ਖੇਤੀ ਕਾਨੂੰਨਾਂ ਦਾ ਵਿਰੋਧ : ਕਿਸਾਨਾਂ ਨੇ ਭਾਜਪਾ ਉਮੀਦਵਾਰਾਂ ਦੇ ਦਫਤਰਾਂ ’ਤੇ ਲਗਵਾਏ ਤਾਲੇ

ਕੇਂਦਰ ਸਰਕਾਰ ਜਦੋਂ ਤੱਕ ਕਿਸਾਨ ਵਿਰੋਧੀ ਬਿੱਲ ਵਾਪਸ ਨਹੀਂ ਲੈਂਦੀ ਧਰਨੇ -ਪ੍ਰਦਰਸ਼ਨ ਜਾਰੀ ਰਹਿਣਗੇ: ਕਿਸਾਨ

ਰਾਜਪੁਰਾ, (ਜਤਿੰਦਰ ਲੱਕੀ)। ਕੇਂਦਰ ਸਰਕਾਰ ਵੱਲੋਂ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਸੰਸਦ ਵਿੱਚ ਰੱਦ ਨਹੀਂ ਕਰਵਾਇਆ ਜਾਂਦਾ ਉਦੋਂ ਤੱਕ ਕਿਸਾਨ ਸੰਗਠਨ ਇਸਦਾ ਵਿਰੋਧ ਕਰਦੇ ਰਹਿਣਗੇ। ਮੰਗਲਵਾਰ ਨੂੰ ਕਿਸਾਨ ਸੰਗਠਨਾਂ ਵੱਲੋਂ ਇਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਰਾਜਪੁਰਾ ਵਿੱਚ ਪਹੁੰਚ ਕੇ ਭਾਜਪਾ ਉਮੀਦਵਾਰਾਂ ਦੇ ਦਫਤਰਾਂ ਨੂੰ ਬੰਦ ਕਰਵਾਇਆ ਅਤੇ ਦਫਤਰਾਂ ਦੇ ਬਾਹਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ । ਕਿਸਾਨ ਨੇਤਾਵਾਂ ਹਰਜੀਤ ਸਿੰਘ ਟਹਿਲਪੁਰਾ, ਇਕਬਾਲ ਸਿੰਘ ਮੰਡੌਲੀ, ਮਾਨ ਸਿੰਘ, ਹਰਪਾਲ ਸਿੰਘ, ਕਰਨਵੀਰ ਸਿੰਘ, ਜਵਾਹਰ ਲਾਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਰੋਸ਼ ਪ੍ਰਦਰਸ਼ਨ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੇ ਜਿੱਥੇ ਸਾਰੇ ਦੇਸ਼ ਦੇ ਕਿਸਾਨਾਂ ਵਿੱਚ ਬੇਚੈਨੀ ਅਤੇ ਅਸੁਰੱਖਿਆ ਪੈਦਾ ਕੀਤੀ ਹੈ

ਉਥੇ ਹੀ ਪੰਜਾਬ, ਹਰਿਆਣਾ ਸਹਿਤ ਹੋਰ ਸੂਬਿਆਂ ਦੇ ਕਿਸਾਨਾਂ ਵਿੱਚ ਜਬਰਦਸਤ ਰੋਸ਼ ਹੈ। ਇਸੇ ਦੇ ਚੱਲਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਅੜੀਅਲ ਰੁੱਖ ਨੂੰ ਵੇਖਦੇ ਹੋਏ ਸੜਕਾਂ ਉੱਤੇ ਉਤਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਮੰਗ ਕਰਦੇ ਹੋਏ ਕਿਹਾ ਕਿ ਇਸ ਤਿੰਨੋ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਨਹੀਂ ਤਾਂ ਕਿਸਾਨ ਇਸਤੋਂ ਵੀ ਜੋਰਦਾਰ ਸੰਘਰਸ਼ ਕਰਨ ਲਈ ਤੱਤਪਰ ਹੋ ਜਾਣਗੇ। ਉਥੇ ਹੀ ਕਿਸਾਨ ਨੇਤਾ ਟਹਿਲਪੁਰਾ ਨੇ ਕਿਹਾ ਕਿ ਭਾਜਪਾ ਨੇਤਾਵਾਂ ਨੂੰ 14 ਫਰਵਰੀ ਤੱਕ ਆਪਣੇ ਦਫਤਰ ਬੰਦ ਰੱਖਣ ਨੂੰ ਕਿਹਾ ਹੈ ਅਤੇ ਕਿਸਾਨਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ।

ਸਾਬਕਾ ਪ੍ਰਧਾਨ ਪ੍ਰਵੀਨ ਛਾਬੜਾ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਦਾ ਸਾਨੂੰ ਵੀ ਅਫਸੋਸ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ। ਕਿਸਾਨ ਯੂਨੀਅਨ ਦੇ ਸੱਦੇ ’ਤੇ ਮੰਗਲਵਾਰ ਨੂੰ ਇੱਕ ਦਿਨ ਲਈ ਸਾਰੇ ਭਾਜਪਾ ਦਫਤਰ ਬੰਦ ਰੱਖੇ ਜਾਣਗੇ। ਇਸਦੇ ਲਈ ਭਾਜਪਾ ਪ੍ਰਦੇਸ਼ ਪ੍ਰਧਾਨ ਨੂੰ ਜਾਣਕਾਰੀ ਦਿੱਤੀ ਜਾਵੇਗੀ । ਅੱਗੇ ਸਾਨੂੰ ਜਿਵੇਂ ਪਾਰਟੀ ਹਾਈਕਮਾਨ ਦਾ ਆਦੇਸ਼ ਮਿਲੇਗਾ ਉਸੇ ਤਹਿਤ ਹੀ ਪਾਲਣਾ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.