ਪ੍ਰਾਈਵੇਟ ਬੈਂਕ ਦੇ ਖ਼ਰਚੇ ‘ਤੇ ਵੰਡੇ ਜਾਣਗੇ ਮਹਾਰਾਜਾ ਰਣਜੀਤ ਸਿੰਘ ਐਵਾਰਡ

Maharaja Ranjit Singh Award, Distributed, Private Bank, Expenditure

ਚੰਡੀਗੜ੍ਹ ਵਿਖੇ ਸਥਿਤ ਫਾਈਵ ਸਟਾਰ ਹੋਟਲ ‘ਚ ‘ਮਹਿਮਾਨ ਨਿਵਾਜੀ’ ‘ਤੇ ਆਉਣ ਵਾਲਾ ਸਾਰਾ ਖ਼ਰਚ ਕਰੇਗਾ ਬੈਂਕ

ਪ੍ਰਾਈਵੇਟ ਬੈਂਕ ਰਾਹੀਂ ਹੋਏਗਾ ਸਾਰੇ ਐਵਾਰਡਾਂ ਦੀ ਨਕਦੀ ਲੈਣ ਦੇਣ, ਬੈਂਕ ਨੂੰ ਦੇਵੇਗੀ ਸਰਕਾਰ ਵੱਡਾ ਫਾਇਦਾ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪ੍ਰਾਈਵੇਟ ਬੈਂਕ ਆਈ.ਸੀ.ਆਈ.ਸੀ.ਆਈ. ਦੀ ਮਿਹਰਬਾਨੀ ਪੰਜਾਬ ਸਰਕਾਰ ‘ਤੇ ਹੋ ਗਈ ਹੈ, ਜਿਸ ਦੇ ਚਲਦੇ ਹੀ ਪੰਜਾਬ ਸਰਕਾਰ ਵੱਲੋਂ ਇੱਕ ਆਲੀਸ਼ਾਨ ਹੋਟਲ ਹਿਆਤ ਰੈਜ਼ੀਡੈਂਸੀ ਵਿੱਚ 9 ਜੁਲਾਈ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਾ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਆਲੀਸ਼ਾਨ ਹੋਟਲ ‘ਚ ਇਸ ਸ਼ਾਨਦਾਰ ਪ੍ਰੋਗਰਾਮ ਨੂੰ ਕਰਵਾਉਣ ਲਈ ਆਉਣ ਵਾਲਾ ਸਾਰਾ ਖ਼ਰਚ ਕੋਈ ਹੋਰ ਨਹੀਂ ਸਗੋਂ ਆਈ.ਸੀ.ਆਈ.ਸੀ.ਆਈ. ਬੈਂਕ ਹੀ ਖ਼ੁਦ ਕਰੇਗਾ, ਜਿਸ ਦੇ ਬਦਲੇ ਪੰਜਾਬ ਸਰਕਾਰ ਨਾ ਸਿਰਫ਼ ਇਸ ਪ੍ਰਾਈਵੇਟ ਬੈਂਕ ਦੀ ਪ੍ਰਮੋਸ਼ਨ ਵਿੱਚ ਸਾਥ ਦੇ ਰਹੀ ਹੈ, ਸਗੋਂ ਕਈ ਤਰ੍ਹਾਂ ਦੇ ਹੋਰ ਫਾਇਦੇ ਵੀ ਇਸ ਬੈਂਕ ਨੂੰ ਦਿੱਤੇ ਜਾਣਗੇ, ਜਿਸ ਕਾਰਨ ਲੱਖਾਂ ਰੁਪਏ ਦਾ ਖ਼ਰਚਾ ਇਹ ਪ੍ਰਾਈਵੇਟ ਬੈਂਕ ਪੰਜਾਬ ਸਰਕਾਰ ਲਈ ਕਰਨ ਲਈ ਮਿੰਟਾਂ ਵਿੱਚ ਹੀ ਤਿਆਰ ਹੋ ਗਿਆ ਹੈ। ਚੰਡੀਗੜ੍ਹ ਵਿਖੇ ਹੋਣ ਵਾਲੇ ਇਸ ਮਹਾਰਾਜਾ ਰਣਜੀਤ ਸਿੰਘ ਐਵਾਰਡ ਸਮਾਗਮ ਵਿੱਚ ਆਈ.ਸੀ.ਆਈ.ਸੀ.ਆਈ. ਬੈਂਕ ਇਕਲੌਤਾ ਹੀ ਸਪਾਂਸਰ ਹੈ, ਜਿਸ ਦੇ ਖਰਚੇ ‘ਤੇ ਸਰਕਾਰ ਇਹ ਸਮਾਗਮ ਕਰਵਾਉਣ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਸਾਲ 2011 ਤੋਂ 2018 ਲਈ 81 ਖਿਡਾਰੀਆਂ ਤੇ 12 ਪੁਰਾਣੇ ਖਿਡਾਰੀਆਂ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਸਰਕਾਰ ਤੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਪਿਛਲੇ ਸਾਲ ਵੀ ਇਨ੍ਹਾਂ ਐਵਾਰਡ ਨੂੰ ਦੇਣ ਦੀ ਘੋਸ਼ਣਾ ਤਾਂ ਜਰੂਰ ਹੋਈ ਸੀ ਇਨ੍ਹਾਂ ਐਵਾਰਡਾਂ ਦੀ ਵੰਡ ਲਈ ਸਮਾਹੋਰ ਹੁਣ ਤੱਕ ਨਹੀਂ ਹੋ ਸਕਿਆ ਸੀ। ਪੰਜਾਬ ਸਰਕਾਰ ਵੱਲੋਂ ਐਵਾਰਡ ਵਿੱਚ ਦੋ ਲੱਖ ਰੁਪਏ ਦੀ ਨਗਦ ਰਾਸ਼ੀ, ਮਹਾਰਾਜਾ ਰਣਜੀਤ ਸਿੰਘ ਦੀ ਜੰਗੀ ਪੋਸ਼ਾਕ ਵਿੱਚ ਘੋੜੇ ‘ਤੇ ਸਵਾਰ ਟਰਾਫੀ, ਬਲੇਜ਼ਰ ਸਮੇਤ ਪਾਕਿਟ ਤੇ ਸਕਰੋਲ ਦਿੱਤਾ ਜਾਣਾ ਹੈ।

ਇਸ ਨਾਲ ਹੀ ਇਸ ਸਮਾਗਮ ਨੂੰ ਪੰਜਾਬ ਸਰਕਾਰ ਕਿਸੇ ਵੱਡੇ ਹੋਟਲ ਵਿੱਚ ਕਰਵਾਉਣ ਦਾ ਵਿਚਾਰ ਕਰ ਰਹੀ ਸੀ ਪਰ ਇਸ ਦੇ ਆੜੇ ਖਜ਼ਾਨਾ ਵਿਭਾਗ ਆ ਰਿਹਾ ਸੀ, ਕਿਉਂਕਿ ਇਸ ਐਵਾਰਡ ਵੰਡ ਸਮਾਹੋਰ ਨੂੰ ਕਰਵਾਉਣ ਲਈ ਹੀ ਕਈ ਲੱਖਾਂ ਰੁਪਏ ਦਾ ਖਰਚ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ, ਜਿਸ ਕਾਰਨ ਫੰਡ ਦੀ ਘਾਟ ਹੋਣ ਕਾਰਨ ਸਮਾਗਮ ਕਿਸੇ ਪ੍ਰਾਈਵੇਟ ਸੰਸਥਾ ਤੋਂ ਸਪਾਂਸਰ ਕਰਵਾਉਣ ਤੱਕ ‘ਤੇ ਵਿਚਾਰ ਕੀਤਾ ਗਿਆ। ਪੰਜਾਬ ਸਰਕਾਰ ਪਿਛਲੇ ਸੱਤ ਸਾਲਾਂ ਤੋਂ ਪੈਂਡਿੰਗ ਪਏ ਮਹਾਰਾਜਾ ਰਣਜੀਤ ਸਿੰਘ ਐਵਾਰਡ ਸੂਬੇ ਦੇ ਖਿਡਾਰੀਆਂ ਨੂੰ ਹਰ ਹਾਲਤ ਵਿੱਚ ਦੇਣ ਚਾਹੁੰਦੀ ਸੀ ਪਰ ਫੰਡ ਦੀ ਘਾਟ ਹੀ ਅੜਿੱਕੇ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਇਸ ਪਰੇਸ਼ਾਨੀ ਨੂੰ ਦੂਰ ਕਰਦੇ ਹੋਏ ਆਈ.ਸੀ.ਆਈ.ਸੀ.ਆਈ. ਬੈਂਕ ਐਵਾਰਡ ਵੰਡ ਸਮਾਹੋਰ ਲਈ ਸਾਰਾ ਖ਼ਰਚ ਕਰਨ ਲਈ ਤਿਆਰ ਹੋ ਗਿਆ ਹੈ।

ਹਾਲਾਂਕਿ ਐਵਾਰਡ ਵਿੱਚ ਦਿੱਤੀ ਜਾਣ ਵਾਲੀ ਨਕਦ ਰਾਸ਼ੀ ਪੰਜਾਬ ਸਰਕਾਰ ਵੱਲੋਂ ਆਪਣੇ ਕੋਲੋਂ ਹੀ ਦਿੱਤੀ ਜਾਣੀ ਹੈ। ਆਈ.ਸੀ.ਆਈ.ਸੀ.ਆਈ. ਬੈਂਕ ਇਸ ਸਮਾਰੋਹ ਵਿੱਚ ਫਾਈਵ ਸਟਾਰ ਹੋਟਲ ਹਿਆਤ ਰੈਜ਼ੀਡੈਂਸੀ ਵਿੱਚ ਆਉਣ ਵਾਲੇ ਸਾਰੇ ਖ਼ਰਚੇ ਨੂੰ ਖ਼ੁਦ ਕਰਨ ਜਾ ਰਿਹਾ ਹੈ। ਇਸ ਸਮਾਗਮ ਨੂੰ ਕਰਵਾਉਣ ਲਈ ਸਰਕਾਰ ‘ਤੇ ਆਉਣ ਵਾਲੇ ਲੱਖਾਂ ਰੁਪਏ ਦਾ ਬੋਝ ਹੁਣ ਖ਼ੁਦ ਆਈ.ਸੀ.ਆਈ.ਸੀ.ਆਈ. ਬੈਂਕ ਆਪਣੇ ਮੋਢੇ ‘ਤੇ ਚੁੱਕੇਗਾ। ਇੱਥੇ ਦੱਸਿਆ ਜਾ ਰਿਹਾ ਹੈ ਕਿ ਇਸ ਸਮਾਗਮ ਨੂੰ ਕਰਵਾਉਣ ਦਾ ਖ਼ਰਚਾ ਚੁੱਕਣ ਵਾਲੇ ਆਈ.ਸੀ.ਆਈ.ਸੀ.ਆਈ. ਬੈਂਕ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਮੋਸ਼ਨ ਵਿੱਚ ਫਾਇਦਾ ਦੇਣ ਦੇ ਨਾਲ ਹੀ ਹੋਰ ਫਾਇਦੇ ਵੀ ਦਿੱਤੇ ਜਾਣਗੇ।

ਆਈਸੀਆਈਸੀਆਈ ਬੈਂਕ ਦੇ ਰਿਹੈ ਸਾਨੂੰ ਸਹਿਯੋਗ, ਇਸ ‘ਚ ਨਹੀਂ ਕੁਝ ਗਲਤ : ਗੁਪਤਾ

ਖੇਡ ਵਿਭਾਗ ਦੇ ਉੱਚ ਅਧਿਕਾਰੀ ਰਾਹੁਲ ਗੁਪਤਾ ਨੇ ਇਸ ਸਬੰਧੀ ਕਿਹਾ ਕਿ ਆਈ.ਸੀ.ਆਈ.ਸੀ.ਆਈ. ਬੈਂਕ ਇਸ ਐਵਾਰਡ ਵੰਡ ਸਮਾਗਮ ਨੂੰ ਕਰਵਾਉਣ ਲਈ ਸਾਨੂੰ ਸਪਾਂਸਰ ਕਰ ਰਿਹਾ ਹੈ, ਇਸ ‘ਚ ਕੁਝ ਵੀ ਗਲਤ ਨਹੀਂ ਹੈ। ਇਸ ਸਮਾਗਮ ਨੂੰ ਕਰਵਾਉਣ ਲਈ ਆਉਣ ਵਾਲਾ ਲੱਖਾਂ ਰੁਪਏ ਦਾ ਖ਼ਰਚ ਦਾ ਬੋਝ ਪੰਜਾਬ ਸਰਕਾਰ ‘ਤੇ ਨਹੀਂ ਪਏਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਈਵੇਟ ਬੈਂਕ ਨੂੰ ਸਮਾਗਮ ਦੌਰਾਨ ਪਰਮੋਸ਼ਨ ਕਰਨ ਦਾ ਖੁੱਲ੍ਹਾ ਅਧਿਕਾਰ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।