ਪੂਰੀ ਠਾਠ ਨਾਲ ਰਹਿੰਦਾ ਸੀ ਅੰਸਾਰੀ ਰੋਪੜ ਜ਼ੇਲ੍ਹ ‘ਚ, ਹੋਏ ਅਹਿਮ ਖੁਲਾਸੇ

ਬੈਰਕ ਨਹੀਂ ਜੇਲ੍ਹ ਅਧਿਕਾਰੀ ਦੇ ਕੁਆਰਟਰ ’ਚ ਰਹਿੰਦਾ ਸੀ ਅੰਸਾਰੀ, ਵੀਵੀਆਈ ਸਹੂਲਤਾਂ ਲਈ ਚੰਡੀਗੜ੍ਹ ਤੋਂ ਖੜਕਦੇ ਸਨ ਫੋਨ

ਟੀਵੀ ਅਤੇ ਫਰਿੱਜ ਤੋਂ ਲੈ ਕੇ ਏਸੀ ਤੱਕ ਦੀ ਸਹੂਲਤ, ਰਸੋਈਆ ਕਰਦਾ ਸੀ ਲਜ਼ੀਜ਼ ਖਾਣੇ ਤਿਆਰ

ਜਾਂਚ ਵਿੱਚ ਮਿਲ ਰਹੇ ਹਨ ਵੱਡੇ ਪੱਧਰ ’ਤੇ ਸਬੂਤ, ਮੁਖਤਿਆਰ ਅੰਸਾਰੀ ਦੇ ਚੱਕਰ ’ਚ ਕਈ ਜਾਣਗੇ ਜੇਲ੍ਹ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ੳੁੱਤਰ ਪ੍ਰਦੇਸ਼ ਦਾ ਬਾਹੂਬਲੀ ਮੁਖਤਿਆਰ ਅੰਸਾਰੀ ਰੋਪੜ ਜੇਲ੍ਹ ਵਿੱਚ ਡੇਢ ਸਾਲ ਤੱਕ ਬੰਦ ਹੋਣ ਦੇ ਬਾਵਜੂਦ ਬੈਰਕ ਵਿੱਚ ਰਹਿੰਦਾ ਹੀ ਨਹੀਂ ਸੀ। ਮੁਖਤਿਆਰ ਅੰਸਾਰੀ ਰੋਪੜ ਜੇਲ ਦੇ ਹੀ ਅਧਿਕਾਰੀ ਦੇ ਕੁਆਰਟਰ ਵਿੱਚ ਰਹਿਣ ਦਾ ਇੰਤਜ਼ਾਮ ਕੀਤਾ ਹੋਇਆ ਸੀ ਅਤੇ ਕੁਆਰਟਰ ਨੂੰ ਵੀਵੀਆਈ ਸਹੂਲਤਾਂ ਨੂੰ ਲੱੈਸ ਕਰ ਦਿੱਤਾ ਗਿਆ ਤਾਂ ਕਿ ਅੰਸਾਰੀ ਨੂੰ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਮੁਖਤਿਆਰ ਅੰਸਾਰੀ ਨੂੰ ਕੁਝ ਵੀ ਚਾਹੀਦਾ ਹੁੰਦਾ ਸੀ ਤਾਂ ਉਸ ਦੇ ਇਸ਼ਾਰੇ ’ਤੇ ਚੰਡੀਗੜ੍ਹ ਤੋਂ ਰੋਪੜ ਜੇਲ੍ਹ ਵਿੱਚ ਫੋਨ ਖੜਕਣੇ ਸ਼ੁਰੂ ਹੋ ਜਾਂਦੇ ਸਨ ਅਤੇ ਕੁਝ ਹੀ ਘੰਟਿਆਂ ਵਿੱਚ ਮੁਖਤਿਆਰ ਅੰਸਾਰੀ ਦੀ ਹਰ ਮੰਗ ਨੂੰ ਪੂਰਾ ਤੱਕ ਕਰ ਦਿੱਤਾ ਜਾਂਦਾ ਸੀ।

ਉਸ ਨੂੰ ਟੀਵੀ, ਫਰਿੱਜ ਤੋਂ ਲੈ ਕੇ ਏਸੀ ਤੱਕ ਲਾ ਕੇ ਦਿੱਤਾ ਹੋਇਆ ਸੀ ਤਾਂ ਲਜ਼ੀਜ਼ ਖਾਣਾ ਤਿਆਰ ਕਰਨ ਲਈ ਬਕਾਇਦਾ ਰਸੋਈਆ ਤੱਕ ਤੈਨਾਤ ਸੀ। ਇਸੇ ਵੀਵੀਆਈਪੀ ਕੁਆਰਟਰ ਵਿੱਚ ਮੁਖਤਿਆਰ ਅੰਸਾਰੀ ਦੀ ਪਤਨੀ ਵੀ ਰਹਿਣ ਲਈ ਆਉਂਦੀ ਰਹਿੰਦੀ ਸੀ। ਮੁਖਤਿਆਰ ਅੰਸਾਰੀ ਨੂੰ ਲੈ ਕੇ ਕੀਤੀ ਜਾ ਰਹੀ ਜਾਂਚ ਵਿੱਚ ਇਹ ਸਾਰਾ ਕੁਝ ਨਿਕਲ ਕੇ ਆ ਰਿਹਾ ਹੈ ਅਤੇ ਜਲਦ ਹੀ ਇਹ ਜਾਂਚ ਮੁਕੰਮਲ ਕਰਨ ਤੋਂ ਬਾਅਦ ਅਧਿਕਾਰੀ ਜਾਂਚ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦੇਣਗੇ। ਇਸ ਜਾਂਚ ਰਿਪੋਰਟ ਸਬੰਧੀ ਸੂਤਰ ਦੱਸ ਰਹੇ ਹਨ ਕਿ ਸਾਬਕਾ ਜੇਲ ਮੰਤਰੀ ਤੋਂ ਲੈ ਕੇ ਸੀਨੀਅਰ ਆਈਪੀਐਸ ਅਧਿਕਾਰੀ ਖ਼ਿਲਾਫ਼ ਵੀ ਕਾਫ਼ੀ ਕੁਝ ਸਬੂਤ ਮਿਲ ਰਹੇ ਹਨ।

ਇਨਾਂ ਦੇ ਇਸ਼ਾਰੇ ’ਤੇ ਹੀ ਰੋਪੜ ਜੇਲ੍ਹ ਦੇ ਅਧਿਕਾਰੀ ਮੁਖਤਿਆਰ ਅੰਸਾਰੀ ਨੂੰ ਕੈਦੀ ਦੀ ਥਾਂ ’ਤੇ ਵੀਵੀਆਈ ਵਿਅਕਤੀ ਵਾਂਗ ਰੱਖ ਰਹੇ ਸਨ। ਸਾਬਕਾ ਜੇਲ੍ਹ ਮੰਤਰੀ ਅਤੇ ਇੱਕ ਆਈਪੀਐਸ ਅਧਿਕਾਰੀ ਦਾ ਸਿੱਧੇ ਤੌਰ ’ਤੇ ਰੋਪੜ ਜੇਲ੍ਹ ਵਿੱਚ ਮੁਖਤਿਆਰ ਅੰਸਾਰੀ ਨੂੰ ਲੈ ਕੇ ਦਖਲ ਰਹਿੰਦਾ ਸੀ ਅਤੇ ਇਨ੍ਹਾਂ ਦੇ ਇਸ਼ਾਰੇ ’ਤੇ ਸਿਰਫ਼ ਮੁਖਤਿਆਰ ਅੰਸਾਰੀ ਲਈ ਹਰ ਤਰ੍ਹਾਂ ਦੇ ਕਾਨੂੰਨ ਅਤੇ ਜੇਲ੍ਹ ਨਿਯਮਾਂ ਨੂੰ ਤੋੜਿਆ ਗਿਆ ਸੀ। ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਖਤਿਆਰ ਅੰਸਾਰੀ ਜੇਲ੍ਹ ਦੀ ਬੈਰਕ ਵਿੱਚ ਕਦੇ ਰਿਹਾ ਹੀ ਨਹੀਂ ਹੈ, ਜਦੋਂ ਕਿ ਮੁਖਤਿਆਰ ਅੰਸਾਰੀ ਦੇ ਨਾਅ ’ਤੇ ਅਲਾਟ ਬੈਰਕ ਰਾਹੀਂ ਹੀ ਉਹ ਦੀ ਹਾਜ਼ਰੀ ਲਗਾਈ ਜਾਂਦੀ ਰਹੀ ਹੈ ਉਹ ਆਪਣੇ ਵੀਵੀਆਈਪੀ ਕੁਆਟਰ ਬੈਠ ਕੇ ਹਮੇਸ਼ਾ ਹੀ ਅਰਾਮ ਕਰ ਰਿਹਾ ਹੁੰਦਾ ਸੀ।

ਸੂਤਰ ਦੱਸਦੇ ਹਨ ਕਿ ਜਾਂਚ ਵਿੱਚ ਸਾਹਮਣੇ ਆ ਰਿਹਾ ਹੈ ਕਿ ਮੁਖਤਿਆਰ ਅੰਸਾਰੀ ਨੂੰ ਕਾਂਗਰਸ ਦੇ ਆਗੂਆਂ ਦੇ ਇਸ਼ਾਰੇ ’ਤੇ ਹੀ ਰੋਪੜ ਜੇਲ੍ਹ ਵਿੱਚ ਰੱਖਿਆ ਗਿਆ ਸੀ ਅਤੇ ਸ਼ੁਰੂਆਤ ਵਿੱਚ ਰੋਪੜ ਜੇਲ੍ਹ ਦੇ ਵਧੀਕ ਸੁਪਰਡੈਂਟ ਜਸਵੰਤ ਸਿੰਘ ਥਿੰਦ ਵੱਲੋਂ ਮੁਖਤਿਆਰ ਅੰਸਾਰੀ ਨੂੰ ਲੈ ਕੇ ਸਖ਼ਤੀ ਕੀਤੀ ਗਈ ਤਾਂ ਉਨ੍ਹਾਂ ਨੂੰ ਹੀ ਧਮਕੀ ਆਉਣੀ ਸ਼ੁਰੂ ਹੋ ਗਈ ਸੀ ਕਿ ਉਹ ਇਸ ਮਾਮਲੇ ਵਿੱਚ ਕੁਝ ਵੀ ਕਰਨ ਦੀ ਥਾਂ ’ਤੇ ਚੁੱਪ ਕਰਕੇ ਸਾਰਾ ਕੁਝ ਹੋਣ ਦੇਣ, ਜਿਸ ਕਾਰਨ ਹੀ ਜਸਵੰਤ ਸਿੰਘ ਥਿੰਦ ਵੀਵੀਆਈਪੀ ਸਹੂਲਤਾਂ ਦੇ ਮਾਮਲੇ ਵਿੱਚ ਜ਼ਿਆਦਾ ਦਖਲ ਦੇਣ ਤੋਂ ਵੀ ਪਿੱਛੇ ਹਟ ਗਏ ਸਨ। ਮੁਖਤਿਆਰ ਅੰਸਾਰੀ ਨੂੰ ਵੀਵੀਆਈਪੀ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵੱਲੋਂ ਲੱਖਾਂ ਰੁਪਏ ਦਾ ਖ਼ਰਚ ਤੱਕ ਕੀਤਾ ਗਿਆ ਸੀ, ਇਸ ਮਾਮਲੇ ਵਿੱਚ ਵੀ ਪੰਜਾਬ ਸਰਕਾਰ ਕਾਫ਼ੀ ਜ਼ਿਆਦਾ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਸਾਬਕਾ ਜੇਲ੍ਹ ਅਧਿਕਾਰੀ ਰਾਜਿੰਦਰ ਸਿੰਘ ਥਿੰਦ ਨੂੰ ਮਿਲ ਰਹੀਆਂ ਹਨ ਧਮਕੀਆਂ

ਮੁਖਤਿਆਰ ਅੰਸਾਰੀ ਕਿਸ ਤਰੀਕੇ ਨਾਲ ਰੋਪੜ ਜੇਲ੍ਹ ਵਿੱਚ ਰਹਿੰਦਾ ਸੀ ਅਤੇ ਉਸ ਨੂੰ ਕਿਸ ਦੇ ਇਸ਼ਾਰੇ ’ਤੇ ਵੀਵੀਆਈ ਸਹੂਲਤਾਂ ਮਿਲਣ ਦੇ ਨਾਲ ਹੀ ਰਹਿਣ ਲਈ ਅਧਿਕਾਰੀ ਦਾ ਕੁਆਰਟਰ ਕਿਉਂ ਦਿੱਤਾ ਗਿਆ, ਇਸ ਜਾਂਚ ਨੂੰ ਲੈ ਕੇ ਸਾਬਕਾ ਜੇਲ੍ਹ ਅਧਿਕਾਰੀ ਰਾਜਿੰਦਰ ਸਿੰਘ ਥਿੰਦ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਵਧੀਕ ਜੇਲ੍ਹ ਸੁਪਰਡੈਂਟ ਰਹੇ ਰਾਜਿੰਦਰ ਸਿੰਘ ਥਿੰਦ ਆਪਣੀ ਡਿਊਟੀ ਮੌਕੇ ਮੁਖਤਿਆਰ ਅੰਸਾਰੀ ਲਈ ਤੋੜੇ ਜਾ ਰਹੇ ਨਿਯਮਾਂ ਦੇ ਖ਼ਿਲਾਫ਼ ਰਹੇ ਸਨ ਅਤੇ ਹੁਣ ਜਾਂਚ ਦੌਰਾਨ ਉਨ੍ਹਾਂ ਵੱਲੋਂ ਸਾਰੀ ਸੱਚਾਈ ਨਾ ਦੱਸੀ ਜਾਵੇ, ਇਸ ਲਈ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਸ ਗੰਭੀਰ ਮਾਮਲੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਜਲਦ ਹੀ ਰਾਜਿੰਦਰ ਸਿੰਘ ਥਿੰਦ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਉਣ ਬਾਰੇ ਵਿਚਾਰ ਕਰ ਰਹੀ ਹੈ।

ਜਲਦ ਹੀ ਮੁਖਤਿਆਰ ਅੰਸਾਰੀ ਨੂੰ ਵੀਵੀਆਈਪੀ ਸਹੂਲਤਾਂ ਦੇਣ ਵਾਲੇ ਹੋਣਗੇ ਖ਼ੁਦ ਜੇਲ੍ਹ ’ਚ : ਜੇਲ੍ਹ ਮੰਤਰੀ

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁਖਤਿਆਰ ਅੰਸਾਰੀ ਦੇ ਮਾਮਲੇ ਵਿੱਚ ਕਈ ਹੈਰਾਨੀਜਨਕ ਤੱਥ ਸਾਹਮਣੇ ਆ ਰਹੇ ਹਨ ਅਤੇ ਇਨ੍ਹਾਂ ਤੱਥ ਨੂੰ ਸੁਣ ਕੇ ਉਹ ਖ਼ੁਦ ਹੈਰਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ ਅਤੇ ਜਲਦ ਹੀ ਦੋਸ਼ੀ ਪਾਏ ਜਾਣ ਵਾਲੇ ਹਰ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ। ਹਰਜੋਤ ਬੈਂਸ ਨੇ ਕਿਹਾ ਕਿ ਮੁਖਤਿਆਰ ਅੰਸਾਰੀ ਨੂੰ ਜੇਲ੍ਹ ਵਿੱਚ ਵੀਵੀਆਈਪੀ ਸਹੂਲਤਾਂ ਦਾ ਇੰਤਜ਼ਾਮ ਕਰਨ ਵਾਲੇ ਖ਼ੁਦ ਜੇਲ੍ਹ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਮਿਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ