ਸੰਸਦ ਦੀ ਨਵੀਂ ਇਮਾਰਤ ’ਚ ਸੈਸ਼ਨ ਦੀ ਕਾਰਵਾਈ ਅੱਜ ਤੋਂ

New Building of Parliament

ਪੁਰਾਣੀ ਇਮਾਰਤ ’ਚ ਪ੍ਰਧਾਨ ਮੰਤਰੀ ਨੇ ਆਖਰੀ ਵਾਰ ਕੀਤਾ ਸੰਬੋਧਨ, ਸਾਬਕਾ ਪ੍ਰਧਾਨ ਮੰਤਰੀ ਦੀ ਕੀਤੀ ਸ਼ਲਾਘਾ | New Building of Parliament

ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੋਂ ਪੰਜ ਦਿਨ ਚੱਲਣ ਵਾਲੇ ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ। ਨਵੀਂ ਸੰਸਦ ਭਵਨ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਪੁਰਾਣੀ ਸੰਸਦ ਦੇ 75 ਸਾਲਾਂ ਦੇ ਸਫ਼ਰ ਨੂੰ ਯਾਦ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਸਾਰੇ ਪ੍ਰਧਾਨ ਮੰਤਰੀਆਂ ਨੂੰ ਯਾਦ ਕੀਤਾ ਜੋ ਇਸ ਸੰਸਦ ਨਾਲ ਜੁੜੇ ਹੋਏ ਸਨ। ਸੰਸਦ ਦੀ ਯਾਤਰਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਯੋਗਦਾਨ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਇਹ ਸੰਸਦ ਨਹਿਰੂ, ਸ਼ਾਸਤਰੀ, ਅੰਬੇਦਕਰ, ਚਰਨ ਸਿੰਘ, ਮਨਮੋਹਨ ਅਤੇ ਅਟਲ ਜੀ ਦੀ ਸਾਂਝੀ ਵਿਰਾਸਤ ਹੈ। (New Building of Parliament)

ਨਹਿਰੂ, ਅੰਬੇਦਕਰ, ਸ਼ਾਸਤਰੀ, ਚਰਨ ਸਿੰਘ, ਮਨਮੋਹਨ ਅਤੇ ਅਟਲ ਜੀ ਦੀ ਸਾਂਝੀ ਵਿਰਾਸਤ ਹੈ ਸੰਸਦ : ਮੋਦੀ | New Building of Parliament

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਦਨ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਦਿੱਤਾ ਗਿਆ ਭਾਸ਼ਣ ਅੱਜ ਵੀ ਪ੍ਰੇਰਨਾ ਦਿੰਦਾ ਹੈ। ਨਹਿਰੂ ਜੀ ਦੇ ਸਟਰੋਕ ਆਫ ਮਿੱਡਨਾਈਟ ਦੀ ਗੂੰਜ ਅਜੇ ਵੀ ਪ੍ਰੇਰਨਾ ਅਤੇ ਦਿਸ਼ਾ ਪ੍ਰਦਾਨ ਕਰਦੀ ਹੈ। ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਉਹ ਭਾਸ਼ਣ ਵੀ ਯਾਦ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਪਾਰਟੀਆਂ ਬਣਦੀਆਂ ਅਤੇ ਵਿਗੜਦੀਆਂ ਰਹਿਣਗੀਆਂ ਪਰ ਦੇਸ਼ ਰੁਕਣਾ ਨਹੀਂ ਚਾਹੀਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਾਸਤਰੀ ਜੀ ਨੇ ਹਰੀ ਕ੍ਰਾਂਤੀ ਦੀ ਨੀਂਹ ਰੱਖੀ , ਜਦੋਂ ਕਿ ਨਰਸਿਮਹਾ ਰਾਓ ਨੇ ਆਰਥਿਕ ਨੀਤੀ ਵਿੱਚ ਸੁਧਾਰ ਕੀਤਾ।

ਮਲਿਕਾਅਰਜੁਨ ਖੜਗੇ ਨੇ ਰਾਜ ਸਭਾ ’ਚ ਦਿੱਤੇ 70 ਸਾਲਾਂ ’ਤੇ ਪੁੱਛੇ ਜਾ ਰਹੇ ਸੁਆਲਾਂ ਦੇ ਜੁਆਬ

ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਕਾਂਗਰਸ ਦੇ 70 ਸਾਲਾਂ ਦੇ ਕਾਰਜਕਾਲ ਸਬੰਧੀ ਸਦਨ ’ਚ ਅਕਸਰ ਪੁੱਛੇ ਜਾਣ ਵਾਲੇ ਸੁਆਲਾਂ ਦੇ ਜੁਆਬ ਦਿੱਤੇ ਅਤੇ ਸਰਕਾਰ ਨੂੰ ਰਾਜਨੀਤੀ ਦਾ ਤਰੀਕਾ ਬਦਲਣ ਦੀ ਸਲਾਹ ਦਿੱਤੀ। ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਅਤੇ ਮੰਗਲਵਾਰ ਤੋਂ ਨਵੇਂ ਸੰਸਦ ਭਵਨ ਵਿੱਚ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਮੌਜ਼ੂਦਾ ਸੰਸਦ ਭਵਨ ਵਿੱਚ ਚਰਚਾ ਦੌਰਾਨ ਖੜਗੇ ਨੇ ਕਵਿਤਾ ਰਾਹੀਂ ਆਪਣੇ ਬਿਆਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਵਿਤਾ ਪੜ੍ਹੀ:
‘ਬਦਲਣਾ ਹੈ ਤਾਂ ਹੁਣ ਹਾਲਾਤ ਬਦਲੋ, ਇਸ ਤਰ੍ਹਾਂ ਨਾਂਅ ਬਦਲਣ ਨਾਲ ਕੀ ਹੁੰਦਾ ਹੈ?
ਦੇਣਾ ਹੈ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਦਿਓ, ਸਭ ਨੂੰ ਬੇਰੁਜ਼ਗਾਰ ਕਰਕੇ ਕੀ ਹੁੰਦਾ ਹੈ?
ਦਿਲ ਨੂੰ ਥੋੜ੍ਹਾ ਵੱਡਾ ਕਰਕੇ ਦੇਖੋ, ਲੋਕਾਂ ਨੂੰ ਮਾਰਨ ਨਾਲ ਕੀ ਹੁੰਦਾ ਹੈ?
ਕੁਝ ਕਰ ਨਹੀਂ ਸਕਦੇ ਤਾਂ ਕੁਰਸੀ ਛੱਡ ਦਿਓ, ਗੱਲ ਗੱਲ ’ਤੇ ਡਰਾਉਣ ਨਾਲ ਕੀ ਹੁੰਦਾ ਹੈ?’
ਖੜਗੇ ਨੇ ਕਿਹਾ ਕਿ ਅੰਗਰੇਜ਼ਾਂ ਨੇ ਭਾਰਤ ਨੂੰ ਬਹੁਤ ਘੱਟ ਸਮਝਿਆ ਸੀ, ਪਰ ਦੇਸ਼ ਇੱਕ ਲੋਕਤੰਤਰੀ ਰਾਸ਼ਟਰ ਵਜੋਂ ਜਿੱਤਿਆ। ਉਨ੍ਹਾਂ ਕਿਹਾ, ‘ਜਦੋਂ ਅਸੀਂ 1950 ਵਿੱਚ ਲੋਕਤੰਤਰ ਅਪਣਾਇਆ ਸੀ, ਤਾਂ ਬਹੁਤ ਸਾਰੇ ਵਿਦੇਸ਼ੀ ਲੋਕਾਂ ਨੇ ਸੋਚਿਆ ਸੀ ਕਿ ਇੱਥੇ ਲੋਕਤੰਤਰ ਅਸਫਲ ਹੋ ਜਾਵੇਗਾ ਕਿਉਂਕਿ ਇੱਥੇ ਸਾਖਰਤਾ ਬਹੁਤ ਘੱਟ ਹੈ।’

ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਵਾਏ ਸਰਕਾਰ : ਅਧੀਰ ਰੰਜਨ

ਲੋਕ ਸਭਾ ’ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਸੋਮਵਾਰ ਨੂੰ ਸਦਨ ’ਚ ਕਿਹਾ ਕਿ ਸਰਕਾਰ ਨੂੰ ਸੰਸਦ ਦੇ ਵਿਸ਼ੇਸ਼ ਸੈਸ਼ਨ ’ਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਨਾ ਚਾਹੀਦਾ ਹੈ। ਚੌਧਰੀ ਨੇ ਸੰਸਦ ਦੇ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਸੰਸਦ ਦੀ ਪੁਰਾਣੀ ਇਮਾਰਤ ’ਚ ਸਦਨ ਦੀ ਕਾਰਵਾਈ ਦੇ ਆਖਰੀ ਦਿਨ ਆਪਣੇ ਸੰਬੋਧਨ ’ਚ ਕਿਹਾ ਕਿ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਸਰਕਾਰ ਨੂੰ ਹੁਣ ਇਹ ਬਿੱਲ ਪਾਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਰਕਾਰ ਉਨ੍ਹਾਂ ਦੀ ਮੰਗ ਮੰਨ ਲਵੇਗੀ। ਉਨ੍ਹਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਤੋਂ ਮੰਗ ਕੀਤੀ ਕਿ ਵਿਰੋਧੀ ਧਿਰ ਨੂੰ ਆਪਣੇ ਵਿਚਾਰ ਪ੍ਰਗਟਾਉਣ ਅਤੇ ਲੋਕ ਹਿੱਤ ਦੇ ਮੁੱਦੇ ਸਰਕਾਰ ਸਾਹਮਣੇ ਲਿਆਉਣ ਦਾ ਪੂਰਾ ਮੌਕਾ ਦੇਣ ਲਈ ਵਿਰੋਧੀ ਪਾਰਟੀਆਂ ਲਈ ਹਫ਼ਤੇ ਵਿੱਚ ਇੱਕ ਪੂਰਾ ਦਿਨ ਰੱਖਿਆ ਜਾਵੇ।

ਦੇਸ਼ ਦੀਆਂ ਨਵੀਂ ਅਤੇ ਪੁਰਾਣੀ ਸੰਸਦ ਦੀਆਂ ਇਮਾਰਤਾਂ ਦੇ ਪੂਰੇ ਇਤਿਹਾਸ ਦੀ ਝਲਕ

 • 12 ਫਰਵਰੀ, 1921: ਕਨਾਟ ਦੇ ਡਿਊਕ ਨੇ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ, ਜਿਸ ਨੂੰ ਉਸ ਸਮੇਂ ਕੌਂਸਲ ਹਾਊਸ ਕਿਹਾ ਜਾਂਦਾ ਸੀ।
 • 18 ਜਨਵਰੀ, 1927: ਤਤਕਾਲੀ ਗਵਰਨਰ ਜਨਰਲ ਲਾਰਡ ਇਰਵਿਨ ਨੇ ਸੰਸਦ ਭਵਨ ਦਾ ਉਦਘਾਟਨ ਕੀਤਾ।
 • 19 ਜਨਵਰੀ 1927: ਕੇਂਦਰੀ ਵਿਧਾਨ ਸਭਾ ਦੇ ਤੀਜੇ ਸੈਸ਼ਨ ਦੀ ਪਹਿਲੀ ਮੀਟਿੰਗ ਸੰਸਦ ਭਵਨ ਵਿੱਚ ਹੋਈ।
 • 9 ਦਸੰਬਰ 1946: ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ।
 • 14-15 ਅਗਸਤ, 1947: ਸੰਵਿਧਾਨ ਸਭਾ ਦੇ ਅੱਧੀ ਰਾਤ ਦੇ ਸੈਸ਼ਨ ਦੌਰਾਨ ਸੱਤਾ ਦਾ ਤਬਾਦਲਾ ਹੋਇਆ।
 • 13 ਮਈ 1952: ਦੋਵਾਂ ਸਦਨਾਂ ਦੀ ਪਹਿਲੀ ਮੀਟਿੰਗ ਹੋਈ।
 • 3 ਅਗਸਤ, 1970: ਤਤਕਾਲੀ ਰਾਸ਼ਟਰਪਤੀ ਵੀਵੀ ਗਿਰੀ ਨੇ ਸੰਸਦ ਐਨੇਕਸੀ ਦਾ ਨੀਂਹ ਪੱਥਰ ਰੱਖਿਆ।
 • 24 ਅਕਤੂਬਰ 1975: ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਸੰਸਦ ਐਨੇਕਸੀ ਦਾ ਉਦਘਾਟਨ ਕੀਤਾ।
 • 15 ਅਗਸਤ 1987: ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸੰਸਦ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ।
 • 7 ਮਈ 2002: ਤਤਕਾਲੀ ਰਾਸ਼ਟਰਪਤੀ ਕੇਆਰ ਨਰਾਇਣਨ ਨੇ ਸੰਸਦ ਲਾਇਬ੍ਰੇਰੀ ਭਵਨ ਦਾ ਉਦਘਾਟਨ ਕੀਤਾ।
 • 5 ਮਈ, 2009: ਤਤਕਾਲੀ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਅਤੇ ਸਪੀਕਰ ਸੋਮਨਾਥ ਚੈਟਰਜੀ ਨੇ ਸੰਸਦ ਐਨੇਕਸੀ ਦੇ ਵਿਸਤਿ੍ਰਤ ਹਿੱਸੇ ਦਾ ਨੀਂਹ ਪੱਥਰ ਰੱਖਿਆ।
 • 31 ਜੁਲਾਈ, 2017: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਐਨੇਕਸੀ ਦੇ ਵਿਸਤਿ੍ਰਤ ਹਿੱਸੇ ਦਾ ਉਦਘਾਟਨ ਕੀਤਾ।
 • 5 ਅਗਸਤ, 2019: ਤਤਕਾਲੀ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਨਵੀਂ ਅਤੇ ਆਧੁਨਿਕ ਸੰਸਦ ਭਵਨ ਲਈ ਪ੍ਰਸਤਾਵ ਪੇਸ਼ ਕੀਤਾ।
 • 10 ਦਸੰਬਰ, 2020: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ।
 • 28 ਮਈ, 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ।
 • 19 ਸਤੰਬਰ, 2023: ਸੰਸਦ ਦਾ ਸੈਸ਼ਨ ਨਵੇਂ ਸੰਸਦ ਭਵਨ ਵਿੱਚ ਤਬਦੀਲ ਹੋ ਜਾਵੇਗਾ।