ਲੋਹੜੀ

ਲੋਹੜੀ

ਗੁਆਂਢੀਆਂ ਦੇ ਘਰ ਡੀ. ਜੇ. ਲੱਗੇ ਵੇਖ ਕੇ ਕਰਤਾਰ ਕੁਰ ਦੀ ਵੱਡੀ ਪੋਤੀ ਪ੍ਰੀਤੀ ਭੱਜੀ-ਭੱਜੀ ਆਪਣੀ ਦਾਦੀ ਕੋਲ ਆਈ ਤੇ ਕਹਿਣ ਲੱਗੀ, ‘‘ਬੇਬੇ ਆਪਾਂ ਨੀ ਮਨਾਉਂਦੇ ਛੋਟੀ ਭੈਣ ਦੀ ਲੋਹੜੀ? ਬੇਬੇ ਆਪਾ ਨੀ ਲਾਉਂਦੇ ਡੀ….’’ ਪ੍ਰੀਤੀ ਦੀ ਗੱਲ ਅਜੇ ਪੂਰੀ ਨਹੀਂ ਹੋਈ ਸੀ, ਕਿ ਕੜਾਕ ਕਰਦਾ ਥੱਪੜ ਓਹਦੀ ਗੱਲ ’ਤੇ ਆਣ ਵੱਜਿਆ । ਕਿਉਂਕਿ ਉਹਦੀ ਦਾਦੀ ਤਾਂ ਪਹਿਲਾਂ ਈ ਤਪੀ ਬੈਠੀ ਸੀ ਕਿ ਹੁਣ ਤੀਜੀ ਵਾਰ ਫਿਰ ਕੁੜੀ ਜੰਮ ਪਈ।

ਪ੍ਰੀਤੀ ਨੂੰ ਰੋਂਦੀ ਸੁਣ ਓਹਦੀ ਮਾਂ ਭੱਜੀ ਆਈ ਤੇ ਉਸਨੂੰ ਅੰਦਰ ਲਿਜਾ ਕਿ ਰੋਣ ਦਾ ਕਾਰਨ ਪੁੱਛਦੀ ਹੋਈ ਚੁੱਪ ਕਰਾਉਣ ਲੱਗੀ । ਪ੍ਰੀਤੀ ਨੇ ਸਾਰੀ ਗੱਲ ਦੱਸੀ ਤੇ ਫਿਰ ਕਹਿਣ ਲੱਗੀ, ‘‘ਮੰਮੀ ਮੇਰਾ ਕੀ ਕਸੂਰ ਸੀ ਭਲਾ?’’ ‘‘ਲਾਡੋ ਮੇਰੀਏ ਇਹ ਸਮਾਜ ਦੇ ਲੋਕ ਮੁੰਡਿਆਂ ਦੀ ਲੋਹੜੀ ਮਨਾਉਂਦੇ ਨੇ।’’ ਪ੍ਰੀਤੀ ਦੀ ਮਾਂ ਨੇ ਉਹਨੂੰ ਪਿਆਰ ਨਾਲ ਸਮਝਾਇਆ । ‘‘ਪਰ ਮੰਮੀ ਅੱਜ ਸਾਡੇ ਸਕੂਲ ਦੇ ਪ੍ਰੋਗਰਾਮ ਵਿੱਚ ਤਾਂ ਕਹਿੰਦੇ ਸੀ ਕਿ ਕੁੜੀਆਂ-ਮੁੰਡੇ ਬਰਾਬਰ ਹੁੰਦੇ ਨੇ….!’’ ਐਨਾ ਕਹਿ ਕੇ ਪ੍ਰੀਤੀ ਪਤਾ ਨੀ ਕੀ ਸੋਚਣ ਲੱਗ ਪੈਂਦੀ ਹੈ ਅਤੇ ਓਹਦੀ ਮਾਂ ਰਸੋਈ ਵਿੱਚ ਚਲੀ ਜਾਂਦੀ ਹੈ।

ਕਾਂਤਾ ਕੌਰ, ਧਰਮਪੁਰਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ