ਦੁਰਕਾਰਿਆ

Disadvantages

ਜੋਬਨਜੀਤ ਇੱਕ ਐਸੀ ਮਾਂ ਦੀ ਕੁੱਖੋਂ ਜੰਮਿਆ ਸੀ, ਜਿਸ ਨੇ ਉਸ ਨੂੰ ਦਰ-ਦਰ ਦੀਆਂ ਠ੍ਹੋਕਰਾਂ ਖਾਣ ਲਈ ਮਜ਼ਬੂਰ ਕਰ ਦਿੱਤਾ ਸੀ। ਮਾੜੇ ਚਰਿੱਤਰ ਦੀ ਔਰਤ ਨੇ ਘਰ ਤਾਂ ਪੁੱਟਿਆ ਹੀ ਪੁੱਟਿਆ ਸੀ, ਨਾਲ ਹੀ ਜੁਆਕ ਦਾ ਭਵਿੱਖ ਵੀ ਉਜਾੜ ਦਿੱਤਾ ਸੀ। ਜਦੋਂ  ਜੋਬਨਜੀਤ ਅਜੇ ਇੱਕ ਵਰ੍ਹੇ ਦਾ ਹੀ ਸੀ ਤਾਂ ਖੌਰੇ ਉਸ ਔਰਤ ਦੀ ਕੈਸੀ ਮੱਤ ਮਾਰੀ ਗਈ ਸੀ, ਕਿ ਦੁੱਧ ਚੁੰਘਦਾ ਜੁਆਕ ਮੰਜੇ ‘ਤੇ ਪਿਆ ਛੱਡਕੇ  ਉਹ ਰਾਤ-ਹਨ੍ਹੇਰੇ, ਖੌਰੇ ਕਿੱਧਰ ਗਈ ਚਲੀ। ਪਿੰਡ ਦੇ ਸਾਰੇ ਘਰਾਂ ਵਿਚ ਉਸ ਦੀ ਪੁੱਛ-ਪੜਤਾਲ ਕੀਤੀ ਗਈ, ਪਰ ਉਹ ਕਿਧਰੇ ਵੀ ਮਿਲ ਨਾ ਸਕੀ।   ਜੁਆਕ ਅੱਧੀ-ਅੱਧੀ ਰਾਤ ਤੱਕ ਰੋਂਦਾ ਆਪਣੀ ਮਾਂ ਨੂੰ ਚੇਤੇ ਕਰਦਾ ਰਹਿੰਦਾ।

ਇੱਕ ਮਹੀਨੇ ਮਗਰੋਂ ਖਬਰ ਮਿਲੀ ਕਿ ਉਸ ਨੇ ਹੋਰ ਵਿਆਹ ਕਰਵਾ ਲਿਆ ਹੈ। ਇਹ ਸੁਣਕੇ ਸਭੇ ਹੈਰਾਨ ਸਨ। ਹੁਣ ਉਸ ਬੱਚੇ ਦੇ ਪਿਤਾ ਨੇ ਵੀ ਘਰਦਿਆਂ ਦੇ ਕਹਿਣ ‘ਤੇ ਦੂਜਾ ਵਿਆਹ ਕਰਵਾ ਲਿਆ ਸੀ, ਕਿਉਂਕਿ ਜੁਆਕ ਦਾ ਪਾਲਣ-ਪੋਸ਼ਣ ਕਰਨਾ ਉਸ ਦੇ ਵੱਸ ਦੀ ਗੱਲ ਨਹੀਂ ਸੀ ਰਹਿ ਗਈ।   ਪਰ, ਮਤਰੇਈ ਮਾਂ ਤਾਂ ਕਿਸਮਤ ਨਾਲ ਹੀ ਸਕੀ ਮਾਂ ਬਣਦੀ ਹੈ। ਜੀਅ ਕਰੇ ਤਾਂ ਉਹ ਜੁਆਕ ਨੂੰ ਰੋਟੀ-ਟੁੱਕ ਦੇ ਦਿੰਦੀ, ਨਹੀਂ ਤਾਂ ਪਿਆ ਵਿਲਕਦਾ ਰਹਿਣ ਦੇਣਾ।

ਸਮਾਂ ਆਉਣ ‘ਤੇ ਹੁਣ ਉਸ ਮਤਰੇਈ ਦਾ ਆਪਣਾ ਜੁਆਕ ਵੀ ਹੋ ਗਿਆ ਸੀ। ਹੁਣ ਤਾਂ Àੁੱਕਾ ਹੀ ਫਿਕਰ ਨਹੀਂ ਸੀ ਰਹਿ ਗਿਆ ਉਸ ਨੂੰ, ਉਸ  ਮਾਂ-ਵਾਹਰੇ ਜੁਆਕ ਦਾ।   ਸ਼ਰੀਕੇ ਵਿਚ ਕਿਸੇ ਦੇ ਘਰ ਜਾ ਕੇ ਰੋਟੀ-ਟੁੱਕ ਖਾਣਾ ਮਜ਼ਬੂਰੀ ਬਣ ਗਈ ਸੀ, ਉਸ ਵਿਚਾਰੇ ਦੀ। ਪਿਓ ਕੰਮ-ਕਾਰ ਲਈ ਚਲਾ ਜਾਂਦਾ ਤਾਂ ਪਿੱਛੋਂ ਜੁਆਕ ਦਰ-ਦਰ ਦੀਆਂ ਠ੍ਹੋਕਰਾਂ ਖਾਂਦਾ ਭਟਕਦਾ ਫਿਰਦਾ ਰਹਿੰਦਾ।   ਗੁਆਂਢ ਵੱਸਦੀ ਇੱਕ ਬਜੁਰਗ ਔਰਤ ਆਪਣੀਆਂ ਨੂੰਹ ਨੂੰ ਬੋਲ ਛੱਡਦੀ,  ‘ਨੀ ਧੀਏ!  ਚੱਜ ਨਾਲ ਰੋਟੀ ਖਵਾ ਦਿਆ ਕਰੋ, ਜੁਆਕ ਨੂੰ!  ਕਦੇ ਮੱਥੇ ਖੱਟ ਨਾ ਪਾਇਓ!  ਅਸੀਸਾਂ ਦੇਊਗਾ ਮਾਸੂਮ ਵਿਚਾਰਾ!   ਉਸ ਮਾੜੀ ਮੱਤ ਵਾਲੀ ਕਮਜਾਤ ਨੇ ਤਾਂ ਰੋਲਕੇ ਰੱਖ ਦਿੱਤਾ, ਹੀਰੇ

ਵਰਗਾ ਪੁੱਤ!  ਤੁਸੀਂ ਤਰਸ ਅਤੇ ਰਹਿਮ ਖਾਇਓ ਇਸ ਵਿਚਾਰੇ ਬੱਚੇ ‘ਤੇ!   ਰੱਬ ਦਾ ਵਾਸਤਾ ਏ ਤੈਨੂੰ!’ ਹੁਣ ਜੋਬਨਜੀਤ ਵੀ ਦਿਨ-ਪਰ-ਦਿਨ ਵੱਡਾ ਹੋ ਰਿਹਾ ਸੀ। ਆਸ-ਪਾਸ ਵਾਲੇ ਗੁਆਂਢੀ ਉਸ ਨੂੰ ਦੱਸਣ ਲੱਗ ਪਏ ਸਨ ਕਿ ਇਹ ਤੇਰੀ ਅਸਲ ਮਾਂ ਨਹੀਂ ਹੈ। ਇਹ ਤਾਂ ਮਤਰੇਈ ਮਾਂ ਹੈ ਤੇਰੀ। ਅਸਲ ਮਾਂ ਤਾਂ ਤੈਨੂੰ ਛੱਡਕੇ ਚਲੇ ਗਈ ਸੀ।

ਲੋਕਾਂ ਦੀਆਂ ਨਿੱਤ ਦਿਨ ਇਹੋ ਜਿਹੀਆਂ ਗੱਲਾਂ ਸੁਣ-ਸੁਣ ਕੇ ਜੋਬਨਜੀਤ ਨੇ ਇੱਕ ਦਿਨ ਹੌਂਸਲਾ ਜਿਹਾ ਕਰ ਕੇ ਆਪਣੇ ਪਿਓ ਨੂੰ ਪੁੱਛ ਹੀ ਲਿਆ, ‘ਬਾਪੂ, ਮੇਰੀ ਅਸਲੀ ਮਾਂ ਕਿਹੜੀ ਹੈ?’ ਅਜੇ ਉਸ ਦਾ ਪਿਓ ਕੁਝ ਬੋਲਣ ਹੀ ਲੱਗਾ ਸੀ ਕਿ ਇੰਨੇ ਨੂੰ ਮਤਰੇਈ ਮਾਂ ਉਸ ਦੀ ਬਾਂਹ ਫੜ੍ਹ ਕੇ ਬੜੀ ਜ਼ੋਰ ਦੀ ਝੰਜੋੜਦਿਆਂ ਸ਼ੇਰਨੀ ਵਾਂਗ ਗੱਜੀ, ‘ਇਸ ਨੂੰ ਕੀ ਪੁੱਛਦੈਂ, ਮੈਨੂੰ ਪੁੱਛ! ਮਾੜੇ ਚਰਿੱਤਰ ਵਾਲੀ ਤੇਰੀ ਮਾਂ ਤਾਂ ਤੈਨੂੰ ਪਿਓ ਕੋਲ ਸੁੱਤਾ ਪਿਆ ਛੱਡ ਕੇ ਕਿੱਧਰੇ ਚਲੀ ਗਈ ਸੀ। ਸ਼ੁਕਰ ਮਨਾ ਕਿ ਮੈਂ ਸਾਂਭ ਲਿਆ ਤੈਨੂੰ ਆਣਕੇ!  ਰੁਲਣ ਤੋਂ  ਤੈਨੂੰ ਬਚਾ ਲਿਆ! ਹੁਣ ਪਲ਼ ਗਿਆ ਏਂ ਤਾਂ ਤੈਨੂੰ ਜੁਬਾਨ ਲੱਗ ਗਈ ਏ। ਤੈਨੂੰ ਵੀ ਗੱਲਾਂ ਆਉਣ ਲੱਗ ਪਈਆਂ ਨੇ ਕਿ ਅਸਲੀ ਮਾਂ ਕਿਹੜੀ ਹੈ, ਮੇਰੀ।’

ਨੰਨ੍ਹੀ ਜਿਹੀ ਰੂਹ ਉਸ ਦੇ ਝੰਜੋੜਨ ਨਾਲ ਮੁਰਝਾਏ ਫੁੱਲ ਵਾਂਗ ਜਾਣੋ ਇੱਕ ਪਲ ਵਿਚ ਹੀ ਮੁਰਝਾ ਜਿਹੀ ਗਈ। ਉਹ ਰੋਂਦਾ-ਰੋਂਦਾ ਉਨ੍ਹਾਂ ਘਰੇ ਹੀ ਆ ਗਿਆ ਜਿੱਥੇ ਉਹ ਵੇਲੇ-ਕੁਵੇਲੇ ਰੋਟੀ ਖਾਇਆ ਕਰਦਾ ਸੀ। ਉਹ ਉਸ ਘਰ ਦੀ ਬਜੁਰਗ ਨੂੰ ਹੀ ‘ਮਾਂ ਜੀ’ ਆਖਿਆ ਕਰਦਾ ਸੀ। ਆਪਣੀ ਉਸ ਬਜੁਰਗ ਮਾਂ ਅੱਗੇ ਧਾਂਹਾਂ ਮਾਰ ਰੋਂਦਾ ਬੋਲ ਰਿਹਾ ਸੀ, ‘ਮਾਂ! ਸਾਰੇ ਮੈਨੂੰ ਹੀ ਕਿਉਂ ਧੱਕੇ ਮਾਰਦੇ ਨੇ! ਉਹ ਜੋ ਸਾਡੇ ਘਰ ਰਹਿੰਦੀ ਮਾਂ ਹੈ ਉਹ ਵੀ ਮੈਨੂੰ ਪਿਆਰ ਨਹੀਂ ਕਰਦੀ। ਬਾਪੂ ਦੇ ਬਾਹਰ ਜਾਣ ‘ਤੇ ਮੇਰੇ ਕੋਲੋਂ ਘਰ ਦਾ ਸਾਰਾ ਕੰਮ ਕਰਵਾਉਂਦੀ ਐ।  ਮੈਨੂੰ ਬੋਲਦੀ ਐ, ਹੁਣ ਤੂੰ ਜੁਆਕ ਨਹੀਂ ਰਿਹਾ।  ਪਸ਼ੂਆਂ ਦਾ ਗੋਹਾ-ਕੁੜਾ ਵੀ ਤੂੰ ਹੀ ਕਰਿਆ ਕਰ।   ਜੇਕਰ ਮੇਰੀ ਗਲਤੀ ਨਹੀਂ ਵੀ ਹੁੰਦੀ ਤਦ ਵੀ ਮੈਨੂੰ ਗੁੱਸੇ ਹੁੰਦੀ ਅਤੇ ਮਾਰਦੀ ਰਹਿੰਦੀ ਹੈ। ਕੀ ਉਹ ਮੇਰੀ ਮਾਂ ਨਹੀਂ?’

ਭੋਲੇ-ਭਾਲੇ ਮਾਸੂਮ ਦੀਆਂ ਸੱਚੀਆਂ ਅਤੇ ਦਿਲ ਨੂੰ ਹਲੂਣਦੀਆਂ ਗੱਲਾਂ ਸੁਣ-ਸੁਣ ਕੇ ਬਜੁਰਗ-ਮਾਂ ਪੰਘਰ ਗਈ। ਉਸ ਨੇ ਬੱਚੇ ਨੂੰ ਘੁੱਟ ਕੇ ਗਲ ਨਾਲ ਲਾ ਲਿਆ ਤੇ ਕਹਿਣ ਲੱਗੀ, ‘ਨਾ ਮੇਰਾ ਪੁੱਤ, ਇੰਝ ਨ੍ਹੀਂ ਬੋਲੀਦਾ! ਉਹ ਹੀ ਤੇਰੀ ਮਾਂ ਹੈ। ਤੂੰ ਛੇਤੀ-ਛੇਤੀ ਪੜ੍ਹ-ਲਿਖ ਜਾ ਅਸੀਂ ਤੇਰੇ ਲਈ ਸੋਹਣੀ ਜਿਹੀ ਵਹੁਟੀ ਲਿਆਉਣੀ ਐ, ਫਿਰ ਜਿਹੜੀ ਤੈਨੂੰ ਪਿਆਰ ਵੀ ਕਰੇ ਅਤੇ ਜਿਹੜੀ ਤੇਰਾ ਖਿਆਲ ਵੀ ਰੱਖੇ।’

ਉਸ ਮਾਸੂਮ ਦਾ ਦਰਦ ਇੰਨਾ ਗਹਿਰਾ ਸੀ ਕਿ ਉਸ ਨੂੰ ਸਵਾਏ ਦਿਲਾਸਾ ਦੇਣ ਦੇ ਹੋਰ ਕੋਈ ਚਾਰਾ ਨਹੀਂ ਸੀ। ਉਹ ਬਜੁਰਗ ਮਾਂ ਉਸ ਮਾਸੂਮ ਦੀ ਮਾਂ ਦੀ ਗਲਤੀ ‘ਤੇ ਚੰਦਰੀ ਨੂੰ ਨਿੱਤ ਫਿਟਕਾਰਾਂ ਪਾਉਂਦੀ ਰਹਿੰਦੀ ਅਤੇ ਆਖਦੀ, ‘ਕਿਉਂ ਆਪਣੇ ਹੀ ਢਿੱਡ ਦੇ ਜੰਮੇ ਬੋਟ ਦੇ ਦਿਲ ‘ਤੇ ਆਰੀ ਫੇਰ ਗਈ ਏ, ਸ਼ੁਦੈਣੇ! ਤੂੰ ਤਾਂ ਘਰ ਵਸਾ ਕੇ ਬਹਿ ਗਈ ਏਂ ਤੇ ਆਹ ਤੇਰਾ ਜੰਮਿਆ ਤੇਰੇ ਤੋਂ ਤਾਂ ਦੁਰਕਾਰਿਆ ਹੀ ਸੀ, ਹੁਣ ਆਪਣੇ ਪਿਓ ਅਤੇ ਘਰ ਤੋਂ ਵੀ ਦੁਰਕਾਰਿਆ ਫਿਰਦੈ!  ਪੱਥਰ ਦੀ ਹੈ ਤੇਰੀ ਹਿੱਕ, ਜਿਸ ਨੇ ਚੰਨ ਜਿਹਾ ਬੋਟ ਪਲਾਂ ‘ਚ ਦੁਰਕਾਰ ਦਿੱਤਾ।