4.5 ਕਿਲੋਗ੍ਰਾਮ ਹੈਰੋਇਨ, 8.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਛੇ ਗ੍ਰਿਫ਼ਤਾਰ
Crime News: (ਰਾਜਨ ਮਾਨ) ਅੰਮ੍ਰਿਤਸਰ। ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਅਰਸ਼ਦੀਪ ਸਿੰਘ ਜੋ ਮੌਜੂਦਾ ਸਮੇਂ ਗੋਇੰਦਵਾਲ ਜੇਲ੍ਹ ਵਿੱਚ ਬੰਦ ਹੈ, ਵੱਲੋਂ ਚਲਾਏ ਜਾ ਰਹੇ ਸੰਗਠਿਤ ਨਾਰਕੋ-ਹਵਾਲਾ ਕਾਰਟੇਲ ਦੇ 6 ਕਾਰਕੁਨਾਂ ਨੂੰ 4.526 ਕਿਲੋਗ੍ਰਾਮ ਹੈਰੋਇਨ ਅਤੇ 8.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਕੇ ਇਸ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨਦੀਪ ਸਿੰਘ ਉਰਫ ਕਰਨ (25) ਵਾਸੀ ਅਲਗੋਂ ਖੁਰਦ, ਤਰਨਤਾਰਨ, ਜਸਪ੍ਰੀਤ ਸਿੰਘ (20) ਵਾਸੀ ਸਲੋਦੀ, ਲੁਧਿਆਣਾ, ਅਰਸ਼ਦੀਪ ਸਿੰਘ ਉਰਫ਼ ਅਰਸ (22) ਵਾਸੀ ਮਹਿੰਦੀਪੁਰ, ਤਰਨ ਤਾਰਨ, ਗੁਰਮੀਤ ਸਿੰਘ ਉਰਫ ਗੀਤੂ (24) ਵਾਸੀ ਸੁਖੇਰਾ ਬੋਦਲਾ, ਫਾਜ਼ਿਲਕਾ, ਰਜਿੰਦਰਪਾਲ ਸਿੰਘ ਉਰਫ਼ ਨਿੱਕਾ (24) ਵਾਸੀ ਕੋਲੋਵਾਲ, ਅੰਮ੍ਰਿਤਸਰ ਅਤੇ ਮਲਕੀਤ ਸਿੰਘ (28) ਵਾਸੀ ਹਵੇਲੀਆਂ, ਤਰਨਤਾਰਨ ਵਜੋਂ ਹੋਈ ਹੈ।
ਮੁੱਖ ਸਰਗਨਾ ਅਰਸ਼ਦੀਪ ਸਿੰਘ ਨੇ ਜੇਲ੍ਹ ਵਿੱਚੋਂ ਸਰਹੱਦ ਪਾਰ ਆਪਣੇ ਸਬੰਧਾਂ ਨਾਲ ਸਿੰਡੀਕੇਟ ਚਲਾਇਆ: ਡੀਜੀਪੀ ਗੌਰਵ ਯਾਦਵ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਰਸ਼ਦੀਪ, ਆਪਣੇ ਸਾਥੀਆਂ ਜਸਪ੍ਰੀਤ ਅਤੇ ਕਰਨ ਨਾਲ ਮਿਲ ਕੇ ਨਸ਼ੀਲੇ ਪਦਾਰਥਾਂ ਦੇ ਵਪਾਰ ਅਤੇ ਹਵਾਲਾ ਲੈਣ-ਦੇਣ ਨੂੰ ਅੰਜਾਮ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਰਨ, ਗੁਰਮੀਤ ਅਤੇ ਰਾਜਿੰਦਰਪਾਲ ਮਿਲ ਕੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੰਡ ਰਹੇ ਸਨ।
ਉਨ੍ਹਾਂ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਨਸ਼ੀਲੇ ਪਦਾਰਥਾਂ ਦੇ ਵਪਾਰ ਤੋਂ ਹੋਣ ਵਾਲੀ ਕਮਾਈ ਜਸਪ੍ਰੀਤ ਵੱਲੋਂ ਹਵਾਲਾ ਚੈਨਲਾਂ ਜ਼ਰੀਏ ਦੁਬਈ, ਯੂਏਈ ਰਾਹੀਂ ਪਾਕਿਸਤਾਨ ਭੇਜੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਅਰਸ਼ਦੀਪ ਵੱਲੋਂ ਜੇਲ੍ਹ ਦੇ ਅੰਦਰ ਵਰਤਿਆ ਗਿਆ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ, ਜੋ ਉਨ੍ਹਾਂ ਦੀਆਂ ਸਰਹੱਦ ਪਾਰ ਦੀਆਂ ਗਤੀਵਿਧੀਆਂ ਬਾਰੇ ਮਹੱਤਵਪੂਰਨ ਸਬੂਤ ਪ੍ਰਦਾਨ ਕਰਦਾ ਹੈ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: Wedding Viral News: ਲਾੜਾ ਬਰਾਤ ਲੈ ਕੇ ਲੱਭਦਾ ਰਿਹਾ ਲਾੜੀ ਤੇ ਮੈਰਿਜ ਪੈਲੇਸ…
ਹੋਰ ਵੇਰਵੇ ਸਾਂਝੇ ਕਰਦਿਆਂ, ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਰਸ਼ਦੀਪ ਸਿੰਘ ਨੂੰ ਕਮਰਸ਼ੀਅਲ ਐਨਡੀਪੀਐਸ ਕੇਸ ਤਹਿਤ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ, ਉਸਨੇ ਸਰਹੱਦ ਪਾਰ ਦੇ ਤਸਕਰਾਂ ਨਾਲ ਸੰਪਰਕ ਬਣਾਈ ਰੱਖਿਆ। ਉਨ੍ਹਾਂ ਕਿਹਾ ਕਿ ਇੱਕ ਵੱਖਰੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਮਲਕੀਤ ਸਿੰਘ ਇੱਕ ਬਦਨਾਮ ਤਸਕਰ ਹੈ ਅਤੇ ਉਸ ਨੇ ਇੱਕ ਸਾਲ ਦੁਬਈ ਵਿੱਚ ਬਿਤਾਇਆ ਸੀ, ਜਿੱਥੇ ਉਹ ਪਾਕਿਸਤਾਨੀ ਤਸਕਰਾਂ ਦੇ ਸੰਪਰਕ ਵਿੱਚ ਆਇਆ।
ਉਨ੍ਹਾਂ ਦੱਸਿਆ ਕਿ ਉਸਦੇ ਪਿੰਡ ਦੀ ਅੰਤਰਰਾਸ਼ਟਰੀ ਸਰਹੱਦ ਨਾਲ ਨੇੜਤਾ ਕਾਰਨ ਦੋਸ਼ੀ ਨੇ ਦੋ ਮਹੀਨੇ ਪਹਿਲਾਂ ਭਾਰਤ ਵਾਪਸ ਆ ਕੇ ਖੇਪਾਂ ਦੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ। ਸੀਪੀ ਨੇ ਕਿਹਾ ਕਿ ਡੀਸੀਪੀ ਰਵਿੰਦਰਪਾਲ ਸਿੰਘ ਅਤੇ ਏਡੀਸੀਪੀ ਜਗਬਿੰਦਰ ਸਿੰਘ ਦੀ ਅਗਵਾਈ ਵਾਲੀਆਂ ਪੁਲਿਸ ਟੀਮਾਂ ਨੇ ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ। Crime News