ਕਿਰਤੀ ਕਿਸਾਨ ਯੂਨੀਅਨ ਵੱਲੋਂ ਅਟਾਰੀ ਬਾਰਡਰ ਤੇ ਵਿਸ਼ਾਲ ਰੈਲੀ

Kirti Kisan Union

ਹੁਸੈਨੀਵਾਲਾ ਸਮੇਤ ਕਈ ਜ਼ਿਲਿਆਂ ਵਿਚ 20 ਸਤੰਬਰ ਨੂੰ ਕੀਤੇ ਜਾਣਗੇ ਵੱਡੇ ਇਕੱਠ | Kirti Kisan Union

  • ਭਾਰਤ-ਪਾਕਿਸਤਾਨ ਵਪਾਰ ਅਟਾਰੀ ਅਤੇ ਹੁਸੈਨੀਵਾਲਾ ਸੜਕੀ ਲਾਂਘਿਆਂ ਰਾਹੀਂ ਖ੍ਹੋਲਣ ਦੀ ਕੀਤੀ ਜੋਰਦਾਰ ਮੰਗ | Kirti Kisan Union
  • ਵੀਜ਼ਾ ਸ਼ਰਤਾਂ ਖਤਮ ਕਰਕੇ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਖੁੱਲ੍ਹ ਦੇਣ ਦੀ ਕੀਤੀ ਵਕਾਲਤ | Kirti Kisan Union
  • ਬਾਸਮਤੀ ਦੇ ਨਿਰਯਾਤ ਉੱਪਰ 1200 ਡਾਲਰ ਪ੍ਰਤੀ ਟਨ ਦੀ ਲਾਈ ਸ਼ਰਤ ਨੂੰ ਵਾਪਸ ਲੈਣ ਦੀ ਕੀਤੀ ਮੰਗ | Kirti Kisan Union

ਅਟਾਰੀ (ਰਾਜਨ ਮਾਨ)। ਕਿਰਤੀ ਕਿਸਾਨ ਯੂਨੀਅਨ ਨੇ ਅੱਜ ਅਟਾਰੀ-ਵਾਹਗਾ ਬਾਰਡਰ ਉੱਤੇ ਵਿਸ਼ਾਲ ਰੈਲੀ ਕਰਕੇ ਭਾਰਤ-ਪਾਕਿਸਤਾਨ ਵਪਾਰ ਨੂੰ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਲਾਂਘਿਆਂ ਰਾਹੀਂ ਖ੍ਹੋਲਣ ਲਈ ਜੋਰਦਾਰ ਆਵਾਜ਼ ਬੁਲੰਦ ਕੀਤੀ ਹੈ। ਰੈਲੀ ਵਿੱਚ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਆਪਣੀ ਉਪਜ ਸਮੇਤ ਹੋਰ ਵਰਗਾਂ ਨੂੰ ਵੀਜ਼ਾ ਸ਼ਰਤਾਂ ਖਤਮ ਕਰਕੇ ਪਾਸਪੋਰਟ ਤੇ ਸਿੱਧਾ ਵਪਾਰ ਕਰਨ ਦੀ ਇਜਾਜਤ ਦਿੱਤੀ ਜਾਵੇ। ਕੇਂਦਰ ਸਰਕਾਰ ਵੱਲੋਂ ਬਾਸਮਤੀ ਦੇ ਨਿਰਯਾਤ ਉੱਪਰ 1200 ਡਾਲਰ ਪ੍ਰਤੀ ਟਨ ਦੀ ਲਾਈ ਸ਼ਰਤ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ।

ਇਹ ਵੀ ਪੜ੍ਹੋ : ਸਿਹਤ ਸਹੂਲਤਾਂ ਸਬੰਧੀ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ

ਵਰਣਨਯੋਗ ਹੈ ਕਿ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਸ ਮੁੱਦੇ ਤੇ ਛੇੜੀ ਮੁਹਿੰਮ ਨੂੰ ਸਮਾਜ ਦੇ ਵੱਖ ਵੱਖ ਤਬਕਿਆਂ ਨੇ ਭਰਵਾਂ ਸਹਿਯੋਗ ਦਿੰਦਿਆਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਵੀ ਕੀਤੀ। ਸ਼ਾਮਲ ਹੋਣ ਵਾਲੇ ਤਬਕਿਆਂ ਵਿਚ ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੰਟ ਐਸੋਸੀਏਸ਼ਨ ,ਟਰੱਕ ਯੂਨੀਅਨ ਅਟਾਰੀ, ਫੋਕਲੋਰ ਰਿਸਰਚ ਅਕੈਡਮੀ ਨਾਲ ਜੁੜੇ ਬੁੱਧੀਜੀਵੀ ਅਤੇ ਲੇਖਕਾਂ ਤੋਂ ਇਲਾਵਾ ਇਲਾਕੇ ਦਾ ਮਜ਼ਦੂਰ ਵਰਗ ਵੀ ਸ਼ਾਮਲ ਸਨ।

ਇੱਕਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਦੇਸ਼ ਦੇ ਹੁਕਮਰਾਨਾਂ ਨੂੰ ਭਾਰਤ ਪਾਕਿਸਤਾਨ ਵਿਚਕਾਰ ਦੁਸ਼ਮਣੀ ਦੀ ਅੱਗ ਬਾਲਣ ਦੀ ਥਾਂ ਦੋਸਤਾਨਾ ਰਿਸ਼ਤਿਆਂ ਨੂੰ ਉਸਾਰਨ ਵੱਲ ਅੱਗੇ ਵਧਣਾ ਚਾਹੀਦਾ ਹੈ।ਇਸ ਸਾਂਝ ਨੂੰ ਉਸਾਰਨ ਵਿਚ ਭਾਰਤ ਪਾਕਿਸਤਾਨ ਵਪਾਰ ਇੱਕ ਮਹੱਤਵਪੂਰਨ ਕੜੀ ਹੈ। ਭਾਰਤ ਸਰਕਾਰ ਨੇ 2019 ’ਚ ਪਾਕਿਸਤਾਨ ਨੂੰ ਵਪਾਰ ਲਈ ਅਨੁਕੂਲ ਦੇਸ਼ਾਂ ਦੀ ਸੂਚੀ ਵਿੱਚੋਂ ਖਾਰਜ ਕਰਕੇ ਗੈਰ-ਜ਼ਰੂਰੀ ਵਸਤਾਂ ਉੱਪਰ 200% ਰੈਗੂਲੇਟਰੀ ਡਿਊਟੀ ਲਗਾ ਦਿੱਤੀ ਸੀ। ਜਿਸ ਕਾਰਨ ਪੰਜਾਬ ਦੇ ਸੜਕੀ ਲਾਂਘਿਆਂ ਰਾਹੀ ਪਾਕਿਸਤਾਨ ਨਾਲ ਵਪਾਰ ਨਾ ਸਿਰਫ ਤਬਾਹ ਹੋ ਗਿਆ ਬਲਕਿ ਪੰਜਾਬ ਦੇ ਹਿੱਤਾਂ ਨੂੰ ਭਾਰੀ ਢਾਹ ਵੀ ਲੱਗੀ।

ਇਹ ਵੀ ਪੜ੍ਹੋ : ਜਗਰਾਓਂ ਤੋਂ ਦਵਾਈ ਲੈ ਘਰ ਜਾ ਰਹੀ ਔਰਤ ਨੂੰ ਪੰਜਾਬ ਰੋੜਵੇਜ ਦੀ ਬੱਸ ਨੇ ਦਰੜਿਆ

ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ 1.35 ਅਰਬ ਡਾਲਰ ਦੀ ਰਕਮ ਦੇ ਲਗਭਗ ਵਪਾਰ ਹੋ ਰਿਹਾ ਹੈ ਪਰ ਇਹ ਵਪਾਰ ਜਿਆਦਾਤਰ ਅਡਾਨੀ ਦੀ ਮੁੰਦਰਾ ਬੰਦਰਗਾਹ (ਗੁਜਰਾਤ) ਤੋਂ ਸਮੁੰਦਰੀ ਰਸਤੇ ਰਾਹੀਂ ਹੁੰਦਾ ਹੈ। ਕੇਂਦਰ ਦੀ ਭਾਜਪਾ ਸਰਕਾਰ ਤੇ ਅਡਾਨੀ ਵਰਗੇ ਕਾਰਪੋਰੇਟ ਦੇ ਹਿੱਤ ਪੂਰਨ ਅਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਇਲਜਾਮ ਲਗਾਉਂਦਿਆਂ ਕਿਸਾਨ ਆਗੂਆਂ ਨੇ ਪੰਜਾਬ ਦੇ ਸੜਕੀ ਲਾਂਘਿਆਂ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਰਾਹੀਂ ਇਹ ਵਪਾਰ ਖ੍ਹੋਲਣ ਦੀ ਜ਼ੋਰਦਾਰ ਮੰਗ ਕੀਤੀ।

ਇੱਕਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਅਤੇ ਸਤਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਕਿ ਮੌਜੂਦਾ ਸਮੇਂ ਦੋਹਾਂ ਮੁਲਕਾਂ ਵਿਚਕਾਰ 80% ਵਪਾਰ ਸਮੁੰਦਰੀ ਰਸਤਿਆਂ ਰਾਹੀਂ ਜਾਂ ਅਸਿੱਧੇ ਰੂਪ ਵਿੱਚ ਡੁਬਈ ਰਾਹੀਂ ਹੋ ਰਿਹਾ ਹੈ ਜੋ ਕਿ ਬਹੁਤ ਮਹਿੰਗਾ ਪੈਂਦਾ ਹੈ। ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਰਸਤਿਆਂ ਰਾਹੀਂ ਸਿੱਧਾ ਵਪਾਰ ਨਾ ਸਿਰਫ ਸਸਤਾ ਪਵੇਗਾ ਬਲਕਿ ਉੱਤਰ-ਭਾਰਤ ਖਾਸ ਕਰਕੇ ਪੰਜਾਬ ਦੇ ਕਿਸਾਨਾਂ, ਵਪਾਰੀਆਂ, ਖੇਤੀ ਸੰਦ ਬਣਾਉਣ ਵਾਲੇ ਕਾਰੀਗਰਾਂ,ਟਰੱਕ ਉਪਰੇਟਰਾਂ ਅਤੇ ਮਜ਼ਦੂਰਾਂ ਲਈ ਨਵੇਂ ਰੁਜ਼ਗਾਰ ਅਤੇ ਆਰਥਿਕ ਖੁਸ਼ਹਾਲੀ ਦਾ ਸਾਧਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੰਕਟਗ੍ਰਸਤ ਆਰਥਿਕਤਾ ਲਈ ਇਹ ਵਪਾਰ ਸੰਜੀਵਨੀ ਬੂਟੀ ਦਾ ਕੰਮ ਕਰ ਸਕਦਾ ਇਸ ਲਈ ਪੰਜਾਬ ਸਰਕਾਰ ਅਤੇ ਇਥੋਂ ਦੇ ਲੋਕਾਂ ਨੂੰ ਸੜਕੀ ਲਾਂਘਿਆਂ ਰਾਹੀਂ ਵਪਾਰ ਨੂੰ ਖੁੱਲਵਾਉਣ ਲਈ ਜੋਰਦਾਰ ਚਾਰਾਜੋਈ ਕਰਨੀ ਚਾਹੀਦੀ ਹੈ। (Kirti Kisan Union)

ਇਹ ਵੀ ਪੜ੍ਹੋ : ਤਰਨਤਾਰਨ ’ਚ ਦੋ ਭਰਾਵਾਂ ਨੂੰ ਸੱਪ ਨੇ ਡੰਗਿਆ, ਮੌਤ

ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਅਤੇ ਸੂਬਾ ਆਗੂ ਬਲਵਿੰਦਰ ਸਿੰਘ ਭੁੱਲਰ ਅਤੇ ਤਰਸੇਮ ਸਿੰਘ ਬੰਨੇਮਲ ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ 350 ਦੇ ਲਗਭਗ ਵਸਤਾਂ ਦਾ ਵਪਾਰ ਹੁੰਦਾ ਰਿਹਾ ਜੋ ਕਿ ਸਾਬਤ ਕਰਦਾ ਹੈ ਕਿ ਦੋਵੇਂ ਦੇਸ਼ ਵਪਾਰ ਦੇ ਮਾਮਲੇ ਵਿੱਚ ਇੱਕ-ਦੂਜੇ ’ਤੇ ਕਿੰਨੇ ਅੰਤਰ-ਨਿਰਭਰ ਹਨ। ਇਸ ਵਪਾਰ ਦੇ ਵਾਧੇ ਦੀਆਂ ਅਸੀਮ ਸੰਭਾਵਨਾਵਾਂ ਵੱਲ ਇਸ਼ਾਰਾ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਖੇਤੀ ਸੰਦਾਂ,ਕਿੰਨੂ, ਸੇਬ,ਆਲੂ, ਬਾਸਮਤੀ ਅਤੇ ਸਰੋਂ ਸਮੇਤ ਹੋਰ ਫਸਲਾਂ ਦੀ ਪਾਕਿਸਤਾਨ ਅਤੇ ਮੱਧ ਪੂਰਬ ਵਿੱਚ ਮੰਗ ਬਾਗਬਾਨੀ, ਛੋਟੀ ਸਨਅਤ ਨੂੰ ਹੁਲਾਰਾ ਦੇਣ ਦਾ ਸਬੱਬ ਫ਼ਸਲੀ ਵਿਭਿੰਨਤਾ ਦੇ ਸਾਡੇ ਟੀਚੇ ਨੂੰ ਪ੍ਰਾਪਤ ਕਰਨ ਦਾ ਸਾਧਨ ਬਣ ਸਕਦਾ।

ਕਿਸਾਨ ਆਗੂਆਂ ਨਛੱਤਰ ਸਿੰਘ ਤਰਨਤਾਰਨ,ਹਰਦੀਪ ਕੌਰ ਕੋਟਲਾ, ਸੁਖਦੇਵ ਸਿੰਘ ਰੰਧਾਵਾ ਅਤੇ ਸਤਨਾਮ ਸਿੰਘ ਝੰਡੇਰ ਨੇ ਕਿਹਾ ਕਿ ਭਾਜਪਾ ਵਲੋਂ ਦੇਸ਼ ਨੂੰ ਇੱਕ ਰੰਗ ਵਿੱਚ ਰੰਗਣ ਦੀ ਫਾਸ਼ੀਵਾਦੀ ਧੁੱਸ ਦੇ ਚਲਦਿਆਂ ਪਾਕਿਸਤਾਨ ਨਾਲ ਵਪਾਰ ਖੋਲ੍ਹਣ ਦੀ ਮੰਗ ਕਰਨ ਵਾਲਿਆਂ ਨੂੰ ਅਕਸਰ ਦੇਸ਼ ਵਿਰੋਧੀ ਗਰਦਾਨ ਦਿੱਤਾ ਜਾਂਦਾ। ਜੱਥੇਬੰਦੀ ਦੇ ਆਗੂਆਂ ਨੇ ਸਵਾਲ ਕੀਤਾ ਕਿ ਜੇਕਰ ਮੁੰਦਰਾ ਬੰਦਰਗਾਹ ਤੋਂ ਵਪਾਰ ਹੋ ਸਕਦਾ ਹੈ ਤਾਂ ਫਿਰ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਰਸਤਿਆਂ ’ਤੇ ਰੋਕਾਂ ਕਿਉਂ।

ਰੈਲੀ ਨੂੰ ਟਰੱਕ ਯੂਨੀਅਨ ਅਟਾਰੀ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਸੰਧੂ, ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਐਸੋਸੀਏਸ਼ਨ ਦੇ ਪ੍ਰਧਾਨ ਕਰਨਜੀਤ ਸਿੰਘ ਬਤਰਾ, ਸੰਯੁਕਤ ਕਿਸਾਨ ਭਲਾਈ ਸੰਗਠਨ ਅਜਨਾਲਾ ਦੇ ਪ੍ਰਧਾਨ ਮਨਜੀਤ ਸਿੰਘ ਬਾਠ, ਫੋਕਲੋਰ ਰਿਸਰਚ ਅਕੈਡਮੀ ਦੇ ਮੁਖੀ ਰਮੇਸ਼ ਯਾਦਵ ਅਤੇ ਉੱਘੇ ਸਮਾਜ ਸੇਵੀ ਪੂਰਨ ਸਿੰਘ ਸੰਧੂ ਰਣੀਕੇ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਰੈਲੀ ਦੌਰਾਨ ਜੱਥੇਬੰਦੀ ਨੇ ਇਸ ਮੁੱਦੇ ਨੂੰ ਲੈ ਕੇ 20 ਸਤੰਬਰ ਨੂੰ ਹੁਸੈਨੀਵਾਲਾ ਵਿਖੇ ਅਤੇ ਸੂਬੇ ਦੇ ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਲੁਧਿਆਣਾ, ਸੰਗਰੂਰ ਅਤੇ ਪਟਿਆਲਾ ਆਦਿ ਜ਼ਿਲ੍ਹਿਆਂ ਵਿੱਚ ਕਾਨਫਰੰਸਾਂ ਕਰਨ ਦਾ ਐਲਾਨ ਵੀ ਕੀਤਾ।