ਹੱਸਣਾ ਮਨੁੱਖ ਦੀ ਵੱਡੀ ਖ਼ੁਰਾਕ

Laughter Sachkahoon

ਹੱਸਣਾ ਮਨੁੱਖ ਦੀ ਵੱਡੀ ਖ਼ੁਰਾਕ

ਅੱਜ ਸਮਾਂ ਬਹੁਤ ਬਦਲ ਗਿਆ ਹੈ ਅਸੀਂ ਸਾਰੇ ਹੱਸਣਾ ਭੁੱਲ ਚੁੱਕੇ ਹਾਂ। ਹੁਣ ਹੱਸਣ ਜਾਂ ਮੁਸਕਰਾਹਟ ਵੇਲੇ ਕਈਆਂ ਨੂੰ ਹਜ਼ਾਰ ਵਾਰ ਸੋਚਣਾ ਪੈਂਦਾ ਹੈ । ਕਿਉਂਕਿ ਅੱਜ-ਕੱਲ੍ਹ ਦੇ ਲੋਕ ਹੱਸਣ ਦੇ ਵੀ ਬਹੁਤ ਗਲਤ ਅਰਥ ਕੱਢ ਲੈਂਦੇ ਹਨ। ਅੱਜ ਦੇ ਯੁੱਗ ਵਿੱਚ ਇੰਝ ਲੱਗਦਾ ਹੈ ਜਿਵੇਂ ਚਿਹਰਿਆਂ ਤੋਂ ਹਾਸਾ ਕਿਤੇ ਖੰਭ ਲਾ ਕੇ ਉੱਡ ਗਿਆ ਹੋਵੇ। ਰੋਜ਼ਾਨਾ ਦੀ ਰੁਝੇਵਿਆਂ ਭਰੀ ਜ਼ਿੰਦਗੀ ਨੇ ਮਨੁੱਖ ਨੂੰ ਏਨਾ ਕੁ ਅਕਾ ਦਿੱਤਾ ਹੈ ਕਿ ਉਹ ਆਪ ਹੱਸਣਾ ਤਾਂ ਦੂਰ ਦੂਜਿਆਂ ਦਾ ਹੱਸਣਾ ਵੀ ਪਸੰਦ ਨਹੀਂ ਕਰਦਾ। ਹੱਸਣਾ ਤੇ ਰੋਣਾ ਜ਼ਿੰਦਗੀ ਦੇ ਦੋ ਮੁੱਖ ਪਹਿਲੂ ਹਨ। ਪਰ ਹੱਸਣਾ ਜ਼ਿੰਦਗੀ ਲਈ ਬਹੁਤ ਅਹਿਮੀਅਤ ਰੱਖਦਾ ਹੈ। ਵਿਗਿਆਨੀਆਂ ਅਨੁਸਾਰ-ਹੱਸਣਾ ਤਾਂ ਕੁਦਰਤ ਨੇ ਹਰ ਇਨਸਾਨੀ ਦਿਮਾਗ਼ ਵਿਚ ਪੱਕੀ ਤੌਰ ’ਤੇ ਫਿਟ ਕਰਕੇ ਭੇਜਿਆ ਹੁੰਦਾ ਹੈ।

ਜੋ ਲੋਕ ਜ਼ਿਆਦਾ ਹੱਸਦੇ ਹਨ ਉਹ ਦੁੱਖ ਨੂੰ ਸੌਖਾ ਸਹਿ ਲੈਂਦੇ ਹਨ। ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਦੁੱਖ ਨਹੀਂ ਜਾਂ ਉਹ ਮਾੜੇ ਸਮੇਂ ਵਿੱਚੋਂ ਨਹੀਂ ਗੁਜ਼ਰਦੇ, ਪਰ ਇਹ ਲੋਕ ਏਨੀ ਜ਼ਲਦੀ ਹੌਂਸਲਾ ਨਹੀਂ ਛੱਡਦੇ। ਹੱਸਣਾ ਉਹ ਚੀਜ਼ ਹੈ ਜਿਸਨੂੰ ਲੋਕ ਸਭ ਤੋਂ ਵੱਧ ਪਸੰਦ ਕਰਦੇ ਹਨ ਹੱਸਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ਼ ਵੀ ਹੋ ਜਾਂਦਾ। ਹਰ ਕੋਈ ਖਿੜੇ ਹੋਏ ਚਿਹਰੇ ਨਾਲ ਹੀ ਬੋਲਣਾ ਪਸੰਦ ਕਰਦਾ ਹੈ। ਜਦੋਂ ਅਸੀਂ ਹੱਸਦੇ ਹਾਂ ਤਾਂ ਦੁਨੀਆਂ ਸਾਡੇ ਨਾਲ ਹੱਸਦੀ ਹੈ। ਜਦਕਿ ਰੋਂਦੇ ਹੋਏ ਇਨਸਾਨ ਵੱਲ ਕੋਈ ਦੇਖਣਾ ਵੀ ਪਸੰਦ ਨਹੀਂ ਕਰਦਾ।

ਸਾਨੂੰ ਹਮੇਸ਼ਾ ਜ਼ਿੰਦਗੀ ਦੇ ਔਖੇ ਪਲਾਂ ਵਿੱਚ ਮੁਸਕਰਾਉਂਦੇ ਰਹਿਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਇੱਕ ਤਾਂ ਹੌਂਸਲਾ ਨਹੀਂ ਢਹਿੰਦਾ ਬਾਕੀ ਮੁਸ਼ਕਲ ਨੂੰ ਹੱਸ ਕੇ ਪਾਰ ਕਰਨ ਦਾ ਜਜ਼ਬਾ ਜ਼ਰੂਰ ਪੈਦਾ ਹੁੰਦਾ ਹੈ। ਕਈ ਲੋਕ ਬੜੇ ਹੱਸਮੁੱਖ ਹੁੰਦੇ ਹਨ ਜੋ ਹਮੇਸ਼ਾ ਆਪਣਾ ਦੁੱਖ ਛੁਪਾ ਕੇ ਰੱਖਦੇ ਹਨ ਉਹ ਮਹਿਫਿਲਾਂ, ਵਿਆਹਾਂ-ਸ਼ਾਦੀਆਂ ਵਿੱਚ ਹਮੇਸ਼ਾ ਆਪਣੇ ਮੂੰਹ ਉੱਪਰ ਖ਼ੁਸ਼ੀ ਦਾ ਖੇੜਾ ਰੱਖਦੇ ਹਨ ਅੰਦਰੋਂ ਚਾਹੇ ਕਿੰਨੇ ਵੀ ਦੁਖੀ ਜਾਂ ਕੜੇ ਕਿਉਂ ਨਾ ਹੋਣ। ਅਜਿਹੇ ਲੋਕਾਂ ਦੇ ਦੋਸਤ ਤੇ ਚਾਹੁਣ ਵਾਲੇ ਬਹੁਤ ਹੁੰਦੇ ਹਨ। ਤੁਹਾਡੇ ਚਿਹਰੇ ਦੀ ਮੁਸਕਰਾਹਟ ਬਹੁਤ ਦੁੱਖਾਂ ਨੂੰ ਠੀਕ ਕਰਦੀ ਹੈ। ਜੋ ਲੋਕ ਹਮੇਸ਼ਾ ਹੱਸਦੇ ਰਹਿੰਦੇ ਹਨ ਉਹ ਟੈਨਸ਼ਨ ਵਿੱਚ ਰਹਿਣ ਵਾਲੇ ਲੋਕਾਂ ਨਾਲੋਂ ਜ਼ਿਆਦਾ ਸਮੇਂ ਤੱਕ ਖੁਸ਼ ਰਹਿੰਦੇ ਹਨ। ਉਹ ਤੰਦਰੁਸਤ ਵੀ ਰਹਿੰਦੇ ਹਨ। ਕੁੱਝ ਵਿਦਵਾਨਾਂ ਨੇ ਮੁਸਕਰਾਹਟ ਜਾਂ ਹਾਸੇ ਬਾਰੇ ਆਪਣੇ ਵਿਚਾਰ ਦਿੱਤੇ ਹਨ-

ਅਬਰਾਹਮ ਲਿੰਕਨ ਅਨੁਸਾਰ– ‘ਭੈਭੀਤ ਤਣਾਅ ਜੋ ਮੇਰੇ ’ਤੇ ਦਿਨ ਰਾਤ ਹੈ, ਜੇ ਮੈਂ ਹੱਸਦਾ ਨਹੀਂ ਤਾਂ ਮੈਨੂੰ ਮਰਨਾ ਚਾਹੀਦਾ ਹੈ’
ਹੈਨਰੀ ਵਾਰਡ ਬੀਚਰ ਦੇ ਅਨੁਸਾਰ – ‘ਉਸ ਤੋਂ ਸਾਵਧਾਨ ਰਹੋ ਜੋ ਬੱਚੇ ਦੇ ਹਾਸੇ ਨੂੰ ਨਫ਼ਰਤ ਕਰਦਾ ਹੈ’
ਆਰਥਰ ਮਾਰਸ਼ਲ ਅਨੁਸਾਰ– ‘ਇਸ ਨੂੰ ਹੱਸੋ, ਉਸ ਨੂੰ ਹੱਸੋ; ਇਹ ਜ਼ਿੰਦਗੀ ਦੇ ਸਭ ਤੋਂ ਵਧੀਆ ਅਮੀਰੀ ਦਾ ਹਿੱਸਾ ਹੈ’

ਹੱਸਣ ਦੇ ਕਈ ਫਾਇਦੇ ਵੀ ਹਨ ਜਿਵੇਂ ਕਿ ਹੱਸਣ ਨਾਲ ਮਨ ਵਿੱਚ ਸਕਾਰਾਤਮਕ ਸੋਚ, ਆਪਣੇਪਣ ਦਾ ਅਹਿਸਾਸ, ਵਰਗੇ ਵਿਚਾਰ ਪੈਦਾ ਹੁੰਦੇ ਹਨ ਕਦੇ ਇਕੱਲਾਪਣ ਮਹਿਸੂਸ ਨਹੀਂ ਹੁੰਦਾ। ਸਾਰਾ ਦਿਨ ਸੋਚ-ਸੋਚ ਕੇ ਦਿਮਾਗ ਦੀਆਂ ਕਸੀਆਂ ਹੋਈਆਂ ਨਾੜਾਂ ਢਿੱਲੀਆਂ ਹੋ ਜਾਂਦੀਆਂ ਹਨ। ਹੱਸਦੇ ਰਹਿਣ ਨਾਲ ਇਨਸਾਨ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਸਕਾਰਾਤਮਕ ਬਣ ਜਾਂਦਾ ਹੈ। ਹੱਸਣ ਵਾਲਾ ਵਿਅਕਤੀ ਉਮਰ ਜ਼ਿਆਦਾ ਭੋਗਦਾ ਹੈ ਉਸਦੇ ਮਨ ਵਿੱਚੋਂ ਮੌਤ ਦਾ ਭੈਅ ਨਿੱਕਲ ਜਾਂਦਾ ਹੈ। ਜੋ ਇਨਸਾਨ ਹੱਸਦੇ ਰਹਿੰਦੇ ਹਨ ਉਹਨਾਂ ਦੇ ਸਰੀਰ ਨੂੰ ਰੋਗ ਬਹੁਤ ਘੱਟ ਲੱਗਦੇ ਹਨ। ਹੱਸਣ ਨਾਲ ਫੇਫੜਿਆਂ ਦੀ ਕਸਰਤ ਵੀ ਹੁੰਦੀ ਹੈ। ਸਾਨੂੰ ਸਾਰਿਆਂ ਨੂੰ ਮੁਸਕਰਾਹਟ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣਾ ਚਾਹੀਦਾ ਹੈ।

‘ਮਾਰਟਿਨ ਲੂਥਰ’ ਨੇ ਕਿਹਾ ਸੀ ਕਿ ਜੇ ਸਵਰਗ ਵਿਚ ਹੱਸਣ ਦੀ ਆਗਿਆ ਨਹੀਂ ਹੈ ਤਾਂ ਮੈਂ ਸਵਰਗ ਜਾਣਾ ਹੀ ਨਹੀਂ ਚਾਹੁੰਦਾ। ‘ਅਬਰਾਹਮ ਲਿੰਕਨ’ ਨੇ ਇਹ ਵੀ ਕਿਹਾ ਸੀ ਕਿ ਜੇ ਮੇਰੀ ਜ਼ਿੰਦਗੀ ਵਿਚ ਹਾਸਾ ਨਾ ਹੋਵੇ ਤਾਂ ਮੇਰੀਆਂ ਚਿੰਤਾਵਾਂ ਮੈਨੂੰ ਹੁਣੇ ਚਿਤਾ ਉੱਤੇ ਲਿਟਾ ਦੇਣਗੀਆਂ ।

ਬਿਮਾਰੀਆਂ ਤੋਂ ਬਚਣ ਲਈ ਤੇ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤ ਲਈ ਹਰ ਰੋਜ਼ ਹੱਸਣਾ ਮੁਸਕੁਰਾਉਣਾ ਚਾਹੀਦਾ ਹੈ ਜੇ ਤੁਸੀਂ ਖ਼ੁਦ ਹੱਸ ਰਹੇ ਹੋ ਤੇ ਦੂਜਿਆਂ ਨੂੰ ਹਸਾ ਰਹੇ ਹੋ ਤਾਂ ਤੁਹਾਡੇ ਤੋਂ ਅਮੀਰ ਤੇ ਖ਼ੁਸ਼ਕਿਸਮਤ ਕੋਈ ਨਹੀਂ ਹੋਵੇਗਾ। ਮਨੁੱਖ ਹੱਸਣਾ ਤੇ ਮੁਸਕਰਾਉਣਾ ਤਾਂ ਹਮੇਸ਼ਾ ਹੀ ਚਾਹੁੰਦਾ ਹੈ ਪਰ ਅੱਜ ਦੀ ਰੁਝੇਂਵਿਆਂ ਭਰੀ ਜ਼ਿੰਦਗੀ ਵਿੱਚ ਦੂਜਿਆਂ ਨਾਲ ਹੱਸਣ-ਹਸਾਉਣ ਲਈ ਉਸ ਕੋਲ ਵਿਹਲ ਕਿੱਥੇ ਹੈ? ਹਰ ਕੋਈ ਸਾਰਾ ਦਿਨ ਕਾਹਲੀ ਅਤੇ ਤਣਾਅ ਭਰੇ ਜੀਵਨ ਕਾਰਨ ਦੌੜ-ਭੱਜ ਵਿੱਚ ਰੁੱਝਿਆ ਰਹਿੰਦਾ ਹੈ। ਹੱਸਣਾ ਤਾਂ ਰੂਹ ਦੀ ਖੁਰਾਕ ਹੈ ਜੋ ਲੋਕ ਖੁੱਲ੍ਹ ਕੇ ਹੱਸਦੇ ਤੇ ਮੁਸਕਰਾਉਂਦੇ ਹਨ ਉਹ ਹਮੇਸ਼ਾ ਅਰੋਗ ਰਹਿੰਦੇ ਹਨ ਤੇ ਲੰਮੀ ਉਮਰ ਭੋਗਦੇ ਹਨ।

ਆਓ! ਸਾਰੇ ਅੱਜ ਤੋਂ ਪ੍ਰਣ ਕਰੀਏ ਕਿ ਬਾਕੀ ਰਹਿੰਦੀ ਜ਼ਿੰਦਗੀ ਹੱਸ ਕੇ ਬਤੀਤ ਕਰੀਏ ਤੇ ਜ਼ਿੰਦਗੀ ਵਿੱਚ ਖ਼ੁਸ਼ੀ ਦੇ ਰੰਗ ਬਿਖੇਰੀਏ। ਹਮੇਸ਼ਾ ਦੂਜਿਆਂ ਦੇ ਚਿਹਰਿਆਂ ਦੀ ਮੁਸਕਰਾਹਟ ਬਣੀਏ!

ਗਗਨਦੀਪ ਕੌਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।