ਖਡੂਰ ਸਾਹਿਬ : ਅਕਾਲੀ ਦਲਾਂ ਦੀ ਲੜਾਈ ਕਾਂਗਰਸ ਨੂੰ ਆਵੇਗੀ ਰਾਸ

KhadurSahib, AkaliDal, Congress

ਸਾਰੀਆਂ ਸਿਆਸੀ ਧਿਰਾਂ ਦੇ ਉਮੀਦਵਾਰ ਚੋਣ ਮੈਦਾਨ ‘ਚ ਨਿੱਤਰੇ

ਖਡੂਰ ਸਾਹਿਬ, ਰਾਜਨ ਮਾਨ

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਟਕਸਾਲੀ ਦੀ ਲੜਾਈ ਕਾਂਗਰਸ ਨੂੰ ਰਾਸ ਆਉਂਦੀ ਨਜ਼ਰ ਆ ਰਹੀ ਹੈ ਅਕਾਲੀ ਦਲ ਟਕਸਾਲੀ ਦੀ ਆਮਦ ਕਾਰਨ ਪੰਥਕ ਵੋਟ ਬੈਂਕ ਵੰਡਿਆ ਗਿਆ ਹੈ, ਜਿਸ ਦਾ ਲਾਹਾ ਕਾਂਗਰਸ ਨੂੰ ਮਿਲਦਾ ਨਜ਼ਰ ਆ ਰਿਹਾ ਹੈ।

  ਮਾਝੇ ਦਾ ਲੋਕ ਸਭਾ ਹਲਕਾ ਖਡੂਰ ਸਾਹਿਬ ਜਿਸ ਨੂੰ ਕਿ ਪੰਥਕ ਹਲਕਾ ਮੰਨਿਆ ਜਾ ਰਿਹਾ ਹੈ ਵਿੱਚ ਇਸ ਵਾਰ ਸਾਰੀਆਂ ਧਿਰਾਂ ਵੱਲੋਂ ਪੰਥਕ ਪੱਤਾ ਖੇਡਿਆ ਗਿਆ ਹੈ ਕਾਂਗਰਸ ਤੇ ਖਹਿਰਾ ਦੇ ਫਰੰਟ ਦੇ ਉਮੀਦਵਾਰ ਹੀ ਹਲਕੇ ਨਾਲ ਸਬੰਧਿਤ ਹਨ ਜਦਕਿ ਅਕਾਲੀ ਦਲ ਵੱਲੋਂ ਵੀ ਹਲਕੇ ਤੋਂ ਬਾਹਰੀ ਵਿਅਕਤੀ ਬੀਬੀ ਜਗੀਰ ਕੌਰ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ ਤੇ ਇਸੇ ਤਰ੍ਹਾਂ ਅਕਾਲੀ ਦਲ ਟਕਸਾਲੀ ਵੱਲੋਂ ਵੀ ਹਲਕੇ ਤੋਂ ਬਾਹਰੀ ਵਿਅਕਤੀ ਜਨਰਲ ਜੇ ਜੇ ਸਿੰਘ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ ਇਸ ਹਲਕੇ ਤੋਂ ਇਸ ਵਾਰ ਹਲਕੇ ਤੇ ਬਾਹਰੀ ਵਿਅਕਤੀਆਂ ਵਿਚਕਾਰ ਮੁਕਾਬਲਾ ਹੋਵੇਗਾ ਪੰਥਕ ਹਲਕਾ ਹੋਣ ਕਾਰਨ ਹੁਣ ਤੱਕ ਇਸ ਹਲਕੇ ‘ਤੇ ਅਕਾਲੀ ਦਲ ਹੀ ਜ਼ਿਆਦਾ ਕਾਬਜ਼ ਰਿਹਾ ਹੈ ਪਰ ਇਸ ਵਾਰ ਹਾਲਾਤ ਕੁਝ ਹੋਰ ਹੀ ਨਜ਼ਰ ਆ ਰਹੇ ਹਨ  ।

ਅਕਾਲੀ ਦਲ ਨੂੰ ਸਭ ਤੋਂ ਵੱਡਾ ਝਟਕਾ ਵੀ ਇਸ ਹਲਕੇ ਤੋਂ ਮਿਲਿਆ ਸੀ ਜਦੋਂ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂ ਤੇ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲਾਂ ਵਿਰੁੱਧ ਝੰਡਾ ਚੁੱਕਦਿਆਂ ਬਗਾਵਤ ਕਰਕੇ ਵੱਖਰਾ ਅਕਾਲੀ ਦਲ ਟਕਸਾਲੀ ਬਣਾ ਲਿਆ ਸੀ ਇਸ ਧੜ੍ਹੇ ਵੱਲੋਂ ਇਸ ਹਲਕੇ ਤੋਂ ਸਾਬਕਾ ਜਨਰਲ ਜੇ ਜੇ ਸਿੰਘ ਨੂੰ ਆਪਣਾ ਉਮੀਦਵਾਰ ਐਲਾਨ ਕੇ ਪੰਥਕ ਵੋਟ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਪੰਜਾਬ ਡੈਮੋਕਰੇਟਿਕ ਅਲਾਇੰਸ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ ਬੀਬੀ ਖਾਲੜਾ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਹਨ ਅਕਾਲੀ ਦਲ ਹਮੇਸ਼ਾ ਹੀ ਇਸ ਹਲਕੇ ਤੋਂ ਪੰਥ ਦੇ ਨਾਂਅ ‘ਤੇ ਹੋਕਾ ਦੇ ਕੇ ਵੋਟਾਂ ਲੈਂਦਾ ਰਿਹਾ ਹੈ ਇਸ ਵਾਰ ਹਲਕੇ ਦੇ ਲੋਕ ਅਕਾਲੀ ਦਲ ਦਾ ਇਹ ਹੋਕਾ ਸੁਣਨ ‘ਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਵਿਖਾ ਰਹੇ ਬ੍ਰਰਮਪੁਰਾ ਦਾ ਆਪਣਾ ਹਲਕਾ ਹੋਣ ਕਾਰਨ ਵੀ ਅਕਾਲੀ ਦਲ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਧਰ ਅਕਾਲੀ ਦਲ ਨੇ ਹਲਕੇ ਅੰਦਰ ਆਪਣਾ ਕੋਈ ਕੱਦਵਾਰ ਆਗੂ ਨਾ ਹੋਣ ਕਾਰਨ ਬਾਹਰੋਂ ਬੀਬੀ ਜਗੀਰ ਕੌਰ ਨੂੰ ਲਿਆ ਕੇ ਮੈਦਾਨ ‘ਚ ਉਤਾਰਿਆ ਹੈ ਅਕਾਲੀ ਦਲ ਦੇ ਇਸ ਹਲਕੇ ਤੋਂ ਸਾਂਸਦ ਰਹੇ ਡਾ. ਰਤਨ ਸਿੰਘ ਅਜਨਾਲਾ ਤੇ ਰਣਜੀਤ ਸਿੰਘ ਬ੍ਰਰਮਪੁਰਾ ਦੋਵੇਂ ਹੀ ਅਕਾਲੀ ਦਲ ਨੂੰ ਅਲਵਿਦਾ ਕਹਿ ਗਏ ਹਨ ਪੰਥਕ ਵੋਟ ਦੇ ਵੰਡੇ ਜਾਣ ਦਾ ਕਾਂਗਰਸ ਪਾਰਟੀ ਨੂੰ ਲਾਹਾ ਮਿਲ ਸਕਦਾ ਹੈ ਕਾਂਗਰਸ ਪਾਰਟੀ ਇਸ ਹਲਕੇ ਤੋਂ ਕਰੀਬ ਪੰਜ ਦਹਾਕੇ ਦਾ ਅਕਾਲੀ ਦਲ ਦਾ ਕਬਜ਼ਾ ਤੋੜਨ ਦੇ ਰੌਂਅ ‘ਚ ਹੈ ਉਂਝ ਕਾਂਗਰਸ ਪਾਰਟੀ ਨੇ ਇਸ ਹਲਕੇ ਤੋਂ ਮਜ਼ਬੂਤ ਉਮੀਦਵਾਰ ਮੈਦਾਨ ‘ਚ ਉਤਾਰਿਆ ਹੈ ਕਾਂਗਰਸ ਦੇ ਉਮੀਦਵਾਰ  ਜਸਬੀਰ ਸਿੰਘ ਡਿੰਪਾ ਹਲਕੇ ਦੇ ਹੋਣ ਕਾਰਨ ਆਪਣਾ ਚੰਗਾ ਆਧਾਰ ਵੀ ਹਲਕੇ ‘ਚ ਰੱਖਦੇ ਹਨ ਉਹ ਬਾਬਾ ਬਕਾਲਾ ਵਿਧਾਲ ਸਭਾ ਹਲਕੇ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ ਤੇ ਅੱਜ ਵੀ ਲੋਕ ਉਨ੍ਹਾਂ ਨਾਲ ਪੂਰੀ ਸ਼ਿੱਦਤ ਨਾਲ ਜੁੜੇ ਹੋਏ ਹਨ ਕਾਂਗਰਸ ਪਾਰਟੀ ਇਸ ਹਲਕੇ ‘ਤੇ ਆਪਣਾ ਕਬਜ਼ਾ ਜਮਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ ਤੇ ਅਕਾਲੀ ਉਮੀਦਵਾਰ ਦਾ ਪੈਂਡਾ ਵਿਖਰਿਆ ਨਜ਼ਰ ਆ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।