ਫੰਡਾਂ ਤੇ ਕਰਮਚਾਰੀਆਂ ਦੀ ਘਾਟ ਨਾਲ ਘੁਲ ਰਹੇ ਨੇ ਭਾਸ਼ਾ ਵਿਭਾਗ ਦੇ ਦਫ਼ਤਰ

Chandigarh Literati

ਕੌਮਾਂਤਰੀ ਮਾਂ ਬੋਲੀ ਦਿਹਾੜੇ ‘ਤੇ ਜ਼ਿਲ੍ਹਾ ਦਫ਼ਤਰਾਂ ‘ਚ ਸੁੰਨ ਪਸਰੀ ਰਹੀ

  • ਕੰਪਿਊਟਰ ਦੀ ਥਾਂ ਟਾਈਪਰਾਈਟਰ ਨਾਲ ਚਲਦੈ ਕੰਮ

ਬਠਿੰਡਾ, (ਸੁਖਜੀਤ ਮਾਨ)। ਭਾਸ਼ਾ ਵਿਭਾਗ ਨੇ ਅੱਜ ਪਟਿਆਲਾ ਸਥਿਤ ਮੁੱਖ ਦਫਤਰ ਵਿਖੇ ‘ਕੌਮਾਂਤਰੀ ਮਾਂ ਬੋਲੀ’ ਦਿਹਾੜਾ ਮਨਾਉਣ ਦੀ ਰਸਮ ਜ਼ਰੂਰ ਅਦਾ ਕੀਤੀ ਪਰ ਜ਼ਿਲ੍ਹਾ ਪੱਧਰੀ ਦਫਤਰਾਂ ‘ਚ ਸੁੰਨ ਪਸਰੀ ਰਹੀ ਭਾਸ਼ਾ ਅਫਸਰਾਂ ਤੇ ਫੰਡਾਂ ਦੀ ਕਮੀ ਨਾਲ ਜੂਝਦੇ ਵਿਭਾਗ ਦੇ ਮੁਲਾਜ਼ਮ (Language Department Office) ਵੀ ਇਸ ਦਿਨ ਨੂੰ ਖਾਸ ਦਿਨ ਵਜੋਂ ਮਨਾਉਣ ਦੀ ਇੱਛਾ ਤਾਂ ਰੱਖਦੇ ਸੀ ਪਰ ਖਾਲੀ ਹੱਥਾਂ ਨੇ ਇਜਾਜ਼ਤ ਨਹੀਂ ਦਿੱਤੀ।

ਬਠਿੰਡਾ ਦੇ ਮਿੰਨੀ ਸਕੱਤਰੇਤ ‘ਚ ਸਥਿਤ ਭਾਸ਼ਾ ਵਿਭਾਗ ਦੇ ਦਫਤਰ ‘ਚ ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਹੋਣ ਦੇ ਬਾਵਜ਼ੂਦ ਕੋਈ ਚਹਿਲ-ਪਹਿਲ ਨਜ਼ਰ ਨਹੀਂ ਆਈ ਵਾਰ-ਵਾਰ ਦਫਤਰ ਬਦਲ ਜਾਣ ਕਾਰਨ ਮੁਲਾਜਮਾਂ ਨੇ ਦਫਤਰ ਦਾ ਕੋਈ ਬੋਰਡ ਵੀ ਦਰਵਾਜੇ ‘ਤੇ ਨਹੀਂ ਲਾਇਆ ਹੋਇਆ ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਵੀਆਈਪੀ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਰਿਹਾ ਜ਼ਿਲ੍ਹਾ ਬਠਿੰਡਾ ਵੀ ਉਨ੍ਹਾਂ ਜ਼ਿਲ੍ਹਿਆਂ ਦੀ ਸੂਚੀ ‘ਚ ਸ਼ਾਮਲ ਹੈ, ਜਿੱਥੇ ਜ਼ਿਲ੍ਹਾ ਭਾਸ਼ਾ ਅਫਸਰ ਦੀ ਅਸਾਮੀ ਹੀ ਖਾਲੀ ਹੈ। (Language Department Office)

ਭਾਸ਼ਾ ਵਿਭਾਗ ਦੇ ਬਠਿੰਡਾ ਦਫ਼ਤਰ ‘ਚ ਦਫਤਰੀ ਕੰਮਕਾਜ ਲਈ ਕੰਪਿਊਟਰ ਹੀ ਨਹੀਂ

ਭਾਸ਼ਾ ਅਫਸਰ ਵਜੋਂ ਜ਼ਿਲ੍ਹਾ ਬਠਿੰਡਾ ਦਾ ਵਾਧੂ ਕਾਰਜਭਾਰ ਸੰਭਾਲਣ ਵਾਲੀ ਹਰਜੀਤ ਕੌਰ ਦੀ ਪੱਕੀ ਡਿਊਟੀ ਪਟਿਆਲਾ ਹੈ ਜਿਸਦੇ ਸਿੱਟੇ ਵਜੋਂ ਉਹ ਹਫ਼ਤੇ ‘ਚ ਸਿਰਫ ਇੱਕ ਦਿਨ ਹੀ ਬਠਿੰਡਾ ਆ ਕੇ ਇੱਥੋਂ ਦਾ ਕੰਮਕਾਜ ਵੇਖਦੇ ਹਨ, ਉਂਜ ਭਾਸ਼ਾ ਵਿਭਾਗ ਦੀ ਵੈੱਬਸਾਈਟ ਉੱਪਰ ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ ਦਾ ਸੰਦੇਸ਼ ਲਿਖਿਆ ਹੋਇਆ ਹੈ ਕਿ ”ਕਿਸੇ ਵੀ ਦੇਸ਼ ਦੀ ਤਰੱਕੀ ਲਈ ਪ੍ਰਸਾਰ ਸਾਧਨਾਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ” ਅਜੋਕੇ ਯੁੱਗ ਵਿੱਚ ਭਾਸ਼ਾ, ਸਾਹਿਤ ਅਤੇ ਸਮਾਜ ਦੇ ਵਿਕਾਸ ਲਈ ਕੰਪਿਊਟਰ ਦੇ ਨਾਲ-ਨਾਲ ਇੰਟਰਨੈੱਟ ਨੇ ਵੀ ਆਪਣੀ ਵਿਸ਼ੇਸ਼ ਜਗ੍ਹਾ ਬਣਾ ਲਈ ਪਰ ਭਾਸ਼ਾ ਮੰਤਰੀ ਦਾ ਇਹ ਸੰਦੇਸ਼ ਉਨ੍ਹਾਂ ਦੇ ਆਪਣੇ ਹੀ ਵਿਭਾਗ ‘ਤੇ ਲਾਗੂ ਨਹੀਂ ਹੁੰਦਾ ਕਿਉਂਕਿ ਭਾਸ਼ਾ ਵਿਭਾਗ ਦੇ ਬਠਿੰਡਾ ਦਫ਼ਤਰ ‘ਚ ਦਫਤਰੀ ਕੰਮਕਾਜ ਲਈ ਕੰਪਿਊਟਰ ਹੀ ਨਹੀਂ ਜਿਸਦੇ ਸਿੱਟੇ ਵਜੋਂ ਪੁਰਾਣੇ ਟਾਈਪਰਾਈਟਰ ਨਾਲ ਹੀ ਡੰਗ ਟਪਾਈ ਹੋ ਰਹੀ ਹੈ।

ਪੰਜਾਬੀ ਸ਼ਾਰਟਹੈਂਡ ਸਟੈਨੋਗ੍ਰਾਫੀ ਸਿੱਖਣ ਦੇ ਚਾਹਵਾਨਾਂ ਦਾ ਸੁਪਨਾ ਵੀ ਭਾਸ਼ਾ ਵਿਭਾਗ ‘ਚ ਮੁਲਾਜ਼ਮਾਂ ਦੀ ਕਮੀ ਨਾਲ ਟੁੱਟ ਰਿਹਾ ਹੈ ਬਠਿੰਡਾ ਦਫਤਰ ‘ਚ ਪਿਛਲੇ ਤਿੰਨ ਸਾਲਾਂ ਤੋਂ ਇੰਸਟਰੱਕਟਰ ਦੀ ਅਸਾਮੀ ਖਾਲੀ ਹੋਣ ਕਰਕੇ ਸਟੈਨੋਗ੍ਰਾਫੀ ਦੀਆਂ ਕਲਾਸਾਂ ਵੀ ਨਹੀਂ ਲੱਗ ਰਹੀਆਂ ਪਤਾ ਲੱਗਿਆ ਹੈ ਕਿ ਸ਼ਾਰਟਹੈੱਡ ਸਿੱਖਣ ਦੇ ਚਾਹਵਾਨ ਭਾਸ਼ਾ ਵਿਭਾਗ ਦੇ ਦਫ਼ਤਰ ‘ਚ ਕਲਾਸਾਂ ਦੀ ਜਾਣਕਾਰੀ ਲੈਣ ਆਉਂਦੇ ਹਨ ਪਰ ਇੰਸਟਰਕਟਰ ਨਾ ਹੋਣ ਕਾਰਨ ਉਹ ਨਿਰਾਸ਼ਾ ਪੱਲੇ ਪਾ ਕੇ ਮੁੜਦੇ ਹਨ ਉਂਝ ਉਰਦੂ ਦੀਆਂ ਕਲਾਸਾਂ ਲਗਾਤਾਰ ਲੱਗ ਰਹੀਆਂ ਹਨ ਜਿਨ੍ਹਾਂ ਦੀ ਜਿੰਮੇਵਾਰੀ ਇੱਕ ਪ੍ਰਾਈਵੇਟ ਵਿਅਕਤੀ ਨਿਭਾ ਰਿਹਾ ਹੈ।

ਸਰਕਾਰ ਨੂੰ ਭੇਜਿਆ ਹੋਇਐ ਮੰਗ ਪੱਤਰ: ਡਾਇਰੈਕਟਰ

ਇਸ ਸਬੰਧੀ ਭਾਸ਼ਾ ਵਿਭਾਗ ਦੀ ਡਾਇਰੈਕਟਰ ਗੁਰਸ਼ਰਨ ਕੌਰ ਦਾ ਕਹਿਣਾ ਹੈ ਕਿ ਵਿਭਾਗ ‘ਚ ਖਾਲੀ ਪਈਆਂ ਅਸਾਮੀਆਂ ਤਾਂ ਹੁਣ ਨਵੀਂ ਸਰਕਾਰ ਆਉਣ ‘ਤੇ ਹੀ ਭਰੀਆਂ ਜਾਣਗੀਆਂ ਦਫ਼ਤਰਾਂ ‘ਚ ਕੰਪਿਊਟਰ ਆਦਿ ਸਮਾਨ ਦੀ ਮੰਗ ਲਈ ਵੀ ਸਰਕਾਰ ਨੂੰ ਮੰਗ ਪੱਤਰ ਭੇਜਿਆ ਹੋਇਆ ਹੈ ਫੰਡ ਆਉਣ ‘ਤੇ ਸਮਾਨ ਮੁਹੱਈਆ ਕਰਵਾ ਦਿੱਤਾ ਜਾਵੇਗਾ।

ਫੰਡਾਂ ਦੀ ਕਮੀ ਚੱਲ ਰਹੀ ਹੈ : ਭਾਸ਼ਾ ਅਫਸਰ

ਬਠਿੰਡਾ ਵਿਖੇ ਜ਼ਿਲ੍ਹਾ ਭਾਸ਼ਾ ਅਫਸਰ ਦਾ ਵਾਧੂ ਕਾਰਜਭਾਰ ਸੰਭਾਲ ਰਹੇ ਹਰਜੀਤ ਕੌਰ ਦਾ ਕਹਿਣਾ ਹੈ ਕਿ ਉਸਦੀ ਡਿਊਟੀ ਮੁੱਖ ਦਫਤਰ ‘ਚ ਹੋਣ ਕਰਕੇ ਉਹ ਹਫ਼ਤੇ ‘ਚ ਇੱਕ ਦਿਨ ਬਠਿੰਡਾ ਆਉਂਦੇ ਹਨ ਦਫ਼ਤਰ ‘ਚ ਕੰਪਿਊਟਰ ਆਦਿ ਦੀ ਕਮੀ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਫੰਡਾਂ ਦੀ ਕਮੀ ਹੈ ਸਮਾਨ ਦੀ ਪੂਰਤੀ ਹਿੱਤ ਉਨ੍ਹਾਂ ਆਖਿਆ ਕਿ ਇਸ ਸਬੰਧੀ ਬਹੁਤ ਵਾਰ ਵਿਭਾਗ ਨੂੰ ਲਿਖ ਕੇ ਭੇਜਿਆ ਜਾ ਚੁੱਕਾ ਹੈ।

ਕਬੱਡੀ ਵਾਲੇ ਟੋਕਰੇ ‘ਚੋਂ ਇੱਕ ਲੱਪ ਭਾਸ਼ਾ ਵਿਭਾਗ ਨੂੰ ਵੀ ਮਿਲਦੀ : ਘੁਗਿਆਣਵੀ

ਪੰਜਾਬੀ ਸਾਹਿਤ ਦੇ ਖੇਤਰ ‘ਚ ਵਿਸ਼ੇਸ਼ ਸਥਾਨ ਰੱਖਣ ਵਾਲੇ ਲੇਖਕ ਨਿੰਦਰ ਘੁਗਿਆਣਵੀ ਦਾ ਕਹਿਣਾ ਹੈ ਕਿ ਭਾਸ਼ਾ ਵਿਭਾਗ ਆਖਰੀ ਸਾਹਾਂ ‘ਤੇ ਹੈ ਇਕੱਲੇ ਫੰਡਾਂ ਦੀ ਕਮੀ ਹੀ ਨਹੀਂ, ਸਗੋਂ ਵਿਭਾਗ ਦੀ ਬਿਲਡਿੰਗ ਵੀ ਡਿੱਗਣ ਵਾਲੀ ਹੈ ਉਨ੍ਹਾਂ ਆਖਿਆ ਕਿ ਵਿਭਾਗ ‘ਚ ਨਵੀਂ ਭਰਤੀ ਵੀ ਨਹੀਂ ਹੋ ਰਹੀ ਕਬੱਡੀ ਕੱਪਾਂ ‘ਤੇ ਤਾਂ ਕਰੋੜਾਂ ਰੁਪਏ ਖਰਚੇ ਗਏ ਪਰ ਬੜਾ ਚੰਗਾ ਹੁੰਦਾ ਜੇ ਕਬੱਡੀ ਵਾਲੇ ਟੋਕਰੇ ‘ਚੋਂ ਇੱਕ ਲੱਪ ਭਾਸ਼ਾ ਵਿਭਾਗ ਨੂੰ ਵੀ ਮਿਲਦੀ ਘੁਗਿਆਣਵੀ ਨੇ ਆਖਿਆ ਕਿ ਫੰਡਾਂ ਦੀ ਕਮੀ ਕਾਰਨ ਹੀ ਭਾਸ਼ਾ ਵਿਭਾਗ ਦੇ ਸਾਲਾਨਾ ਪੁਰਸਕਾਰ ਤੇ ਕਿਤਾਬਾਂ ਨੂੰ ਮਿਲਣ ਵਾਲੇ ਪੁਰਸਕਾਰ ਬਕਾਇਆ ਪਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ