ਰਿਸ਼ਵਤ ਮਾਮਲੇ ਵਿੱਚ ਗ੍ਰਿਫਤਾਰ ਵਿਧਾਇਕ ਅਮਿਤ ਰਤਨ ਨੂੰ ਭੇਜਿਆ 5 ਦਿਨ ਦੇ ਪੁਲਿਸ ਰਿਮਾਂਡ ‘ਤੇ

MLA Amit Ratan

ਵਿਧਾਇਕ ਦੇ ਕਰੀਬੀ ਨੂੰ 1 ਦਿਨ ਦੇ ਹੋਰ ਰਿਮਾਂਡ ‘ਤੇ ਭੇਜਿਆ

ਬਠਿੰਡਾ (ਸੁਖਜੀਤ ਮਾਨ)। ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਤੋਂ ਕਥਿਤ ਤੌਰ ‘ਤੇ 4 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਨੂੰ ਮਾਣਯੋਗ ਅਦਾਲਤ ਨੇ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਵਿਧਾਇਕ ਦੇ ਕਰੀਬੀ ਰਿਸ਼ਮ ਗਰਗ ਦੇ ਪੁਲਿਸ ਰਿਮਾਂਡ ਵਿੱਚ ਵੀ ਇੱਕ ਦਿਨ ਦਾ ਹੋਰ ਵਾਧਾ ਕਰ ਦਿੱਤਾ ਹੈ।

ਵੇਰਵਿਆਂ ਮੁਤਾਬਿਕ ਵਿਜੀਲੈਂਸ ਨੇ ਵਿਧਾਇਕ ਅਮਿਤ ਰਤਨ ਨੂੰ ਰਾਜਪੁਰਾ ਨੇੜਿਓਂ ਗ੍ਰਿਫਤਾਰ ਕੀਤਾ ਹੈ । ਗ੍ਰਿਫਤਾਰੀ ਮਗਰੋਂ ਬਠਿੰਡਾ ਲੈ ਕੇ ਪੁੱਜੀ ਟੀਮ ਨੇ ਕਈ ਘੰਟੇ ਲਗਾਤਾਰ ਪੁੱਛਗਿੱਛ ਕਰਨ ਮਗਰੋਂ ਵਿਧਾਇਕ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਅਮਿਤ ਰਤਨ ਦਾ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ, ਜਦੋਂਕਿ ਰਿਸ਼ਮ ਗਰਗ ਦਾ ਇੱਕ ਦਿਨ ਦਾ ਹੋਰ ਪੁਲਿਸ ਰਿਮਾਂਡ ਵਧਾ ਦਿੱਤਾ ਗਿਆ ਹੈ।

MLA Amit Ratan
ਬਠਿੰਡਾ : ਅਮਿਤ ਰਤਨ ਨੂੰ ਪੇਸ਼ ਕਰਨ ਲਈ ਮਾਣਯੋਗ ਅਦਾਲਤ ਵਿੱਚ ਲਿਆਂਦਾ ਗਿਆ

MLA Amit Ratan

ਦੱਸਣਯੋਗ ਹੈ ਕਿ ਵਿਧਾਇਕ ਦੇ ਨਜ਼ਦੀਕੀ ਰਿਸ਼ਮ ਗਰਗ ਨੂੰ ਪਿੰਡ ਘੁੱਦਾ ਦੇ ਸਰਪੰਚ ਦੇ ਪਤੀ ਕੋਲੋਂ 4 ਲੱਖ ਰੁਪਏ ਰਿਸ਼ਵਤ ਲੈਂਦਿਆਂ ਬਠਿੰਡਾ ਸਰਕਟ ਹਾਊਸ ਵਿੱਚੋਂ ਗਿਰਫਤਾਰ ਕੀਤਾ ਸੀ । ਰਿਸ਼ਮ ਦੀ ਗ੍ਰਿਫਤਾਰੀ ਵੇਲੇ ਵਿਧਾਇਕ ਵੀ ਉੱਥੇ ਹੀ ਮੌਜੂਦ ਸੀ ਪਰ ਉਸ ਵੇਲੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਵਿਧਾਇਕ ਦੀ ਇਸ ਮਾਮਲੇ ਵਿੱਚ ਗ੍ਰਿਫਤਾਰੀ ਨਾ ਹੋਣ ਕਰਕੇ ਵਿਰੋਧੀ ਧਿਰਾਂ ਵੱਲੋਂ ਸਰਕਾਰ ‘ਤੇ ਲਗਾਤਾਰ ਨਿਸ਼ਾਨੇ ਵਿਨ੍ਹੇ ਜਾ ਰਹੇ ਸੀ।

ਇਸ ਚਲਦੇ ਮਾਮਲੇ ਦੌਰਾਨ ਇੱਕ ਆਡੀਓ ਵਾਇਰਲ ਹੋਈ ਸੀ ਜਿਸ ਵਿੱਚ ਪੈਸਿਆਂ ਦੇ ਲੈਣ ਦੇਣ ਦੀ ਗੱਲ ਕੀਤੀ ਜਾ ਰਹੀ ਸੀ। ਵਿਜੀਲੈਂਸ ਨੇ ਆਡੀਓ ਨੂੰ ਕੇਸ ਦਾ ਹਿੱਸਾ ਬਣਾਉਂਦਿਆਂ ਜਾਂਚ ਲਈ ਫਰਾਂਸਿਕ ਲੈਬ ਵਿੱਚ ਭੇਜਿਆ ਸੀ ਜਿੱਥੇ ਵਿਧਾਇਕ ਦੀ ਆਵਾਜ਼ ਦੀ ਪਹਿਚਾਣ ਕੀਤੇ ਜਾਣ ਬਾਰੇ ਪਤਾ ਲੱਗਿਆ ਹੈ । ਇਸ ਮਗਰੋਂ ਵਿਜੀਲੈਂਸ ਨੇ ਉੱਚ ਅਫਸਰਾਂ ਤੋਂ ਮਿਲੀ ਪ੍ਰਵਾਨਗੀ ਤਹਿਤ ਵਿਧਾਇਕ ਅਮਿਤ ਰਤਨ ਨੂੰ ਰਾਜਪੁਰਾ ਨੇੜਿਓਂ ਗ੍ਰਿਫਤਾਰ ਕਰ ਲਿਆ ਸੀ। ਮਾਣਯੋਗ ਅਦਾਲਤ ਨੇ ਅੱਜ ਵਿਧਾਇਕ ਰਤਨ ਨੂੰ 5 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਜਦੋਂਕਿ ਵਿਧਾਇਕ ਦੇ ਕਰੀਬੀ ਦਾ ਇੱਕ ਦਿਨ ਦਾ ਹੋਰ ਪੁਲਿਸ ਰਿਮਾਂਡ ਵਧਾ ਦਿੱਤਾ ਹੈ।

ਨਿਆਂਪਾਲਿਕਾ ‘ਤੇ ਪੂਰਾ ਭਰੋਸਾ: MLA Amit Ratan

ਪੇਸ਼ੀ ਮਗਰੋਂ ਵਾਪਿਸ ਲਿਜਾਣ ਵੇਲੇ ਅਮਿਤ ਰਤਨ ਨੇ ਕਿਹਾ ਕਿ ਇਹ ਵਿਰੋਧੀਆਂ ਦੀਆਂ ਚਾਲਾਂ ਹਨ ਪਰ ਉਹਨਾਂ ਨੂੰ ਨਿਆਂ ਪਾਲਿਕਾ ‘ਤੇ ਪੂਰਾ ਭਰੋਸਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ