ਮਾਂ ਧੀ ਨਾਲ ਸਾਂਝੇ ਕਰੇ ਜ਼ਿਦਗੀ ਦੇ ਕੌੜੇ ਤਜ਼ਰਬੇ

ਮਾਂ ਧੀ ਨਾਲ ਸਾਂਝੇ ਕਰੇ ਜ਼ਿਦਗੀ ਦੇ ਕੌੜੇ ਤਜ਼ਰਬੇ

ਮਾਵਾਂ ਦਾ ਧੀਆਂ ਦੀ ਜ਼ਿੰਦਗੀ ਵਿੱਚ ਹਮੇਸ਼ਾਂ ਅਹਿਮ ਰੋਲ ਰਿਹਾ ਹੈ। ਉਂਜ ਤਾਂ ਧੀਆਂ ਨੂੰ ਜ਼ਿਆਦਾ ਪਿਤਾ ਦੇ ਕਰੀਬ ਮੰਨਿਆ ਜਾਂਦਾ ਹੈ। ਬੇਸ਼ੱਕ ਉਹ ਹੁੰਦੀਆਂ ਵੀ ਹਨ, ਪਰ ਮਾਂ ਨਾਲ ਵੀ ਉਨ੍ਹਾਂ ਦਾ ਰਿਸ਼ਤਾ ਕੋਈ ਘੱਟ ਅਹਿਮੀਅਤ ਨਹੀਂ ਰੱਖਦਾ। ਕਹਿੰਦੇ ਹਨ ਕਿ ਮਾਂ-ਧੀ ਦਾ ਢਿੱਡ ਦਾ ਰਿਸ਼ਤਾ ਹੁੰਦਾ ਹੈ। ਮਾਂ ਆਪਣੀ ਧੀ ਨਾਲ ਢਿੱਡ ਫੋਲ ਕੇ ਆਪਣਾ ਦੁੱਖ ਦਰਦ ਬਿਆਨ ਕਰਦੀ ਹੈ ਅਤੇ ਆਪਣੇ ਆਪ ਨੂੰ ਹੌਲਾ ਮਹਿਸੂਸ ਕਰਦੀ ਹੈ। ਮਾਵਾਂ ਧੀਆਂ ਦੇ ਰਾਜ਼ ਸਾਂਝੇ ਹੁੰਦੇ ਹਨ। ਮਾਂ ਤੋਂ ਵੱਧ ਧੀ ਦਾ ਦੁੱਖ ਹੋਰ ਕੋਈ ਨਹੀਂ ਸਮਝ ਸਕਦਾ। ਮਾਵਾਂ ਹਮੇਸ਼ਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੀਆਂ ਧੀਆਂ ਖੁਸ਼ ਰਹਿਣ ਅਤੇ ਸੁਖੀ ਵਸਣ। ਇਸ ਲਈ ਉਨ੍ਹਾਂ ਦੀ ਚਾਹਤ ਆਪਣੀਆਂ ਧੀਆਂ ਨੂੰ ਸੁਚੱਜੀ, ਕੰਮ-ਕਾਰ ਵਿੱਚ ਨਿਪੁੰਨ ਕਰਨ ਅਤੇ ਆਦਰਸ਼ ਧੀ ਬਣਾਉਣ ਦੀ ਹੁੰਦੀ ਹੈ। ਹਰ ਪੰਜਾਬੀ ਮਾਂ ਆਪਣੀ ਕੁੜੀ ਨੂੰ ਵੱਧ ਤੋਂ ਵੱਧ ਸਾਊ ਬਣਾਉਣਾ ਤੇ ਦਿਖਾਉਣਾ ਲੋਚਦੀ ਹੈ। ਇਸ ਦੀ ਸਿਖਲਾਈ ਕੁੜੀਆਂ ਦੇ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ।

ਪਰ ਇਸ ਸਭ ਵਰਤਾਰੇ ਦੇ ਦਰਮਿਆਨ ਜੋ ਵੱਡੀ ਅਤੇ ਜ਼ਰੂਰੀ ਗੱਲ ਮਾਵਾਂ ਆਪਣੀਆਂ ਧੀਆਂ ਨਾਲ ਸਾਂਝੀ ਕਰਨੀ ਭੁੱਲ ਜਾਂਦੀਆਂ ਹਨ, ਉਹ ਹੈ ਉਨ੍ਹਾਂ ਦੀ ਖੁਦ ਦੀ ਜ਼ਿੰਦਗੀ ਦਾ ਤਜਰਬਾ। ਧੀਆਂ ਨੂੰ ਆਦਰਸ਼ ਬਣਾਉਣ, ਸਮਾਜ ਵਿੱਚ ਫਿਟ ਕਰਨ ਦੀ ਹੋੜ ’ਚ ਉਹ ਆਪਣੇ ਚੰਗੇ ਪੱਖਾਂ, ਆਪਣੀ ਕਾਬਲੀਅਤ, ਆਪਣੇ ਹਰ ਪੱਖ ਤੋਂ ਨਿਪੁੰਨ ਹੋਣ ਦਾ ਗੁਣਗਾਨ ਕਰਦੀਆਂ ਹਨ। ਧੀਆਂ ਨੂੰ ਆਪਣੀ ਸ਼ਖ਼ਸੀਅਤ ਦੇ ਗੁਣਾਂ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦਿਨ-ਰਾਤ ਚੱਲਦੀ ਰਹਿੰਦੀ ਹੈ। ਪਰ ਇਸ ਦਰਮਿਆਨ ਉਹ ਆਪਣੀ ਜ਼ਿੰਦਗੀ ਵਿੱਚ ਵਾਪਰੇ ਜ਼ਰੂਰੀ ਵਾਕਿਆ ਆਪਣੀਆਂ ਧੀਆਂ ਨਾਲ ਸਾਂਝਾ ਕਰਨ ਤੋਂ ਖੁੰਝ ਜਾਂਦੀਆਂ ਹਨ। ਕੁਝ ਲੋਕ ਸੋਚਣਗੇ ਕਿ ਮਾਵਾਂ ਦੇ ਅਜਿਹੇ ਕਿਹੜੇ ਜ਼ਰੂਰੀ ਵਾਕਿਆ ਹੁੰਦੇ ਹਨ। ਸਹੀ ਵੀ ਹੈ।

ਕਿਉਂਕਿ ਜਦੋਂ ਮਾਂ ਲਫ਼ਜ਼ ਆਉਂਦਾ ਹੈ ਤਾਂ ਸਾਡੇ ਜ਼ਹਿਨ ਵਿੱਚ ਮਮਤਾ ਦੀ ਮੂਰਤ, ਦਇਆ ਦੀ ਦੇਵੀ, ਪਿਆਰ ਦਾ ਭੰਡਾਰ ਜਿਹੇ ਚਿੱਤਰ ਉੱਭਰਨੇ ਸ਼ੁਰੂ ਹੋ ਜਾਂਦੇ ਹਨ। ਸਾਡੇ ਸਮਾਜ ਵਿੱਚ ਮਾਂ ਦੇ ਰੂਪ ਨੂੰ ਇਸ ਕਦਰ ਵਡਿਆਇਆ ਜਾਂਦਾ ਹੈ ਕਿ ਖੁਦ ਔਰਤ ਨੂੰ ਆਪਣੇ ਇਸ ਰੂਪ ਤੋਂ ਬਿਨਾਂ ਬਾਕੀ ਸਾਰੇ ਰੂਪ ਨਿਗੂਣੇ ਅਤੇ ਅਪੂਰਨ ਲੱਗਣੇ ਸ਼ੁਰੂ ਹੋ ਜਾਂਦੇ ਹਨ। ਪਰ ਇਨ੍ਹਾਂ ਚਿੱਤਰਾਂ ਨੂੰ ਉਭਾਰਨ ਤੋਂ ਪਹਿਲਾਂ ਜ਼ਰਾ ਇੱਕ ਮਿੰਟ ਰੁਕੋ ਤੇ ਸੋਚੋ ਕਿ ਕੀ ਮਾਂ ਸ਼ੁਰੂ ਤੋਂ ਹੀ ਮਾਂ ਸੀ? ਕੀ ਮਾਵਾਂ ਸਿੱਧੇ ਹੀ ਮਾਂ ਦੇ ਲਿਬਾਸ ਧਾਰਨ ਕਰਨ ਜਾਂਦੀਆਂ ਹਨ? ਬਿਲਕੁਲ ਨਹੀਂ। ਮਾਂ ਵੀ ਇੱਕ ਧੀ ਸੀ ਜੋ ਵੱਡੀ ਹੋਈ, ਆਪਣੀਆਂ ਸਹੇਲੀਆਂ ਨਾਲ ਹੱਸੀ-ਟੱਪੀ ਹੋਵੇਗੀ, ਉਸ ਨੇ ਵੀ ਆਪਣਾ ਅੱਲ੍ਹੜ ਉਮਰ ਦਾ ਦੁਪਹਿਰਾ ਹੰਢਾਇਆ ਹੋਣਾ, ਦਿਲ ’ਚ ਅਰਮਾਨ ਪਾਲੇ ਹੋਏ ਹੋਣਗੇ।

ਇੱਕ ਉਮਰ ’ਤੇ ਫੇਰ ਉਸ ਦਾ ਵੀ ਵਿਆਹ ਹੋਇਆ ਹੋਣਾ ਤੇ ਉਹ ਆਪਣੇ ਰੀਝਾਂ-ਸੁਪਨੇ ਸਮੇਟ ਸਹੁਰੇ ਘਰ ਤੁਰ ਗਈ ਹੋਵੇਗੀ। ਸਮੇਂ ਨੇ ਉਸ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਸਮਝਣ ਲਾਇਆ ਹੋਣਾ ਅਤੇ ਫੇਰ ਨੰਨ੍ਹੀ ਚਿੜੀ ਦੇ ਕਿਲਕਾਰੀ ਮਾਰਨ ਨਾਲ ਉਹ ਮਾਂ ਬਣੀ ਹੋਵੇਗੀ। ਇਸ ਤਰ੍ਹਾਂ ਮਾਂ ਨੇ ਆਪਣੀ ਧੀ ਨੂੰ ਇਸ ਸਮਾਜ ਲਈ ਆਦਰਸ਼ ਸਾਊ ਤੇ ਸਿਆਣੀ ਕੁੜੀ, ਚੰਗੀ ਨੂੰਹ ਦੇ ਰੂਪ ਵਿੱਚ ਤਿਆਰ ਕਰਦੇ ਸਮੇਂ ਆਪਣੀ ਅੱਲ੍ਹੜ ਉਮਰ ਦੀਆਂ ਯਾਦਾਂ, ਕਹਾਣੀਆਂ, ਸੁਪਨਿਆਂ ’ਤੇ ਪੋਚਾ ਫੇਰਿਆ ਹੋਵੇਗਾ।

ਜ਼ਰੂਰੀ ਨਹੀਂ ਕਿ ਸਿਰਫ਼ ਇਸ਼ਕ ਦੀਆਂ ਕਹਾਣੀਆਂ ਹੀ ਹੋਣ। ਹੋਰ ਬਹੁਤ ਸਾਰੇ ਤਜਰਬੇ ਹੋ ਸਕਦੇ ਹਨ ਜਿਨ੍ਹਾਂ ਤੋਂ ਦਿਸ਼ਾ ਲਈ ਜਾ ਸਕਦੀ ਹੋਵੇਗੀ, ਪਰ ਗੱਲ ਇਹ ਹੈ ਕਿ ਮਾਵਾਂ ਇਹ ਸਭ ਬਿਲਕੁਲ ਸਾਂਝਾ ਨਹੀਂ ਕਰਦੀਆਂ ਜਿਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਜਦੋਂ ਧੀ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਵਾਪਰੇ ਜਾਂ ਵਾਪਰਨ ਦੀ ਸੰਭਾਵਨਾ ਹੋਵੇ ਤਾਂ ਉਸ ਕੋਲ ਕੋਈ ਨਾ ਕੋਈ ਕਹਾਣੀ ਮੌਜੂਦ ਹੋਵੇ ਜਿਸ ਨਾਲ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਵਾਪਰੀ ਘਟਨਾ ਅਲੋਕਾਰ ਨਾ ਲੱਗੇ ਅਤੇ ਭਾਵੁਕ ਹੋ ਕੇ ਉਹ ਆਪਣੀ ਜ਼ਿੰਦਗੀ ਦਾ ਕੋਈ ਨੁਕਸਾਨ ਨਾ ਕਰ ਬੈਠੇ। ਮੇਰੀ ਇੱਕ ਸਹੇਲੀ ਸੀ। ਉਸ ਦੀ ਮੰਮੀ ਮੇਰੀ ਮੰਮੀ ਦੀ ਦੂਰ ਦੀ ਰਿਸ਼ਤੇਦਾਰੀ ’ਚੋਂ ਸੀ।

ਉਸ ਦੀ ਮੰਮੀ ਦਾ ਰਿਸ਼ਤਾ ਮੇਰੇ ਨਾਨਾ ਜੀ ਨੇ ਕਰਵਾਇਆ ਸੀ, ਇਸ ਲਈ ਸਾਡਾ ਉਨ੍ਹਾਂ ਨਾਲ ਵਧੀਆ ਮਿਲਵਰਤਨ ਸੀ। ਉਸ ਕੁੜੀ ਦੀ ਮੰਗਣੀ ਹੋ ਗਈ। ਉਹ ਬਹੁਤ ਖੁਸ਼ ਸੀ, ਪਰ ਥੋੜ੍ਹੀ ਦੇਰ ਬਾਅਦ ਪਤਾ ਲੱਗਾ ਕਿ ਕਿਸੇ ਕਾਰਨ ਉਹ ਮੰਗਣੀ ਟੁੱਟ ਗਈ। ਉਸ ਨੇ ਗੱਲ ਨੂੰ ਦਿਲ ’ਤੇ ਲਾ ਲਿਆ। ਇਹ ਗ਼ਮ ਉਸ ਉੱਤੇ ਇਸ ਕਦਰ ਹਾਵੀ ਹੋ ਗਿਆ ਕਿ ਕੁਝ ਦਿਨਾਂ ਬਾਅਦ ਉਸ ਨੇ ਆਤਮ-ਹੱਤਿਆ ਕਰ ਲਈ। ਮਨ ਬਹੁਤ ਉਦਾਸ ਹੋਇਆ। ਮੰਮੀ ਨੇ ਗੱਲਾਂ-ਗੱਲਾਂ ’ਚ ਦੱਸਿਆ ਕਿ ਉਸ ਦੀ ਮੰਮੀ ਦਾ ਇਹ ਤੀਜੀ ਥਾਂ ਸਾਕ ਬਾਪੂ (ਨਾਨਾ ਜੀ) ਨੇ ਕਰਵਾਇਆ ਸੀ।

ਮੈਨੂੰ ਲੱਗਾ ਕਿ ਕਾਸ਼ ਜੇ ਉਸ ਦੀ ਮਾਂ ਨੇ ਆਪਣਾ ਇਹ ਤਜਰਬਾ ਆਪਣੀ ਧੀ ਨਾਲ ਸਾਂਝਾ ਕੀਤਾ ਹੁੰਦਾ ਤਾਂ ਸ਼ਾਇਦ ਉਹ ਆਪਣੀ ਜ਼ਿੰਦਗੀ ਨੂੰ ਇੰਜ ਖਤਮ ਕਰਨ ਤੋਂ ਬਚ ਜਾਂਦੀ। ਇਹ ਸਿਰਫ ਇੱਕ ਉਦਾਹਰਨ ਹੈ। ਇਸ ਤਰ੍ਹਾਂ ਦੇ ਹਜ਼ਾਰਾਂ ਕਿੱਸੇ ਮਨ ਦੇ ਕਿਸੇ ਨਾ ਕਿਸੇ ਖੂੰਜੇ ਲੱਗੇ ਪਏ ਹੁੰਦੇ ਹਨ ਕਿਉਂਕਿ ਜ਼ਿੰਦਗੀ ਨੱਕ ਦੀ ਸੇਧ ਬਿਲਕੁਲ ਨਹੀਂ ਤੁਰਦੀ। ਇਹ ਵੀ ਜ਼ਰੂਰੀ ਨਹੀਂ ਕਿ ਹੂ-ਬ-ਹੂ ਮੇਲ ਖਾਂਦੇ ਤਜਰਬੇ ਹੋਣ, ਪਰ ਜੇ ਮਾਵਾਂ ਆਪਣੀ ਜ਼ਿੰਦਗੀ ਦੀਆਂ ਅਸਲ ਕਹਾਣੀਆਂ ਆਪਣੀ ਅਗਲੀ ਪੀੜ੍ਹੀ ਨਾਲ ਸਾਂਝਾ ਕਰਨ ਤਾਂ ਇਸ ਨਾਲ ਅਗਲੀ ਪੀੜ੍ਹੀ ਆਪਣਾ ਕਾਫੀ ਕੁਝ ਸੁਆਰੇ ਜਾਣ ਅਤੇ ਸੁਆਰੇ ਜਾਣ ਦੇ ਰਸਤੇ ਨੂੰ ਲੱਭਣ ਦੀ ਉਮੀਦ ਨਾਲ ਅੱਗੇ ਵਧ ਸਕਦੀ ਹੈ।

ਪਰ ਤ੍ਰਾਸਦੀ ਇਹੀ ਹੈ ਕਿ ਮਾਵਾਂ ਸਿਰਫ਼ ਚੰਗੇ ਅਤੇ ਸੁਖਦ ਪਲਾਂ ਦੀਆਂ ਗੱਲਾਂ ਹੀ ਕਰਦੀਆਂ ਹਨ, ਔਖੀਆਂ ਅਤੇ ਦੁਖਦ ਗੱਲਾਂ ਕਰਨ ਤੋਂ ਪਾਸਾ ਵੱਟ ਜਾਂਦੀਆਂ ਹਨ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੋਹ ਵੱਸ ਉਹ ਆਪਣੀਆਂ ਧੀਆਂ ਨੂੰ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਤੋਂ ਰੂਬਰੂ ਕਰਵਾਉਣ ਤੋਂ ਝਿਜਕਦੀਆਂ ਹੋਣ, ਪਰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਚਨਚੇਤ ਉਹ ਅਜਿਹਾ ਕਰਕੇ ਆਪਣੀਆਂ ਧੀਆਂ ਨੂੰ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਦੇਖਣ ਅਤੇ ਸਹਿਣ ਲਈ ਪੱਕਾ ਨਹੀਂ ਕਰ ਰਹੀਆ

ਸਗੋਂ ਕਮਜ਼ੋਰ ਬਣਾ ਰਹੀਆਂ ਹਨ।ਸ਼ਾਇਦ ਸਾਡੇ ਸਮਾਜ ਦਾ ਚਿਹਰਾ ਹੀ ਇਸ ਤਰ੍ਹਾਂ ਦਾ ਹੈ। ਸਮਾਜ ਨਾਲ ਟੱਕਰ ਲੈ ਕੇ ਬਹੁਤ ਘੱਟ ਲੋਕ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਊਣ ਦਾ ਹੀਆ ਕਰ ਪਾਉਂਦੇ ਹਨ। ਨਵੀਂ ਪਿਰਤ ਪਾਉਣਾ ਜਾਂ ਉਸ ਦੀ ਸ਼ੁਰੂਆਤ ਕਰਨ ਦੀ ਹਿੰਮਤ ਬਹੁਤ ਘੱਟ ਲੋਕਾਂ ਅੰਦਰ ਹੁੰਦੀ ਹੈ। ਜਿਹੜਾ ਜੋੜਾ ਪ੍ਰੇਮੀ-ਪ੍ਰੇਮਿਕਾ ਦੇ ਰੂਪ ਵਿੱਚ ਇਕੱਠੇ ਤੁਰਿਆ-ਫਿਰਿਆ ਹੁੰਦਾ ਹੈ,

ਘਰਦਿਆਂ ਤੋਂ ਚੋਰੀ ਮਿਲਣੀਆਂ ਹੋਈਆਂ ਹੁੰਦੀਆਂ ਹਨ, ਪਰ ਆਪਣਾ ਵਿਆਹ ਕਰਵਾ ਕੇ ਉਹ ਦੂਜੇ ਜੋੜਿਆਂ ਨੂੰ ਘਟੀਆ ਆਂਕਣਾ ਸ਼ੁਰੂ ਕਰ ਦਿੰਦੇ ਹਨ। ਫੇਰ ਉਹ ਸਮਾਜ ’ਚ ਆਪਣੇ ਆਪ ਨੂੰ ਇੱਜ਼ਤਦਾਰ ਸਮਝਣ ਲੱਗ ਜਾਂਦੇ ਹਨ ਅਤੇ ਜਿਸ ਦੌਰ ਵਿੱਚੋਂ ਉਹ ਖੁਦ ਗੁਜ਼ਰ ਕੇ ਆਏ ਹੁੰਦੇ ਹਨ ਉਹੀ ਉਨ੍ਹਾਂ ਨੂੰ ਗ਼ਲਤ ਲੱਗਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਨੇ ਹੋਰਾਂ ਲਈ ਮਾਰਗ-ਦਰਸ਼ਕ ਤਾਂ ਕੀ ਬਣਨਾ ਹੁੰਦਾ, ਸਗੋਂ ਅਣਜਾਣੇ ਵਿੱਚ ਹੋਰ ਮੁਸ਼ਕਿਲਾਂ ਖੜ੍ਹੀਆਂ ਕਰ ਦਿੰਦੇ ਹਨ।

ਇਸ ਦੀ ਬਜਾਏ ਜੇਕਰ ਉਹ ਆਪਣੀ ਪਿਆਰ ਦੀ ਸ਼ਿੱਦਤ, ਸੰਘਰਸ਼, ਮੁਸ਼ਕਿਲਾਂ ਦੀਆਂ ਗੱਲਾਂ ਕਰਨ ਤਾਂ ਹੋ ਸਕਦਾ ਉਨ੍ਹਾਂ ਦੀ ਕੋਈ ਗੱਲ ਪਿਆਰ ਕਰਨ ਵਾਲਿਆਂ ਲਈ ਪ੍ਰੇਰਣਾ ਦਾ ਕਾਰਨ ਬਣ ਸਕੇ।ਖੈਰ ਆਪਣੇ ਤਜਰਬਿਆਂ ਦੀਆਂ ਕਹਾਣੀਆਂ ਸੁਣਾਉਣਾ ਸਿਰਫ਼ ਮਾਂ-ਧੀ ਦੇ ਰਿਸ਼ਤੇ ਤੱਕ ਸੀਮਤ ਨਾ ਹੋਵੇ। ਗਿਆਨ ਪੀੜ੍ਹੀ ਦਰ ਪੀੜ੍ਹੀ ਹੀ ਅੱਗੇ ਵਧਦਾ ਹੈ। ਸੱਸ-ਨੂੰਹ ਦੇ ਰਿਸ਼ਤੇ ਵਿੱਚ ਵੀ ਇਹ ਗੱਲ ਹੂ-ਬ-ਹੂ ਲਾਗੂ ਹੁੰਦੀ ਹੈ। ਜੇ ਸੱਸ ਆਪਣੀ ਨੂੰਹ ਨਾਲ ਆਪਣੇ ਸਾਰੇ ਤਜਰਬੇ ਸਾਂਝੇ ਕਰੇ ਬਿਨਾਂ ਇਸ ਗੱਲ ਦਾ ਵਿਚਾਰ ਕਰੇ ਕਿ ਇਸ ਨਾਲ ਨੂੰਹ ਦੇ ਮਨ ’ਚ ਉਸ ਦਾ ਕਿਸ ਤਰ੍ਹਾਂ ਦਾ ਅਕਸ ਬਣ ਕੇ ਉੱਭਰੇਗਾ ਤਾਂ ਬਹੁਤ ਕੁਝ ਸਾਜਗਾਰ ਹੋ ਸਕਦਾ ਹੈ। ਬਹੁਤ ਸਾਰੀਆਂ ਮੁਸ਼ਕਿਲਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ। ਬਹੁਤ ਸਾਰੇ ਤਣਾਅ ਦੇ ਸਮੁੰਦਰ ਆਪਣੇ ਆਪ ਸਰ ਕੀਤੇ ਜਾ ਸਕਦੇ ਹੋਣਗੇ।

ਪੌੜੀ ’ਤੇ ਕਦਮ- ਦਰ-ਕਦਮ ਹੀ ਚੜਿ੍ਹਆ ਜਾ ਸਕਦਾ ਹੈ, ਛੜੱਪਾ ਮਾਰ ਕੇ ਸਿਖਰਲੇ ਡੰਡੇ ’ਤੇ ਨਹੀਂ ਪਹੁੰਚਿਆ ਜਾ ਸਕਦਾ। ਮਾਵਾਂ ਆਪਣੀਆਂ ਧੀਆਂ ਨਾਲ ਅਤੇ ਸੱਸਾਂ ਆਪਣੀਆਂ ਨੂੰਹਾਂ ਨਾਲ ਢਿੱਡ ਫੋਲਣ ਲੱਗਿਆਂ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ, ਆਪਣੇ ਅਸਲ ਦੁੱਖ-ਦਰਦ ਸਾਂਝੇ ਕਰਨ ਤਾਂ ਇਹ ਗੱਲਾਂ ਧੀਆਂ ਅਤੇ ਨੂੰਹਾਂ ਦੀ ਜ਼ਿੰਦਗੀ ਲਈ ਬਹੁਤ ਕਾਰਗਰ ਸਾਬਤ ਹੋ ਸਕਦੀਆਂ ਹਨ। ਇਹੀ ਅਸਲ ਵਿੱਚ ਉਨ੍ਹਾਂ ਦਾ ਮਿਲਣਾ-ਬੈਠਣਾ ਹੋਵੇਗਾ।
ਬੁਢਲਾਡਾ ਮਾਨਸਾ
ਡਾ. ਵਨੀਤ ਸਿੰਗਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ