ਅਣਖੀਲੇ ਯੋਧੇ, ਸ਼ਹੀਦ ਬਾਬਾ ਦੀਪ ਸਿੰਘ

Baba Deep Singh

ਅਣਖੀਲੇ ਯੋਧੇ, ਸ਼ਹੀਦ ਬਾਬਾ ਦੀਪ ਸਿੰਘ

Baba Deep Singh | ਸ਼ਹੀਦ ਕੌਮ ਦਾ ਸਰਮਾਇਆ ਅਤੇ ਉਸ ਮਿੱਟੀ ਦਾ ਮਾਣ ਹੁੰਦੇ ਹਨ, ਜਿਸ ਵਿੱਚ ਉਨ੍ਹਾਂ ਦਾ ਜਨਮ ਹੁੰਦਾ ਹੈ। ਉਹ ਕੌਮਾਂ ਵੀ ਧੰਨਤਾ ਦੇ ਯੋਗ ਹੁੰਦੀਆਂ ਹਨ, ਜਿਹੜੀਆਂ ਆਪਣੇ ਪੁਰਖਿਆਂ ਦੀਆਂ ਘਾਲਣਾਵਾਂ ਨੂੰ ਅਕਸਰ ਚਿਤਵਦੀਆਂ ਰਹਿੰਦੀਆਂ ਹਨ। ਸ਼ਹੀਦ ਅਤੇ ਸ਼ਹਾਦਤ ਅਰਬੀ  ਜ਼ੁਬਾਨ ਦੇ ਸ਼ਬਦ ਹਨ। ਸ਼ਹਾਦਤ ਦਾ ਸ਼ਬਦੀ ਅਰਥ ਗਵਾਹੀ ਦੇਣੀ ਜਾਂ ਸਾਖੀ ਭਰਨੀ ਹੁੰਦਾ ਹੈ। ਇਸ ਤਰ੍ਹਾਂ ਸ਼ਹੀਦ ਕਿਸੇ ਕੌਮ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੇ ਸਦੀਵੀ ਅਤੇ ਸੱਚੇ ਗਵਾਹ ਹੁੰਦੇ ਹਨ।

ਸ਼ਹੀਦ ਫੌਲਾਦੀ ਇਰਾਦੇ ਦਾ ਮਾਲਕ ਹੁੰਦਾ ਹੈ, ਜਿਸ ਦੇ ਵਿਚਾਰਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਦੇ ਇਰਾਦੇ ਤੇ ਵਿਚਾਰਾਂ ਦੀ ਮਲਕੀਅਤ ਰੱਖਣ ਵਾਲੇ ਸਨ ਬਾਬਾ ਦੀਪ ਸਿੰਘ ਜੀ ਸ਼ਹੀਦ। ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈ. ਨੂੰ ਅੰਮ੍ਰਿਤਸਰ ਜ਼ਿਲ੍ਹੇ (ਹੁਣ ਤਰਨ ਤਾਰਨ) ਦੀ ਤਹਿਸੀਲ ਪੱਟੀ ਦੇ ਪਿੰਡ ਪਹੂਵਿੰਡ ਵਿਖੇ ਰਹਿਣ ਵਾਲੇ ਇੱਕ ਸਧਾਰਨ ਪਰਿਵਾਰ ਭਾਈ ਭਗਤੂ ਅਤੇ ਮਾਤਾ ਜਿਊਣੀ ਦੇ ਘਰ ਹੋਇਆ। ਆਮ ਬਾਲਕਾਂ ਵਾਂਗ ਬਾਬਾ ਜੀ ਦੇ ਬਚਪਨ ਦਾ ਨਾਂਅ ਵੀ ਦੀਪਾ ਰੱਖਿਆ ਗਿਆ।

ਜਦੋਂ ਦੀਪੇ ਦੀ ਉਮਰ 18 ਸਾਲ ਦੀ ਹੋਈ ਤਾਂ ਉਹ ਆਪਣੇ ਮਾਤਾ-ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਗਿਆ।  ਕੁੱਝ ਦਿਨ ਰਹਿ ਕੇ ਦੀਪੇ ਦੇ ਮਾਤਾ-ਪਿਤਾ ਤਾਂ ਵਾਪਸ ਪਿੰਡ ਆ ਗਏ ਪਰ ਦੀਪਾ ਇੱਥੇ ਹੀ ਰਹਿ ਪਿਆ।

ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਦੀਪੇ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਮੋੜ ਆ ਗਿਆ ਅਤੇ ਉਹ ਦੀਪੇ ਤੋਂ ਦੀਪ ਸਿੰਘ ਬਣ ਗਿਆ । ਸ੍ਰੀ ਅਨੰਦਪੁਰ ਸਾਹਿਬ ਰਹਿ ਕੇ ਦੀਪ ਸਿੰਘ ਨੇ ਸ਼ਸਤਰ ਤੇ ਸ਼ਾਸਤਰ ਵਿੱਦਿਆ ਵਿਚ ਬਰਾਬਰੀ ਨਾਲ ਮੁਹਾਰਤ ਹਾਸਲ ਕਰ ਲਈ। 20-22 ਸਾਲ ਦੀ ਉਮਰ ਤੱਕ ਦੀਪ ਸਿੰਘ ਨੇ ਜਿੱਥੇ ਭਾਈ ਮਨੀ ਸਿੰਘ ਵਰਗੇ ਉਸਤਾਦ ਕੋਲੋਂ ਗੁਰਬਾਣੀ ਦਾ ਚੋਖਾ ਗਿਆਨ ਹਾਸਲ ਕਰ ਲਿਆ, ਉੱਥੇ ਉਹ ਇੱਕ ਨਿਪੁੰਨ ਸਿਪਾਹੀ ਵੀ ਬਣ ਗਿਆ। ਕੁੱਝ ਸਮੇਂ ਬਾਅਦ ਦੀਪ ਸਿੰਘ ਆਪਣੇ ਪਿੰਡ ਆ ਗਿਆ।

ਪਿੰਡ ਆ ਕੇ ਉਸ ਨੇ ਆਸ-ਪਾਸ ਦੇ ਇਲਾਕੇ ਵਿਚ ਧਰਮ ਪ੍ਰਚਾਰ ਦੇ ਕਾਰਜ ਨੂੰ ਬੜੀ ਹੀ ਲਗਨ ਤੇ ਸ਼ਰਧਾ-ਭਾਵਨਾ ਨਾਲ ਕਰਨਾ ਆਰੰਭ ਕਰ ਦਿੱਤਾ, ਜਿਸ ਦਾ ਨੌਜਵਾਨ ਤਬਕੇ  ‘ਤੇ ਬਹੁਤ ਹੀ ਸਾਰਥਿਕ  ਅਤੇ ਸੁਚੱਜਾ ਪ੍ਰਭਾਵ ਪੈਣ ਲੱਗਾ।  ਜਦੋਂ ਦਸਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਦੀ ਵਿਉਂਤਬੰਦੀ ਕੀਤੀ ਤਾਂ ਉਨ੍ਹਾਂ ਨੇ ਭਾਈ ਮਨੀ ਸਿੰਘ ਜੀ ਦੇ ਨਾਲ-ਨਾਲ ਬਾਬਾ ਦੀਪ ਸਿੰਘ ਦਾ ਵੀ ਭਰਪੂਰ ਸਹਿਯੋਗ ਲਿਆ।

ਬਾਬਾ ਜੀ ਤੋਂ ਕਲਮਾਂ, ਸਿਆਹੀ ਅਤੇ ਕਾਗਜ਼ ਆਦਿ ਤਿਆਰ ਕਰਵਾਉਣ ਦੀ ਸੇਵਾ ਲਈ ਗਈ। ਦੱਖਣ ਵੱਲ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਜੀ ਨੇ ਸ੍ਰੀ ਦਮਦਮਾ ਸਾਹਿਬ ਦੀ ਸੇਵਾ–ਸੰਭਾਲ ਦੀ ਜ਼ਿੰਮੇਵਾਰੀ ਪੂਰਨ ਰੂਪ ਵਿੱਚ ਬਾਬਾ ਜੀ ਨੂੰ ਸੌਂਪ ਦਿੱਤੀ। 1709 ਈ: ਵਿੱਚ ਜਦੋਂ ਬੰਦਾ ਸਿੰਘ ਬਹਾਦਰ ਵੱਲੋਂ ਜ਼ਾਲਮਾਂ ਵੱਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਦਾ ਹਿਸਾਬ ਚੁਕਤਾ ਕਰਨ ਲਈ ਪੰਜਾਬ ਨੂੰ ਮੁਹਾਰਾਂ ਮੋੜੀਆਂ ਤਾਂ ਬਾਬਾ ਦੀਪ ਸਿੰਘ ਨੇ ਉਨ੍ਹਾਂ ਦਾ ਡਟਵਾਂ ਸਾਥ ਦਿੱਤਾ। ਬਾਬਾ ਜੀ ਵੱਲੋਂ ਇਸ ਜੰਗ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਕਾਰਨ ਹੀ ਉਨ੍ਹਾਂ ਨੂੰ ਜਿੰਦਾ ਸ਼ਹੀਦ ਦੇ ਖਿਤਾਬ ਨਾਲ ਨਿਵਾਜ਼ਿਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਸ਼ਹੀਦੀ ਮਿਸਲ ਦੇ ਜੱਥੇਦਾਰ ਵੀ ਸਨ।

1760 ਈ. ਵਿੱਚ ਜਹਾਨ ਖਾਂ ਨੇ ਅੰਮ੍ਰਿਤਸਰ ਨੂੰ ਸਦਰ ਮੁਕਾਮ ਬਣਾ ਲਿਆ। ਇਸ ਮੁਕਾਮ ਦੌਰਾਨ ਉਸ ਨੇ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਹ ਕੇ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ।ਜਦੋਂ ਜਹਾਨ ਖਾਂ ਦੀ ਇਸ ਵਧੀਕੀ ਦੀ ਖ਼ਬਰ ਜਥੇਦਾਰ ਭਾਗ ਸਿੰਘ  ਨੇ ਤਲਵੰਡੀ ਸਾਬੋ ਵਿਖੇ ਆ ਕੇ ਬਾਬਾ ਦੀਪ ਸਿੰਘ ਨੂੰ ਦਿੱਤੀ ਤਾਂ ਉਨ੍ਹਾਂ 18 ਸੇਰ ਦਾ ਖੰਡਾ ਚੁੱਕ ਲਿਆ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ। ਦਮਦਮਾ ਸਾਹਿਬ ਤੋਂ ਚੱਲਣ ਸਮੇਂ ਉਨ੍ਹਾਂ ਨਾਲ ਕੁਝ ਗਿਣਤੀ ਦੇ ਹੀ ਸਿੰਘ ਸਨ ਪਰ ਚੱਲਦਿਆਂ-ਚਲਦਿਆਂ ਕਾਫ਼ਲਾ ਵਧਦਾ ਗਿਆ। ਤਰਨਤਾਰਨ ਤੱਕ ਪਹੁੰਚਣ ਤੱਕ ਸਿੰਘਾਂ ਦੀ ਗਿਣਤੀ ਸੈਂਕੜਿਆਂ ਤੋਂ ਹਜਾਰਾਂ ਤੱਕ ਪਹੁੰਚ ਗਈ।

ਇੱਥੇ ਆ ਕੇ ਬਾਬਾ ਜੀ ਨੇ ਆਪਣੇ ਖੰਡੇ ਨਾਲ ਇੱਕ ਲਕੀਰ ਵਾਹ ਦਿੱਤੀ ਤੇ ਕਿਹਾ ਕਿ ਜਿਸ ਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਅ ਹੈ ਉਹ ਟੱਪ ਜਾਵੇ ਅਤੇ ਜਿਸ ਨੂੰ ਮੌਤ ਤੋਂ ਡਰ ਲੱਗਦਾ ਹੈ ਉਹ ਪਿਛਾਂਹ ਹਟ ਜਾਵੇ। ਪਰ ਜਿਹੜਾ ਵੀ ਕਾਫ਼ਲਾ ਹੁਣ ਤੱਕ ਬਾਬਾ ਜੀ ਨਾਲ ਜੁੜ ਚੁੱਕਿਆ ਸੀ ਉਹ ਸਾਰਾ ਹੀ ਸ਼ਹੀਦੀਆਂ ਦਾ ਚਾਅ ਲੈ ਕੇ ਆਇਆ ਸੀ। ਇਸ ਕਰਕੇ ਸਾਰਾ ਕਾਫ਼ਲਾ ਹੀ ਲਕੀਰ ਪਾਰ ਕਰ ਗਿਆ ਤੇ ਬਾਬਾ ਜੀ ਨੇ ਖ਼ੁਸ਼ੀ ਵਿੱਚ ਜੈਕਾਰਾ ਛੱਡ ਦਿੱਤਾ।

ਦੂਜੇ ਪਾਸੇ ਜਹਾਨ ਖਾਂ ਨੂੰ ਜਦੋਂ ਬਾਬਾ ਜੀ ਦੇ ਕਾਫ਼ਲੇ ਦੀ ਅੰਮ੍ਰਿਤਸਰ ਵੱਲ ਆਉਣ ਦੀ ਖ਼ਬਰ ਮਿਲੀ ਤਾਂ ਉਸ ਨੇ ਆਪਣੇ ਇੱਕ ਜਰਨੈਲ ਅਤਈ ਖਾਂ ਦੀ ਅਗਵਾਈ ਵਿੱਚ ਇੱਕ ਵੱਡੀ ਫ਼ੌਜ ਸਿੰਘਾਂ ਦਾ ਰਾਹ ਰੋਕਣ ਲਈ ਭੇਜ ਦਿੱਤੀ। ਗੋਹਲਵੜ ਨੇ ਸਥਾਨ ‘ਤੇ ਘਮਾਸਾਣ ਲੜਾਈ ਹੋਈ। ਇਸ ਸਮੇਂ ਦੌਰਾਨ ਯਕੂਬ ਖਾਂ ਤੇ ਸਾਬਕ ਅਲੀ ਖਾਂ ਵੀ ਬਾਬਾ ਦੀਪ ਸਿੰਘ ਜੀ ਨਾਲ ਮੁਕਾਬਲੇ ‘ਤੇ ਆ ਗਏ। ਯਕੂਬ ਖਾਂ ਤੇ ਬਾਬਾ ਜੀ ਵਿਚਲੇ ਫਸਵੀਂ ਟੱਕਰ ਹੋਈ ਪਰ ਯਕੂਬ ਖਾਂ ਬਾਬਾ ਜੀ ਦੇ ਵਾਰ ਦੀ ਤਾਬ ਨਾ ਝੱਲ ਸਕਿਆ।

ਯਕੂਬ ਖਾਂ ਨੂੰ ਢੇਰੀ ਹੁੰਦਿਆਂ ਦੇਖ ਕੇ ਇੱਕ ਹੋਰ ਅਫ਼ਗਾਨੀ ਜਵਾਨ ਅਸਮਾਨ ਖਾਂ ਵੀ ਮੈਦਾਨ-ਏ-ਜੰਗ ਵਿਚ ਆ ਨਿੱਤਰਿਆ। ਦੋਹਾਂ ਦੇ ਸਾਂਝੇ ਵਾਰ ਨਾਲ ਬਾਬਾ ਜੀ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ। ਨਾਲ ਦੇ ਇੱਕ ਸਿੰਘ ਨੇ ਜਦੋਂ ਬਾਬਾ ਦੀਪ ਸਿੰਘ ਨੂੰ ਅਰਦਾਸ ਸਮੇਂ ਕੀਤਾ ਹੋਇਆ ਪ੍ਰਣ ਯਾਦ ਕਰਵਾਇਆ ਤਾਂ ਉਹ ਕੱਟੇ ਹੋਏ ਸੀਸ ਨੂੰ ਆਪਣੇ ਖੱਬੇ ਹੱਥ ਦਾ ਆਸਰਾ ਦੇ ਕੇ ਸੱਜੇ ਹੱਥ ਵਿਚ ਫੜ੍ਹੇ ਹੋਏ ਖੰਡੇ ਨਾਲ ਦੁਸ਼ਮਣਾਂ ਦੇ ਆਹੂ ਲਾਹੁਣ ਲੱਗ ਪਏ। ਆਪਣੇ ਕੀਤੇ ਹੋਏ ਪ੍ਰਣ ਨੂੰ ਨਿਭਾਅ ਕੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਭੇਟ ਕਰ ਦਿੱਤਾ ਅਤੇ 11 ਨਵੰਬਰ 1760 ਈ. ਨੂੰ ਸ਼ਹਾਦਤ ਦਾ ਜਾਮ ਪੀ ਗਏ।
ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋ. 94631-32719
ਰਮੇਸ਼ ਬੱਗਾ ਚੋਹਲਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here