ਵਿਜੀਲੈਂਸ ਵੱਲੋਂ 1.24 ਕਰੋੜ ਰੁਪਏ ਦੇ ਘਪਲੇ ’ਚ ਮਾਰਕਫੈੱਡ ਦਾ ਅਧਿਕਾਰੀ ਗ੍ਰਿਫ਼ਤਾਰ

Markfed Official Arrested

ਮਾਰਕਫੈੱਡ ਦੇ ਚਾਰ ਮੁਲਾਜ਼ਮਾਂ ਨੇ 12,194 ਬੋਰੀਆਂ ਦਾ ਕੀਤਾ ਸੀ ਗਬਨ

(ਖੁਸ਼ਵੀਰ ਸਿੰਘ ਤੂਰ) ਪਟਿਆਲਾ । ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਮਾਰਕਫੈੱਡ ਦੇ ਐਮ.ਆਰ.ਐਮ ਕੰਪਲੈਕਸ ਰਾਜਪੁਰਾ ਵਿਖੇ ਕਣਕ ਦੇ ਸਟਾਕ ਵਿੱਚ ਵੱਡਾ ਗਬਨ ਕਰਨ ਦੇ ਦੋਸ਼ ਹੇਠ ਸੀਨੀਅਰ ਬ੍ਰਾਂਚ ਅਧਿਕਾਰੀ ਰਾਜਬੀਰ ਸਿੰਘ ਬੈਂਸ ਨੂੰ ਗਿ੍ਰਫਤਾਰ (Markfed Official Arrested) ਕਰ ਲਿਆ ਹੈ। ਉਕਤ ਮਾਮਲੇ ਵਿੱਚ ਰਾਜਬੀਰ ਸਿੰਘ ਬੈਂਸ ਸਮੇਤ ਸ਼ਾਮਲ ਮਾਰਕਫੈਡ ਦੇ ਚਾਰ ਮੁਲਜ਼ਮਾਂ ਨੇ ਐਮ.ਆਰ.ਐਮ. ਕੰਪਲੈਕਸ ਵਿਖੇ ਭੰਡਾਰ ਕੀਤੀ 6,097 ਕੁਇੰਟਲ ਕਣਕ ਦੀਆਂ 12,194 ਬੋਰੀਆਂ ਦੀ ਹੇਰਾ-ਫੇਰੀ ਕਰਕੇ ਸਰਕਾਰੀ ਖਜ਼ਾਨੇ ਨੂੰ 1,24,61,658 ਰੁਪਏ ਦਾ ਭਾਰੀ ਨੁਕਸਾਨ ਪਹੁੰਚਾਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਪਹਿਲਾਂ ਹੀ ਮਾਮਲਾ ਦਰਜ ਕੀਤਾ ਹੋਇਆ ਸੀ। ਇਸ ਕੇਸ ਵਿੱਚ ਰਾਜਬੀਰ ਸਿੰਘ ਬੈਂਸ ਸੀਨੀਅਰ ਬ੍ਰਾਂਚ ਅਫ਼ਸਰ ਮਾਰਕਫੈੱਡ ਰਾਜਪੁਰਾ, ਫਰੀਦ ਖਾਨ ਨਿਗਰਾਨ (ਕਸਟੋਡੀਅਨ), ਅਤੇ ਦਲੇਰ ਸਿੰਘ ਸੇਲਜ਼ਮੈਨ ਨੂੰ ਇਸ ਗਬਨ ਲਈ ਜ਼ਿੰਮੇਵਾਰ ਪਾਇਆ ਗਿਆ। ਇਸ ਮਾਮਲੇ ਦੀ ਜਾਂਚ ਦੌਰਾਨ ਅਸ਼ਵਨੀ ਕੁਮਾਰ ਫੀਲਡ ਅਫਸਰ ਓਪਨ ਪਲਿੰਥ ਨੂੰ ਵੀ ਬਾਅਦ ਵਿੱਚ ਨਾਮਜ਼ਦ ਕੀਤਾ ਗਿਆ।

ਇਹ ਵੀ ਪੜ੍ਹੋ : ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਮਾਨ ਸਰਕਾਰ ਦੇ ਆਦੇਸ਼

ਉਨ੍ਹਾਂ ਅੱਗੇ ਦੱਸਿਆ ਕਿ ਇਹ ਮਾਮਲਾ ਐਮਆਰਐਮ ਕੰਪਲੈਕਸ ਰਾਜਪੁਰਾ ਵਿਖੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮਾਰਕਫੈੱਡ ਦੇ ਭੰਡਾਰਨ ਗੋਦਾਮਾਂ ਅਤੇ ਢੀਂਡਸਾ ਵਿਖੇ ਖੁੱਲ੍ਹੇ ਪਲਿੰਥ ਦੀ ਅਚਨਚੇਤ ਚੈਕਿੰਗ ਕਰਨ ਉਪਰੰਤ ਦਰਜ ਕੀਤਾ ਗਿਆ ਹੈ। ਇਸ ਚੈਕਿੰਗ ਦੌਰਾਨ ਵਿਜੀਲੈਂਸ ਬਿਊਰੋ ਦੀ ਟੀਮ ਨੂੰ ਪਤਾ ਲੱਗਾ ਹੈ ਕਿ ਮਾਰਕਫੈੱਡ ਦੇ ਉਕਤ ਮੁਲਾਜ਼ਮਾਂ ਨੇ ਸਾਲ 2013-2014, 2014-2015 ਅਤੇ 2015-2016 ਦੌਰਾਨ 6097 ਕੁਇੰਟਲ ਵਜ਼ਨੀ ਕਣਕ ਦੀਆਂ 12194 ਬੋਰੀਆਂ ਦਾ ਗਬਨ ਕਰਨ ਲਈ ਜ਼ਿੰਮੇਵਾਰ ਪਾਏ ਗਏ ਸਨ। ਇਸ ਤਰ੍ਹਾਂ ਉਕਤ ਦੋਸ਼ੀਆਂ ਨੇ ਇਸ ਕਣਕ ਦੇ ਸਟਾਕ ਦੀ ਦੁਰਵਰਤੋਂ ਕਰਕੇ ਸਰਕਾਰੀ ਖਜ਼ਾਨੇ ਨੂੰ 1,24,61,658 ਰੁਪਏ ਦਾ ਖ਼ੋਰਾ ਲਾਇਆ ਹੈ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। (Markfed Official Arrested )

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ