ਕਿਸਾਨਾਂ ਦੀ ਹੜਤਾਲ ਖਤਮ ਹੋਣ ਪਿੱਛੋਂ ਲੀਹੇ ਪੈਣ ਲੱਗੀ ਜ਼ਿੰਦਗੀ

Life, Peasants, Began, Lost, After, Strike, Ended

ਮਾਲਵੇ ਦੀਆਂ ਮੰਡੀਆਂ ‘ਚ ਖਪਤਕਾਰ ਵਸਤਾਂ ਦੀ ਆਮਦ ਸ਼ੁਰੂ

ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਪੰਜਾਬ ‘ਚ ਕਿਸਾਨਾਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਰੋਜ਼ਮਰ੍ਹਾ ਦੇ ਜੀਵਨ ਵਿੱਚ ਆਈ ਖੜੋਤ ਖ਼ਤਮ ਹੋਣ ਲੱਗੀ ਹੈ। ਅੱਜ ਮਾਲਵੇ ਦੀਆਂ ਤਕਰੀਬਨ ਸਾਰੀਆਂ ਹੀ ਮੰਡੀਆਂ ‘ਚ ਸਬਜ਼ੀ ਦੀਆਂ ਗੱਡੀਆਂ ਪੁੱਜੀਆਂ, ਜਿਨ੍ਹਾਂ ਕਾਰਨ ਸਬਜ਼ੀ ਮੰਡੀ ‘ਚ ਰਵਾਇਤੀ ਚਹਿਲ ਪਹਿਲ ਸ਼ੁਰੂ ਹੋ ਗਈ ਹੈ। ਅੱਜ ਲਗਭਗ ਸਾਰੇ ਹੀ ਪਾਸੇ ਦੁੱਧ ਸਪਲਾਈ ਹੋਇਆ ਹੈ ਅਤੇ ਸਬਜ਼ੀਆਂ, ਫ਼ਲਾਂ  ਅਤੇ ਦੁੱਧ ਤੋਂ ਬਣੀਆਂ ਵਸਤਾਂ ਦੇ ਹੜਤਾਲ ਦੌਰਾਨ ਅਰਸ਼ ‘ਤੇ ਚੜ੍ਹੇ ਭਾਅ ਮੁੜ ਫ਼ਰਸ਼ ‘ਤੇ ਆ ਗਏ ਸੰਘਰਸ਼ ਦੀ ਧਾਰ ਮੱਠੀ ਪੈਣ ਮਗਰੋਂ ਲੋਕਾਂ ਦਾ ਜੀਵਨ ਹੌਲੀ-ਹੌਲੀ ਪਟੜੀ ‘ਤੇ ਆ ਰਿਹਾ ਹੈ, ਪਰ ਹਾਲੇ ਲੋਕਾਂ ਵਿੱਚ ਭੈਅ ਕਾਇਮ ਹੈ।

ਸੜਕਾਂ ‘ਤੇ ਅੰਦੋਲਨਕਾਰੀਆਂ ਦਾ ਕਬਜ਼ਾ ਹੋਣ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਜੋ ਹੁਣ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ। ਅੱਜ ਬਠਿੰਡਾ ਦੀ ਥੋਕ ਸਬਜ਼ੀ ਮੰਡੀ ‘ਚ ਬਾਹਰੋਂ ਆਉਣ ਵਾਲੇ ਮਾਲ ‘ਚ ਵਾਧਾ ਦਰਜ ਹੋਇਆ ਹੈ। ਹਾਲਾਂਕਿ ਅੱਜ ਸਬਜ਼ੀ ਮੰਡੀ ‘ਚ ਕਾਫੀ ਗਹਿਮਾ ਗਹਿਮੀ ਦੇਖਣ ਨੂੰ ਮਿਲੀ ਪਰ ਪਹਿਲਾਂ ਵਾਲਾ ਮਹੌਲ ਬਣਨ ‘ਚ ਦੋ ਤਿੰਨ ਦਿਨ ਲੱਗ ਸਕਦੇ ਹਨ। ਬਠਿੰਡਾ ਦੀ ਥੋਕ ਸਬਜ਼ੀ ਮੰਡੀ ‘ਚ ਆੜ੍ਹਤੀ ਫਰਮ ਅਰੋੜਾ ਵੈਜੀਟੇਬਲਜ਼ ਦੇ ਪੰਕਜ਼ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹੜਤਾਲ ਖਤਮ ਹੋਣ ਕਾਰਨ ਸੁੱਖ ਦਾ ਸਾਹ ਲਿਆ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਜਿਆਦਾ ਚਿੰਤਾ ਭੰਨ-ਤੋੜ ਦੀ ਹੁੰਦੀ ਸੀ ਜੋ ਹੁਣ ਸਮਾਪਤ ਹੋ ਗਈ ਹੈ। ਸਬਜ਼ੀ ਮੰਡੀ ‘ਚ ਆਲੂ ਦੇ ਵਪਾਰੀ ਵਿਸ਼ੇਸ਼ਰ ਯਾਦਵ ਨੇ ਦੱਸਿਆ ਕਿ ਅੱਜ ਉਸ ਨੇ ਆਲੂ ਤੇ ਪਿਆਜ ਦਾ ਆਰਡਰ ਦਿੱਤਾ ਹੈ, ਜਿਸ ਦਾ ਭਾਅ ਤੇਜ ਦੱਸ ਰਹੇ ਹਨ।

ਉਸ ਨੇ ਦੱਸਿਆ ਕਿ ਐਤਵਾਰ ਤੱਕ ਮਾਲਵੇ ਦੀਆਂ ਸਮੂਹ ਮੰਡੀਆਂ ‘ਚ ਸਥਿਤੀ ਆਮ ਦੀ ਤਰ੍ਹਾਂ ਹੋ ਜਾਏਗੀ। ਉਨ੍ਹਾਂ ਦੱਸਿਆ ਕਿ ਪ੍ਰਚੂਨ ਕੀਮਤਾਂ ਵਧਣ ਦਾ ਅਸਰ ਆਮ ਆਦਮੀ ਦੀ ਜੇਬ ਅਤੇ ਉਨ੍ਹਾਂ ਦੀ ਕਮਾਈ ‘ਤੇ ਪੈ ਰਿਹਾ ਸੀ, ਜਿਸ ਨੂੰ ਹੁਣ ਸੌਖਾ ਸਾਹ ਆਵੇਗਾ। ਪ੍ਰਚੂਨ ਦੁਕਾਨਦਾਰ ਮਹਾਂਬੀਰ ਪ੍ਰਸ਼ਾਦ ਦਾ ਕਹਿਣਾ ਸੀ ਕਿ  ਹੜਤਾਲ ਦਾ ਸਭ ਤੋਂ ਜਿਆਦਾ ਅਸਰ ਨਾਸਿਕ ਤੋਂ ਆਉਣ ਵਾਲੇ ਟਮਾਟਰ ਅਤੇ ਹਰੀ ਮਿਰਚ ‘ਤੇ ਪਿਆ ਸੀ ਪਰ ਹੁਣ ਇਹ ਦੋਵੇਂ ਮੋੜਾ ਕੱਟਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਅੱਧੀ ਦਰਜਨ ਸਬਜ਼ੀਆਂ ਦੇ ਭਾਅ ਇੱਕਦਮ ਡਿੱਗੇ ਹਨ। ਪ੍ਰਚੂਨ ਵਿਕ੍ਰੇਤਾ ਬਲਜੀਤ ਕੁਮਾਰ ਨੇ ਦੱਸਿਆ ਕਿ ਭਾਅ ਘਟਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਵਕਤ ਦਿੱਲੀ ਤੋਂ ਆਉਣ ਵਾਲੇ ਮਾਲ ‘ਚ ਤੇਜੀ ਬਣੀ ਹੋਈ ਸੀ ਪਰ ਰਾਜਸਥਾਨ ਤੋਂ ਆਉਣ ਵਾਲੇ ਪਿਆਜ ਤੇ ਕੁਝ ਹੋਰ ਸਬਜ਼ੀਆਂ ‘ਚ ਗਿਰਾਵਟ ਦਰਜ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਪੰਜਾਬ ਦੀਆਂ ਅੱਧੀ ਦਰਜਨ ਕਿਸਾਨ ਜੱਥੇਬੰਦੀਆਂ ਨੇ ਆਪਣੀਆਂ ਮੰਗਾਂ ਖਾਤਰ ਪਹਿਲੀ ਜੂਨ ਤੋਂ ਦਸ ਜੂਨ ਤੱਕ ਕਿਸਾਨ ਹੜਤਾਲ ਦਾ ਐਲਾਨ ਕੀਤਾ ਸੀ। ਇਸ ਹੜਤਾਲ ਤਹਿਤ ਕਿਸਾਨ ਧਿਰਾਂ ਵੱਲੋਂ ਉਂਜ ਤਾਂ ਪੰਜਾਬ ਪਰ ਮਾਲਵੇ ਦੀਆਂ ਜਿਆਦਾਤਰ ਸੜਕਾਂ ‘ਤੇ ਨਾਕੇ ਲਾਏ ਹੋਏ ਸਨ ਜਿਨ੍ਹਾਂ ‘ਤੇ ਪਿੰਡਾਂ ‘ਚੋਂ ਆਉਣ ਵਾਲੇ ਦੁੱਧ ,ਸਬਜ਼ੀਆਂ ਅਤੇ ਬਾਹਰਲੇ ਸੂਬਿਆਂ ‘ਚ ਆਉਂਦੀਆਂ ਸਬਜ਼ੀਆਂ ਨੂੰ ਰੋਕਿਆ ਜਾ ਰਿਹਾ ਸੀ। ਇਸ ਦੌਰਾਨ ਕੁਝ ਥਾਵਾਂ ‘ਤੇ ਟਕਰਾਅ ਪੈਦਾ ਹੋ ਗਿਆ, ਜਿਸ ਨੂੰ ਦੇਖਦਿਆਂ ਕਿਸਾਨ ਜੱਥੇਬੰਦੀਆਂ ਨੇ ਅੱਜ ਆਪਣਾ ਸੰਘਰਸ਼ ਸਮਾਪਤ ਕਰ ਦਿੱਤਾ ਹੈ, ਜਿਸ ਨਾਲ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ।

ਲੋਕਾਂ ਦੇ ਪੁੱਤ ਨਹੀਂ ਮਰਵਾਉਣਾ ਚਾਹੁੰਦੇ : ਰਾਜੇਵਾਲ

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਅੱਧ ਵਿਚਾਲੇ ਹੜਤਾਲ ਖਤਮ ਕਰਨ ਬਾਰੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਅਸੀਂ ਲੋਕਾਂ ਦੇ ਪੁੱਤ ਨਹੀਂ ਮਰਵਾਉਣਾ ਚਾਹੁੰਦੇ, ਕਾਤਲ ਸਾਡੇ ਕਿਸਾਨਾਂ ‘ਤੇ ਹਮਲੇ ਕਰ ਰਹੇ ਸੀ, ਜਿਸ ਕਾਰਨ ਹਿੰਸਾ ਦੇ ਡਰ ਤੋਂ ਅਸੀਂ ਸਮੇਂ ਤੋਂ ਪਹਿਲਾਂ ਹੜਤਾਲ ਵਾਪਸ ਲਈ ਹੈ। ਉਨ੍ਹਾਂ ਕਿਹਾ ਕਿ ਬਾਕੀ ਰਾਜਾਂ ਦੀ ਲੀਡਰਸ਼ਿਪ ਤੋਂ ਇਸ ਲਈ ਮਾਫ਼ੀ ਮੰਗੀ ਹੈ। ਉੱਥੇ 10 ਜੂਨ ਤੱਕ ਸੰਘਰਸ਼ ਚੱਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਲਾਤ ਦੂਜੇ ਰਾਜਾਂ ਨਾਲੋਂ ਬਿਲਕੁਲ ਵੱਖਰੇ ਹਨ। ਇੱਥੇ ਲੋਕ ਜਲਦੀ ਹਿੰਸਕ ਹੋ ਜਾਂਦੇ ਹਨ। ਉਨ੍ਹਾਂ ਕਿਹਾ, ਅਸੀਂ ਹਮੇਸ਼ਾ ਸ਼ਾਂਤਮਈ ਅੰਦੋਲਨ ਦੇ ਹਾਮੀ ਰਹੇ ਹਾਂ ਹਿੰਸਾ ਖਿਲਾਫ ਹਾਂ ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਈ ਥਾਈਂ ਸਾਡੇ ਲੀਡਰਾਂ ‘ਤੇ ਹਮਲੇ ਹੋਏ ਇਸ ਲਈ ਸੰਘਰਸ਼ ਵਾਪਸ ਲਿਆ ਹੈ।