ਟੈਕਸ ਚੋਰੀ ਰੋਕਣ ਲਈ 3 ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟਾਂ ਵੱਲੋਂ ਖਨੌਰੀ ’ਚ ਵੱਡੀ ਕਾਰਵਾਈ (Khanauri Truck Scrap)
(ਗੁਰਪ੍ਰੀਤ ਸਿੰਘ) ਸੰਗਰੂਰ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਦੇ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਦੀਆਂ ਸਖ਼ਤ ਹਦਾਇਤਾਂ ਤੇ ਸੂਬੇ ਵਿੱਚ ਟੈਕਸ ਚੋਰੀ ਨੂੰ ਰੋਕਣ ਲਈ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (ਸਿਪੂ) ਪੂਰੀ ਮੁਸਤੈਦੀ ਨਾਲ ਕਾਰਜਸ਼ੀਲ ਹਨ। (Khanauri Truck Scrap) ਐਡੀਸ਼ਨਲ ਕਮਿਸ਼ਨਰ ਆਫ ਸਟੇਟ ਟੈਕਸ-(1) ਪਟਿਆਲਾ ਜੀਵਨਜੋਤ ਕੌਰ ਅਤੇ ਡਾਇਰੈਕਟਰ ਇਨਫੋਰਸਮੈਂਟ (ਪੰਜਾਬ) ਪਟਿਆਲਾ ਤੇਜਵੀਰ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਸਿਪੂ ਰੂਪਨਗਰ, ਸਿਪੂ ਲੁਧਿਆਣਾ ਅਤੇ ਸਿਪੂ ਪਟਿਆਲਾ ਦੀਆਂ ਟੀਮਾਂ ਵੱਲੋਂ ਖਨੌਰੀ ਵਿਖੇ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਲੋਹਾ ਸਕਰੈਪ ਨਾਲ ਭਰੀਆਂ 17 ਗੱਡੀਆਂ ਜ਼ਬਤ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਪਹਿਲਾ ਰੰਗਲਾ ਪੰਜਾਬ ਟੂਰਿਜ਼ਮ ਸੰਮੇਲਨ 11 ਸਤੰਬਰ ਤੋਂ
ਇਹ ਜਾਣਕਾਰੀ ਦਿੰਦਿਆਂ ਐਡੀਸ਼ਨਲ ਕਮਿਸ਼ਨਰ ਆਫ ਸਟੇਟ ਟੈਕਸ-(1) ਜੀਵਨਜੋਤ ਕੌਰ ਨੇ ਦੱਸਿਆ ਕਿ ਇਸ ਕਾਰਵਾਈ ਨੂੰ ਐਸਟੀਓ ਸਿਪੂ ਰੂਪਨਗਰ ਅਮਿਤ ਗੋਇਲ, ਐਸ ਟੀ ਓ ਸਿਪੂ ਲੁਧਿਆਣਾ ਅਵਨੀਤ ਭੋਗਲ ਅਤੇ ਐਸ ਟੀ ਓ ਸਿਪੂ ਪਟਿਆਲਾ ਅਮਨਪ੍ਰੀਤ ਵੱਲੋਂ ਅਮਲ ਵਿੱਚ ਲਿਆਂਦੇ ਹੋਏ ਗੁਰੂ ਨਾਨਕ ਟਰੱਕ ਯੂਨੀਅਨ ਵਿੱਚ ਇਹ ਗੱਡੀਆਂ ਬਿਨਾਂ ਕਿਸੇ ਦਸਤਾਵੇਜ, ਜੋ ਕਿ ਬਿੱਲ ਬਿਲਟੀ ਜਾਂ ਈ-ਵੇਅ ਬਿੱਲ ਤੋਂ ਬਗੈਰ ਖੜ੍ਹੀਆਂ ਪਾਈਆਂ ਗਈਆਂ। (Khanauri Truck Scrap)
ਈ-ਵੇਅ ਬਿੱਲ ਅਤੇ ਹੋਰ ਲੋੜੀਂਦੇ ਦਸਤਾਵੇਜ ਨਾ ਹੋਣ ਕਾਰਨ ਲੋਹਾ ਸਕਰੈਪ ਨਾਲ ਭਰੀਆਂ 17 ਗੱਡੀਆਂ ਕੀਤੀਆਂ ਜਬਤ
ਸਿਪੂ ਟੀਮਾਂ ਦੀ ਸਾਂਝੀ ਕਾਰਵਾਈ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਸਟੀਓ ਸਿਪੂ ਰੂਪਨਗਰ ਅਮਿਤ ਗੋਇਲ ਨੇ ਦੱਸਿਆ ਕਿ ਕਿਸੇ ਵੀ ਵਪਾਰਕ ਅਦਾਰੇ ਤੋਂ ਗੱਡੀ ਵਿੱਚ ਮਾਲ ਲੋਡ ਕਰਨ ਉਪਰੰਤ ਅਤੇ ਗੱਡੀ ਦੀ ਮੂਵਮੈਂਟ ਤੋਂ ਪਹਿਲਾਂ ਮਾਲ ਸਬੰਧੀ ਟੈਕਸ ਇਨਵੁਆਇਸ ਅਤੇ ਈ-ਵੇਅ ਬਿੱਲ ਹੋਣਾ ਲਾਜ਼ਮੀ ਹੁੰਦਾ ਹੈ ਪਰੰਤੂ ਸਬੰਧਤ ਵਪਾਰੀਆਂ ਵੱਲੋਂ ਆਪਣੇ ਅਦਾਰੇ ਤੋਂ ਲੈ ਕੇ ਟਰੱਕ ਯੂਨੀਅਨ ਤੱਕ ਕੋਈ ਵੀ ਦਸਤਾਵੇਜ ਜਾਰੀ ਨਹੀਂ ਕੀਤੇ ਗਏ ਜਿਸ ਸਬੰਧੀ ਅਧਿਕਾਰੀਆਂ ਵੱਲੋਂ ਲੋਹੇ ਸਕਰੈਪ ਨਾਲ ਭਰੇ ਹੋਏ 17 ਟਰੱਕਾਂ ਉਪਰ ਕਾਰਵਾਈ ਕਰਦੇ ਹੋਏ ਜੀਐਸਟੀ ਐੱਮ ਓ ਵੀ-02 (ਐਮਓਵੀ-02) ਜਾਰੀ ਕਰ ਦਿੱਤੇ ਗਏ ਹਨ ਅਤੇ ਵੈਰੀਫਿਕੇਸ਼ਨ ਕਰਨ ਉਪਰੰਤ ਬਣਦਾ ਜ਼ੁਰਮਾਨਾ ਵਸੂਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਟੈਕਸ ਚੋਰੀ ਨੂੰ ਰੋਕਣ ਲਈ ਜਾਂਚ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ।