ਨਸ਼ਿਆਂ ਤੇ ਕੈਂਸਰ ਖਿਲਾਫ਼ ਜਾਗਰੂਕਤਾ ਦੌੜ ‘ਚ 10 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਲਿਆ ਹਿੱਸਾ

DCIM100MEDIADJI_0330.JPG

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕੀਤਾ ਆਗਾਜ਼

ਸੰਗਰੂਰ, (ਗੁਰਪ੍ਰੀਤ ਸਿੰਘ) ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਤੇ ਕੈਂਸਰ ਖਿਲਾਫ਼ ਚਲਾਈ ਜਾ ਰਹੀ ਜਾਗਰੂਕਤਾ ਲਹਿਰ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਅੱਜ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਪ੍ਰਬੰਧਾਂ ਹੇਠ ਹਾਫ਼ ਮੈਰਾਥਨ, ਦੀਵਾ ਰਨ ਅਤੇ ਫ਼ਨ ਰਨ ਵਿੱਚ 10 ਹਜ਼ਾਰ ਤੋਂ ਵੀ ਵਧੇਰੇ ਖੇਡ ਪ੍ਰੇਮੀਆਂ ਨੇ ਬੇਮਿਸਾਲ ਉਤਸ਼ਾਹ ਨਾਲ ਹਿੱਸਾ ਲਿਆ।

ਵਾਰ ਹੀਰੋਜ਼ ਸਟੇਡੀਅਮ ਤੋਂ ਆਰੰਭ ਹੋਈਆਂ ਇਨ੍ਹਾਂ ਖੇਡ ਗਤੀਵਿਧੀਆਂ ਵਿੱਚ ਹਰ ਉਮਰ ਵਰਗ ਦੇ ਖਿਡਾਰੀਆਂ ਦੀ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ, ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ, ਡਿਪਟੀ ਕਮਿਸ਼ਨਰ ਇਨਕਮ ਟੈਕਸ ਡਾ. ਗਗਨ ਕੁੰਦਰਾ ਅਤੇ ਏ.ਐਸ.ਪੀ (ਆਈ.ਪੀ.ਐਸ) ਸ਼੍ਰੀ ਅਦਿੱਤਯ ਵੱਲੋਂ ਸਾਂਝੇ ਤੌਰ ‘ਤੇ ਝੰਡੀ ਦਿਖਾ ਕੇ ਫ਼ਨ ਰਨ ਨੂੰ ਰਵਾਨਾ ਕੀਤਾ ਗਿਆ

ਮੁੱਖ ਮਹਿਮਾਨ ਸਮੇਤ ਹੋਰ ਸ਼ਖ਼ਸੀਅਤਾਂ ਦੀ ਅਗਵਾਈ ਹੇਠ ਦੌੜਦਿਆਂ ਸਫ਼ਰ ਤੈਅ ਕਰਕੇ ਹਜ਼ਾਰਾਂ ਖੇਡ ਪ੍ਰੇਮੀਆਂ ਨੇ ਵੱਖ-ਵੱਖ ਬਜ਼ਾਰਾਂ ਵਿੱਚ ਨਾਮੁਰਾਦ ਬਿਮਾਰੀ ਕੈਂਸਰ ਅਤੇ ਨਸ਼ਿਆਂ ਦੀ ਮੁਕੰਮਲ ਰੋਕਥਾਮ ਲਈ ਜਾਗਰੂਕ ਹੋਣ ਦਾ ਸੱਦਾ ਦਿੱਤਾ।

Campaigns Against Drugs | ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਖੇਡ ਪ੍ਰੇਮੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਗਰੂਕਤਾ ਪ੍ਰੋਗਰਾਮਾਂ ਨੂੰ ਸਫ਼ਲਤਾ ਨਾਲ ਲਾਗੂ ਕਰਨ ਵਿੱਚ ਜ਼ਿਲ੍ਹਾ ਸੰਗਰੂਰ ਪਹਿਲੇ ਨੰਬਰ ‘ਤੇ ਹੈ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ। ਸ੍ਰੀ ਸਿੰਗਲਾ ਨੇ ਦੱਸਿਆ ਕਿ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਟਾਟਾ ਦੇ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਆਉਣ ਵਾਲੇ 90 ਫ਼ੀਸਦੀ ਮਰੀਜ਼ਾਂ ਦਾ ਕਾਬਿਲ ਡਾਕਟਰਾਂ ਰਾਹੀ ਮੁਫ਼ਤ ਇਲਾਜ ਕੀਤਾ ਜਾਂਦਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਬੀਤੇ ਵਰ੍ਹਿਆਂ ਵਿੱਚ ਸੰਗਰੂਰ ‘ਚ ਹੋਈਆਂ ਸਾਇਕਲ ਰੈਲੀਆਂ, ਸਾਇਕਲਾਥੋਨ, ਮੈਰਾਥਨ, ਦੀਵਾ ਰਨ ਅਤੇ ਫ਼ਨ ਰਨ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੰਦਿਆਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਨਸ਼ਿਆਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਸੀ ਅਤੇ ਅੱਜ ਵੀ ਜਿੰਨੇ ਉਤਸ਼ਾਹ ਨਾਲ ਲੋਕਾਂ ਨੇ ਹਿੱਸਾ ਲਿਆ ਹੈ ਉਹ ਆਪਣੀ ਮਿਸਾਲ ਆਪ ਹੈ। ਇਸ ਮੌਕੇ ਜੁੜੇ ਖੇਡ ਪ੍ਰੇਮੀਆਂ ਦੇ ਮਨੋਰੰਜਨ ਲਈ ਲੋਕ ਨਾਚ ਭੰਗੜੇ ਤੇ ਗਿੱਧੇ ਦੀ ਪੇਸ਼ਕਾਰੀ ਵੀ ਹੋਈ ਜਿਸ ਦਾ ਨੌਜਵਾਨ ਵਰਗ ਨੇ ਭਰਵਾਂ ਆਨੰਦ ਮਾਣਿਆ।

Campaigns Against Drugs | ਇਸ ਮੌਕੇ ਕੈਂਸਰ ਜਾਗਰੂਕਤਾ ਲਈ ਉਲੀਕੇ ਵਿਸ਼ੇਸ਼ ਪ੍ਰੋਗਰਾਮ ਤਹਿਤ ਹੋਮੀ ਭਾਬਾ ਕੈਂਸਰ ਹਸਪਤਾਲ ਦੇ ਸਹਿਯੋਗ ਨਾਲ ਮੋਟਰ ਬਾਈਕਰਸ ਤੇ ਸਾਇਕਲ ਜਾਗਰੂਕਤਾ ਰੈਲੀ ਹੋਈ ਜਿਸ ਵਿੱਚ ਚੀਮਾ ਦੇ ਤਜਰਬੇਕਾਰ ਹਾਰਲੇ ਡੇਵਿਡਸਨ ਅਤੇ ਇਨਫੀਲਡ ਬਾਈਕਰਸ ਨੇ ਹਿੱਸਾ ਲਿਆ। ਇਸ ਦੌਰਾਨ ਹੋਮੀ ਭਾਭਾ ਕੈਂਸਰ ਹਸਪਤਾਲ ਤੋਂ ਡਾ. ਅੰਬੂਮਨੀ ਤੇ ਉਨ੍ਹਾਂ ਦੀ ਟੀਮ ਵਿਸ਼ੇਸ਼ ਤੌਰ ‘ਤੇ ਹਾਜ਼ਰ ਸੀ। ਇਸ ਮੌਕੇ ਗਲਾਈਡਰ ਦੁਆਰਾ ਕੀਤੀ ਪੇਸ਼ਕਾਰੀ ਦਾ ਵੀ ਲੋਕਾਂ ਨੇ ਖੂਬ ਆਨੰਦ ਮਾਣਿਆ। ਸਮਾਗਮ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਸਕੂਲਾਂ ਦੀਆਂ 250 ਵਿਦਿਆਰਥਣਾਂ ਨੂੰ ਸਵੈ ਸੁਰੱਖਿਆ ਲਈ ਪੇਪਰ ਸਪਰੇਅ ਵੀ ਮੁਹੱਈਆ ਕਰਵਾਈਆਂ।

ਮੈਰਾਥਨ ‘ਚ ਇਲੀਅਸ ਮਤੂ ਨੇ ਮੱਲਿਆ ਪਹਿਲਾ ਸਥਾਨ

ਮੈਰਾਥਨ ਵਿੱਚ ਇਲੀਅਸ ਮਤੂ ਨੇ 1 ਘੰਟਾ 5 ਮਿੰਟ 32 ਸਕਿੰਟ ਨਾਲ ਪਹਿਲਾ, ਇਸਾਕ ਕਿਹਾਰਾ ਨੇ 1 ਘੰਟਾ 7 ਮਿੰਟ 01 ਸਕਿੰਟ ਨਾਲ ਦੂਜਾ ਅਤੇ ਬਰੀਮਿਨ ਕਿਪਰੂਤੋ ਨੇ 1 ਘੰਟਾ 7 ਮਿੰਟ 16 ਸਕਿੰਟ ਨਾਲ ਤੀਜਾ ਸਥਾਨ ਹਾਸਲ ਕਰਦਿਆਂ ਕ੍ਰਮਵਾਰ ਇੱਕ ਲੱਖ ਰੁਪਏ, 51 ਹਜ਼ਾਰ ਰੁਪਏ ਅਤੇ 31 ਹਜ਼ਾਰ ਰੁਪਏ ਦੇ ਚੈਕ ਮੌਕੇ ‘ਤੇ ਹੀ ਇਨਾਮ ਵਜੋਂ ਪ੍ਰਾਪਤ ਕੀਤੇ। ਇਸ ਤੋਂ ਬਾਅਦ ਹੋਈ ਦੀਵਾ ਰਨ ਵਿੱਚ ਪਹਿਲੇ ਦੋ ਸਥਾਨਾਂ ‘ਤੇ ਕੀਨੀਆ ਦੀਆਂ ਦੌੜਾਕ ਜੇਤੂ ਰਹੀਆਂ

ਜਿਸ ਤਹਿਤ ਪਹਿਲਾ ਸਥਾਨ ਕੇਰੇਨ ਜੇਬੇਤ ਮਈਓ ਨੇ 35 ਮਿੰਟ 18 ਸਕਿੰਟ, ਦੂਜਾ ਸਥਾਨ ਸੈਲੀ ਜੈਬੀਵੋਟ ਕੁਰੂਈ ਨੇ 36 ਮਿੰਟ 09 ਸਕਿੰਟ ਨਾਲ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਤੀਜਾ ਸਥਾਨ ਭਾਰਤੀ ਦੇ ਹਿੱਸੇ ਆਇਆ ਜਿਸ ਵੱਲੋਂ 37 ਮਿੰਟ 23 ਸਕਿੰਟ ਵਿੱਚ ਦੌੜ ਪੂਰੀ ਕੀਤੀ ਗਈ ਅਤੇ ਇਨਾਂ ਜੇਤੂਆਂ ਨੂੰ ਕ੍ਰਮਵਾਰ 51 ਹਜ਼ਾਰ, 31 ਹਜ਼ਾਰ ਅਤੇ 21 ਹਜ਼ਾਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।