ਮੋਹਾਲੀ ਤੋਂ ISI ਏਜੰਟ ਗ੍ਰਿਫਤਾਰ, ਪਾਕਿ ਅੱਤਵਾਦੀਆਂ ਨਾਲ ਜੁੜੇ ਤਾਰ

ਪੰਜਾਬ ਪੁਲਿਸ ਨੂੰ ਮਿਲੀ ਕਾਮਯਾਬੀ ਸਰਕਾਰੀ ਇਮਾਰਤਾਂ ਦੇ ਨਕਸ਼ੇ ਦੇਣ ਦੇ ਦੋਸ਼ ‘ਚ ਮੋਹਾਲੀ ਤੋਂ ISI ਏਜੰਟ ਗ੍ਰਿਫਤਾਰ

ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਲਈ ਭਾਰਤ ਵਿੱਚ ਜਾਸੂਸੀ ਕਰਨ ਦੇ ਦੋਸ਼ ਵਿੱਚ ਇੱਕ ਜਾਸੂਸ ਤਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਐਸਓਸੀ ਦੇ ਏਆਈਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਟੀਮ ਨੇ ਉਸ ਨੂੰ ਬੁੱਧਵਾਰ ਦੇਰ ਰਾਤ ਫੇਜ਼-1 ਤੋਂ ਗ੍ਰਿਫ਼ਤਾਰ (ISI Agent Arrested) ਕੀਤਾ ਅਤੇ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੋਂ ਉਸ ਨੂੰ ਚਾਰ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਉਹ ਚੰਡੀਗੜ੍ਹ ਦੇ ਸੈਕਟਰ-40 ਡੀ ਦਾ ਵਸਨੀਕ ਹੈ।

ਅਦਾਲਤ ‘ਚ ਸੁਣਵਾਈ ਦੌਰਾਨ ਐਸਐਸਓਸੀ ਨੇ ਕਿਹਾ ਕਿ ਉਸ ਦੇ ਤਾਰ ਪਾਕਿਸਤਾਨ ਤੋਂ ਸੰਚਾਲਿਤ ਕਈ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਹਨ। ਉਹ ਭਾਰਤ ਅਤੇ ਪੰਜਾਬ ਦੇ ਵੱਡੇ ਅਦਾਰਿਆਂ, ਠਿਕਾਣਿਆਂ, ਸੰਵੇਦਨਸ਼ੀਲ ਸਰਕਾਰੀ ਇਮਾਰਤਾਂ ਦੇ ਨਕਸ਼ੇ ਅਤੇ ਤਸਵੀਰਾਂ ਆਈਐਸਆਈ ਨੂੰ ਭੇਜਦਾ ਸੀ। ਉਸ ਕੋਲੋਂ ਪੁੱਛਗਿੱਛ ‘ਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐਸਐਸਓਸੀ ਨੇ ਅਦਾਲਤ ਤੋਂ ਸੱਤ ਦਿਨ ਦੇ ਰਿਮਾਂਡ ਦੀ ਮੰਗ ਕੀਤੀ। ਜੱਜ ਨੇ ਦਲੀਲਾਂ ਸੁਣਨ ਤੋਂ ਬਾਅਦ ਚਾਰ ਦਿਨ ਦਾ ਰਿਮਾਂਡ ਦੇ ਦਿੱਤਾ ਹੈ।

ਫੋਨ ਤੋਂ ਬਰਾਮਦ ਹੋਈ ਐਸਐਸਓਸੀ ਇਮਾਰਤ ਦੀ ਭੇਜੀ ਵੀਡੀਓ

ਇਲਜ਼ਾਮ ਹੈ ਕਿ ਤਪਿੰਦਰ ਸਿੰਘ ਨੇ ਪੰਜਾਬ ਪੁਲਿਸ ਦੀਆਂ ਇਮਾਰਤਾਂ, ਦਫ਼ਤਰਾਂ, ਥਾਣਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਬਣਾ ਕੇ ਆਈ.ਐਸ.ਆਈ. ਨੂੰ ਭੇਜੀਆਂ ਸਨ। (ISI Agent Arrested) ਇੰਨਾ ਹੀ ਨਹੀਂ ਉਹ ਉਨ੍ਹਾਂ ਦੀ ਲੋਕੇਸ਼ਨ ਵੀ ਉਨ੍ਹਾਂ ਨੂੰ ਭੇਜਦਾ ਸੀ। ਉਸ ਨੇ ਐਸਐਸਓਸੀ ਬਿਲਡਿੰਗ ਦੀ ਇੱਕ ਵੀਡੀਓ ਵੀ ਭੇਜੀ ਸੀ ਜੋ ਉਸ ਦੇ ਫੋਨ ਤੋਂ ਬਰਾਮਦ ਹੋਈ ਹੈ। ਇਸ ਦੇ ਬਦਲੇ ਤਪਿੰਦਰ ਨੂੰ ਮੋਟੀ ਰਕਮ ਮਿਲਦੀ ਸੀ। ਉਸ ਕੋਲੋਂ ਦੋ ਮੋਬਾਈਲ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚ ਦਰਜਨਾਂ ਨੰਬਰ ਪਾਕਿਸਤਾਨ ਦੇ ਮਿਲੇ ਹਨ।

ਉਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਮੁਲਜ਼ਮ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਐਪ ਰਾਹੀਂ ਆਈਐਸਆਈ ਏਜੰਟ ਨਾਲ ਗੱਲ ਕਰ ਰਿਹਾ ਸੀ। ਉਸ ਦੇ ਫੋਨ ‘ਚੋਂ ਪਾਕਿਸਤਾਨ ‘ਚ ਬੈਠੇ ਏਜੰਟਾਂ ਨਾਲ ਹੋਈ ਚੈਟ ਵੀ ਬਰਾਮਦ ਹੋਈ ਹੈ। ਪੁਲੀਸ ਨੂੰ ਸ਼ੱਕ ਹੈ ਕਿ ਇਸ ਵੱਲੋਂ ਭੇਜੀ ਸੂਚਨਾ ਦੇ ਆਧਾਰ ’ਤੇ ਮੁਹਾਲੀ ਵਿੱਚ ਪੁਲੀਸ ਇੰਟੈਲੀਜੈਂਸ ਹੈੱਡਕੁਆਰਟਰ ਅਤੇ ਤਰਨਤਾਰਨ ਦੇ ਪੁਲੀਸ ਸਟੇਸ਼ਨ ’ਤੇ ਪਿਛਲੇ ਦਿਨੀਂ ਹਮਲੇ ਹੋਏ ਹਨ।

ਪਿਛਲੇ ਕਰੀਬ ਚਾਰ ਸਾਲਾਂ ਜਾਣਕਾਰੀ ਭੇਜ ਰਿਹਾ ਸੀ

ਦੱਸ ਦੇਈਏ ਕਿ ਤਪਿੰਦਰ ਸਿੰਘ ਡਬਲ ਐਮ.ਏ. ਹੈ। ਉਸਨੇ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਕਾਲਜ ਤੋਂ ਪੰਜਾਬੀ ਵਿੱਚ ਐਮਏ ਅਤੇ ਪੰਜਾਬ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਐਮਏ ਕੀਤੀ ਹੈ। ਉਹ 2018 ਵਿੱਚ ਸੋਸ਼ਲ ਮੀਡੀਆ ਰਾਹੀਂ ਆਈਐਸਆਈ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਸ ਤੋਂ ਬਾਅਦ ਉਸਨੇ ਉਨ੍ਹਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਪਿਛਲੇ ਕਰੀਬ ਚਾਰ ਸਾਲਾਂ ਤੋਂ ਉਨ੍ਹਾਂ ਨੂੰ ਜਾਣਕਾਰੀ ਭੇਜ ਰਿਹਾ ਸੀ। ਉਸ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਪਹਿਲਾਂ ਵੀ ਉਸ ਨੇ ਫੌਜ ਅਤੇ ਹੋਰ ਥਾਵਾਂ ਬਾਰੇ ਜਾਣਕਾਰੀ ਭੇਜੀ ਸੀ, ਜਿਸ ਨੂੰ ਉਸ ਨੇ ਡਿਲੀਟ ਕਰ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ