ਮੱਖਣ ਸਿੰਘ ਲਾਲਕਾ ਤੇ ਉਨ੍ਹਾਂ ਦੇ ਹਮਾਇਤੀ ਆਮ ਆਦਮੀ ਪਾਰਟੀ ’ਚ ਸ਼ਾਮਲ

Nabha phpoto-01

 ਭਗਵੰਤ ਮਾਨ ਦੀ ਅਗਵਾਈ ਵਿੱਚ ਲਾਲਕਾ ਨੇ ਆਪ (Aam Aadmi Party) ਵਿੱਚ ਕੀਤੀ ਸ਼ਮੂਲੀਅਤ

(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਦੀ ਸਿਆਸਤ ਵਿੱਚ ਧਰੂ ਤਾਰਾ ਬਣੇ ਮੱਖਣ ਸਿੰਘ ਲਾਲਕਾ ਨੇ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਦੱਸਿਆ ਜਾਂਦਾ ਹੈ ਕਿ ਮੱਖਣ ਸਿੰਘ ਲਾਲਕਾ ਅਤੇ ਸਮਰੱਥਕਾਂ ਨੂੰ ਆਪ ਪਾਰਟੀ (Aam Aadmi Party) ਵਿੱਚ ਲਿਆਉਣ ’ਚ ਸਾਬਕਾ ਕੌਂਸਲਰ ਅਨਿਲ ਰਾਣਾ, ਪੰਕਜ ਪੱਪੂ, ਰਮੇਸ਼ ਤਲਵਾੜ ਆਦਿ ਨੇ ਮੁੱਖ ਭੂਮਿਕਾ ਨਿਭਾਈ ਜਿਨ੍ਹਾਂ ਦੀ ਹਾਜ਼ਰੀ ਵਿੱਚ ਚੰਡੀਗੜ੍ਹ ਵਿਖੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਮੱਖਣ ਸਿੰਘ ਲਾਲਕਾ, ਜਗਦੀਸ਼ ਲਾਲਕਾ (ਸਾਬਕਾ ਕਮਿਸਨਰ ਰਾਈਟ ਟੂ ਸਰਵਿਸ), ਸਾਬਕਾ ਬਲਾਕ ਸੰਮਤੀ ਮੈਂਬਰ ਸੁਖਜਿੰਦਰ ਸਿੰਘ, ਮੇਜਰ ਸਿੰਘ ਤੂੰਗਾਂ ਆਦਿ ਸਮੇਤ ਕਈ ਸਾਬਕਾ ਸਰਪੰਚਾਂ ਨੂੰ ਸਿਰੋਪਾਓ ਪਾ ਕੇ ਸ਼ਮੂਲੀਅਤ ਕਰਵਾਈ। ਮਜ਼ੇ ਦੀ ਗੱਲ ਇਹ ਹੈ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਇਮਾਨਦਾਰ ਅਤੇ ਜੁਝਾਰੂ ਅਕਸ ਵਾਲੇ ਮੱਖਣ ਸਿੰਘ ਲਾਲਕਾ ਦੀਆਂ ਸਿਆਸੀ ਸਰਗਰਮੀਆਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਾਰੀ ਰਹੀਆਂ।

ਵਿਧਾਨ ਸਭਾ ਚੋਣਾਂ ਦੀ ਟਿਕਟ ਦੀ ਝਾਕ ਵਿੱਚ ਪਹਿਲਾਂ ਉਹ ਅਕਾਲੀ ਦਲ ਨਾਲ ਸੰਘਰਸ਼ ਕਰਦੇ ਰਹੇ। ਫਿਰ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ। ਫਿਰ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਦਾ ਪੱਲਾ ਫੜ ਲਿਆ। ਪ੍ਰੰਤੂ ਉਪਰੋਕਤ ਸਾਰੇ ਸਿਆਸੀ ਘਟਨਾਕ੍ਰਮ ਵਿੱਚ ਮੱਖਣ ਸਿੰਘ ਲਾਲਕਾ ਨੂੰ ਟਿਕਟ ਕਿਸੇ ਵੀ ਪਾਰਟੀ ਵੱਲੋਂ ਫਿਰ ਵੀ ਨਾ ਦਿੱਤੀ ਗਈ।

 ਭਗਵੰਤ ਮਾਨ ਦੀ ਅਗਵਾਈ ਵਿੱਚ ਲਾਲਕਾ ਨੇ ਆਪ ਵਿੱਚ ਕੀਤੀ ਸ਼ਮੂਲੀਅਤ

ਕਿਆਸ ਲਗਾਏ ਜਾ ਰਹੇ ਸਨ ਕਿ ਅਕਾਲੀ, ਕਾਂਗਰਸ, ਪੰਜਾਬ ਲੋਕ ਕਾਂਗਰਸ ਤੋਂ ਬਾਅਦ ਆਪ ਵਿੱਚ ਸਿਆਸੀ ਸਫ਼ਰ ਕਰ ਚੁੱਕੇ ਮੱਖਣ ਸਿੰਘ ਲਾਲਕਾ ਟਿਕਟ ਤਾਂ ਪ੍ਰਾਪਤ ਨਹੀਂ ਕਰ ਸਕੇ, ਹੋ ਸਕਦਾ ਹੈ ਕਿ ਉਹ ਆਪਣੇ ਜਮਾਈ ਸੰਯੁਕਤ ਸਮਾਜ ਮੋਰਚਾ ਕਿਸਾਨ ਜਥੇਬੰਦੀ ਵੱਲੋਂ ਚੋਣ ਲੜ ਰਹੇ ਵਰਿੰਦਰ ਬਿੱਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਪ੍ਰੰਤੂ ਆਪ ਵਿੱਚ ਸ਼ਮੂਲੀਅਤ ਕਰਕੇ ਲਾਲਕਾ ਨੇ ਸਾਰੇ ਲਗਾਏ ਜਾ ਰਹੇ ਕਿਆਸਾਂ ਨੂੰ ਝਟਕਾ ਦੇ ਦਿੱਤਾ ਹੈ।

ਜਿੱਥੇ ਇੱਕ ਪਾਸੇ ਚੋਣ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਰਹੇ ਹਨ ਉੱਥੇ ਇੱਕ ਵਾਰ ਫੇਰ ਸਿਆਸੀ ਝਟਕਾ ਦਿੰਦਿਆਂ ਮੱਖਣ ਸਿੰਘ ਲਾਲਕਾ ਨੇ ਪੰਜਾਬ ਲੋਕ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਦੱਸਣਯੋਗ ਹੈ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਗੁਰਦੇਵ ਸਿੰਘ ਨੂੰ ਨਾਭਾ ਹਲਕੇ ਤੋਂ ਚੋਣ ਲੜਨ ਦੀ ਜਿੰਮੇਵਾਰੀ ਮਿਲ ਚੁੱਕੀ ਹੈ ਅਤੇ ਉਨ੍ਹਾਂ ਨੇ ਨਾਮਜਦਗੀ ਪੱਤਰ ਵੀ ਦਾਖਲ ਕਰ ਦਿੱਤੇ ਹਨ। ਸਪੱਸ਼ਟ ਹੈ ਕਿ ਮੱਖਣ ਸਿੰਘ ਲਾਲਕਾ ਦੀ ਵਿਧਾਨ ਸਭਾ ਚੋਣਾਂ ਲੜਨ ਦੀ ਉਮੀਦ ਆਮ ਆਦਮੀ ਪਾਰਟੀ ਵਿੱਚ ਵੀ ਦਮ ਤੋੜਦੀ ਨਜ਼ਰ ਆ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ