29 ਅਗਸਤ ਨੂੰ ਸ਼ੁਰੂ ਹੋਏਗਾ ਪੰਜਾਬ ’ਚ ਸੂਬਾ ਪੱਧਰੀ ਖੇਡ ਮੇਲੇ ਦਾ ਕੁੰਭ, ਭਗਵੰਤ ਮਾਨ ਖ਼ੁਦ ਕਰਨਗੇ ਸ਼ੁਰੂਆਤ

ਖਿਡਾਰੀਆਂ ਨੂੰ ਰਹਿਣ ਤੋਂ ਲੈ ਕੇ ਖਾਨ ਪੀਣ ਅਤੇ ਰਹਿਣ ਦਾ ਸ਼ਾਨਦਾਰ ਹੋਏਗਾ ਪ੍ਰਬੰਧ: ਮੀਤ ਹੇਅਰ

  •  ਪਿਛਲੀਆਂ ਸਰਕਾਰਾਂ ਕਰਕੇ ਅਸੀਂ ਰਹਿ ਗਏ ਪਿੱਛੇ, ਹੁਣ ਪਨੀਰੀ ਤੋਂ ਕੀਤੀ ਜਾ ਰਹੀ ਐ ਸ਼ੁਰੂਆਤ, ਚੰਗੇ ਆਉਣਗੇ ਨਤੀਜ਼ੇ : ਮੀਤ ਹੇਅਰ
  •  ਪੰਜਾਬ ਦੇ ਖਿਡਾਰੀਆਂ ਨੇ 3 ਚਾਂਦੀ ਤੇ 4 ਕਾਂਸੀ ਦੇ ਤਮਗੇ ਜਿੱਤੇ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਖੇਡ ਮੇਲੇ ਦਾ ਸੂਬਾ ਪੱਧਰੀ ਕੁੰਭ ਇੱਕ ਵਾਰ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਖੇਡ ਮੇਲੇ ਵਿੱਚ ਸਰਕਾਰੀ ਨਲਾਇਕੀਆ ਦੇ ਚਲਦੇ ਖਿਡਾਰੀਆ ਨੂੰ ਮੁਸ਼ਕਲਾ ਨਾਲ ਦੋ ਚਾਰ ਨਹੀਂ ਹੋਣਾ ਪਏਗਾ, ਸਗੋਂ ਸ਼ਾਨਦਾਰ ਸਹੂਲਤਾ ਦੇਣ ਦੇ ਨਾਲ ਹੀ ਖਿਡਾਰੀਆਂ ਨੂੰ ਵੱਡੇ ਪੱਧਰ ’ਤੇ ਸ਼ਾਹੀ ਇੰਤਜਾਮ ਦਿੱਤੇ ਜਾਣਗੇ ਤਾਂ ਕਿ ਉਹ ਆਪਣੀ ਖੇਡ ਵੱਲ ਜ਼ਿਆਦਾ ਧਿਆਨ ਦਿੰਦੇ ਹੋਏ ਚੰਗੇ ਖਿਡਾਰੀ ਬਣ ਸਕਣ। ਪੰਜਾਬ ਵਿੱਚ 29 ਅਗਸਤ ਤੋਂ ਸ਼ੁਰੂ ਹੋਣ ਜਾ ਰਿਹੇ ਖੇਡ ਮੇਲੇ ਵਿੱਚ ਖਿਡਾਰੀਆ ਦੇ ਖਾਣ ਪੀਣ ਤੋਂ ਲੈ ਕੇ ਰਹਿਣ ਅਤੇ ਸਪੋਰਟਸ ਕਿੱਟ ਦਾ ਇੰਤਜਾਮ ਖ਼ੁਦ ਸਰਕਾਰ ਚੰਗੇ ਪੱਧਰ ‘ਤੇ ਕਰ ਰਹੀ ਹੈ ਅਤੇ ਪਿਛਲੀ ਸਰਕਾਰਾਂ ਵਾਂਗ ਗੱਲਾਂ ਦੇ ਕੜਾਹ ਨਹੀਂ ਬਣਾਏ ਜਾਣਗੇ। (Sports Fair Punjab)

ਇਸ ਖੇਡ ਮੇਲੇ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਜਲੰਧਰ ਵਿਖੇ ਕਰਨਗੇ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ ਕੌਮੀ ਖੇਡ ਦਿਵਸ ਮੌਕੇ ਰੰਗਾ-ਰੰਗ ਉਦਘਾਟਨੀ ਸਮਾਰੋਹ ਨਾਲ ਇਹ ਖੇਡ ਮੇਲਾ ਸ਼ੁਰੂ ਹੋਵੇਗਾ। ਇਹ ਜਾਣਕਾਰੀ ਪੰਜਾਬ ਦੇ ਖੇਡ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਇਸ ਮੌਕੇ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਰਾਜੇਸ਼ ਧੀਮਾਨ ਵੀ ਹਾਜ਼ਰ ਸਨ।

ਚਾਂਦੀ ਦੇ ਤਮਗਾ ਜੇਤੂ ਨੂੰ 50 ਲੱਖ ਰੁਪਏ ਤੇ ਕਾਂਸੀ ਦਾ ਤਮਗਾ ਜੇਤੂ ਨੂੰ 40 ਲੱਖ ਰੁਪਏ ਮਿਲਣਗੇ

ਖੇਡ ਮੰਤਰੀ ਮੀਤ ਹੇਅਰ ਨੇ ਆਖਿਆ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਦਾ ਮਾਹੌਲ ਪੈਦਾ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨਾਂ ਰਾਸ਼ਟਰਮੰਡਲ ਖੇਡਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਖੇਡ ਦਲ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਤਮਗਾ ਜੇਤੂ 18 ਖਿਡਾਰੀਆਂ ਲਈ ਨਗਦ ਇਨਾਮ ਦਾ ਵੀ ਐਲਾਨ ਕੀਤਾ ਗਿਆ ਹੈ। ਪੰਜਾਬ ਦੇ 18 ਖਿਡਾਰੀਆਂ ਨੇ 3 ਚਾਂਦੀ ਤੇ 4 ਕਾਂਸੀ ਦੇ ਤਮਗੇ ਜਿੱਤੇ। ਚਾਂਦੀ ਦਾ ਤਮਗਾ ਜੇਤੂ ਨੂੰ 50 ਲੱਖ ਰੁਪਏ ਤੇ ਕਾਂਸੀ ਦਾ ਤਮਗਾ ਜੇਤੂ ਨੂੰ 40 ਲੱਖ ਰੁਪਏ ਮਿਲਣਗੇ।

ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਟੀ ਪੁਰਸ਼ ਹਾਕੀ ਟੀਮ ਵਿੱਚ ਪੰਜਾਬ ਦੇ 11 ਖਿਡਾਰੀ

ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਵਿੱਚ ਪੰਜਾਬ ਦੇ 11 ਖਿਡਾਰੀ ਕਪਤਾਨ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ, ਹਾਰਦਿਕ ਸਿੰਘ, ਕਿ੍ਰਸਨ ਪਾਠਕ, ਜਰਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਸ਼ਾਮਲ ਸਨ। ਚਾਂਦੀ ਦਾ ਤਮਗਾ ਜਿੱਤਣ ਵਾਲੀ ਮਹਿਲਾ ਕਿ੍ਰਕਟ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਤੇ ਤਾਨੀਆ ਭਾਟੀਆ ਪੰਜਾਬ ਤੋਂ ਸਨ। ਮਹਿਲਾ ਹਾਕੀ ਵਿੱਚ ਗੁਰਜੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ। ਵੇਟਲਿਫਟਿੰਗ ਵਿੱਚ ਪੰਜਾਬ ਦੇ ਵਿਕਾਸ ਠਾਕੁਰ ਨੇ ਚਾਂਦੀ ਅਤੇ ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਨੇ ਕਾਂਸੀ ਦੇ ਤਮਗੇ ਜਿੱਤੇ।

ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਇਸ ਖੇਡ ਮਹਾਂਕੁੰਭ ਵਿੱਚ ਗਰੇਡਸ਼ਨ ਸੂਚੀ ਵਾਲੀਆਂ ਮਾਨਤਾ ਪ੍ਰਾਪਤ ਖੇਡਾਂ ਵਿੱਚ ਅੰਡਰ 14, ਅੰਡਰ 17, ਅੰਡਰ 21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ 4 ਲੱਖ ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਇਹ ਖੇਡ ਮੇਲਾ ਦੋ ਮਹੀਨੇ ਤੱਕ ਚੱਲੇਗਾ। ਇਸ ਸਬੰਧੀ ਹਿੱਸਾ ਲੈਣ ਦੇ ਇਛੁੱਕ ਖਿਡਾਰੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਜਿਹੜੀ 11 ਅਗਸਤ ਤੋਂ 25 ਅਗਸਤ ਤੱਕ ਚੱਲੇਗੀ।

ਪੈਰਾ ਸਪੋਰਟਸ ਵਾਲੇ ਖਿਡਾਰੀ ਲਈ ਵੀ ਮੁਕਾਬਲੇ ਹੋਣਗੇ

ਖੇਡ ਮੇਲੇ ਵਿੱਚ ਪੈਰਾ ਸਪੋਰਟਸ ਵਾਲੇ ਖਿਡਾਰੀ ਲਈ ਵੀ ਮੁਕਾਬਲੇ ਹੋਣਗੇ। ਰਾਜ ਪੱਧਰ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ 10 ਹਜ਼ਾਰ ਰੁਪਏ, 7 ਹਜ਼ਾਰ ਰੁਪਏ ਤੇ 5 ਹਜ਼ਾਰ ਰੁਪਏ ਅਤੇ ਸਰਟੀਫਿਕੇਟ ਮਿਲਣਗੇ। ਕੁੱਲ 6 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਜਾਵੇਗੀ। ਸਾਰੇ ਜੇਤੂ ਖਿਡਾਰੀ ਸੂਬੇ ਦੀ ਗਰੇਡਸ਼ਨ ਨੀਤੀ ਵਿੱਚ ਕਵਰ ਹੋਣਗੇ। ਖੇਡ ਮੇਲੇ ਦੌਰਾਨ ਜੇਤੂਆਂ ਤੋਂ ਇਲਾਵਾ ਹੋਰਨਾਂ ਖਿਡਾਰੀਆਂ ਵਿੱਚੋਂ ਵੀ ਡੋਪ ਟੈਸਟ ਕੀਤੇ ਜਾਣਗੇ। ਮੀਤ ਹੇਅਰ ਨੇ ਕਿਹਾ ਕਿ ਸੂਬੇ ਵਿੱਚ ਖਿਡਾਰੀਆਂ ਵਿੱਚ ਹੁਨਰ ਤੇ ਸਮਰੱਥਾ ਦੀ ਘਾਟ ਨਹੀਂ, ਲੋੜ ਹੈ ਸਿਰਫ ਇਸ ਦੀ ਸ਼ਨਾਖਤ ਕਰਕੇ ਸ਼ਿੰਗਾਰਨ ਦੀ। ਇਸ ਖੇਡ ਮੇਲੇ ਵਿੱਚ ਪੰਜਾਬ ਦਾ ਹਰ ਪਿੰਡ ਤੇ ਸ਼ਹਿਰ ਕਵਰ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ