ਕੈਨੇਡਾ ਵੱਲੋਂ ਖਾਲਿਸਤਾਨੀ ਹਵਾਲਿਆਂ ਨੂੰ ਹਟਾਉਣਾ ਭਾਰਤ ਤੇ ਸੰਸਾਰ ਦੀ ਸੁਰੱਖਿਆ ਨੂੰ ਖ਼ਤਰਾ :ਅਮਰਿੰਦਰ

Khalistani,Canada, India, Security, Amarinder

ਕਿਹਾ, ਭਾਰਤ-ਕੈਨੇਡਾ ਸਬੰਧਾਂ ‘ਤੇ ਵੀ ਪਵੇਗਾ ਇਸ ਦਾ ਅਸਰ

ਚੰਡੀਗੜ੍ਹ | ਅੱਤਵਾਦੀ ਚੁਣੌਤੀਆਂ ਬਾਰੇ ਰਿਪੋਰਟ 2018 ‘ਚ ਖਾਲਿਸਤਾਨੀ ਅੱਤਵਾਦ ਦੇ ਸਾਰੇ ਹਵਾਲੇ ਹਟਾਉਣ ਦੇ ਜਸਟਿਨ ਟਰੂਡੋ ਪ੍ਰਸ਼ਾਸਨ ਦੇ ਫੈਸਲੇ ਖਿਲਾਫ਼ ਵਿਰੋਧ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਭਾਰਤ ਤੇ ਸਮੁੱਚੇ ਸੰਸਾਰ ਦੀ ਸੁਰੱਖਿਆ ਲਈ ਖਤਰਾ ਦੱਸਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਇਸ ਫੈਸਲੇ ‘ਤੇ ਗੁੱਸਾ ਪ੍ਰਗਟ ਕੀਤਾ ਹੈ । ਉਨ੍ਹਾਂ ਕਿਹਾ ਕਿ ਇਸ ਦਾ ਸਪੱਸ਼ਟ ਉਦੇਸ਼ ਇਸ ਚੋਣ ਸਾਲ ਦੌਰਾਨ ਆਪਣੇ ਸਿਆਸੀ ਹਿੱਤਾਂ ਦੀ ਰੱਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੰਮੇ ਸਮੇਂ ਦੌਰਾਨ ਭਾਰਤ-ਕੈਨੇਡਾ ਸਬੰਧਾਂ ‘ਤੇ ਗੰਭੀਰ ਅਸਰ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਟਰੂਡੋ ਇਸ ਫੈਸਲੇ ਰਾਹੀਂ ਅੱਗ ਨਾਲ ਖੇਡ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਖੁਦ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਭਾਰਤ ਦੌਰੇ ਦੌਰਾਨ ਸਬੂਤ ਪੇਸ਼ ਕੀਤੇ ਸਨ ਜੋ ਕੈਨੇਡਾ ਦੀ ਧਰਤੀ ਨੂੰ ਵੱਖਵਾਦੀ ਖਾਲਿਸਤਾਨੀ ਵਿਚਾਰਧਾਰਾ ਦੇ ਪਸਾਰ ਤੇ ਮਿੱਤਰ ਦੇਸ਼ ਦੇ ਵਿਰੁੱਧ ਵਰਤੇ ਜਾਣ ਸਬੰਧੀ ਸਨ। ਮੁੱਖ ਮੰਤਰੀ ਨੇ ਕਿਹਾ ਕਿ ਟਰੂਡੋ ਨੂੰ ਕੈਨੇਡਾ ਤੋਂ ਭਾਰਤ ‘ਚ ਅੱਤਵਾਦੀ ਸਰਗਰਮੀਆਂ ਲਈ ਵਿੱਤ ਮੁਹੱਈਆ ਕਰਵਾਉਣ ਵਿੱਚ ਸ਼ਾਮਲ ਖਾਲਿਸਤਾਨੀ ਕਾਰਕੁੰਨਾਂ ਬਾਰੇ ਸੂਚਨਾ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਤੱਥ ਹੈ ਕਿ ਟਰੂਡੋ ਦੀ ਪਾਰਟੀ ਵਾਸਤੇ ਅਜਿਹੇ ਕਾਰਕੁੰਨਾਂ ਤੇ ਵੱਖਵਾਦੀਆਂ ਦੁਆਰਾ ਲਹਿਰਾਂ ਬਹਿਰਾਂ ਲਾਈਆਂ ਹਨ। ਉਨ੍ਹਾਂ ਨੇ ਵੱਖ-ਵੱਖ ਖਾਲਿਸਤਾਨੀ ਹਵਾਲੇ ਹਟਾਉਣ ਦੀ ਤਿੱਖੀ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਨਵੀਂ ਚੁਣੌਤੀ ਰਿਪੋਰਟ ‘ਚੋਂ ਖਾਲਿਸਤਾਨੀ ਸੰਗਠਨਾਂ ਨੂੰ ਬਾਹਰ ਰੱਖਣਾ ਸ਼ਾਂਤੀ ਪਸੰਦ ਵਿਸ਼ਵ ਭਾਈਚਾਰੇ ਦੀਆਂ ਨਜ਼ਰਾਂ ‘ਚ ਨਾ ਮੁਆਫ਼ੀਯੋਗ ਕਾਰਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਕੱਟੜਪੰਥੀਆਂ ਨੂੰ ਉਤਸ਼ਾਹਿਤ ਕਰਨ ਵਿਰੁੱਧ ਕੈਨੇਡਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਤੇ ਕੈਨੇਡਾ ਦੋਵਾਂ ਦੇ ਹਿੱਤਾਂ ਨੂੰ ਨਿਰਧਾਰਿਤ ਕਰਨ ਦੇ ਨਾਲ ਨਾਲ ਸੰਸਾਰ ਭਾਈਚਾਰੇ ਦੇ ਹਿੱਤਾਂ ਨਾਲ ਵੀ ਸਬੰਧਿਤ ਹੈ। ਉਨ੍ਹਾਂ ਕਿਹਾ ਕਿ ਸੰਸਾਰ ਕਿਸੇ ਵੀ ਸੂਰਤ ‘ਚ ਅੱਤਵਾਦ ਨੂੰ ਸਹਿਣ ਨਹੀਂ ਕਰ ਸਕਦਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।