨੂੰ 856 ਵੋਟ ਮਿਲੇ ਸਨ : ਨਵਜੋਤ ਸਿੱਧੂ
  •  ਮੈ ਚੋਣ ਲੜਿਆ ਹੀ ਨਹੀਂ ਸੀ, ਸਿਰਫ਼ ਮੇਰੇ ਨਾਅ ’ਤੇ ਹੀ ਇੰਨੇ ਵੋਟ ਪੈ ਗਏ : ਅਮਰਿੰਦਰ ਸਿੰਘ

(ਅਸ਼ਵਨੀ ਚਾਵਲਾ) ਚੰਡੀਗੜ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਚਕਾਰ ਇੱਕ ਵਾਰ ਮੁੜ ਟਵਿੱਟਰ ਵਾਰ ਸ਼ੁਰੂ ਹੋ ਗਈ ਹੈ। ਇਸ ਵਾਰ ਦੋਵਾਂ ਵਲੋਂ ਸਾਰੀਆ ਹੱਦਾਂ ਨੂੰ ਹੀ ਪਾਰ ਕਰ ਦਿੱਤਾ ਗਿਆ ਹੈ। ਨਵਜੋਤ ਸਿੱਧੂ ਨੇ ਅਮਰਿੰਦਰ ਸਿੰਘ ਨੂੰ ਚੱਲਿਆ ਹੋਇਆ ਕਾਰਤੂਸ ਅਤੇ ਸਿਆਸਤ ਦਾ ‘ਜੈ ਚੰਦ ’ ਕਰਾਰ ਦੇ ਦਿੱਤਾ ਤਾਂ ਅਮਰਿੰਦਰ ਸਿੰਘ ਨੇ ਵੀ ਵਾਪਸੀ ਕਰਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਨੂੰ ਕੁਝ ਪਤਾ ਤਾਂ ਹੁੰਦਾ ਨਹੀਂ ਹੈ, ਬਸ ਹਰ ਸਮੇਂ ਉਹ ਬਕਵਾਸ ਹੀ ਕਰਦਾ ਰਹਿੰਦਾ ਹੈ।

ਬੁੱਧਵਾਰ ਨੂੰ ਅਮਰਿੰਦਰ ਸਿੰਘ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਇਸੇ ਦੌਰਾਨ ਨਵਜੋਤ ਸਿੱਧੂ ਨੇ ਪਹਿਲਾ ਟਵੀਟ ਕਰਦੇ ਹੋਏ ਇਸ ਟਵੀਟ ਜੰਗ ਦੀ ਸ਼ੁਰੂ ਕੀਤੀ ਸੀ। ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਪੰਜਾਬ ਦੇ 78 ਵਿਧਾਇਕ ਇਹ ਸੋਚ ਵੀ ਨਹੀਂ ਸਕਦੇ ਹਨ ਕਿ ਉਨਾਂ ਨੂੰ ਆਖਰਕਾਰ ਮਿਲਿਆ ਕੀ ਹੈ ? ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿਕਾਸ ਅਤੇ ਇਨਸਾਫ਼ ਨੂੰ ਹੀ ਰੋਕ ਦਿੱਤਾ। ਅਮਰਿੰਦਰ ਸਿੰਘ ਨੇ ਮੇਰੇ ਲਈ ਦਰਵਾਜੇ ਬੰਦ ਕਰ ਦਿੱਤੇ ਸਨ, ਕਿਉਂਕਿ ਮੈ ਪੰਜਾਬ ਦੇ ਮੁੱਦੇ ਚੁੱਕੇ ਸਨ।

ਨਵਜੋਤ ਸਿੱਧੂ ਦੇ ਇਸ ਟਵੀਟ ਦਾ ਅਮਰਿੰਦਰ ਸਿੰਘ ਨੇ ਜੁਆਬ ਦਿੰਦੇ ਹੋਏ ਕਿਹਾ , ਇਸ ਬੰਦੇ ਨੂੰ ਕੁਝ ਪਤਾ ਤਾਂ ਹੁੰਦਾ ਨਹੀਂ ਹੈ ਪਰ ਹਰ ਸਮੇਂ ਇਸ ਬੰਦੇ ਨੇ ਬਕਵਾਸ ਹੀ ਕਰੀ ਜਾਣੀ ਹੈ। ਮੇਰੇ ਵਲੋਂ ਸਰਕਾਰ ਵਿੱਚ ਰਹਿੰਦੇ ਹੋਏ ਕੇਂਦਰੀ ਮੰਤਰੀਆਂ ਨਾਲ ਕਈ ਵਾਰ ਮੀਟਿੰਗ ਕੀਤੀ ਗਈ ਹੈ, ਕਿਉਂਕਿ ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਹੀ ਕੰਮ ਕਰਨਾ ਹੁੰਦਾ ਹੈ। ਮੈ ਨਵਜੋਤ ਸਿੱਧੂ ਤੋਂ ਕੋਈ ਉਮੀਦ ਹੀ ਨਹੀਂ ਰੱਖਦਾ ਹਾਂ ਕਿਉਂਕਿ ਉਸ ਨੂੰ ਸ਼ਾਸਨ ਚਲਾਉਣ ਬਾਰੇ ਕੁਝ ਨਹੀਂ ਪਤਾ।’’

ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਅਮਰਿੰਦਰ ਸਿੰਘ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਪਿਛਲੀ ਵਾਰ ਅਮਰਿੰਦਰ ਸਿੰਘ ਨੇ ਪਾਰਟੀ ਬਣਾਈ ਸੀ ਤਾਂ ਉਨਾਂ ਨੇ ਆਪਣੀ ਜ਼ਮਾਨਤ ਤੱਕ ਜ਼ਬਤ ਕਰਵਾ ਲਈ ਸੀ, ਉਨਾਂ ਨੂੰ ਚੋਣ ਦੌਰਾਨ ਸਿਰਫ਼ 856 ਵੋਟ ਹੀ ਮਿਲੇ ਸਨ। ਪੰਜਾਬ ਦੇ ਲੋਕ ਅਮਰਿੰਦਰ ਸਿੰਘ ਨੂੰ ਮੁੜ ਤੋਂ ਸਜਾ ਦੇਣ ਲਈ ਤਿਆਰ ਬੈਠੇ ਹਨ। ਅਮਰਿੰਦਰ ਸਿੰਘ ਨੇ ਜੁਆਬ ਦਿੰਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਹੈ, ਉਨਾਂ ਨੇ ਕੋਈ ਚੋਣ ਲੜੀ ਹੀ ਨਹੀਂ ਸੀ। ਉਹ ਚੋਣ ਤੋਂ ਪਿੱਛੇ ਹਟ ਗਏ ਸਨ ਪਰ ਫਿਰ ਵੀ ਉਨਾਂ ਦੇ ਨਾਅ ’ਤੇ 856 ਵੋਟਾਂ ਪੈ ਗਈਆਂ ਸਨ। ਉਹ ਜਦੋਂ ਸਮਾਣਾ ਵਿਧਾਨ ਸਭਾ ਹਲਕੇ ਤੋਂ ਚੋਣ ਲਈ ਉੱਤਰੇ ਤਾਂ ਬਿਨਾਂ ਕਿਸੇ ਮੁਕਾਬਲੇ ਹੀ ਜਿੱਤ ਪ੍ਰਾਪਤ ਕਰ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ