ਖਹਿਰਾ ਦੀ ਹਾਜ਼ਰੀ ‘ਚ ਵਲੰਟੀਅਰਾਂ ਲਾਏ ਕੇਜਰੀਵਾਲ ਤੇ ਭਗਵੰਤ ਮਾਨ ਦੇ ਹੱਕ ‘ਚ ਨਾਅਰੇ

Kejriwal, Bhagwant Mann, Slogans, Raised, Presence, Khaira

ਖਹਿਰਾ ਨੇ ‘ਆਪ’ ਵਲੰਟੀਅਰਾਂ ਤੋਂ ਮਾਈਕ ਖੋਹ ਕੇ ਬਾਹਰ ਕਢਵਾਇਆ

  • ਹੋਟਲ ਦੇ ਬਾਹਰ ਲਾਏ ‘ਸੁਖਪਾਲ ਖਹਿਰਾ ਮੁਰਦਾਬਾਦ’ ਦੇ ਨਾਅਰੇ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਆਪਣੀ ਸਾਖ਼ ਬਣਾਉਣ ਵਿੱਚ ਰੁੱਝੇ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਵਿਖੇ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਉਸ ਦੀ ਮੌਜ਼ੂਦਗੀ ‘ਚ ਆਪਣੇ ਆਗੂ ਅਰਵਿੰਦ ਕੇਜਰੀਵਾਲ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਹੱਕ ਵਿੱਚ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ ਸਥਿਤੀ ਇਹ ਬਣ ਗਈ ਕਿ ਅੱਗ ਭਬੂਕਾ ਹੋਏ ਖਹਿਰਾ ਨੂੰ ਖੁਦ ਉੱਠ ਕੇ ਉਨ੍ਹਾਂ ਕੋਲੋਂ ਮਾਈਕ ਖੋਹਣਾ ਪਿਆ ਅਤੇ ਪੁਲਿਸ ਤੋਂ ਉਨ੍ਹਾਂ ਵਲੰਟੀਅਰਾਂ ਨੂੰ ਹੋਟਲ ਦੇ ਪਿਛਲੇ ਦਰਵਾਜਿਓਂ ਬਾਹਰ ਕਢਵਾ ਦਿੱਤਾ।

ਮੌਕੇ ਤੋਂ ਹਾਸਲ ਜਾਣਕਾਰੀ ਮੁਤਾਬਕ ਅੱਜ ਸੰਗਰੂਰ ਦੇ ਸ਼ਿਵਾਲਿਕ ਹੋਟਲ ਵਿਖੇ ਮੀਟਿੰਗ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਆਖ ਕੇ ਸੱਦੀ ਗਈ ਸੀ ਪਰ ਉਸ ਵਿੱਚ ਸਿਰਫ਼ ਖਹਿਰੇ ਦੇ ਸਮਰਥਕ ਜਿਨ੍ਹਾਂ ਦੀ ਗਿਣਤੀ 150 ਦੇ ਕਰੀਬ ਸੀ, ਉਹ ਹੀ ਪੁੱਜੇ। ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਪਾਰਟੀ ਤੋਂ ਬਾਗ਼ੀ ਹੋਏ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਖਾਲਸਾ ਵੀ ਉਸ ਨਾਲ ਸੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਕੋਈ ਹੋਰ ਸੀਨੀਅਰ ਆਗੂ ਉੱਥੇ ਨਾ ਪਹੁੰਚਿਆ ਹੋਟਲ ਦੇ ਇੱਕ ਹਾਲ ਵਿੱਚ ਮੀਟਿੰਗ ਚੱਲ ਰਹੀ ਸੀ ਜਿੱਥੇ ਖਹਿਰਾ ਨੇ ਮਾਈਕ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮੁੜ ਹੋਈਆਂ ਛੁੱਟੀਆਂ, ਜਾਣੋ ਕਾਰਨ

ਪਹਿਲਾਂ ਮਾਈਕ ਤੋਂ ਸਿਰਫ਼ ਖਹਿਰਾ ਸਮਰਥਕ ਦੋ ਤਿੰਨ ਬੁਲਾਰਿਆਂ ਨੇ ਸੰਬੋਧਨ ਕੀਤਾ ਪਰ ਜਿਉਂ ਹੀ ਆਮ ਆਦਮੀ ਪਾਰਟੀ ਦੇ ਸੰਗਰੂਰ ਦੇ ਸੀਨੀਅਰ ਆਗੂ ਇੰਦਰਪਾਲ ਸਿੰਘ ਨੂੰ ਬੋਲਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਆਉਣ ਸਾਰ ਸਟੇਜ ਤੋਂ ਇਹ ਆਖ਼ ਦਿੱਤਾ ਕਿ ਅਰਵਿੰਦ ਕੇਜਰੀਵਾਲ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਆਗੂ ਹਨ। ਜਿਨ੍ਹਾਂ ਨੇ ਆਪਣੀ ਜੀਅ ਤੋੜ ਮਿਹਨਤ ਨਾਲ ਪਾਰਟੀ ਖੜ੍ਹੀ ਕੀਤੀ ਹੈ। ਇੰਦਰਪਾਲ ਨੇ ਪਾਰਟੀ ਦੇ ਬਾਗੀ ਵਿਧਾਇਕਾਂ ਵੱਲ ਇਸ਼ਾਰਾ ਕਰਦਿਆਂ ਆਖਿਆ ਕੀ ਉਹ ਅਰਵਿੰਦ ਕੇਜਰੀਵਾਲ ਵਾਂਗ ਕੰਮ ਕਰ ਸਕਦੇ ਹਨ। ਏਨਾ ਕਹਿਣ ਦੀ ਦੇਰ ਸੀ ਕਿ ਹਾਲ ਵਿੱਚ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ ਅਤੇ ਖਹਿਰਾ ਦੇ ਕੁਝ ਸਮਰਥਕਾਂ ਨੇ ਉੱਠ ਕੇ ਇੰਦਰਪਾਲ ਨੂੰ ਬੋਲਣੋਂ ਹਟਾਉਣ ਦਾ ਯਤਨ ਕੀਤਾ ਪਰ ਉਹ ਬੋਲਦੇ ਰਹੇ ਅਤੇ ਉਨ੍ਹਾਂ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਪੰਡਾਲ ਵਿੱਚ ਬੈਠੇ ਕੇਜਰੀਵਾਲ ਸਮਰਥਕਾਂ ਨੇ ਵੀ ਇੰਦਰਪਾਲ ਦਾ ਸਾਥ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਨਾਲ ਸਾਰਾ ਹਾਲ ਗੂੰਜਾ ਦਿੱਤਾ। ਹਾਲਾਤ ਬੇਵਸ ਹੋਣ ਪਿੱਛੋਂ ਖਹਿਰਾ ਆਪਣੀ ਸੀਟ ਤੋਂ ਉੱਠਿਆ ਅਤੇ ਉਸ ਨੇ ਇੰਦਰਪਾਲ ਤੋਂ ਮਾਇਕ ਖੋਹ ਲਿਆ ਅਤੇ ਖਹਿਰੇ ਦੇ ਸੁਰੱਖਿਆ ਵਾਸਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਸਾਰੇ ਕੇਜਰੀਵਾਲ ਸਮਰਥਕਾਂ ਨੂੰ ਹੋਟਲ ਦੇ ਪਿਛਲੇ ਗੇਟ ਰਾਹੀਂ ਬਾਹਰ ਕੱਢ ਕੇ ਅੰਦਰੋਂ ਕੁੰਡਾ ਬੁੰਦ ਕਰ ਦਿੱਤਾ। ਉਨ੍ਹਾਂ ਹੋਟਲ ਦੇ ਬਾਹਰ ਖੜ੍ਹ ਕੇ ਖਹਿਰਾ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। (Bhagwant Maan)

ਇਹ ਵੀ ਪੜ੍ਹੋ : ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੁੱਜੇ ਵਿਜੀਲੈਂਸ ਦਫ਼ਤਰ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਦਰਪਾਲ ਸਿੰਘ ਨੇ ਕਿਹਾ ਕਿ ਅਸੀਂ ਸਵੇਰ ਤੋਂ ਖਹਿਰੇ ਦੀ ਉਡੀਕ ਵਿੱਚ ਸਾਂ। ਉਨ੍ਹਾਂ ਆਖਿਆ ਕਿ ਸਾਰੇ ਵਲੰਟੀਅਰਾਂ ਨੂੰ ਇਹ ਸੱਦਾ ਭੇਜਿਆ ਗਿਆ ਸੀ ਕਿ ਆਮ ਆਮੀ ਪਾਰਟੀ ਦੀ ਮੀਟਿੰਗ ਹੈ ਪਰ ਜਦੋਂ ਅਸੀਂ ਆਪਣੇ ਵਿਚਾਰ ਪ੍ਰਗਟਾਉਂਦਿਆਂ ਅਰਵਿੰਦ ਕੇਜਰੀਵਾਲ ਦੀ ਸ਼ਲਾਘਾ ਕੀਤੀ ਜਿਹੜੀ ਖਹਿਰਾ ਅਤੇ ਉਸ ਦੇ ਸਮਰਥਕਾਂ ਨੂੰ ਪਸੰਦ ਨਹੀਂ ਆਈ ਅਤੇ ਉਨ੍ਹਾਂ ਕਈ ਪਾਰਟੀ ਆਗੂਆਂ ਨੂੰ ਬਾਹਰ ਕੱਢ ਦਿੱਤਾ। (Bhagwant Maan)

ਇਸ ਮੌਕੇ ਤੇ ਮੌਜ਼ੂਦ ਆਪ ਦੇ ਇੱਕ ਹੋਰ ਆਗੂ ਗੁਰਦੀਪ ਸਿੰਘ ਫੱਗੂਵਾਲਾ ਨੇ ਕਿਹਾ ਕਿ ਖਹਿਰਾ ਵਲੰਟੀਅਰਾਂ ਨੂੰ ਅਵਾਜ਼ ਨੂੰ ਦਬਾ ਕੇ ਕਿਹੜੇ ਲੋਕਤੰਤਰ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੀ ਪਾਰਟੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਨਾਲ ਡਟ ਕੇ ਖੜ੍ਹੀ ਤੇ ਖੜ੍ਹੀ ਰਹੇਗੀ, ਵਿਰੋਧੀਆਂ ਦੇ ਮਨਸੂਬੇ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਦੂਜੇ ਪਾਸੇ ਸੁਖਪਾਲ ਖਹਿਰੇ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਇਹ ਮੀਟਿੰਗ ਆਮ ਆਦਮੀ ਪਾਰਟੀ ਵੱਲੋਂ ਹੀ ਰੱਖੀ ਗਈ ਸੀ ਪਰ ਕੁਝ ਲੋਕਾਂ ਨੂੰ ਇਹ ਮਨਜ਼ੂਰ ਨਹੀਂ। ਉਸ ਨੇ ਕਿਹਾ ਕਿ ਹਰੇਕ ਜਥੇਬੰਦੀ ‘ਚ ਪੰਜ-ਸੱਤ ਫੀਸਦੀ ਅਜਿਹੇ ਆਗੂ ਹੁੰਦੇ ਹਨ ਜਿਹੜਾ ਪਾਰਟੀ ਦਾ ਮਾਹੌਲ ਖਰਾਬ ਕਰਦੇ ਹਨ।

ਖਹਿਰਾ ਖਿਲਾਫ਼ ਪਾਰਟੀ ਕਰ ਰਹੀ ਹੈ ਸਖ਼ਤ ਕਾਰਵਾਈ : ਚੀਮਾ | Bhagwant Maan

ਸੰਗਰੂਰ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਖੁਦ ਮੁਖ਼ਤਿਆਰ ਬਣ ਕੇ ਪਾਰਟੀ ਦੀ ਸਾਖ ਨਾ ਖਰਾਬ ਕਰਨ ਪਾਰਟੀਆਂ ਖੁਦ ਮੁਖ਼ਤਿਆਰੀ ਨਾਲ ਨਹੀਂ ਚਲਦੀਆਂ ਹੁੰਦੀਆਂ ਹਨ, ਸਾਰੇ ਵਲੰਟੀਅਰਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ।

ਚੀਮਾ ਨੇ ਕਿਹਾ ਕਿ ਸਾਨੂੰ ਅੱਜ ਪਤਾ ਲੱਗਿਆ ਹੈ ਕਿ ਸੁਖਪਾਲ ਖਹਿਰੇ ਨੇ ਅੱਜ ਵਲੰਟੀਅਰਾਂ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਸੀਨੀਅਰ ਲੀਡਰਾਂ ਨੂੰ ਇਸ ਕਰਕੇ ਮੀਟਿੰਗ ਵਿੱਚੋਂ ਬਾਹਰ ਕਢਵਾ ਦਿੱਤਾ ਕਿ ਉਹ ਪਾਰਟੀ ਦੇ ਮੋਹਰੀ ਆਗੂ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਨਾਅਰੇ ਲਾ ਰਹੇ ਸਨ। ਉਨ੍ਹਾਂ ਕਿਹਾ ਕਿ ਖਹਿਰੇ ਦੀ ਇਹ ਗੱਲ ਬਹੁਤ ਗਲਤ ਹੈ ਅਤੇ ਉਨ੍ਹਾਂ ਨੇ ਇਸ ਬਾਰੇ ਪਾਰਟੀ ਹਾਈਕਮਾਂਡ ਨੂੰ ਵੀ ਲਿਖ ਕੇ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਵੱਲੋਂ ਖਹਿਰੇ ਦੇ ਖਿਲਾਫ਼ ਕੋਈ ਸਖ਼ਤ ਫੈਸਲਾ ਲਿਆ ਜਾ ਸਕਦਾ ਹੈ। ਚੀਮਾ ਨੇ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਕਹਿ ਕੇ ਰਹੇ ਹਾਂ ਕਿ ਸੁਖਪਾਲ ਖਹਿਰਾ ਗਲਤ ਹੱਥਾਂ ਵਿੱਚ ਖੇਡ ਰਿਹਾ ਹੈ। ਆਰ.ਐਸ.ਐਸ. ਨੇ ਬੈਂਸ ਭਰਾਵਾਂ ਦੇ ਰਾਹੀਂ ਸੁਖਪਾਲ ਖਹਿਰੇ ਨਾਲ ਮਿਲ ਕੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਯੋਜਨਾ ਉਲੀਕੀ ਹੋਈ ਹੈ ਪਰ ਇਸ ਨੂੰ ਕਿਸੇ ਵੀ ਹਾਲਤ ਵਿੱਚ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।