ਨਵਜੋਤ ਸਿੱਧੂ ਦੀ ਸੋੋਨੀਆ ਗਾਂਧੀ ਨੂੰ ਚਿੱਠੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸਾਧਿਆ ਨਿਸ਼ਾਨਾ

13 ਨੁਕਤਿਆਂ ’ਤੇ ਕੰਮ ਕਰਨ ਲਈ ਦਿੱਤੇ ਜਾਣ ਮੁੱਖ ਮੰਤਰੀ ਨੂੰ ਆਦੇਸ਼, ਸੋਨੀਆ ਤੋਂ ਕੀਤੀ ਮੰਗ

  • ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ 13 ਨੁਕਤੇ ਖੜਾ ਕਰਦੇ ਹਨ ਸੁਆਲੀਆ ਨਿਸ਼ਾਨ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਹੀ ਨਿਸ਼ਾਨਾ ਸਾਧ ਦਿੱਤਾ ਹੈ। ਨਵਜੋਤ ਸਿੱਧੂ ਨੇ ਮੌਜੂਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸੁਆਲ਼ਿਆ ਨਿਸ਼ਾਨ ਖੜੇ ਕਰਦੇ ਹੋਏ ਮੰਗ ਕੀਤੀ ਹੈ ਕਿ ਸੋਨੀਆ ਗਾਂਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਆਦੇਸ਼ ਦੇਣ ਕਿ ਉਹ ਇਨਾਂ 13 ਨੁਕਤਿਆਂ ’ਤੇ ਕੰਮ ਕਰਨ ਤਾਂ ਕਿ ਇਸ ਸਰਕਾਰ ਦੇ ਆਖਰੀ ਮੌਕੇ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਮਾਫ਼ੀਆਂ ਰਾਜ ਦੇ ਖ਼ਿਲਾਫ਼ ਕੰਮ ਕੀਤਾ ਜਾ ਸਕੇ।

ਨਵਜੋਤ ਸਿੱਧੂ ਨੇ ਇਹ ਪੱਤਰ ਟਵੀਟ ਕਰਦੇ ਹੋਏ ਸੋਨੀਆ ਗਾਂਧੀ ਨੂੰ ਭੇਜਿਆ ਹੈ ਹਾਲਾਂਕਿ ਬੀਤੇ ਦਿਨੀਂ ਸੋਨੀਆ ਗਾਂਧੀ ਨੇ ਆਪਣੇ ਸਾਰੇ ਲੀਡਰਾਂ ਨੂੰ ਮਿਹਣਾ ਮਾਰੀਆਂ ਸੀ ਕਿ ਉਹ ਸਿੱਧੇ ਉਨਾਂ ਨਾਲ ਰਾਬਤਾ ਕਾਇਮ ਰੱਖਿਆ ਕਰਨ ਅਤੇ ਉਨਾਂ ਨੂੰ ਮੀਡੀਆ ਰਾਹੀਂ ਕੋਈ ਵੀ ਗੱਲ ਨਾ ਆਖੀ ਜਾਵੇ ਪਰ ਨਵਜੋਤ ਸਿੱਧੂ ਵਲੋਂ ਸੋਸ਼ਲ ਮੀਡੀਆ ਰਾਹੀਂ ਇਹ ਪੱਤਰ ਜਾਰੀ ਕਰਦੇ ਹੋਏ ਸੋਨੀਆ ਗਾਂਧੀ ਵਲੋਂ ਬੀਤੇ ਦਿਨੀਂ ਦਿੱਤੇ ਗਏ ਆਦੇਸ਼ਾ ਦੀ ਹੀ ਉਲੰਘਣਾ ਕਰ ਦਿੱਤੀ ਹੈ। ਨਵਜੋਤ ਸਿੱਧੂ ਵਲੋਂ ਜਿਹੜਾ ਪੱਤਰ 17 ਅਕਤੂਬਰ ਨੂੰ ਟਵੀਟ ਰਾਹੀਂ ਜਨਤਕ ਕੀਤਾ ਗਿਆ ਹੈ, ਇਹ ਪੱਤਰ ਨਵਜੋਤ ਸਿੱਧੂ ਵਲੋਂ 15 ਅਕਤੂਬਰ ਨੂੰ ਲਿਖਿਆ ਅਤੇ ਭੇਜਿਆ ਗਿਆ ਸੀ ਪਰ ਅਚਾਨਕ ਇਹੋ ਜਿਹਾ ਕੀ ਹੋਇਆ ਕਿ ਨਵਜੋਤ ਸਿੱਧੂ ਨੂੰ ਇਹ ਪੱਤਰ ਹੀ ਦੋ ਦਿਨਾਂ ਬਾਅਦ ਜਨਤਕ ਕਰਨਾ ਪਿਆ।

ਨਵਜੋਤ ਸਿੱਧੂ ਨੇ ਆਪਣੇ ਇਸ ਪੱਤਰ ਰਾਹੀਂ ਸੋਨੀਆ ਗਾਂਧੀ ਨੂੰ ਟਰਾਂਸਪੋਰਟ ਮਾਫੀਆ ਤੋਂ ਲੈ ਕੇ ਸ਼ਰਾਬ ਮਾਫ਼ੀਆਂ ਅਤੇ ਕੇਬਲ ਮਾਫੀਆ ਨੂੰ ਘੇਰਿਆ ਗਿਆ ਹੈ। ਇਥੇ ਹੀ ਸਰਕਾਰ ਵਲੋਂ ਆਮ ਰੁਟੀਨ ਦੇ ਕੀਤੇ ਜਾਣ ਵਾਲੇ ਕੰਮਾਂ ਦਾ ਵੀ ਵੇਰਵਾ ਦਿੰਦੇ ਹੋਏ ਇਨਾਂ ਕੰਮਾਂ ਨੂੰ ਕਰਨ ਲਈ ਕਿਹਾ ਗਿਆ ਹੈ। ਇਸ ਵਿੱਚ ਬਿਜਲੀ ਸਮਝੌਤੇ ਰੱਦ ਅਤੇ ਬਿਜਲੀ ਸਸਤੀ ਦਰਾਂ ’ਤੇ ਦੇਣ ਬਾਰੇ ਵੀ ਜਿਕਰ ਕੀਤਾ ਗਿਆ ਹੈ।
ਨਵਜੋਤ ਸਿੱਧੂ ਵਲੋਂ ਇਨਾਂ 13 ਨੁਕਤੇ ਨੂੰ ਲਿਖਦੇ ਹੋਏ ਸੋਨੀਆ ਗਾਂਧੀ ਨੂੰ ਮੰਗ ਕੀਤੀ ਹੈ ਕਿ ਤੁਸੀਂ ਇਸ ਮਾਮਲੇ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸੇਧ ਦਿਓ ਤਾਂ ਕਿ ਉਹ ਪੰਜਾਬ ਵਿੱਚ ਆਮ ਲੋਕਾਂ ਲਈ ਕੰਮ ਕਰਨ। ਇਥੇ ਖ਼ਾਸ ਗੱਲ ਇਹ ਹੈ ਕਿ ਨਵਜੋਤ ਸਿੱਧੂ ਵਲੋਂ ਇਸ ਮਾਮਲੇ ਵਿੱਚ ਹੁਣ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ, ਜਦੋਂ ਕਿ ਸਿੱਧਾ ਹੀ ਇਨਾਂ ਮੁੱਦੇ ਬਾਰੇ ਸਿੱਧੂ ਕਾਂਗਰਸ ਹਾਈ ਕਮਾਨ ਨੂੰ ਹੀ ਪੱਤਰ ਲਿਖ ਦਿੱਤਾ ਗਿਆ ਹੈ।

ਸਿੱਧੂ ਨੇ ਸੋਨੀਆ ਤੋਂ ਮੰਗਿਆ ਸਮਾਂ

ਸਿੱਧੂ ਦੀ ਚਿੱਠੀ ਤੋਂ ਇਹ ਸਪੱਸ਼ਟ ਹੈ ਕਿ ਰਾਹੁਲ ਗਾਂਧੀ ਨੂੰ ਮਿਲਣ ਦੇ ਬਾਵਜ਼ੂਦ ਉਨ੍ਹਾਂ ਦੀ ਨਾਰਾਜ਼ਗੀ ਖਤਮ ਨਹੀਂ ਹੋਈ ਹੈ ਸਿੱਧੂ ਨੇ ਸੋਨੀਆ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਨੂੰ 13 ਮੁੱਦਿਆਂ ’ਤੇ ਕੰਮ ਕਰਨ ਦਾ ਨਿਰਦੇਸ਼ ਦੇਣ। ਨਾਲ ਹੀ ਸਿੱਧੂ ਨੇ ਇਨ੍ਹਾਂ ਮੁੱਦਿਆਂ ’ਤੇ ਚਰਚਾ ਲਈ ਸੋਨੀਆ ਨੂੰ ਮਿਲਣ ਦਾ ਸਮਾਂ ਵੀ ਮੰਗਿਆ ਹੈ ਸਿੱਧੂ ਨੇ ਚਿੱਠੀ ’ਚ ਖੁਦ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੱਸਦਿਆਂ ਕਿਹਾ ਕਿ ਉਨ੍ਹਾਂ ਕੋਲ ਸਰਕਾਰ ’ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਹੈ

ਚੰਨੀ ਦੀ ਨਿਯੁਕਤੀ ’ਤੇ ਚੁੱਕੇ ਸਵਾਲ।

ਸਿੱਧੂ ਭਾਵੇਂ ਇਹ ਕਹਿੰਦੇ ਆਏ ਹੋਣ ਕਿ ਉਨ੍ਹਾਂ ਸੀਐੱਮ ਅਹੁਦੇ ਦਾ ਲਾਲਚ ਨਹੀਂ ਹੈ ਪਰ ਮੁੱਖ ਮੰਤਰੀ ਨਾ ਬਣਾਏ ਜਾਣ ਦਾ ਦਰਦ ਉਹ ਕਈ ਵਾਰੀ ਬਿਆਨ ਕਰ ਚੁੱਕੇ ਹਨ। ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਸਿੱਧੂ ਨੇ ਕਿਹਾ ਕਿ ਪੰਜਾਬ ’ਚ ਇੱਕ ਦਲਿਤ ਨੂੰ ਸੀਐੱਮ ਬਣਾਇਆ ਗਿਆ ਪਰ ਸੂਬੇ ਭਰ ਦੇ ਦਲਿਤ ਸਮਾਜ ਨੂੰ ਸਮਾਨ ਅਗਵਾਈ ਨਹੀਂ ਮਿਲੀ ਸਿੱਧੂ ਨੇ ਸੋਨੀਆ ਤੋਂ ਮੰਗ ਕੀਤੀ ਹੈ ਕਿ ਚੰਨੀ ਕੈਬਨਿਟ ’ਚ ਮਜ੍ਹਬੀ ਸਿੱਖ ਸਮਾਜ ਤੋਂ ਇੱਕ, ਪਿਛੜੇ ਸਮਾਜ ਤੋਂ ਦੋ ਤੇ ਦੁਆਬਾ ਇਲਾਕੇ ਤੋਂ ਮੰਤਰੀ ਬਣਾਉਣੇ ਚਾਹੀਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ