ਰਾਜਪੁਰਾ ਵਿਖੇ ਕਿਸਾਨਾਂ ਨੇ ਭਾਜਪਾ ਦੇ ਚੋਣ ਦਫ਼ਤਰ ਕਰਵਾਏ ਬੰਦ
ਪਟਿਆਲਾ, (ਖੁਸ਼ਵੀਰ ਸਿੰਘ ਤੂਰ (ਸੱਚ ਕਹੂੰ))। ਕਿਸਾਨੀ ਸੰਘਰਸ਼ ਨੇ ਭਾਰਤੀ ਜਨਤਾ ਪਾਰਟੀ ਦੇ ਮੂਹਰਲੀ ਕਤਾਰ ਦੇ ਆਗੂਆਂ ਨੂੰ ਕਸੂਤੀ ਸਥਿਤੀ ਵਿੱਚ ਖੜ੍ਹਾ ਕਰ ਦਿੱਤਾ ਹੈ। ਇੱਥੋਂ ਤੱਕ ਕਿ ਭਾਜਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਉਮੀਦਵਾਰ ਖੁਦ ਵੀ ਭਾਜਪਾ ਦੇ ਵੱਡੇ ਆਗੂਆਂ ਦੇ ਚੋਣ ਪ੍ਰਚਾਰ ਲਈ ਆਪਣੀ ਡਿਮਾਂਡ ਨਹੀਂ ਰੱਖ ਰਹੇ। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਅਜਿਹਾ ਹੀ ਵਰਤਾਰਾ ਸਾਹਮਣੇ ਆ ਰਿਹਾ ਹੈ। ਰਾਜਪੁਰਾ ਵਿਖੇ ਤਾਂ ਅੱਜ ਕਿਸਾਨ ਆਗੂਆਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਖੁੱਲ੍ਹੇ ਹੋਏ ਦਫ਼ਤਰ ਬੰਦ ਕਰਵਾ ਦਿੱਤੇ ਗਏ। ਇੱਥੇ ਅਜੇ ਤੱਕ ਭਾਜਪਾ ਦੇ ਮੁੱਖ ਲੀਡਰਾਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਕਿਸੇ ਪ੍ਰਕਾਰ ਦਾ ਕੋਈ ਚੋਣ ਪ੍ਰਚਾਰ ਨਹੀਂ ਕੀਤਾ ਗਿਆ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਪਟਿਆਲਾ ਅੰਦਰ ਨਾਭਾ, ਰਾਜਪੁਰਾ, ਸਮਾਣਾ ਅਤੇ ਪਾਤੜਾਂ ਨਗਰ ਕੌਸਲ ਚੋਣਾਂ ਹੋ ਰਹੀਆਂ ਹਨ। ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਚੋਣ ਮੈਦਾਨ ਵਿੱਚ ਉੱਤਰਦਿਆਂ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਪੂਰੀ ਜੀ-ਜਾਨ ਲਾਈ ਜਾ ਰਹੀ ਹੈ। ਇਸ ਚੋਣ ਦੰਗਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਿੱਗਜ ਆਗੁੂ ਅਜੇ ਤੱਕ ਨਦਾਰਦ ਹੀ ਦਿਖ ਰਹੇ ਹਨ। ਰਾਜਪੁਰਾ ਵਿਖੇ ਭਾਜਪਾ ਉਮੀਦਵਾਰਾਂ ਨੂੰ ਕਿਸਾਨੀ ਸੰਘਰਸ਼ ਦੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਕਿਸਾਨ ਜਥੇਬੰਦੀ ਵੱਲੋਂ ਰਾਜਪੁਰਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਖੁੱਲੇ੍ਹ ਹੋਏ ਚੋਣ ਦਫ਼ਤਰ ਬੰਦ ਕਰਵਾ ਦਿੱਤੇ ਗਏ ਹਨ।
ਰਾਜਪੁਰਾ ਦੇ ਭਾਜਪਾ ਦੇ ਸੂਬਾ ਆਗੂ ਹਰਜੀਤ ਸਿੰਘ ਗਰੇਵਾਲ ਵਸਨੀਕ ਹਨ, ਪਰ ਉਹ ਆਪਣੇ ਸ਼ਹਿਰ ਅੰਦਰ ਇਸ ਚੋਣ ਪ੍ਰਚਾਰ ’ਚ ਕਿਧਰੇ ਦਿਖਾਈ ਨਹੀਂ ਦੇ ਰਹੇ। ਗਰੇਵਾਲ ਵੱਲੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਸਭ ਤੋਂ ਵੱਧ ਵਿਵਾਦਿਤ ਬਿਆਨ ਦਿੱਤੇ ਗਏ ਹਨ ਅਤੇ ਕਿਸਾਨਾਂ ’ਚ ਉਨ੍ਹਾਂ ਖਿਲਾਫ਼ ਸਭ ਤੋਂ ਵੱਧ ਗੁੱਸਾ ਹੈ। ਇਸੇ ਨੂੰ ਦੇਖਦਿਆਂ ਹੀ ਉਹ ਪੰਜਾਬ ਅੰਦਰ ਚੋਣ ਪ੍ਰਚਾਰ ’ਚ ਨਹੀਂ ਉੱਤਰੇ। ਪਤਾ ਲੱਗਾ ਹੈ ਕਿ 7 ਫਰਵਰੀ ਨੂੰ ਨਾਭਾ ਵਿਖੇ ਚੁੱਪ ਚਪੀਤੇ ਭਾਜਪਾ ਦੇ ਜਨਰਲ ਸਕੱਤਰ ਅਤੇ ਮਾਲਵਾ ਜੋਨ ਇੰਚਾਰਜ਼ ਜੀਵਨ ਗੁਪਤਾ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਜ਼ਰੂਰ ਪੁੱਜੇ ਸਨ, ਪਰ ਉਨ੍ਹਾਂ ਵੱਲੋਂ ਨਾਭਾ ਤੋਂ ਇਲਾਵਾ ਕਿਧਰੇ ਹੋਰ ਦੌਰਾ ਨਹੀਂ ਕੀਤਾ ਗਿਆ।
ਜ਼ਿਲ੍ਹੇ ਅੰਦਰ ਚਾਰੇ ਥਾਵਾਂ ’ਤੇ ਭਾਜਪਾ ਦੇ 58 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਪਰ ਉਹ ਆਪਣੇ ਮੁੱਖ ਆਗੁੂਆਂ ਤੋਂ ਬਿਨਾਂ ਹੀ ਇਕੱਲੇ ਤੌਰ ’ਤੇ ਚੋਣ ਪ੍ਰਚਾਰ ’ਚ ਲੱਗੇ ਹੋਏ ਹਨ। ਚੋਣ ਪ੍ਰਚਾਰ ’ਚ ਸਿਰਫ਼ ਤਿੰਨ ਦਿਨ ਹੀ ਬਾਕੀ ਹਨ, ਪਰ ਭਾਜਪਾ ਦੇ ਕਿਸੇ ਵੀ ਵੱਡੇ ਆਗੂ ਦੀ ਚੋਣ ਪ੍ਰਚਾਰ ਕਰਨ ਆਉਣ ਲਈ ਪੁਖਤਾ ਜਾਣਕਾਰੀ ਨਹੀਂ ਹੈ। ਇਸ ਸਬੰਧੀ ਜਦੋਂ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਤੋਂ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਉਮੀਦਵਾਰ ਵੱਲੋਂ ਪ੍ਰਚਾਰ ਲਈ ਵੱਡੇ ਆਗੂ ਦੀ ਮੰਗ ਰੱਖੀ ਜਾਵੇਗੀ ਤਾਂ ਉਹ ਜ਼ਰੂਰ ਪੁੱਜਣਗੇ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਭਾਜਪਾ ਦੇ ਸੂਬਾ ਪ੍ਰਧਾਨ ਜਾਂ ਹੋਰ ਵੱਡੇ ਆਗੂ ਇੱਕ ਦੋ ਦਿਨਾਂ ’ਚ ਪ੍ਰਚਾਰ ਲਈ ਆਉਣਗੇ ਤਾਂ ਉਨ੍ਹਾਂ ਕਿਹਾ ਕਿ ਅਜੇ ਅਜਿਹੀ ਕੋਈ ਜਾਣਕਾਰੀ ਨਹੀਂ। ਉਂਜ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹੋਰ ਆਗੂ ਪ੍ਰਚਾਰ ਵਿੱਚ ਲੱਗੇ ਹੋਏ ਹਨ।
ਅਜਿਹੇ ਮਹੌਲ ਭਾਜਪਾ ਦੇ ਸਿੰਬਲ ’ਤੇ ਚੋਣ ਲੜਨੀ ਹੀ ਵੱਡੀ ਗੱਲ
ਇੱਧਰ ਜਦੋਂ ਭਾਜਪਾ ਦੇ ਸੂਬਾ ਆਗੂ ਹਰਜੀਤ ਸਿੰਘ ਗਰੇਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਦਿੱਲੀ ਵਿਖੇ ਹਨ ਅਤੇ ਕਿਸਾਨਾਂ ਵਾਲੇ ਮਸਲੇ ’ਤੇ ਲੱਗੇ ਹੋਏ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਉਹ ਕਦੋਂ ਪੁੱਜ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਇੱਕ ਦੋ ਦਿਨਾਂ ਬਾਅਦ ਰਾਜਪੁਰਾ ਪੁੱਜਣਗੇ। ਜਦੋਂ ਉਨ੍ਹਾਂ ਤੋਂ ਭਾਜਪਾ ਦੀ ਠੰਢੀ ਕੰਪੇਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਮਹੌਲ ਵਿੱਚ ਪਾਰਟੀ ਸਿੰਬਲ ’ਤੇ ਚੋਣ ਲੜਨੀ ਹੀ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਦਿੱਲੀ ਹੋਣ ਕਰਕੇ ਉਨ੍ਹਾਂ ਨੂੰ ਜ਼ਿਲ੍ਹੇ ਅੰਦਰ ਹੋਰ ਆਗੂਆਂ ਦੇ ਪੁੱਜਣ ਦੀ ਜਾਣਕਾਰੀ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.