ਵਿਧਾਇਕ ਬੈਂਸ ਪੰਦਰਾਂ ਦਿਨ ‘ਚ ਦੋਸ਼ ਸਾਬਿਤ ਕਰਨ ਜਾਂ ਮਾਣਹਾਨੀ ਦੇ ਦਾਅਵੇ ਲਈ ਤਿਆਰ ਰਹਿਣ : ਬ੍ਰਹਮ ਮਹਿੰਦਰਾ

Mla, Bains, Ready, Prove, Fault, Defame, Claims, Fifteen, Days, Braham mahindra

ਦਵਾਈ ਕੰਪਨੀ ਨਾਲ ਕਿਸੇ ਵੀ ਤਰ੍ਹਾਂ ਦੀ ਭਾਈਵਾਲੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ

  • ਕਿਹਾ, ਹਰ ਤਰਾਂ ਦੀ ਜਾਂਚ ਲਈ ਤਿਆਰ ਹਾਂ

ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼)। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ, ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਸੂਬੇ ਵਿਚਲੇ ਨਸ਼ਾ ਛੁਡਾਊ ਕੇਂਦਰਾਂ ਨੂੰ ਦਵਾਈ ਸਪਲਾਈ ਕਰਨ ਵਾਲੀ ਕੰਪਨੀ ਦੀ ਬ੍ਰਹਮ ਮਹਿੰਦਰਾ ਨਾਲ ਕਥਿਤ ਭਾਈਵਾਲੀ ਹੈ।

ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਦੇ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਹਿੰਦਰਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਕਿਸੇ ਵੀ ਦਵਾਈ ਕੰਪਨੀ ਨਾਲ ਕੋਈ ਭਾਈਵਾਲੀ ਜਾਂ ਸਾਂਝ ਨਹੀਂ ਹੈ। ਉਨ੍ਹਾਂ ਵਿਧਾਇਕ ਬੈਂਸ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਦਵਾਈ ਕੰਪਨੀਆਂ ਦੀ ਆਪਸੀ ਲੜਾਈ ਦੀ ਸਾਜਿਸ਼ ਦਾ ਹਿੱਸਾ ਕਰਾਰ ਦਿੰਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਵਿਧਾਇਕ ਬੈਂਸ ਵੀ ਕਿਸੇ ਕੰਪਨੀ ਦੇ ਇਸ਼ਾਰੇ ‘ਤੇ ਇਹ ਮਨਘੜਤ ਦੋਸ਼ ਲਗਾ ਰਹੇ ਹੋਣ, ਜੋ ਕਿ ਗਲਤ ਹੈ।

ਉਨ੍ਹਾਂ ਵਿਧਾਇਕ ਬੈਂਸ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ 15 ਦਿਨਾਂ ‘ਚ ਇਹ ਦੋਸ਼ ਸਾਬਿਤ ਕਰਨ ਨਹੀਂ ਤਾਂ ਉਹ ਮਾਣਹਾਨੀ ਦੇ ਦਾਅਵੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਸ੍ਰੀ ਮਹਿੰਦਰਾ ਨੇ ਕਿਹਾ ਕਿ ਇਸ ਮਾਮਲੇ ‘ਚ ਸਾਹਮਣੇ ਆਈਆਂ ਦੋ ਈਮੇਲਾਂ ਸਬੰਧੀ ਉਨ੍ਹਾਂ ਸਾਈਬਰ ਕ੍ਰਾਈਮ ਦਾ ਕੰਮ ਦੇਖ ਰਹੇ ਆਈਜੀ ਸ੍ਰ. ਨੌਨਿਹਾਲ ਸਿੰਘ ਨੂੰ ਬਕਾਇਦਾ ਸ਼ਿਕਾਇਤ ਕਰਕੇ ਸੱਚਾਈ ਸਾਹਮਣੇ ਲਿਆਉਣ ਲਈ ਕਿਹਾ ਹੈ। ਸ੍ਰੀ ਬ੍ਰਹਮ ਮਹਿੰਦਰਾ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਇਸ ਮਾਮਲੇ ਦੀ ਕਿਸੇ ਵੀ ਧਿਰ ਤੋਂ ਜਾਂਚ ਕਰਵਾਉਣ ਲਈ ਤਿਆਰ ਹਨ।