ਜਵਾਹਰੇ ਵਾਲਾ ਕਤਲ ਕਾਂਡ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ

Jawahre wala Murder Case,  Magistrates, Inquiry Order

ਜਵਾਹਰੇ ਵਾਲਾ ਕਤਲ ਕਾਂਡ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ

ਭਜਨ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਰਾਜ ਸਿੰਘ, ਮੈਂਬਰ ਸ੍ਰੀ ਕਰਨਵੀਰ ਸਿੰਘ ਇੰਦੌਰਾ ਅਤੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਨੇ ਅੱਜ ਜ਼ਿਲ੍ਹੇ ਦਾ ਦੌਰਾ ਕਰਕੇ ਜਵਾਹਰੇਵਾਲਾ ‘ਚ ਵਾਪਰੇ ਦੋਹਰੇ ਕਤਲ ਕਾਂਡ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਐੱਸਸੀ ਕਮਿਸ਼ਨ ਪੀੜਤ ਪਰਿਵਾਰਾਂ ਨੂੰ ਇਨਸਾਫ ਦੁਆਏਗਾ। ਇਸ ਮੌਕੇ ਉਨ੍ਹਾਂ ਨੇ ਇਸ ਵਾਰਦਾਤ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਐੱਸਡੀਐੱਮ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤੇ ਤੇ 23 ਜੁਲਾਈ ਨੂੰ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਤੇ ਨਾਲ ਹੀ ਉਨ੍ਹਾਂ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਨੂੰ ਕਿਹਾ ਕਿ ਸਾਰੇ ਦੋਸ਼ੀ 23 ਜੁਲਾਈ ਤੱਕ ਗ੍ਰਿਫਤਾਰ ਕੀਤੇ ਜਾਣ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਾ ਜਾਵੇ।

ਸੀਨੀਅਰ ਵਾਈਸ ਚੇਅਰਮੈਨ ਸ੍ਰੀ ਰਾਜ ਸਿੰਘ, ਮੈਂਬਰ ਸ੍ਰੀ ਕਰਨਵੀਰ ਸਿੰਘ ਇੰਦੌਰਾ ਤੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਨੇ ਪੁਲਿਸ ਨੂੰ ਦੋਸ਼ੀਆਂ ਦੀ ਭਾਲ ਹੋਰ ਤੇਜ਼ੀ ਨਾਲ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਪਰਿਵਾਰ ਨੂੰ ਇਨਸਾਫ ਮੁਹੱਈਆ ਕਰਵਾਉਣ ਲਈ ਇਸ ਕੇਸ ਦੀ ਖੁਦ ਨਜ਼ਰਸਾਨੀ ਕਰ ਰਿਹਾ ਹੈ। ਉਨ੍ਹਾਂ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਤੇ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਦੇਣ ਵਾਲਿਆਂ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੀਨਿਅਰ ਵਾਈਸ ਚੇਅਰਮੈਨ ਸ੍ਰੀ ਰਾਜ ਸਿੰਘ, ਮੈਂਬਰ ਸ੍ਰੀ ਕਰਨਵੀਰ ਸਿੰਘ ਇੰਦੋਰਾ ਅਤੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਐਸਸੀ ਐਕਟ ਤਹਿਤ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲੇਗਾ ਤੇ ਦੋਵਾਂ ਪਰਿਵਾਰਾਂ ਨੂੰ ਕੁੱਲ 16.50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਇਸ ਮੌਕੇ ਐੱਸਐੱਸਪੀ ਸ੍ਰ. ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਇਸ ਕੇਸ ਵਿੱਚ 12 ਨਾਮਜ਼ਦ ਦੋਸ਼ੀਆਂ ‘ਚੋਂ 5 ਗ੍ਰਿਫਤਾਰ ਹੋ ਚੁੱਕੇ ਹਨ। ਇੱਕ ਵਿਅਕਤੀ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਕੇਸ ਵਿੱਚ ਐੱਸਸੀ ਐਕਟ ਵੀ ਲਾਇਆ ਗਿਆ ਹੈ। ਪੁਲਿਸ ਵੱਲੋਂ ਇਸ ਕੇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰ ਟੀਮਾਂ ਲਗਾਤਾਰ ਕਾਰਵਾਈ ਕਰ ਰਹੀਆਂ ਹਨ। ਐੱਸਡੀਐੱਮ ਸ੍ਰ. ਰਣਦੀਪ ਸਿੰਘ ਹੀਰ ਨੇ ਕਿਹਾ ਕਿ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਜ਼ਿਲ੍ਹਾ ਭਲਾਈ ਅਫਸਰ ਸ੍ਰ. ਜਗਮੋਹਨ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਐਸ.ਸੀ. ਐਕਟ ਨਾਲ ਸਬੰਧਿਤ ਹੁਣ ਤੱਕ 59 ਕੇਸਾਂ ‘ਚ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।