ਮੰਤਰੀ ਓ.ਪੀ. ਸੋਨੀ ਦੇ ਦਫ਼ਤਰ ਨੂੰ ਵੱਜਾ ਜਿੰਦਰਾ, 36 ਦਿਨਾਂ ‘ਚ ਆਏ ਸਿਰਫ਼ 2 ਵਾਰ

ਨਰਾਜ਼ਗੀ ਖਤਮ ਹੋਣ ‘ਤੇ 19 ਦਿਨਾਂ ਬਾਅਦ ਸੰਭਾਲਿਆ ਸੀ ਚਾਰਜ

ਸਿੱਖਿਆ ਵਿਭਾਗ ਖੋਹਣ ਤੋਂ ਬਾਅਦ ਚਲ ਰਹੇ ਹਨ ਨਰਾਜ਼

ਅਸ਼ਵਨੀ ਚਾਵਲਾ, ਚੰਡੀਗੜ੍ਹ।

ਸਿੱਖਿਆ ਵਿਭਾਗ ਖੋਹੇ ਜਾਣ ਤੋਂ ਬਾਅਦ ਨਰਾਜ਼ ਹੋਏ ਓ.ਪੀ. ਸੋਨੀ ਦੀ ਨਰਾਜ਼ਗੀ ਦੂਰ ਹੋਣ ਦਾ ਨਾਂਅ ਹੀ ਨਹੀਂ ਲੈ ਰਹੀ, ਜਿਸ ਕਾਰਨ ਸਿਵਲ ਸਕੱਤਰੇਤ ਵਿਖੇ ਸਥਿਤ ਓ.ਪੀ. ਸੋਨੀ ਦੇ ਦਫ਼ਤਰ ਵਿੱਚ ਪੱਕੇ ਤੌਰ ‘ਤੇ ਹੀ ਤਾਲਾ ਲੱਗਿਆ ਹੋਇਆ ਹੈ। ਵਿਭਾਗਾਂ ਦੀ ਵੰਡ ਮੁੜ ਤੋਂ ਹੋਣ ਤੋਂ ਬਾਅਦ ਓ.ਪੀ. ਸੋਨੀ ਆਪਣੇ ਦਫ਼ਤਰ ਵਿਖੇ ਪਿਛਲੇ 36 ਦਿਨਾਂ ਵਿੱਚ ਸਿਰਫ਼ 2 ਵਾਰ ਹੀ ਆਏ ਹਨ। ਮੰਤਰੀ ਦੇ ਦਫ਼ਤਰ ਨਾ ਆਉਣ ਦੇ ਕਾਰਨ ਸਟਾਫ਼ ਦੇ ਕਰਮਚਾਰੀਆਂ ਨੇ ਉਨ੍ਹਾਂ ਦੇ ਦਫ਼ਤਰ ਨੂੰ ਪੱਕੇ ਤੌਰ ‘ਤੇ ਹੀ ਤਾਲਾ ਲਾ ਦਿੱਤਾ ਹੈ।

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਿਛਲੀ 6 ਜੂਨ ਨੂੰ ਕੈਬਨਿਟ ਦੇ ਜ਼ਿਆਦਾਤਰ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲ ਕਰਦੇ ਹੋਏ ਓਮ ਪ੍ਰਕਾਸ਼ ਸੋਨੀ ਤੋਂ ਸਿੱਖਿਆ ਵਿਭਾਗ ਵਾਪਸ ਲੈਂਦੇ ਹੋਏ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਦਿੱਤਾ ਸੀ ਅਤੇ ਉਨ੍ਹਾਂ ਤੋਂ ਸਿੱਖਿਆ ਵਿਭਾਗ ਖੋਹ ਲਿਆ ਗਿਆ ਸੀ।ਇਨ੍ਹਾਂ ਵਿਭਾਗਾਂ ਦੀ ਫੇਰਬਦਲ ਤੋਂ ਨਰਾਜ਼ ਹੋਏ ਓ.ਪੀ. ਸੋਨੀ 6 ਜੂਨ ਤੋਂ ਬਾਅਦ 25 ਜੂਨ ਤੱਕ ਚੰਡੀਗੜ੍ਹ ਹੀ ਨਹੀਂ ਆਏ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰਾਂ ਦੇ ਦਖਲ ਨਾਲ ਉਨ੍ਹਾਂ ਨੂੰ ਨਾ ਸਿਰਫ਼ ਮਨਾਇਆ ਗਿਆ, ਸਗੋਂ 25 ਜੂਨ ਨੂੰ ਓ.ਪੀ. ਸੋਨੀ ਨੇ ਆਪਣਾ ਚਾਰਜ ਵੀ ਦਫ਼ਤਰ ਵਿੱਚ ਆ ਕੇ ਸੰਭਾਲ ਲਿਆ। ਇਸ ਤੋਂ ਬਾਅਦ ਉਨ੍ਹਾ ਨੇ  ਫਿਰ ਆਪਣੇ ਦਫ਼ਤਰ ਵਿੱਚ ਆਉਣਾ ਬੰਦ ਕਰ ਦਿੱਤਾ ਅਤੇ ਇਸੇ ਦੌਰਾਨ ਲਗਭਗ ਇੱਕ ਹਫ਼ਤਾ ਪਹਿਲਾਂ ਇੱਕ ਜ਼ਰੂਰੀ ਮੀਟਿੰਗ ਲਈ ਉਹ ਆਪਣੇ ਦਫ਼ਤਰ ਵਿਖੇ ਆਏ ਹਨ।

ਜਿਸ ਤੋਂ ਬਾਅਦ ਮੰਤਰੀ ਓ.ਪੀ. ਸੋਨੀ ਫਿਰ ਤੋਂ ਦਫ਼ਤਰ ਨਹੀਂ ਆਏ।  ਪਿਛਲੇ 36 ਦਿਨਾਂ ਦੇ ਦੌਰਾਨ ਸਿਰਫ਼ 2 ਵਾਰ ਹੀ ਆਪਣੇ ਦਫ਼ਤਰ ਵਿਖੇ ਦਿਖਾਈ ਦਿੱਤੇ ਹਨ। ਜਿਸ ਦੌਰਾਨ ਸਿਰਫ਼ ਇੱਕ ਵਾਰੀ ਹੀ ਉਨਾਂ ਨੇ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਓ.ਪੀ. ਸੋਨੀ ਦੇ ਦਫ਼ਤਰ ਨਹੀਂ ਆਉਣ ਦੇ ਕਾਰਨ ਉਨਾਂ ਦੇ ਸਟਾਫ ਕਰਮਚਾਰੀਆਂ ਨੇ ਮੰਤਰੀ ਦੇ ਦਫ਼ਤਰ ਨੂੰ ਪੱਕੇ ਤੌਰ ‘ਤੇ ਤਾਲਾ ਜੜ ਦਿੱਤਾ ਹੈ ਅਤੇ ਉਹ ਤਾਲਾ ਸਿਰਫ਼ ਮੰਤਰੀ ਦੇ ਆਉਣ ‘ਤੇ ਹੀ ਖੁੱਲ੍ਹਦਾ ਹੈ। ਦੱਸਿਆ ਜਾ ਰਿਹਾ ਹੈ ਕਿ ਓ.ਪੀ. ਸੋਨੀ ਅਜੇ ਵੀ ਸਿੱਖਿਆ ਵਿਭਾਗ ਦੇ ਖੋਹਣ ਦੇ ਕਾਰਨ ਆਪਣੀ ਨਰਾਜ਼ਗੀ ਛੱਡ ਨਹੀਂ ਰਹੇ ਹਨ। ਜਿਸ ਕਾਰਨ ਉਹ ਦਫ਼ਤਰ ਵਿਖੇ ਨਹੀਂ ਆ ਰਹੇ ਹਨ। ਉਨ੍ਹਾ ਦੇ ਦਫ਼ਤਰ ਨਹੀਂ ਆਉਣ ਪਿੱਛੇ ਕੋਈ ਵੀ ਸਟਾਫ ਦੇ ਅਧਿਕਾਰੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਹਨ। ਓ.ਪੀ. ਸੋਨੀ ਨਾਲ ਗੱਲਬਾਤ ਕਰਨ ਦੀ ਕੋਸ਼ਸ਼ ਕੀਤੀ ਗਈ ਪਰ ਉਨਾਂ ਨਾਲ ਗੱਲਬਾਤ ਨਹੀਂ ਹੋ ਸਕੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।