ਲੋਕ ਸਭਾ ਚੋਣਾਂ ਤਾਂ 24 ’ਚ ਹਨ ਕੈਪਟਨ ਸਾਹਿਬ, ਸੰਸਦ ਮੈਂਬਰਾਂ ਦੀ ਨਹੀਂ ਵਿਧਾਇਕਾਂ ਦੀ ਲੈਣ ਸਲਾਹ

ਪ੍ਰਤਾਪ ਬਾਜਵਾ ਦੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਨਹੀਂ ਆਈ ਪਸੰਦ

  • ਜਿਵੇਂ ਬਾਜਵਾ ਦੀਆਂ ਚਿੱਠੀਆਂ ਅਤੇ ਬਿਆਨਾਂ ਨੂੰ ਭੁੱਲ ਗਏ ਅਮਰਿੰਦਰ ਤਾਂ ਓਵੇਂ ਹੀ ਸਿੱਧੂ ਦੇ ਟਵੀਟ ਭੁੱਲ ਜਾਣ : ਬਾਜਵਾ

ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਵਿੱਚ ਲੋਕ ਸਭਾ ਚੋਣਾਂ ’ਚ ਅੱਗੇ ਸਮਾਂ ਪਿਆ ਹੈ ਅਤੇ ਇਹ ਤਾਂ 2024 ਵਿੱਚ ਆਉਣੀਆਂ ਹਨ, ਜਦੋਂ ਕਿ ਵਿਧਾਨ ਸਭਾ ਚੋਣਾਂ ਸਿਰ ’ਤੇ ਖੜੀਆਂ ਹਨ, ਇਸ ਲਈ ਸੰਸਦ ਮੈਂਬਰਾਂ ਨਾਲ ਮੀਟਿੰਗ ਕਰਨ ਦੀ ਥਾਂ ’ਤੇ ਵਿਧਾਇਕਾਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਮੁੜ ਆ ਸਕੇ। ਜਿੱਥੋਂ ਤੱਕ ਨਵਜੋਤ ਸਿੱਧੂ ਦੇ ਟਵੀਟ ਦੀ ਗੱਲ ਹੈ ਤਾਂ ਅਮਰਿੰਦਰ ਸਿੰਘ ਵੱਡੇ ਦਿਲ ਦੇ ਬੰਦੇ ਹਨ। ਜਿਵੇਂ ਉਨਾਂ ਨੇ ਪ੍ਰਤਾਪ ਬਾਜਵਾ ਦੀਆਂ ਚਿੱਠੀਆਂ ਅਤੇ ਬਿਆਨਾਂ ਨੂੰ ਭੁਲਾ ਦਿੱਤਾ ਹੈ, ਉਸੇ ਹੀ ਤਰਾਂ ਹੀ ਨਵਜੋਤ ਸਿੱਧੂ ਦੇ ਟਵੀਟ ਨੂੰ ਵੀ ਭੁਲਾ ਦੇਣ। ਇਹ ਸਖ਼ਤ ਟਿੱਪਣੀ ਦੇ ਰੂਪ ’ਚ ਤਾਹਨਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਾਰਿਆਂ ਹੈ।

ਬੀਤੇ ਦਿਨੀਂ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਉਨਾਂ ਦੀ ਪ੍ਰਾਈਵੇਟ ਰਿਹਾਇਸ਼ ਸਿਸਵਾਂ ਫਾਰਮ ਹਾਊਸ ’ਤੇ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੋਵਾਂ ਵੱਲੋਂ ਪੁਰਾਣੇ ਗਿਲੇ ਸ਼ਿਕਵੇ ਵੀ ਦੂਰ ਕਰ ਲਏ ਗਏ ਅਤੇ ਰਾਤ ਦਾ ਖਾਣਾ ਵੀ ਖਾਧਾ ਗਿਆ। ਇਸ ਸਾਰੇ ਘਟਨਾ ਚੱਕਰ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਪਸੰਦ ਕਰਦੇ ਨਜ਼ਰ ਨਹੀਂ ਆ ਰਹੇ ਹਨ।

ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਅਮਰਿੰਦਰ ਸਿੰਘ ਨੂੰ ਕੋਈ ਵੀ ਫੈਸਲਾ ਕਰਨਾ ਚਾਹੀਦਾ ਹੈ। ਸੂਬੇ ਵਿੱਚ ਇਸ ਸਮੇਂ ਉਂਜ ਵੀ ਲੋਕ ਸਭਾ ਚੋਣਾਂ ਨਹੀਂ ਹਨ ਅਤੇ ਇਹ ਚੋਣਾਂ ਤਾਂ 2024 ਵਿੱਚ ਹੀ ਆਉਣਗੀਆਂ ਹਨ, ਜਦੋਂ ਕਿ ਵਿਧਾਨ ਸਭਾ ਚੋਣਾਂ ਸਿਰ ‘ਤੇ ਖੜੀਆਂ ਹਨ। ਇਸ ਲਈ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਸੰਸਦ ਮੈਂਬਰਾਂ ਨੂੰ ਛੱਡ ਕੇ ਵਿਧਾਇਕਾਂ ਨਾਲ ਮੀਟਿੰਗ ਕਰਨ ਅਤੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਜੁਟ ਜਾਣ। ਇਸ ਤੋਂ ਸਾਫ਼ ਨਜ਼ਰ ਆ ਰਿਹਾ ਸੀ ਕਿ ਪ੍ਰਤਾਪ ਬਾਜਵਾ ਨਾਲ ਹੋਈ ਮੀਟਿੰਗ ਤੋਂ ਉਹ ਨਰਾਜ਼ ਹਨ।

ਇਥੇ ਹੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਪ੍ਰਤਾਪ ਬਾਜਵਾ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਚਿੱਠੀਆਂ ਲਿਖੀਆਂ ਗਈਆਂ ਸਨ ਅਤੇ ਕਈ ਵਾਰ ਮੀਡੀਆ ਅੱਗੇ ਆ ਕੇ ਬਿਆਨਬਾਜ਼ੀ ਵੀ ਕੀਤੀ ਸੀ। ਜਿਸ ਤਰੀਕੇ ਨਾਲ ਅਮਰਿੰਦਰ ਸਿੰਘ ਇਨਾਂ ਚਿੱਠੀਆਂ ਅਤੇ ਬਿਆਨਬਾਜ਼ੀ ਨੂੰ ਭੁੱਲ ਗਏ ਹਨ ਤਾਂ ਉਸੇ ਤਰੀਕੇ ਨਾਲ ਹੀ ਨਵਜੋਤ ਸਿੱਧੂ ਵੱਲੋਂ ਕੀਤੇ ਗਏ ਟਵੀਟ ਨੂੰ ਵੀ ਅਮਰਿੰਦਰ ਸਿੰਘ ਭੁੱਲ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।