Wedding Viral News: ਲਾੜਾ ਬਰਾਤ ਲੈ ਕੇ ਲੱਭਦਾ ਰਿਹਾ ਲਾੜੀ ਤੇ ਮੈਰਿਜ ਪੈਲੇਸ…

Wedding Viral News
Wedding Viral News: ਲਾੜਾ ਬਰਾਤ ਲੈ ਕੇ ਲੱਭਦਾ ਰਿਹਾ ਲਾੜੀ ਤੇ ਮੈਰਿਜ ਪੈਲੇਸ...

ਬਿਨਾ ਲਾੜੀ ਤੋਂ ਮੁੜਿਆ ਖਾਲੀ ਹੱਥ | Wedding Viral News

Wedding Viral News: (ਵਿੱਕੀ ਕੁਮਾਰ) ਮੋਗਾ। ਵਿਆਹ ਜਿੱਥੇ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ ਤੇ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਹੁੰਦੀ ਹੈ ਉੱਥੇ ਮੋਗਾ ’ਚ ਐਤਵਾਰ ਨੂੰ ਇਕ ਵਿਆਹ ਜ਼ਿੰਦਗੀ ਦਾ ਸਭ ਤੋਂ ਭਿਆਨਕ ਤੇ ਨਾਟਕੀ ਘਟਨਾ ’ਚ ਤਬਦੀਲ ਹੋ ਗਿਆ। ਲਾੜਾ ਜੋ ਕਿ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡੀ ਤੋਂ ਆਪਣੀ ਬਰਾਤ ਲੈ ਕੇ ਮੋਗਾ ਵਿਹਾਉਣ ਆਇਆ ਸੀ, ਉਸ ਨੂੰ ਨਾ ਲੜਕੀ ਮਿਲੀ, ਨਾ ਪੈਲੇਸ, ਨਾ ਪਰਿਵਾਰ ਤੇ ਨਾ ਹੀ ਕੋਈ ਪਤਾ। ਬਾਜੇ-ਗਾਜੇ ਤੇ ਖ਼ੁਸ਼ੀਆਂ ਨਾਲ ਆਈ ਬਰਾਤ ਨੂੰ ਉਮੀਦ ਸੀ ਕਿ ਉਨ੍ਹਾਂ ਦਾ ਸਵਾਗਤ ਹੋਵੇਗਾ ਪਰ ਸੱਚਾਈ ਇੰਨੀ ਕਰੜੀ ਸੀ ਕਿ ਸਾਰੀ ਬਰਾਤ ਸ਼ਹਿਰ ਦੀਆਂ ਗਲੀਆਂ ’ਚ ਇਕ ਗਲੀ ਤੋਂ ਦੂਜੀ ਗਲੀ, ਇਕ ਮੁਹੱਲੇ ਤੋਂ ਦੂਜੇ ਮੁਹੱਲੇ ’ਚ ਚੱਕਰ ਲਗਾਉਂਦੇ ਰਹੇ।

ਇਹ ਵੀ ਪੜ੍ਹੋ: Delhi News: ਦਿੱਲੀ ਐਨਸੀਆਰ ’ਚ 5 ਬੰਗਲਾਦੇਸ਼ੀ ਪ੍ਰਵਾਸੀਆਂ ’ਤੇ ਕਾਰਵਾਈ, 3 ਨਾਬਾਲਗ ਵੀ ਸ਼ਾਮਲ

ਲਾੜੇ ਦੀ ਭਰਜਾਈ ਮਨਪ੍ਰੀਤ ਕੌਰ ਜਿਸ ਨੇ ਇਹ ਰਿਸ਼ਤਾ ਕਰਵਾਇਆ ਸੀ, ਨੇ ਅੱਖਾਂ ’ਚੋਂ ਹੰਝੂ ਵਗਾਉਂਦਿਆਂ ਕਿਹਾ ਕਿ ਇਹ ਮੇਰੇ ਮਾਮੇ ਦੀ ਲੜਕੀ ਹੈ ਜੋ ਕਿ ਮੇਰੀ ਮਾਤਾ ਦੇ ਚਾਚੇ ਦੀ ਲੜਕੀ ਹੈ। ਲੜਕੀ ਦਾ ਸਾਰਾ ਪਰਿਵਾਰ ਯੂਕੇ ’ਚ ਰਹਿੰਦਾ ਸੀ ਤੇ ਸਾਡੀ ਇਸ ਪਰਿਵਾਰ ਨਾਲ ਹਰ ਰੋਜ਼ ਫੋਨ ਰਾਹੀਂ ਵਿਆਹ ਬਾਰੇ ਗੱਲਬਾਤ ਹੁੰਦੀ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਵਾਲਿਆਂ ਨਾਲ ਫੋਨ ’ਤੇ ਵਿਆਹ ਦੇ ਪ੍ਰਬੰਧਾਂ ਬਾਰੇ ਵੀ ਗੱਲਬਾਤ ਚੱਲਦੀ ਰਹਿੰਦੀ ਸੀ।

ਉਨ੍ਹਾਂ ਕਿਹਾ ਕਿ ਹੁਣ ਨਾ ਲੜਕੀ, ਨਾ ਉਹਦਾ ਘਰ, ਨਾ ਹੀ ਉਹਦੇ ਮਾਪੇ ਲੱਭ ਰਹੇ ਹਨ। ਉਸ ਨੇ ਦੱਸਿਆ ਕਿ ਉਹ ਮੋਗਾ 15-20 ਸਾਲ ਪਹਿਲਾਂ ਆਈ ਸੀ ਪਰ ਹੁਣ ਮਾਹੌਲ ਬਦਲ ਗਿਆ, ਉਹ ਥਾਂ ਪਛਾਣ ਨਹੀਂ ਰਹੀ। ਬੱਸ ਸਟੈਂਡ ਦੇ ਨਜ਼ਦੀਕ ਛੇ ਨੰਬਰ ਗਲੀ ਕਹਿੰਦੇ ਸੀ ਪਰ ਉੱਥੇ ਅਜਿਹਾ ਕੋਈ ਪਰਿਵਾਰ ਨਹੀਂ। ਉਨ੍ਹਾਂ ਕਿਹਾ ਕਿ ਜਿਸ ਫੋਨ ’ਤੇ ਉਨ੍ਹਾਂ ਦੀ ਗੱਲਬਾਤ ਹੁੰਦੀ ਸੀ ਉਹ ਫੋਨ ਵੀ ਬੰਦ ਆ ਰਿਹਾ ਹੈ।

ਫੋਨ ਰਾਹੀ ਤੈਅ ਹੋਇਆ ਸੀ ਰਿਸ਼ਤਾ | Wedding Viral News

ਲਾੜਾ ਜਿਹੜਾ ਰਾਜਿਆਂ ਵਾਂਗ ਸਜ ਕੇ ਬਰਾਤੀ ਟੱਬਰ ਨਾਲ ਆਇਆ ਸੀ ਤੇ ਉਸ ਨੂੰ ਬਿਨਾ ਲਾੜੀ ਤੋਂ ਹੀ ਮੁੜਨਾ ਪਿਆ। ਜਿਵੇਂ ਕਿ ਹੋਰ ਮਾਮਲਿਆਂ ’ਚ ਵੀ ਹੋ ਰਿਹਾ ਹੈ, ਇਸ ਵਾਰ ਵੀ ਰਿਸ਼ਤਾ ਫੋਨ ਰਾਹੀਂ ਬਣਾਇਆ ਗਿਆ ਸੀ। ਯੂਕੇ ਵਿੱਚ ਰਹਿ ਰਹੀ ਲੜਕੀ ਤੇ ਉਸ ਦੇ ਪਰਿਵਾਰ ਨੇ ਲਾੜੇ ਦੇ ਪਰਿਵਾਰ ਨਾਲ ਦਿਨਾਂ ਦੌਰਾਨ ਗੱਲਾਂ ਕੀਤੀਆਂ, ਵਿਆਹ ਦੀਆਂ ਤਿਆਰੀਆਂ ਹੋਈਆਂ ਤੇ ਵਿਆਹ ਵਾਲੀ ਥਾਂ ਦੀ ਵੀ ਜਾਣਕਾਰੀ ਦਿੱਤੀ ਗਈ

ਪਰ ਜਦੋਂ ਲਾੜਾ ਮੋਗਾ ਆਇਆ ਤਾਂ ਪਤਾ ਲੱਗਿਆ ਕਿ ਸਭ ਕੁਝ ਝੂਠ ਸੀ। ਲਾੜੇ ਦੇ ਪਿਤਾ ਸੁਖਜੀਤ ਸਿੰਘ ਨੇ ਆਖਿਆ ਕਿ ਸਾਨੂੰ ਲੜਕੀ ਦੇ ਪਰਿਵਾਰ ਨੇ ਠੱਗ ਲਿਆ ਹੈ। ਇਹ ਸਿਰਫ਼ ਇਕ ਵਿਆਹ ਨਹੀਂ ਸੀ, ਸਾਡੀ ਇੱਜ਼ਤ, ਸਾਡੀ ਉਮੀਦ, ਸਾਡਾ ਭਰੋਸਾ ਸੀ। ਅਸੀਂ ਇਨਸਾਫ਼ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਜੋ ਪਤਾ ਲੜਕੀ ਵੱਲੋਂ ਦਿੱਤਾ ਗਿਆ ਸੀ, ਉਹ ਵੀ ਝੂਠਾ ਸੀ। ਇਹ ਇਕ ਪੂਰੀ ਤਰ੍ਹਾਂ ਸੋਚੀ-ਸਮਝੀ ਯੋਜਨਾ ਲੱਗ ਰਹੀ ਹੈ।

ਇਹ ਕੋਈ ਪਹਿਲਾ ਮਾਮਲਾ ਨਹੀਂ, ਏਦਾਂ ਦੇ ਪਹਿਲਾ ਵੀ ਕਈ ਮਾਮਲੇ ਆਏ ਹਨ ਸਾਹਮਣੇ

ਇਹ ਕੋਈ ਪਹਿਲਾ ਮਾਮਲਾ ਨਹੀਂ। ਕੁਝ ਮਹੀਨੇ ਪਹਿਲਾਂ ਜਲੰਧਰ ਦੇ ਪਿੰਡ ਮੜਿਆਲਾ ਤੋਂ ਆਇਆ ਨੌਜਵਾਨ ਦੀਪਕ ਜਿਹੜਾ ਦੁਬਈ ਤੋਂ ਆਇਆ ਸੀ, ਉਸ ਨਾਲ ਵੀ ਠੱਗੀ ਹੋਈ। ਲੜਕੀ ਮਨਪ੍ਰੀਤ ਕੌਰ ਨਾਲ ਸੋਸ਼ਲ ਮੀਡੀਆ ਰਾਹੀਂ ਰਿਸ਼ਤਾ ਬਣਿਆ, ਵਿਆਹ ਦੀ ਤਾਰੀਕ ਵੀ ਮੁਕਰਰ ਹੋਈ ਪਰ ਜਦੋਂ ਬਰਾਤ ਮੋਗਾ ਆਈ ਤਾਂ ਲੜਕੀ ਨੇ ਫੋਨ ਬੰਦ ਕਰ ਦਿੱਤਾ ਤੇ ਪਤਾ ਗੁੰਮ। ਇਹ ਘਟਨਾਵਾਂ ਸਿਰਫ਼ ਇਕ ਪਰਿਵਾਰ ਨਹੀਂ ਸਗੋਂ ਸਾਰੇ ਸਮਾਜ ਨੂੰ ਹਿਲਾ ਰਹੀਆਂ ਹਨ। ਮੋਗਾ ਵਿਖੇ ਵਧ ਰਹੀ ਠੱਗੀ ਤੇ ਗੈਂਗਵਾਰ ਦੀਆਂ ਘਟਨਾਵਾਂ ਨੇ ਨੌਜਵਾਨਾਂ ਦੇ ਭਵਿੱਖ ਤੇ ਗੰਭੀਰ ਪ੍ਰਸ਼ਨ ਚੁੱਕੇ ਹਨ।