ਰਵਾਇਤੀ ਫਸਲਾਂ ਤੋਂ ਕਿਨਾਰਾ ਕਰਕੇ ਰੁੱਖ ਲਗਾਉਣ ਅਤੇ ਪੈਸੇ ਕਮਾਉਣ ‘ਕਿਸਾਨ’

Tree Plantation

ਪਲਾਂਟੇਸ਼ਨ ਤਹਿਤ ਪ੍ਰਤੀ ਹੈਕਟੇਅਰ 37500 ਰੁਪਏ ਦਿੱਤੀ ਜਾ ਰਹੀ ਐ ਸਬਸਿਡੀ | Tree Plantation

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਣਕ ਅਤੇ ਝੋਨੇ ਦੇ ਫਸਲੀ ਚੱਕਰ ਚੋਂ ਨਿੱਕਲ ਕੇ ਕਿਸਾਨਾਂ ਨੂੰ ਰੁੱਖਾਂ ਦੀ ਖੇਤੀ (Tree Plantation) ਨੂੰ ਵੀ ਆਮਦਨ ਦੇ ਸ੍ਰੋਤ ਵਜੋਂ ਅਪਣਾਉਣਾ ਚਾਹੀਦਾ ਹੈ। ਰੁੱਖ ਲਗਾਉਣ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ। ਜਿਹੜੇ ਕਿਸਾਨ ਰੁੱਖਾਂ ਦੀ ਖੇਤੀ ਨੂੰ ਤਰਜੀਹ ਦੇਣਗੇ, ਉਹ ਸਰਕਾਰ ਤੋਂ ਪ੍ਰਤੀ ਰੁੱਖ ਸਬਸਿਡੀ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਰੁੱਖਾਂ ਵਾਲੇ ਖੇਤ ਵਿੱਚ ਹੋਰ ਫਸਲਾਂ ਵੀ ਉਗਾ ਸਕਦੇ ਹਨ।

ਜਾਣਕਾਰੀ ਅਨੁਸਾਰ ਰਵਾਇਤੀ ਫਸਲਾਂ ਦੇ ਚੱਕਰ ਚ ਫਸੇ ਪੰਜਾਬ ਦੇ ਕਿਸਾਨ ਰੁੱਖ ਲਗਾ ਕੇ ਵੀ ਆਪਣੀ ਆਮਦਨ ਵਧਾ ਸਕਦੇ ਹਨ। ਅਜਿਹੀ ਹੀ ਮੁਹਿੰਮ ਭਗਵੰਤ ਮਾਨ ਸਰਕਾਰ ਵੱਲੋਂ 12 ਫਰਵਰੀ 2023 ਨੂੰ ਸ਼ੁਰੂ ਕੀਤੀ ਗਈ ਸੀ।  ਇਸ ਮੁਹਿੰਮ ਨੂੰ ਰੁੱਖ ਲਗਾਓ, ਪੈਸਾ ਕਮਾਓ ਅਤੇ ਵਾਤਾਵਰਣ ਬਚਾਓ ਦਾ ਨਾਮ ਦਿੱਤਾ ਗਿਆ ਸੀ। ਸਰਕਾਰ ਵੱਲੋਂ ਰੁੱਖਾਂ ਦੀ ਖੇਤੀ ਉੱਪਰ ਸਬਸਿਡੀ ਪੰਜਾਬ ਦੇ ਪਾਣੀਆਂ ਅਤੇ ਵਾਤਾਵਰਣ ‘ਫ਼ਸਲੀ ਵਿਭਿੰਨਤਾ ਲਈ ਵਣ ਖੇਤੀ ਪ੍ਰੋਜੈਕਟ’ ਤਹਿਤ ਸ਼ੁਰੂ ਕੀਤੀ ਗਈ ਹੈ।

ਇੱਕ ਬੂਟਾ ਲਗਾਕੇ ਲੈ ਸਕਦੇ ਹੋ 60 ਰੁਪਏ ਸਬਸਿਡੀ | Tree Plantation

ਆਪਣੇ ਖੇਤਾਂ ’ਚ ਰੁੱਖ ਲਗਾਉਣ ਵਾਲੇ ਕਿਸਾਨਾਂ ਨੂੰ ਰੁੱਖ ਲਗਾਉਣ ਦੇ ਅਨੁਮਾਨਿਤ ਖਰਚੇ ਦੇ 50 ਫੀਸਦੀ ਦੇ ਰੂਪ ਵਿੱਚ ਵੱਧ ਤੋਂ ਵੱਧ 60 ਰੁਪਏ ਪ੍ਰਤੀ ਬੂਟਾ ਸਬਸਿਡੀ ਦਿੱਤੀ ਜਾ ਰਹੀ ਹੈ। ਜੇਕਰ ਕੋਈ ਕਿਸਾਨ ਆਪਣੇ ਖੇਤ ਵਿੱਚ ਬਲਾਕ ਪਲਾਂਟੇਸ਼ਨ ਕਰਦਾ ਹੈ ਤਾਂ ਉਸਨੂੰ 37500 ਰੁਪਏ ਪ੍ਰਤੀ ਹੈਕਟਰ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਂ ਰਹੀ ਹੈ। ਇਸ ਮਹਿੰਮ ਤਹਿਤ ਬੂਟਾ ਲਗਾਉਣ ਦੇ ਸ਼ੁਰੂਆਤੀ ਸਾਲ ਅਤੇ ਅਗਲੇ ਦੋ ਸਾਲਾਂ ਤੱਕ 50-25-25 ਦੇ ਅਨੁਪਾਤ ਵਿੱਚ ਇਹ ਸਬਸਿਡੀ ਦਿੱਤੀ ਜਾਂਦੀ ਹੈ।

ਮੁੱਖ ਮੰਤਰੀ ਵੱਲੋਂ 12 ਫਰਵਰੀ 2023 ਨੂੰ ਕੀਤਾ ਸੀ ਇਸ ਮੁਹਿੰਮ ਦਾ ਅਗਾਜ਼

ਵਿਸਥਾਰ ਮੰਡਲ ਪਟਿਆਲਾ ਵੱਲੋਂ ਕੁਝ ਮਹੀਨੇ ਪਹਿਲਾ ਸ਼ੁਰੂ ਹੋਏ ਇਸ ਵਣ ਪ੍ਰੋਜੈਕਟ ਤੇ ਚੰਗਾ ਕੰਮ ਕੀਤਾ ਗਿਆ ਹੈ। 12 ਫਰਵਰੀ 2023 ਤੋਂ ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ 31 ਮਾਰਚ 2023 ਤੱਕ ਇਸ ਪ੍ਰੋਜੈਕਟ ਤਹਿਤ ਸਭ ਤੋਂ ਵੱਧ ਸਬਸਿਡੀ ਪਟਿਆਲਾ ਰੇਂਜ ਵੱਲੋਂ ਦਿੱਤੀ ਗਈ। ਵਣਾਂ ’ਤੇ ਅਧਾਰਤ ਖੇਤੀ ਅਪਣਾਕੇ ਰਵਾਇਤੀ ਫ਼ਸਲੀ ਚੱਕਰ ਛੱਡਣ ਅਤੇ ਵਾਤਾਵਰਣ ਦੀ ਬਿਹਤਰੀ ‘ਚ ਯੋਗਦਾਨ ਪਾਉਣ ਵਾਲੇ 145 ਅਗਾਂਹਵਧੂ ਕਿਸਾਨਾਂ ਨੂੰ ਵਣ ਮੰਡਲ (ਵਿਸਥਾਰ) ਪਟਿਆਲਾ ਨੇ ਲੰਘੇ ਵਿੱਤੀ ਸਾਲ ਦੌਰਾਨ 42.48 ਲੱਖ ਰੁਪਏ ਦੀ ਸਬਸਿਡੀ ਦਿੱਤੀ ਹੈ।

ਇਹ ਵੀ ਪੜ੍ਹੋ : ਔਰਤਾਂ ਲਈ ਆਈ ਵੱਡੀ ਖੁਸ਼ਖਬਰੀ, ਇਸ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਵਣ ਰੇਂਜ ਅਫ਼ਸਰ ਸੁਰਿੰਦਰ ਸ਼ਰਮਾ ਅਤੇ ਬੀਟ ਇੰਚਾਰਜ਼ ਅਮਨ ਅਰੋੜਾ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਚਾਲੂ ਵਿੱਤੀ ਸਾਲ ਦੌਰਾਨ ਪਾਪੂਲਰ, ਸਫ਼ੈਦੇ ਜਾਂ ਕਿਸੇ ਹੋਰ ਕਿਸਮ ਦੇ ਰੁੱਖਾਂ ਦੀ ਵਣ ਖੇਤੀ ਦੀ ਪਹਿਲ ਕੀਤੀ ਹੈ, ਉਹ ਸਬਸਿਡੀ ਲੈਣ ਲਈ ਜ਼ਰੂਰ ਅਪਲਾਈ ਕਰਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਸਬੰਧੀ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਖੇਤ ਵਿੱਚ ਰੁੱਖ ਲਗਾਉਣ ਦੇ ਨਾਲ ਹੀ ਵਿਚਕਾਰ ਖਾਲੀ ਥਾਂ ਹੇਠ ਹੋਰ ਵੀ ਫਸਲ ਪ੍ਰਾਪਤ ਕਰ ਸਕਦਾ ਹੈ। ਕਲੋਲ ਸਫੈਦਾ ਜਾਂ ਪਾਪੂਲਰ ਦਾ ਬੂਟਾ ਚਾਰ ਸਾਲ ਵਿੱਚ ਹੀ ਰੁੱਖ ਬਣ ਜਾਂਦਾ ਹੈ ਅਤੇ ਕਿਸਾਨ ਨੂੰ ਚੰਗੀ ਆਮਦਨ ਦੇ ਜਾਂਦਾ ਹੈ।

ਵਣ ਖੇਤੀ ਕਰਨ ਵਾਲੇ 145 ਕਿਸਾਨਾਂ ਨੂੰ ਦਿੱਤੇ 42 ਲੱਖ

ਵਣ ਮੰਡਲ ਪਟਿਆਲਾ ਰੇਂਜ ਨੇ 46 ਕਿਸਾਨਾਂ ਦੇ ਲਗਾਏ ਹੋਏ 125747 ਬੂਟੇ ਰਜਿਸਟਰਡ ਕਰਦੇ ਹੋਏ 1608626 ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਦਿੱਤੀ। ਇਸ ਤੋਂ ਇਲਾਵਾ ਐਸਏਐਸ ਨਗਰ ਮੋਹਾਲੀ ਰੇਂਜ ਨੇ 34 ਕਿਸਾਨਾਂ ਦੇ 60665 ਬੂਟੇ ਰਜਿਸਟਰਡ ਕਰਦੇ ਹੋਏ 1400564 ਸਬਸਿਡੀ ਦਿੱਤੀ ਹੈ। ਲੁਧਿਆਣਾ ਰੇਂਜ ਨੇ 65 ਕਿਸਾਨਾਂ ਦੇ 53807 ਰਜਿਸਟਰਡ ਕਰਦੇ ਹੋਏ 1239486 ਰੁਪਏ ਸਬਸਿਡੀ ਦਿੱਤੀ। ਇਸ ਤਰ੍ਹਾਂ ਕੁੱਲ 145 ਕਿਸਾਨਾਂ ਦੇ 240219 ਬੂਟੇ ਰਜਿਸਟਰਡ ਕਰਦੇ ਹੋਏ ਕੁੱਲ 4248676 ਸਬਸਿਡੀ ਦਿੱਤੀ ਗਈ।

ਕਿਸਾਨ ਰੁੱਖ ਲਗਾਕੇ ਰਜਿਸ਼ਟਰਡ ਕਰਵਾਉਣ : ਵਿੱਦਿਆ ਸਾਗਰੀ

ਇਸ ਪ੍ਰੋਜੈਕਟ ਸੰਬੰਧੀ ਜਾਣਕਾਰੀ ਦਿੰਦਿਆਂ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਵਿੱਦਿਆ ਸਾਗਰੀ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਇਸ ਪ੍ਰੋਜੈਕਟ ਤਹਿਤ ਕਿਸਾਨਾਂ ਨੂੰ ਰਜਿਸਟਰਡ ਕਰਨ ਦੀ ਪ੍ਰ੍ਰਕਿ੍ਰਆ ਜਾਰੀ ਹੈ। ਵਿਸਥਾਰ ਮੰਡਲ ਦੀਆਂ ਤਿੰਨੋਂ ਰੇਂਜਾਂ ਵੱਲੋਂ ਹੁਣ ਤੱਕ ਕੁੱਲ 37 ਕਿਸਾਨਾਂ ਦੇ 66810 ਬੂਟੇ ਰਜਿਸਟਰਡ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸੂਬੇ ਅੰਦਰ ਜ਼ਮੀਨੀ ਹੇਠਲੇ ਪਾਣੀ ਦੇ ਬਚਾਅ ਨਾਲ ਹੀ ਵਾਤਾਵਰਣ ਵਧੇਗਾ ਫੁਲੇਗਾ ਅਤੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਰੁੱਖਾਂ ਦੀ ਖੇਤੀ ਵੱਲ ਆਉਣ ਅਤੇ ਆਪਣੀ ਆਮਦਨ ਵਧਾਉਣ।