ਜਾਖੜ ‘ਚ ਐ ਹਿੰਮਤ ਤਾਂ ਲੜ ਕੇ ਦਿਖਾਵੇ ਫਿਰੋਜ਼ਪੁਰ ਤੋਂ ਚੋਣ, ਮਜੀਠੀਆ ਨੇ ਦਿੱਤੀ ਚੁਨੌਤੀ

Majhia, Challenge, Fighting, Jakhar, Shavve, Ferozepur

ਆਪਣਾ ਘਰ ਛੱਡ ਕੇ ਭੱਜਿਆ ਐ ਸੁਨੀਲ ਜਾਖੜ, ਝੂਠੇ ਪਰਚੇ ਦਰਜ ਕਰਵਾਉਣ ‘ਚ ਮੁਹਾਰਤ ਹਾਸਲ

ਚੰਡੀਗੜ੍ਹ (ਅਸ਼ਵਨੀ ਚਾਵਲਾ) | ਸੁਨੀਲ ਜਾਖੜ ਵਿੱਚ ਜੇਕਰ ਹਿੰਮਤ ਐ ਤਾਂ ਉਹ ਬੇਗਾਨੇ ਘਰ ਦੀ ਥਾਂ ‘ਤੇ ਆਪਣੇ ਘਰ ਫਿਰੋਜ਼ਪੁਰ ਵਿਖੇ ਚੋਣ ਲੜਕੇ ਜਿੱਤ ਕੇ ਦਿਖਾਵੇ ਤਾਂ ਮੰਨ ਲਿਆ ਜਾਵੇਗਾ ਕਿ ਕਾਂਗਰਸ ਨੇ ਪੰਜਾਬ ‘ਚ ਕੁਝ ਕੰਮ ਕੀਤੇ ਹਨ। ਅਬੋਹਰ ਤੋਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਸੁਨੀਲ ਜਾਖੜ ਆਪਣੇ ਘਰੋਂ ਭਗੌੜਾ ਹੋ ਕੇ ਗੁਰਦਾਸਪੁਰ ਤੋਂ ਚੋਣ ਲੜ ਰਿਹਾ ਹੈ। ਸੁਨੀਲ ਜਾਖੜ ਨੂੰ ਇਹ ਚੁਨੌਤੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਨੇ ਚੰਡੀਗੜ੍ਹ ਵਿਖੇ ਦਿੱਤੀ ਹੈ।

ਬਿਕਰਮ ਮਜੀਠੀਆ ਨੇ ਕਿਹਾ ਕਿ ਸੁਨੀਲ ਜਾਖੜ ਇੱਕ ਹਾਰਿਆ ਹੋਇਆ ਖਿਡਾਰੀ ਹੈ, ਜਿਹੜਾ ਇਸ ਸਮੇਂ ਆਪਣੇ ਹੀ ਘਰ ਤੋਂ ਭਗੌੜਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਇੰਨੇ ਹੀ ਚੰਗੇ ਕੰਮ ਕੀਤੇ ਹਨ ਤਾਂ ਸੁਨੀਲ ਜਾਖੜ ਫਿਰੋਜ਼ਪੁਰ ਤੋਂ ਚੋਣ ਲੜਨ ਲਈ ਇੰਨਾ ਜਿਆਦਾ ਕਿਉਂ ਡਰ ਰਿਹਾ ਹੈ। ਉਨ੍ਹਾਂ ਇੱਥੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਭਰ ‘ਚ  ਅਕਾਲੀਆਂ ਖਿਲਾਫ਼ ਝੂਠੇ ਮਾਮਲੇ ਦਰਜ ਹੋ ਰਹੇ ਹਨ ਤੇ ਖ਼ੁਦ ਕਾਂਗਰਸ ਪ੍ਰਧਾਨ ਝੂਠੇ ਮਾਮਲੇ ਦਰਜ ਕਰਵਾਉਣ ‘ਚ ਮੁਹਾਰਤ ਹਾਸਲ ਕਰ ਚੁੱਕੇ ਹਨ

ਉਨ੍ਹਾਂ ਕਿਹਾ ਕਿ ਜਿਹੜੇ ਮੁੱਦੇ ਅਕਾਲੇ ਭਾਜਪਾ ਸਰਕਾਰ ਖਿਲਾਫ਼ ਸੁਨੀਲ ਜਾਖੜ ਚੁੱਕਦਾ ਹੁੰਦਾ ਸੀ, ਉਨ੍ਹਾਂ ਮੁੱਦਿਆਂ ‘ਤੇ ਸੁਨੀਲ ਜਾਖੜ ਆਪਣੀ ਸਰਕਾਰ ‘ਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਪੰਜਾਬ ਭਰ ‘ਚ ਅੱਜ ਸਰਕਾਰੀ ਥਰਮਲ ਪਲਾਂਟ ਬੰਦ ਹਨ ਤੇ ਪ੍ਰਾਈਵੇਟ ਚੱਲ ਰਹੇ ਹਨ, ਜਦੋਂ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਜਦੋਂ ਪ੍ਰਾਈਵੇਟ ਥਰਮਲ ਚਲਦੇ ਹੁੰਦੇ ਸਨ ਤਾਂ ਜਾਖੜ ਕਾਫ਼ੀ ਜ਼ਿਆਦਾ ਰੌਲਾ ਪਾਉਂਦਾ ਸੀ, ਹੁਣ ਉਸ ਦੀ ਸੰਘੀ ਕਿਵੇਂ ਘੁੱਟੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ‘ਚ ਇਸ ਸਮੇਂ ਰੇਤ ਮਾਫ਼ੀਆ ਕੰਟਰੋਲ ਤੋਂ ਬਾਹਰ ਹੋਇਆ ਪਿਆ ਹੈ।

ਉਨ੍ਹਾਂ ਕਿਹਾ ਸਰਕਾਰ ਰੇਤ ਮਾਫ਼ੀਆ ਰਾਹੀਂ 3 ਲੱਖ ਤੋਂ ਜਿਆਦਾ ਮੀਟ੍ਰਿਕ ਟਨ ਨਜਾਇਜ਼ ਰੇਤ ਦੀ ਪੁਟਾਈ ਕਰਵਾ ਰਹੀ ਹੈ ਤੇ ਕਰੋੜਾਂ ਰੁਪਏ ਮਾਫ਼ੀਆ ਦੇ ਨਾਲ ਮਿਲ ਕੇ ਇਨ੍ਹਾਂ ਦੇ ਬੰਦੇ ਕਮਾਈ ਕਰਨ ‘ਚ ਲੱਗੇ ਹੋਏ ਹਨ, ਜਦੋਂ ਕਿ ਸਰਕਾਰ ਨੂੰ ਪਿਛਲੇ ਸਾਲ ਸਿਰਫ਼ 35 ਕਰੋੜ ਦੀ ਕਮਾਈ ਹੋਈ ਹੈ। ਸਰਕਾਰ ਦੇ ਮੰਤਰੀ ਨੇ ਖ਼ੁਦ 1 ਹਜ਼ਾਰ ਕਰੋੜ ਰੁਪਏ ਦੀ ਕਮਾਈ ਕਰਨ ਦਾ ਪਲਾਨ ਪੇਸ਼ ਕੀਤਾ ਸੀ, ਜਦੋਂ ਕਿ ਕਮਾਈ ਸਿਰਫ਼ 35 ਕਰੋੜ ਤੱਕ ਹੀ ਰਹਿ ਗਈ। ਬਾਕੀ ਸਾਰਾ ਪੈਸਾ ਇਨ੍ਹਾਂ ਦੀ ਜੇਬ ‘ਚ ਚਲਾ ਗਿਆ।

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ