ਚੰਦਰਯਾਨ-3 ਤੋਂ ਭਾਰਤ ਨੂੰ ਉਮੀਦਾਂ

Chandrayaan 3

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅੱਜ ਦੁਪਹਿਰ 2:35 ਵਜੇ ਸ੍ਰੀ ਹਰੀਕੋਟਾ ਤੋਂ ਚੰਦਰਯਾਨ-3 (Chandrayaan 3) ਨੂੰ ਲਾਂਚਿੰਗ ਗੱਡੀ ਮਾਰਕ-3 ਜ਼ਰੀਏ ਲਾਂਚ ਕਰੇਗਾ। ਚੰਦਰਯਾਨ-3 ਕਾਫ਼ੀ ਹੱਦ ਤੱਕ ਚੰਦਰਯਾਨ-2 ਦੀ ਕਾਪੀ ਹੈ। ਜੁਲਾਈ 2019 ’ਚ ਇੱਕ ਰੋਵਰ ਪ੍ਰਗਿਆਨ ਸਮੇਤ ਇੱਕ ਆਰਬਿਟਰ ਅਤੇ ਲੈਂਡਰ ਵਿਕਰਮ ਦੇ ਰੂਪ ’ਚ ਲਾਂਚ ਕੀਤਾ ਗਿਆ ਸੀ। ਮਾੜੀ ਕਿਸਮਤ ਨੂੰ ਇਹ ਚੰਦਰਮਾ ਦੀ ਸਤ੍ਹਾ ’ਤੇ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ। ਵਿਗਿਆਨੀਆਂ ਨੇ ਇਸ ਅਸਫਲਤਾ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਇਨ੍ਹਾਂ ਕਮੀਆਂ ਨੂੰ ਇਸ ਵਾਰ ਦਰੁਸਤ ਕੀਤਾ ਹੈ। ਇਸ ਮਿਸ਼ਨ ਦੀ ਸਫਲਤਾ ਦੀਆਂ ਸੰਭਾਵਨਾਵਾਂ ਨੂੰ ਯਕੀਨੀ ਬਣਾਉਣ ਲਈ ਇਸਰੋ ਨੇ ਲੈਂਡਿੰਗ ਸਿਸਟਮ ’ਚ ਕਾਫ਼ੀ ਸੁਧਾਰ ਕੀਤੇ ਹਨ। ਇਸ ਪੂਰੇ ਮਿਸ਼ਨ ’ਚ ਲੈਂਡਿੰਗ ਸਭ ਤੋਂ ਮੁਸ਼ਕਲ ਹੁੰਦੀ ਹੈ।

ਜੇਕਰ ਇਹ ਮਿਸ਼ਨ ਸਫ਼ਲ ਹੁੰਦਾ ਹੈ ਤਾਂ ਭਾਰਤ ਅਮਰੀਕਾ, ਚੀਨ ਤੇ ਰੂਸ ਤੋਂ ਬਾਅਦ ਦੁਨੀਆ ਦਾ ਚੌਥਾ ਦੇਸ਼ ਹੋਵੇਗਾ। ਚੰਦਰਯਾਨ-3 ਦੀ ਸਫਲਤਾ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ ਦੇ ਨਜ਼ਦੀਕ ਜਾਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ। ਚੰਦਰਮਾ ਦੇ ਦੱਖਣੀ ਧਰੁਵ ਦੀ ਖੋਜ ਤੋਂ ਪ੍ਰਾਪਤ ਜਾਣਕਾਰੀ ਅਤੇ ਤੱਥ ਵਿਸ਼ਵ ਦੇ ਵਿਗਿਆਨੀਆਂ ਲਈ ਖੋਜ ਦਾ ਰੋਚਕ ਵਿਸ਼ਾ ਹੋਵੇਗਾ। ਜਿਸ ਨਾਲ ਦੁਨੀਆ ਭਰ ’ਚ ਭਾਰਤ ਦੇ ਤਕਨੀਕੀ ਕੌਸ਼ਲ ਨੂੰ ਇੱਕ ਨਵੀਂ ਪਛਾਣ ਮਿਲੇਗੀ। ਦੁਨੀਆ ਭਰ ’ਚ ਭਾਰਤ ਦੀ ਪ੍ਰਸਿੱਧੀ ਤੋਂ ਇਲਾਵਾ ਇਸ ਮਿਸ਼ਨ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਵੀ ਖੰਭ ਲੱਗਣਗੇ। (Chandrayaan 3)

ਇਹ ਵੀ ਪੜ੍ਹੋ : ਚੰਦਰਯਾਨ ਦੀ ਲਾਂਚ ਸੈਰੇਮਨੀ ਦੇਖਣ ਲਈ ਸਕੂਲ ਆਫ ਐਮੀਨੈਂਸ ਰਾਮਸਰਾ ਦੇ ਦੋ ਵਿਦਿਆਰਥੀਆਂ ਦੀ ਹੋਈ ਚੋਣ

ਭਾਰਤ ਦੀ ਸਪੇਸ ਇਕਾਨੋਮੀ ਸਾਲ 2020 ਤੱਕ 9.6 ਅਰਬ ਡਾਲਰ ਸੀ, ਜੋ ਕਿ ਇਸ ਮਿਸ਼ਨ ਦੀ ਸਫਲਤਾ ਤੋਂ ਬਾਅਦ 13 ਅਰਬ ਡਾਲਰ ਹੋ ਜਾਣ ਦੀ ਉਮੀਦ ਹੈ। ਦੇਸ਼ ’ਚ ਲਗਭਗ 150 ਸਪੇਸ-ਟੈਕ ਕੰਪਨੀਆਂ ਹਨ ਜੋ ਅਜਿਹੀ ਟੈਕਨਾਲੋਜੀ ’ਤੇ ਕੰਮ ਕਰ ਰਹੀਆਂ ਹਨ, ਜਿਨ੍ਹਾਂ ਦਾ ਰੋਜ਼ਾਨਾ ਦੀ ਜ਼ਿੰਦਗੀ ’ਚ ਇਸਤੇਮਾਲ ਹੈ। ਇਹ ਕੰਪਨੀਆਂ ਸੈਟੇਲਾਈਟ ਫੋਨ, ਬ੍ਰਾਡਬੈਂਡ, ਓਟੀਟੀ, 5ਜੀ, ਸੋਲਰ ਫਾਰਮ ਆਦਿ ਖੇਤਰਾਂ ’ਚ ਸਪੇਸ ਟੈਕਨਾਲੋਜੀ ਦਾ ਇਸਤੇਮਾਲ ਕਰਦੀਆਂ ਹਨ। ਸਪੇਸ ਇੰਡਸਟਰੀ ’ਚ ਸਰਕਾਰ ਨਿੱਜੀ ਸੈਕਟਰ ਦੀ ਭਾਗੀਦਾਰੀ ਚਾਹੰੁਦੀ ਹੈ। ਚੰਦਰਯਾਨ-3 ਮਿਸ਼ਨ ਦੀ ਸਫਲਤਾ ਭਾਰਤ ਦੇ ਪੁਲਾੜ ਖੇਤਰ ’ਚ ਨਿੱਜੀ ਸੈਕਟਰ ਦੇ ਨਿਵੇਸ਼ ਦਾ ਦੁਆਰ ਖੋਲ੍ਹ ਦੇਵੇਗੀ। ਨਿਸ਼ਚਿਤ ਹੀ ਚੰਦਰਯਾਨ-3 ਤੋਂ ਭਾਰਤ ਨੂੰ ਕਾਫ਼ੀ ਉਮੀਦਾਂ ਹਨ।