ਕੌਮੀ ਪੁਰਸਕਾਰ: ਪੰਜਾਬ ਦੀਆਂ ਮਹਿਲਾ ਸਰਪੰਚਾਂ ਦੀ ਝੰਡੀ

ਪੰਜਾਬ ‘ਚੋਂ ਚੁਣੇ ਗਏ ਸੱਤ ਸਰਪੰਚਾਂ ‘ਚ ਪੰਜ ਮਹਿਲਾ ਸਰਪੰਚ

ਬਠਿੰਡਾ, ਅਸ਼ੋਕ ਵਰਮਾ. ਪੇਂਡੂ ਵਿਕਾਸ ਦੇ ਮਾਮਲੇ ‘ਚ ਪੰਜ ਮਹਿਲਾ ਸਰਪੰਚਾਂ ਦੀ ਐਤਕੀਂ ਵਾਰ ਝੰਡੀ ਰਹੀ ਹੈ  ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵੱਲੋਂ ਅੱਜ ਲਖਨਊ ‘ਚ ਇਨ੍ਹਾਂ ਮਹਿਲਾ ਸਰਪੰਚਾਂ ਨੂੰ ਕੌਮੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਭਰ ‘ਚੋਂ ਆਪੋ ਆਪਣੇ ਪਿੰਡਾਂ ਦੇ ਵਿਕਾਸ ਦੇ ਮਾਮਲੇ ‘ਚ ਇਨ੍ਹਾਂ ਕੌਮੀ ਪੁਰਸਕਾਰਾਂ ਲਈ ਸੱਤ ਸਰਪੰਚਾਂ ਨੂੰ ਚੁਣਿਆ ਗਿਆ ਸੀ ਰੌਚਕ ਤੱਥ ਹੈ ਕਿ ਇਨ੍ਹਾਂ ‘ਚੋਂ ਸਿਰਫ ਦੋ ਪੁਰਸ਼ ਸਰਪੰਚ ਹਨ ਜਦੋਂ ਕਿ ਮਹਿਲਾ ਸਰਪੰਚਾਂ ਦੀ ਗਿਣਤੀ ਪੰਜ ਹੈ। ਇਹ ਉਹ ਮਹਿਲਾ ਸਰਪੰਚ ਹਨ, ਜਿਨ੍ਹਾਂ ਨੇ ਪੇਂਡੂ ਵਿਕਾਸ ਦੇ ਰਾਹਾਂ ‘ਤੇ ਅਜਿਹੇ ਕਦਮ ਰੱਖੇ ਜਿਨ੍ਹਾਂ ਨੇ ਉਨ੍ਹਾਂ ਦਾ ਨਾਂਅ ਕੌਮੀ ਪੱਧਰ ‘ਤੇ ਚਮਕਾ ਦਿੱਤਾ ਹੈ।

ਨਰੇਗਾ ਪਾਰਕ ਤਿਆਰ ਕਰਵਾਇਆ

ਬਠਿੰਡਾ ਦੇ ਪਿੰਡ ਗੁਰੂਸਰ ਮਹਿਰਾਜ ਦੀ ਦਲਿਤ ਸਰਪੰਚ ਪਰਮਜੀਤ ਕੌਰ ਸਭ ਤੋਂ  ਵੱਧ ਉਮਰ ਦੀ ਬਜ਼ੁਰਗ ਔਰਤ ਹੈ ਅੱਜ ਉਸ ਨੇ ਇਹ ਕੌਮੀ ਪੁਰਸਕਾਰ ਪ੍ਰਾਪਤ ਕੀਤਾ ਹੈ। ਇਸ ਮਹਿਲਾ ਸਰਪੰਚ ਨੇ ਪੂਰੇ ਪਿੰਡ ਦੀ ਸੁਰੱਖਿਆ ਲਈ ਸੀ ਸੀ ਟੀ ਵੀ ਕੈਮਰੇ ਲਾਏ, ਨਰੇਗਾ ਪਾਰਕ ਤਿਆਰ ਕਰਵਾਇਆ ਅਤੇ  ਪੰਚਾਇਤ ਵੱਲੋਂ ਬੀਮੇ ਦੀ ਸਹੂਲਤ ਦਿੱਤੀ ਗਈ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੱਕ ਜਾਨੀਸ਼ੇਰ ਦੀ ਸਰਪੰਚ ਵੀਰਪਾਲ ਕੌਰ ਨੇ ਪੇਂਡੂ ਵਿਕਾਸ ਨੂੰ ਨਵਾਂ ਹੁਲਾਰਾ ਦਿੱਤਾ ਹੈ ਇਸ ਸਰਪੰਚ  ਨੇ ਪਿੰਡ ਵਿਚ ਇੱਕ ਗੁਰੂ ਘਰ ਅਤੇ ਇੱਕ ਸ਼ਮਸ਼ਾਨ ਘਾਟ ਹੀ ਰੱਖਿਆ ਹੈ। ਪਿੰਡ ਨੂੰ ਹਰਿਆ- ਭਰਿਆ ਕੀਤਾ ਅਤੇ ਖਜੂਰਾਂ ਦੇ ਦਰਖਤਾਂ ਲਵਾਏ ਹਨ।

ਪਿੰਡ ਨੂੰ ਵਾਤਾਵਰਨ ਤੇ ਪੰਛੀਆਂ ਦੇ ਦੋਸਤ ਪਿੰਡ ਵਜੋਂ ਵਿਕਸਿਤ ਕੀਤਾ

ਲੁਧਿਆਣਾ ਦੇ ਪਿੰਡ ਦੁਬਰਜੀ ਦੀ ਮਹਿਲਾ ਸਰਪੰਚ ਜਸਵੀਰ ਕੌਰ ਸਭ ਤੋਂ ਵੱਧ ਪੜ੍ਹੀ-ਲਿਖੀ ਸਰਪੰਚ ਹੈ।ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੋਟ ਕਰੋੜ ਖੁਰਦ ਦੀ ਸਰਪੰਚ ਵੀਰਪਾਲ ਕੌਰ ਨੇ ਪਿੰਡ ਵਿਚ ਥਾਂ-ਥਾਂ ‘ਤੇ ਪੰਛੀਆਂ ਵਾਸਤੇ ਆਲ੍ਹਣੇ ਤਿਆਰ ਕਰਵਾਏ ਅਤੇ ਪਿੰਡ ਨੂੰ ਵਾਤਾਵਰਨ ਤੇ ਪੰਛੀਆਂ ਦੇ ਦੋਸਤ ਪਿੰਡ ਵਜੋਂ ਵਿਕਸਿਤ ਕੀਤਾ ਹੈ।ਇਸ ਸਰਪੰਚ ਨੇ ਆਪਣੀ ਦੋ ਕਨਾਲ ਜ਼ਮੀਨ ਪਿੰਡ ਨੂੰ ਦਾਨ ਵਜੋਂ ਦਿੱਤੀ ਤੇ ਮਗਰੋਂ ਉਸ ‘ਚ ਪਿੰਡ ਵਾਸੀਆਂ ਲਈ ਪਾਰਕ ਬਣਾਇਆ ਹੈ ਚੰਡੀਗੜ੍ਹ ਨੇੜਲੇ ਪਿੰਡ ਨਗਲ ਗੜੀਆ ਦੀ ਮਹਿਲਾ ਸਰਪੰਚ ਬਲਜੀਤ ਕੌਰ ਨੂੰ ਵੀ ਕੌਮੀ ਸਨਮਾਨ ਮਿਲਿਆ ਹੈ ਇਹ ਉਹ ਪਿੰਡ ਹੈ, ਜੋ ਪੰਚਾਇਤੀ ਚੋਣਾਂ ਦੇ ਸ਼ੋਰ ਸ਼ਰਾਬੇ ਤੋਂ ਬਚਿਆ ਹੋਇਆ ਅਤੇ ਪਿੰਡ ਵਾਸੀ ਪੰਚਾਇਤ ਸਰਬਸੰਮਤੀ ਨਾਲ ਚੁਣਦੇ ਹਨ

ਏਦਾਂ ਹੀ ਮਾਨਸਾ ਦੇ ਪਿੰਡ ਤਾਮਕੋਟ ਦੇ ਸਰਪੰਚ ਰਣਜੀਤ ਸਿੰਘ ਨੂੰ ਅੱਜ ਗਰਾਮ ਸਭਾ ਐਵਾਰਡ ਮਿਲਿਆ ਅਤੇ  ਜਲੰਧਰ ਦੇ ਪਿੰਡ ਟੁੱਟ ਸ਼ੇਰ ਦੇ ਕਰਮਜੀਤ ਸਿੰਘ ਵੀ ਕੌਮੀ ਪੁਰਸਕਾਰ ਹਾਸਲ ਕਰਨ ਵਾਲਿਆਂ ‘ਚ ਸ਼ਾਮਲ ਹੈ ਬਠਿੰਡਾ ਦੀ ਜ਼ਿਲ੍ਹਾ ਪ੍ਰੀਸ਼ਦ ਵੀ ਐਵਾਰਡ ਜੇਤੂ ਰਹੀ ਤੇ ਇਹ ਸਨਮਾਨ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਪ੍ਰਾਪਤ ਕੀਤਾ ਹੈ।ਏਦਾਂ ਹੀ ਬਲਾਕ ਸੰੰਮਤੀ ਭਗਤਾ ਭਾਈ ਨੇ ਵੀ ਐਵਾਰਡ ਹਾਸਲ ਕੀਤਾ ਹੈ   ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਸਕੱਤਰ ਨਵਨੀਤ ਜੋਸ਼ੀ ਦਾ ਕਹਿਣਾ ਸੀ ਕਿ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਇਸ ਵਾਰ 10 ਕੌਮੀ ਪੁਰਸਕਾਰ ਝੋਲੀ ਪਏ ਹਨ ਉਨ੍ਹਾਂ ਆਖਿਆ ਕਿ ਪੰਜਾਬ ਨੇ ਪੇਂਡੂ ਵਿਕਾਸ ਵਿਚ ਨਵੀਆਂ ਮੰਜਲਾਂ ਨੂੰ ਛੋਹਿਆ ਹੈ ਮਾਨਸਾ ਦੀ ਬਲਾਕ ਵਿਕਾਸ ਤੇ ਵਿਕਾਸ ਅਫਸਰ ਨੀਰੂ ਗਰਗ ਅਤੇ ਪੰਚਾਇਤ ਸਕੱਤਰ ਪਰਮਜੀਤ ਭੁੱਲਰ ਵੀ ਇਨ੍ਹਾਂ ਸਰਪੰਚਾਂ ਨਾਲ ਲਖਨਊ ਗਏ ਹੋਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ