ਮਾਂ ਦਾ ਝੋਲਾ
ਭਗਵਾਨ ਕੌਰ ਆਪਣੀ ਜ਼ਿੰਦਗੀ ਦੇ ਤਕਰੀਬਨ ਸੱਤ ਦਹਾਕੇ ਭੋਗ ਚੁੱਕੀ ਸੀ। ਉਸ ਨੂੰ ਸਾਰੇ ਭਾਗੋ ਦੇ ਨਾਂਅ ਨਾਲ ਹੀ ਜਾਣਦੇ ਸਨ। ਉਸ ਦੇ ਤਿੰਨ ਪੁੱਤ ਸਨ, ਤਿੰਨੇ ਵਿਆਹੇ-ਵਰ੍ਹੇ ਤੇ ਧੀਆਂ-ਪੁੱਤਰਾਂ ਵਾਲੇ ਸਨ। ਜਦੋਂ ਉਸ ਦੇ ਪੁੱਤਰ ਅਜੇ ਛੋਟੇ ਹੀ ਸੀ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਅਚਾਨਕ ਹੋਈ ਮੌਤ ਨੇ ਉਸ ਨੂੰ ਗਹਿਰਾ ਸਦਮਾ ਦਿੱਤਾ, ਉਹ ਡਾਵਾਂਡੋਲ ਹੋ ਗਈ ਸੀ। ਫੇਰ ਉਸ ਨੇ ਆਪਣੇ ਦੁੱਖਾਂ ਦੀ ਧੁਖ਼ਦੀ ਚਿਤਾ ਆਪਣੇ ਅੰਦਰ ਹੀ ਦਬਾ ਲਈ ਤੇ ਆਪਣੇ ਪੁੱਤਰਾਂ ਦਾ ਪਾਲਣ-ਪੋਸ਼ਣ ਕਰਨ ’ਚ ਲੱਗ ਗਈ। ਉਸ ਦੀ ਜ਼ਿੰਦਗੀ ਵਿਚ ਬਥੇਰੇ ਉਤਾਰ-ਚੜ੍ਹਾ ਆਏ, ਗਰਮ-ਸਰਦ ਹਨ੍ਹੇਰੀਆਂ ਚੱਲੀਆਂ ਪਰ ਉਸ ਨੇ ਹਿੰਮਤ ਨਾ ਹਾਰੀ। ਉਸ ਦੇ ਪੇਕਿਆਂ ਨੇ ਬਥੇਰਾ ਜ਼ੋਰ ਲਾਇਆ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਉਨ੍ਹਾਂ ਨਾਲ ਪਿੰਡ ਚੱਲੇ, ਪਰ ਉਸ ਨੇ ਇਸ ਘਰੋਂ ਪੈਰ ਬਾਹਰ ਪੁੱਟਣ ਤੋਂ ਇਨਕਾਰ ਕਰ ਦਿੱਤਾ।
ਭਰ ਜਵਾਨੀ ’ਚ ਹੋਈ ਵਿਧਵਾ ਨੂੰ ਸ਼ਰੀਕੇ ਦੇ ਵਿਆਹੇ ਹੋਏ ਦਿਓਰਾਂ-ਜੇਠਾਂ ਦੇ ਉਸ ’ਤੇ ਚਾਦਰ ਪਾਉਣ ਦੇ ਕਈਆਂ ਹੱਥ ਸੁਨੇਹੇ ਆਏ ਪਰ ਉਹ ਨਾ ਮੰਨੀ। ਇਸ ਕਰਕੇ ਉਹ ਅੰਦਰੋਂ-ਅੰਦਰੀਂ ਉਸ ਨਾਲ ਖ਼ਫਾ ਹੀ ਰਹਿੰਦੇ ਸਨ। ਉਸ ਦੇ ਰਿਸ਼ਤੇਦਾਰਾਂ ਤੇ ਕਈ ਸਿਆਣਿਆਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਐਡੀ ਪਹਾੜ ਜਿੱਡੀ ਜ਼ਿੰਦਗੀ ਇਕੱਲੀ ਕਿਵੇਂ ਗੁਜ਼ਾਰੇਗੀਂ, ਵਿਆਹ ਕਰਵਾ ਲੈ। ਇਹ ਸੁਣ ਕੇ ਉਹ ਰੋਣ ਲੱਗ ਜਾਂਦੀ ਅਤੇ ਤਰਲੇ ਭਰੀ ਅਵਾਜ਼ ’ਚ ਕਹਿੰਦੀ, ‘‘ਹਾਏ! ਮੈਨੂੰ ਇਹ ਗੱਲ ਨਾ ਆਖੋ, ਮੈਨੂੰ ਮੇਰੇ ਬੱਚੇ ਪਾਲ ਲੈਣ ਦਿਓ, ਆ ਥੋੜ੍ਹੇ ਸਾਲਾਂ ਦੀ ਗੱਲ ਹੈ, ਉਡਾਰ ਹੋ ਜਾਣਗੇ… ਫੇਰ ਮੇਰੇ ਵਰਗਾ ਕੌਣ ਹੋਊ… ਮੈਂ ਤਾਂ ਤਿੰਨ ਸ਼ੇਰਾਂ ਦੀ ਮਾਂ ਆਂ…।’’
ਭਾਗੋ ਦੀ ਜ਼ਮੀਨ ਸ਼ਰੀਕੇ ਕੋਲ ਹੀ ਠੇਕੇ ’ਤੇ ਸੀ, ਉਹ ਜਿੰਨਾ ਠੇਕਾ ਦਿੰਦੇ ਉਹ ਚੁੱਪ ਕਰਕੇ ਫੜ ਲੈਂਦੀ, ਘਰ ਉਹ ਲਵੇਰਾ ਰੱਖਦੀ ਜਿਸ ਦਾ ਦੁੱਧ ਵੇਚਦੀ, ਲੋਕਾਂ ਦੇ ਕੱਪੜੇ ਸਿਉਂਦੀ। ਉਸ ਨੇ ਜਿੰਦ-ਜਾਨ ਲਾ ਕੇ ਆਪਣੇ ਪੁੱਤਰਾਂ ਨੂੰ ਪੜ੍ਹਾਇਆ-ਲਿਖਾਇਆ ਅਤੇ ਆਪਣੇ ਪੈਰੀਂ ਖੜ੍ਹਾ ਕਰ ਦਿੱਤਾ। ਉਹ ਬੱਚਿਆਂ ਸਾਹਮਣੇ ਕਦੇ ਅੱਖ ਨਾ ਭਰਦੀ, ਚੋਰੀ-ਛਿੱਪੇ ਹੀ ਆਪਣੇ ਮਨ ਦਾ ਗੁਬਾਰ ਕੱਢਦੀ ਹੋਈ ਕਹਿੰਦੀ, ‘‘ਜੇ ਅੱਜ ਤੂੰ ਹੁੰਦਾ ਤਾਂ ਕਿੰਨਾ ਖੁਸ਼ ਹੁੰਦਾ ਦੇਖ ਕੇ ਆਪਣੇ ਪੁੱਤਾਂ ਨੂੰ।’’ ਭਾਗੋ ਦੀ ਕੀਤੀ ਤੱਪਸਿਆ ਦਾ ਸਾਰੇ ਹੀ ਗੁਣਗਾਨ ਕਰਦੇ ਕੋਈ ਕਹਿੰਦਾ, ‘‘ਸੱਚ ਕਿਹਾ ਕਿ ਜੇ ਪਿਓ ਮਰ ਜੇ ਤਾਂ ਮਾਂ ਬੱਚਿਆਂ ਨੂੰ ਪਿਓ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੀ ਸਗੋਂ ਸਾਰਾ ਵਾਰਾ-ਸਾਰਾ ਆਪ ਹੀ ਸੰਭਾਲ ਲੈਦੀਂ ਹੈ।’’
ਫੇਰ ਸਮਾਂ ਆਇਆ ਜ਼ਮੀਨ ਅਤੇ ਘਰਾਂ ਦੇ ਬਟਵਾਰੇ ਦਾ। ਭਾਗੋ ਨੂੰ ਕਈਆਂ ਨੇ ਸਲਾਹ ਦਿੱਤੀ ਕਿ ਜ਼ਮੀਨ ਆਪਣੇ ਨਾਂਅ ਕਰਾ ਲੈ, ਬੰਦੇ ਨੂੰ ਹੌਂਸਲਾ ਰਹਿੰਦਾ ਬੇਸ਼ੱਕ ਕੋਈ ਨਾਲ ਨਹੀਂ ਲੈ ਕੇ ਜਾਂਦਾ… ਜ਼ਮੀਨ ਤਾਂ ਔਰਤ ਦਾ ਦੂਜਾ ਪਤੀ ਹੁੰਦਾ… ਪਤਾਲ ’ਚ ਜੜ੍ਹਾਂ ਹੁੰਦੀਆਂ ਨੇ…। ਭਾਗੋ ਨੇ ਸਾਰਿਆਂ ਦੀਆਂ ਗੱਲਾਂ ਹੱਸ ਕੇ ਟਾਲ ਦਿੱਤੀਆਂ ਤੇ ਜ਼ਮੀਨ ਪੁੱਤਾਂ ਦੇ ਨਾਂਅ ਕਰਾ ਦਿੱਤੀ। ਕੁੱਝ ਸਾਲਾਂ ’ਚ ਹੀ ਭਾਗੋ ਦੇ ਤਿੰਨੇ ਪੁੱਤ ਵਿਆਹੇ ਗਏ।ਭਾਗੋ ਆਪਣੇ ਪਰਿਵਾਰ ’ਚ ਬਹੁਤ ਖੁਸ਼ ਸੀ ਪਰ ਹਰ ਖੁਸ਼ੀ ਦੇ ਮੌਕੇ ਇੱਕੋ ਸੱਲ ਦਿਲ ’ਚ ਵੱਜਦਾ ਕਾਸ਼! ਅੱਜ ਇਹਨਾਂ ਦਾ ਪਿਓ ਜਿਉਂਦਾ ਹੁੰਦਾ… ਦਰਦ ਦਾ ਸੈਲਾਬ ਅੱਖਾਂ ਰਾਹੀਂ ਵਹਿ ਤੁਰਦਾ…।
ਭਾਗੋ ਦੀ ਵੱਡੀ ਨੂੰਹ ਆਪਣੇ ਪਤੀ ਨੂੰ ਅੱਡ ਹੋਣ ਬਾਰੇ ਕਾਫ਼ੀ ਸਮੇਂ ਤੋਂ ਕਹਿ ਰਹੀ ਸੀ।ਅਖੀਰ ਉਹਨਾਂ ਨੇ ਆਪਣਾ ਮਕਾਨ ਬਣਾਇਆ ਤੇ ਅੱਡ ਰਹਿਣ ਲੱਗ ਪਏ। ਸ਼ੁਰੂ-ਸ਼ੁਰੂ ਤਾਂ ਮਾਂ ਕੋਲ ਗੇੜੇ ਵੱਜਦੇ ਰਹੇ ਪਰ ਹੌਲੀ-ਹੌਲੀ ਇਹ ਸਿਲਸਿਲਾ ਘਟਦਾ ਗਿਆ। ਵੱਡੇ ਪੁੱਤ ਦੀ ਦੂਰੀ ਦਾ ਗ਼ਮ ਭਾਗੋ ਲਈ ਅਸਹਿ ਸੀ ਪਰ ਉਸ ਦੀ ਖੁਸ਼ੀ ਕਰਕੇ ਉਹ ਦੜ ਵੱਟ ਗਈ। ਕਬੀਲਦਾਰੀ ਦਾ ਵਾਸਤਾ ਦੇ ਕੇ ਦੂਜਾ ਪੁੱਤ ਵੀ ਅੱਡ ਹੋ ਗਿਆ। ਮਾਂ ਹੁਣ ਛੋਟੇ ਪੁੱਤ ਨਾਲ ਸੀ। ਘਰਾਂ ਦੇ ਰੁਝੇਵਿਆਂ ਕਰਕੇ ਮਾਂ ਕਿਸ ਨੂੰ ਯਾਦ ਸੀ, ਪਰ ਮਾਂ ਨੂੰ ਸਾਰੇ ਹੀ ਯਾਦ ਆਉਂਦੇ ਸਨ।
ਸਮਾਂ ਪਾ ਕੇ ਛੋਟੇ ਨੂੰਹ-ਪੁੱਤ ਨੂੰ ਵੀ ਮਾਂ ਬੋਝ ਲੱਗਣ ਲੱਗ ਪਈ, ਉਹ ਗੱਲਾਂ ਕਰਦੇ ਕਿ ਮਾਂ ਤਾਂ ਸਾਰਿਆਂ ਦੀ ਹੈ ਫੇਰ ਅਸੀਂ ਇਕਲੇ ਕਿਉਂ ਰੱਖੀਏ? ਤਿੰਨਾਂ ਨੂੰਹਾਂ-ਪੁੱਤਰਾਂ ਨੇ ਮੀਟਿੰਗਾਂ ਕੀਤੀਆਂ, ਬਹਿਸ ਕੀਤੀ, ਦਲ਼ੀਲਾਂ ਦਿੱਤੀਆਂ, ਅਖ਼ੀਰ ਫ਼ੈਸਲਾ ਹੋਇਆ ਕਿ ਤਿੰਨੇ ਘਰਾਂ ’ਚ ਮਾਂ ਵਾਰੀ ਨਾਲ ਇੱਕ-ਇੱਕ ਮਹੀਨਾ ਰਿਹਾ ਕਰੇਗੀ। ਪਿਛਲੇ ਸਾਲਾਂ ਤੋਂ ਭਾਗੋ ਇਸੇ ਤਰ੍ਹਾਂ ਹੀ ਰਹਿ ਰਹੀ ਸੀ।
ਉਹ ਮਾਂ ਜਿਸ ਨੇ ਆਪਣੇ ਪੁੱਤਾਂ ਨੂੰ ਸੌ-ਸੌ ਪਾਪੜ ਵੇਲ ਕੇ ਆਪਣੀ ਬੁੱਕਲ ’ਚ ਹਿੱਕ ਨਾਲ ਲਾ ਕੇ ਰੱਖਿਆ ਸੀ, ਮੰਝਧਾਰ ’ਚ ਗੋਤੇ ਖਾ ਰਹੀ ਬੇੜੀ, ਜਿਸ ਦਾ ਮਲਾਹ ਚੱਪੂ ਸਣੇ ਡੁੱਬ ਗਿਆ ਹੋਵੇ, ਉਸ ਡਿੱਕ-ਡੋਲੇ ਖਾ ਰਹੀ ਬੇੜੀ ਨੂੰ ਮਾਂ ਨੇ ਆਪਣੀਆਂ ਬਾਹਾਂ ਦੇ ਚੱਪੂ ਬਣਾ ਕੇ ਭੰਵਰ ’ਚ ਫਸੀ ਕਿਸ਼ਤੀ ਨੂੰ ਤਣ-ਪੱਤਣ ਲਾਇਆ ਸੀ।ਅੱਜ ਤਿੰਨੇ ਪੁੱਤ ਉਸ ਮਲਾਹ ਨੂੰ ਜੀਵਨ ਰੂਪੀ ਸਮੁੰਦਰ ਦੀਆਂ ਲਹਿਰਾਂ ਦੇ ਹਵਾਲੇ ਕਰਨ ਲਈ ਤਿਆਰ ਬੈਠੇ ਸਨ। ਭਾਗੋ ਦੀਆਂ ਭਾਵਨਾਵਾਂ ਦਾ ਕਿਸੇ ਨੂੰ ਕੋਈ ਖ਼ਆਲ ਨਹੀਂ ਸੀ।
ਉਹ ਮਾਂ ਜਿਸ ਨੇ ਆਪਣੀ ਔਲਾਦ ਖ਼ਾਤਰ ਆਪਣੇ ਸਾਰੇ ਅਰਮਾਨਾਂ ਦਾ ਗਲਾ ਘੁੱਟ ਕੇ ਉਨ੍ਹਾਂ ਦੇ ਅਰਮਾਨ ਪੂਰੇ ਕੀਤੇ। ਅੱਜ ਕਿੱਲਿਆਂ ਦੀ ਮਾਲਕਣ ਕੋਲ ਬੱਸ ਇੱਕ ਝੋਲਾ ਸੀ, ਜਿਸ ਵਿਚ ਉਸ ਦੇ ਲੀੜੇ-ਲੱਤੇ ਸਨ। ਜਦੋਂ ਮਹੀਨਾ ਪੂਰਾ ਹੋ ਜਾਂਦਾ ਉਹ ਝੋਲਾ ਕੱਛ ’ਚ ਲੈ ਕੇ ਅਗਲੇ ਘਰ ਚਲੀ ਜਾਂਦੀ। ਰਾਤ ਨੂੰ ਵੀ ਝੋਲਾ ਟੋਂਹਦੀ ਰਹਿੰਦੀ ਕਦੇ ਬੁੱਕਲ ’ਚ ਘੁੱਟ ਕੇ ਹਿੱਕ ਨਾਲ ਲਾ ਲੈਂਦੀ। ਤਿੰਨੇ ਨੂੰਹਾਂ ਉਸ ਦੀ ਇਸ ਆਦਤ ਦਾ ਮਜ਼ਾਕ ਉਡਾਉਂਦੀਆਂ ਹੋਈਆਂ ਕਹਿੰਦੀਆਂ, ‘‘ਪਤਾ ਨੀ ਕੀ ਖ਼ਜਾਨਾ ਸਮਝਦੀ ਹੈ ਝੋਲੇ ਨੂੰ, ਹੈ ਕੀ ਸੂਟ, ਲੱਤਾ ਤੇ ਪਰਨਾ….
ਕਈ ਵਾਰ ਤਾਂ ਝੋਲੇ ਨਾਲ ਹੀ ਗੱਲਾਂ ਮਾਰੀ ਜਾਂਦੀ ਐ… ਮੈਨੂੰ ਤਾਂ ਲੱਗਦਾ ਕਿਤੇ ਦਿਮਾਗ ਨਾ ਹਿੱਲ ਜੇ ਮਾਂ ਦਾ…।’’ ਉਸ ਦਿਨ ਸ਼ਾਮ ਨੂੰ ਵੱਡੀ ਨੂੰਹ ਨੇ ਆਪਣੇ ਪਤੀ ਕੋਲ ਝੋਲੇ ਵਾਲੀ ਸਰਸਰੀ ਗੱਲ ਕਰਤੀ ਕਿ ਸ਼ਾਇਦ ਉਮਰ ਕਰਕੇ ਮਾਂ ਅਜਿਹਾ ਕਰਦੀ ਹੈ। ਉਹ ਇੱਕਦਮ ਉੱਠਿਆ ਅਤੇ ਮਾਂ ਦੇ ਸਟੋਰ ਰੂਪੀ ਕਮਰੇ ’ਚ ਚਲਾ ਗਿਆ… ਦੇਖਦਾ ਹੈ ਮਾਂ ਝੋਲਾ ਖੋਲ੍ਹੀ ਬੈਠੀ ਕੁੱਝ ਬੁੜਬੜਾ ਰਹੀ ਹੈ… ਉਹ ਜਾ ਕੇ ਝੋਲਾ ਫੜ ਲੈਂਦਾ ਹੈ… ਮਾਂ ਦੀਆਂ ਅੱਖਾਂ ’ਚੋਂ ਹੰਝੂ ਵਗ ਰਹੇ ਸਨ… ਉਸ ਨੇ ਕੰਬਦੇ ਹੱਥਾਂ ਨਾਲ ਝੋਲਾ ਲੈਣਾ ਚਾਹਿਆ ਜਿਸ ’ਚੋਂ ਉਸ ਦਾ ਪੁੱਤ ਸਾਮਾਨ ਕੱਢ ਰਿਹਾ ਸੀ…
ਝੋਲੇ ਵਿਚੋਂ ਉਹਨਾਂ ਦੇ ਬਚਪਨ ਦੀਆਂ ਨਿੱਕਲੀਆਂ ਤਸਵੀਰਾਂ ਉਹ ਹੱਥਾਂ ’ਚ ਫੜੀ ਖੜ੍ਹਾ ਸੀ… ਉਹ ਬੁੱਤ ਬਣਿਆ ਕਦੇ ਮਾਂ ਵੱਲ ਅਤੇ ਕਦੇ ਤਸਵੀਰਾਂ ਵੱਲ ਵੇਖ ਰਿਹਾ ਸੀ। ਉਸ ਦੇ ਅੰਦਰੋਂ ਹੂਕ ਨਿੱਕਲੀ, ‘‘ਹਾਏ ਮਾਂ! ਤੂੰ ਅੱਜ ਵੀ ਸਾਨੂੰ ਆਪਣੀ ਬੁੱਕਲ ’ਚ ਲਈ ਬੈਠੀਂ ਹੈਂ… ਉਹ ਮਾਂ ਨੂੰ ਗੱਲਵਕੜੀ ਪਾ ਕੇ ਧਾਹਾਂ ਮਾਰ-ਮਾਰ ਕੇ ਰੋਣ ਲੱਗਾ… ਮਾਂ ਸਾਨੂੰ ਮਾਫ਼ ਕਰਦੇ… ਸਾਨੂੰ ਪਾਪੀਆਂ ਨੂੰ ਬਖ਼ਸ਼ ਦੇ ਮਾਂ… ਚੱਲ ਉੱਠ ਅੱਜ ਤੋਂ
ਤੂੰ ਮੇਰੇ ਘਰ ਮੇਰੇ ਕਮਰੇ ’ਚ ਹੀ
ਰਹੇਂਗੀ… ਹੋਰ ਕਿਤੇ ਨਹੀਂ ਜਾਂਏਗੀ।
ਰਾਤ ਨੂੰ ਸਾਰੇ ਨੂੰਹਾਂ-ਪੁੱਤਰ ਅਤੇ ਪੋਤੇ-ਪੋਤੀਆਂ ਮਾਂ ਦੇ ਕਮਰੇ ਵਿਚ ਇਕੱਠੇ ਹੋਏ ਬੈਠੇ ਸਨ… ਸਾਰੇ ਮਾਂ ਦੀ ਸੇਵਾ ’ਚ ਲੱਗੇ ਪਏ ਸਨ… ਕੋਈ ਪੈਰ ਦਬਾ ਰਿਹਾ ਸੀ… ਕੋਈ ਬਾਂਹਾਂ ਘੁੱਟ ਰਿਹਾ ਸੀ… ਕੋਈ ਖਾਣਾ-ਪੀਣਾ ਲਈ ਖੜ੍ਹਾ ਸੀ… ਨੂੰਹਾਂ ਪਛਤਾਵਾ ਅਤੇ ਸ਼ਰਮਿੰਦਗੀ ਮਹਿਸੂਸ ਕਰ ਰਹੀਆਂ ਸਨ… ਉਨ੍ਹਾਂ ਨੇ ਆਪਸ ’ਚ ਸਲਾਹ ਕੀਤੀ ਕਿ ਅੱਜ ਤੋਂ ਆਪਾਂ ਮਾਂ ਜੀ ਦੀ ਸੇਵਾ ਨਹੀਂ ਸਗੋਂ ਪੂਜਾ ਕਰਾਂਗੀਆਂ… ਭਰੀ ਫੁੱਲਵਾੜੀ ’ਚ ਬੈਠੀ ਭਾਗੋ ਨੂੰ ਅੱਜ ਆਪਣਾ ਝੋਲਾ ਯਾਦ ਨਹੀਂ ਸੀ ਪਰ ਉਸ ਦੇ ਖ਼ਾਮੋਸ਼ ਬੁੱਲ੍ਹ ਅੱਜ ਵੀ ਬੋਲ ਰਹੇ ਸਨ…. ਕਾਸ਼! ਅੱਜ ਜੇ ਇਹਨਾਂ ਦਾ ਪਿਓ ਜਿਉਂਦਾ ਹੁੰਦਾ…।
ਮਨਜੀਤ ਕੌਰ ਬਰਾੜ,
ਗਿੱਦੜਬਾਹਾ
ਮੋ. 82888-42066
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.