ਭਾਰਤੀ ਸੱਭਿਅਤਾ ਤੇ ਨੈਤਿਕਤਾ ਦਾ ਪਤਨ ਹੈ ਸਮਲਿੰਗੀ ਸਬੰਧ

Indian, Civilization, Morality, Homosexual, Relations

ਪੁਰਾਤਨ ਕਦਰਾਂ ਕੀਮਤਾਂ ਨੂੰ ਹੀ ਢਾਹ ਲਾਉਣ ਦੇ ਯਤਨ ਹੋ ਰਹੇ ਹਨ : ਨਰੂਲਾ | Homosexual Relations

ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ ਵੱਲੋਂ ਸਮਲਿੰਗੀ ਸਬੰਧਾਂ ਨੂੰ ਅਪਰਾਧ ਨਾ ਮੰਨਣ ਵਾਲੀਆਂ ਪਟੀਸ਼ਨਾਂ ‘ਤੇ ਸੁਣਵਾਈ ਸ਼ੁਰੂ ਕਰਨ ਉਪਰੰਤ ਇਹ ਮਾਮਲਾ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਆ ਗਿਆ ਹੈ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ 1860 ਦੇ ਭਾਰਤੀ ਦੰਡਾਵਲੀ ਦੇ ਉਪ ਭਾਗ 377 ਜੋ ਅੰਗਰੇਜ਼ਾਂ ਵੇਲੇ ਬਣਿਆ, ਤਹਿਤ ਅਜਿਹੇ ਸਬੰਧਾਂ ਨੂੰ ‘ਗੈਰ ਕੁਦਰਤੀ, ਤੇ ਸਜ਼ਾ ਯੋਗ ਮੰਨਿਆ ਗਿਆ ਸੀ। ਇਸ ਸੈਕਸ਼ਨ ਮੁਤਾਬਕ ਜੇ ਕੋਈ ਵਿਅਕਤੀ ਕਿਸੇ ਪੁਰਸ਼, ਇਸਤਰੀ ਜਾਂ ਜਾਨਵਰ ਨਾਲ ਗੈਰ ਕੁਦਰਤੀ ਸਰੀਰਕ ਸਬੰਧ ਰੱਖਦਾ ਹੈ ਤਾਂ ਉਸ ਨੂੰ ਜੁਰਮਾਨੇ ਸਹਿਤ ਉਮਰ ਕੈਦ ਵੀ ਹੋ ਸਕਦੀ ਹੈ।

ਦਿੱਲੀ ਹਾਈ ਕੋਰਟ ਨੇ 2 ਜੁਲਾਈ 2009 ਨੂੰ ਕੁਝ ਮਨੁੱਖੀ ਅਧਿਕਾਰਾਂ ਸਬੰਧੀ ਗੈਰ ਸਰਕਾਰੀ ਸੰਗਠਨਾਂ ਵੱਲੋਂ ਪਾਈ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਸਮਲਿੰਗੀ ਵਿਆਹਾਂ ਆਦਿ ਨੂੰ ਖੁੱਲ੍ਹ ਦੇ ਦਿੱਤੀ ਸੀ। ਅਦਾਲਤ ਨੇ ਕਿਹਾ ਸੀ ਕਿ ਬਾਲਗ ਵਿਅਕਤੀ ਸਹਿਮਤੀ ਨਾਲ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜੀਅ ਸਕਦੇ ਹਨ। ਸਾਲ 2013 ‘ਚ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਪਲਟਦਿਆਂ ਇੱਕ ਹੀ ਸ਼੍ਰੇਣੀ ਦੇ ਲੋਕਾਂ ‘ਚ ਸਰੀਰਕ ਸਬੰਧਾਂ ਨੂੰ ਅਪਰਾਧ ਮੰਨਿਆ ਸੀ। ਜ਼ਿਕਰ-ਏ-ਖਾਸ ਹੈ ਕਿ ਸੁਪਰੀਮ ਕੋਰਟ ‘ਚ ਦਾਇਰ ਪਟੀਸ਼ਨਾਂ ਰਾਹੀਂ ਬਾਲਗ ਸਮਲਿੰਗੀਆਂ ਨੇ ਇਸ ਮਾਮਲੇ ‘ਚ ਕਾਨੂੰਨੀ ਤੌਰ ਤੇ ਖੁੱਲ੍ਹ ਮੰਗੀ ਹੈ।

ਇਹ ਵੀ ਪੜ੍ਹੋ : ਪਾਣੀ ’ਚ ਘਿਰੇ ਲੋਕਾਂ ਦੀ ਮੱਦਦ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਨੇ ਸੰਭਾਲੇ ਮੋਰਚੇ

ਇਸ ਸਬੰਧੀ ਸਮਾਜਿਕ ਕਾਰਕੁੰਨਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਮਲਿੰਗੀ ਸਬੰਧਾਂ ਦਾ ਵਿਰੋਧ ਕੀਤਾ ਹੈ। ਇਨ੍ਹਾਂ ਸਮਾਜਿਕ ਮਾਹਿਰਾਂ ਦਾ ਕਹਿਣਾ ਸੀ ਕਿ ਸੰਸਾਰ ਦੇ ਬਹੁਤੇ ਧਰਮ ਸਮਲਿੰਗੀ ਵਿਆਹਾਂ ਜਾਂ ਸਬੰਧਾਂ ਦੀ ਇਜਾਜ਼ਤ ਨਹੀਂ ਦਿੰਦੇ ਤੇ ਇਸ ਨੂੰ ਪਾਪ ਮੰਨਦੇ ਹਨ। ਉਨ੍ਹਾਂ ਕਿਹਾ ਕਿ ਫਿਰ ਵੀ ਅਜਿਹੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਦੇ ਵਧ ਰਹੇ ਪਸਾਰ ਨੂੰ ਰੋਕਣ ਲਈ ਗਹਿਣ ਚਿੰਤਨ ਦੀ ਲੋੜ ਹੈ।

ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਨੇ ਸਮਲੈਂਗਿਕਤਾ ਨੂੰ ਪੂਰੀ ਤਰ੍ਹਾਂ ਨੈਤਿਕਤਾ ਦਾ ਪਤਨ ਕਰਾਰ ਦਿੰਦਿਆਂ ਸੁਪਰੀਮ ਕੋਰਟ ਨੂੰ ਅਜਿਹੀਆਂ ਪਟੀਸ਼ਨਾਂ ਖਾਰਜ ਕਰਨ ਦੀ ਅਪੀਲ ਕੀਤੀ ਹੈ ਉਨ੍ਹਾਂ ਕਿਹਾ ਕਿ ਭਾਰਤ ਇੱਕ ਬਹੁਭਾਸ਼ੀ ਤੇ ਅਮੀਰ ਸੱਭਿਆਚਾਰ ਦੇ ਸੁਮੇਲ ਵਾਲਾ ਦੇਸ਼ ਹੈ ਜਿੱਥੇ ਅਜਿਹੇ ਸਬੰਧਾਂ ਕੋਈ ਜਗ੍ਹਾ ਨਹੀਂ ਉਨ੍ਹਾਂ ਆਖਿਆ ਕਿ ਮਾਣਯੋਗ ਸੁਪਰੀਮ ਕੋਰਟ ਨੂੰ ਸਮਾਜਿਕ ਤਾਣੇ-ਬਾਣੇ ਨਾਲ ਜੁੜੇ ਇਸ ਅਹਿਮ ਮੁੱਦੇ ਤੋਂ ਕਈ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਇਸ ਦੇ ਵਿਰੋਧ ‘ਚ ਖਲੋਤੇ ਲੋਕਾਂ ਦਾ ਪੱਖ ਵੀ ਸੁਣਨਾ ਚਾਹੀਦਾ ਹੈ ਸ੍ਰੀ ਸ਼ਰਮਾ ਨੇ ਨਵੇਂ ਪੋਚ ਨੂੰ ਅਜਿਹੇ ਮੱਕੜਜਾਲ ‘ਚ ਫਸਣ ਤੋਂ ਰੋਕਣ ਲਈ ਮਾਪਿਆਂ ਦੇ ਵੀ ਇਸ ਮਸਲੇ ਪ੍ਰਤੀ ਸੁਚੇਤ ਰਹਿਣ ਦੀ ਲੋੜ ‘ਤੇ ਜੋਰ ਦਿੱਤਾ।

ਜੁਆਇੰਟ ਐਕਸ਼ਨ ਕਮੇਟੀ ਬਠਿੰਡਾ ਦੇ ਕਨਵੀਨਰ ਸ੍ਰੀ ਐੱਮ ਐੱਮ ਬਹਿਲ ਦਾ ਕਹਿਣਾ ਸੀ ਕਿ ਇਸ ਨਾਲ ਏਡਜ਼ ਵਰਗੀ ਬਿਮਾਰੀ, ਸਮਾਜਿਕ ਉਥਲ-ਪੁਥਲ, ਪਰਿਵਾਰਕ ਤੇ ਵਿਆਹ ਢਾਂਚੇ ਨੂੰ ਢਾਹ ਤੇ ਪਛਾਣ ਵਰਗੀਆਂ ਸਮੱਸਿਆਵਾਂ ਉਪਜ ਸਕਦੀਆਂ ਸਨ ਉਨ੍ਹਾਂ ਆਖਿਆ ਕਿ ਭਾਰਤ ‘ਚ ਲੜਕੇ ਲੜਕੀ ਦੀ ਸ਼ਾਦੀ ਨੂੰ ਹੀ ਨਾ ਸਿਰਫ ਸਮਾਜਿਕ ਤੇ ਧਾਰਮਕ ਪ੍ਰਵਾਨਗੀ ਪ੍ਰਾਪਤ ਹੈ, ਸਗੋਂ ਸੰਸਾਰ ਅੱਗੇ ਚਲਾਉਣ ਲਈ ਸੰਤਾਨ ਉਤਪਤੀ ਨੂੰ ਸਹੀ ਮੰਨਿਆ ਗਿਆ ਹੈ ਉਨ੍ਹਾਂ ਕਿਹਾ ਕਿ ਜੇਕਰ ਇਸ ਕੁਦਰਤੀ ਨਿਯਮ ਨਾਲ ਕੋਈ ਖਿਲਵਾੜ ਕੀਤਾ ਗਿਆ ਤਾਂ ਇਸ ਦੇ ਭਿਆਨਕ ਸਿੱਟੇ ਨਿਕਲਣਗੇ ਤੇ ਮਨੁੱਖੀ ਕਦਰਾਂ ਕੀਮਤਾਂ ਤਬਾਹ ਹੋ ਕੇ ਰਹਿ ਜਾਣਗੀਆਂ।

ਇਹ ਵੀ ਪੜ੍ਹੋ : ਜੈਇੰਦਰ ਕੌਰ ’ਤੇ ਮੁੜ ਵਰ੍ਹੇ ਮੰਤਰੀ ਜੌੜਾਮਾਜਰਾ

ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਕੇਸ਼ ਨਰੂਲਾ ਦਾ ਕਹਿਣਾ ਸੀ ਕਿ ਕੁਝ ਸਮਾਂ ਪਹਿਲਾਂ ਤੱਕ ਸਮਲਿੰਗੀ ਸਬੰਧਾਂ ਦੀ ਹਵਾ ਪੱਛਮੀ ਦੇਸ਼ਾਂ ਤੱਕ ਸੀਮਤ ਸੀ, ਜਿੱਥੇ ਸਮਾਜਿਕ ਬਣਤਰਾਂ ‘ਚ ਵਧੇਰੇ ਖੁੱਲ੍ਹਾਪਣ ਹੈ ਪਰ ਪਿਛਲੇ ਕੁਝ ਵਰ੍ਹਿਆਂ ‘ਚ ਇਸ ਵਾਅ ਨੇ ਭਾਰਤ ‘ਤੇ ਵੀ ਹੱਲਾ ਬੋਲ ਦਿੱਤਾ ਹੈ ਉਨ੍ਹਾਂ ਕਿਹਾ ਕਿ ਸਮਾਜਿਕ ਬਣਤਰ ਤੇ ਮਨੁੱਖੀ ਸੁਭਾਅ ਤਬਦੀਲੀਆਂ ਦਾ ਅੰਗ ਹਨ ਪਰ ਬਦਲਾਅ ਸਿਹਤਮੰਦ ਹੋਣਾ ਚਾਹੀਦਾ ਹੈ, ਜਿਸ ਨਾਲ ਸਮਾਜ ਨੂੰ ਸੇਧ ਮਿਲ ਸਕੇ ਉਨ੍ਹਾਂ ਆਖਿਆ ਕਿ ਇੱਥੇ ਤਾਂ ਪੁਰਾਤਨ ਕਦਰਾਂ ਕੀਮਤਾਂ ਨੂੰ ਹੀ ਢਾਹ ਲਾਉਣ ਦੇ ਯਤਨ ਹੋ ਰਹੇ ਹਨ ਜੋ ਕਿ ਚਿੰਤਾਜਨਕ ਹੈ।

ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਪਹਿਲਾਂ ਸਧਾਰਨ ਸਮਾਜ ‘ਚ ਜੋ ਵਰਤਾਰਾ ਮਾੜਾ ਸਮਝਿਆ ਜਾਂਦਾ ਸੀ, ਅੱਜ ਉਹ ਸਮਾਜ ਦਾ ਹਿੱਸਾ ਬਣਦਾ ਜਾ ਰਿਹਾ ਹੈ, ਜਿਸ ਨਾਲ ਗੁੰਝਲ ਵਧ ਰਹੀ ਹੈ ਉਨ੍ਹਾਂ ਕਿਹਾ ਕਿ ਜੇਕਰ ਸਮਲਿੰਗੀ ਸਬੰਧਾਂ ਨੂੰ ਹੁਣ ਕਾਨੂੰਨੀ ਮਾਨਤਾ ਮਿਲ ਗਈ ਤਾਂ ਇਸ ਨਾਲ ਸਮਾਜਿਕ ਤਾਣੇ ਬਾਣੇ ‘ਚ ਨਿਘਾਰ ਆਵੇਗਾ ਤੇ ਭਾਰਤੀ ਸੱਭਿਅਤਾ ਖਤਮ ਹੋਣ ਵੱਲ ਵਧਣੀ ਸ਼ੁਰੂ ਹੋ ਜਾਏਗੀ ਉਨ੍ਹਾਂ ਕਿਹਾ ਕਿ ਬੇਸ਼ੱਕ  ਭਾਰਤੀ ਸੰਵਿਧਾਨ ਲੋਕਾਂ ਨੂੰ ਆਪਣੇ ਢੰਗ ਨਾਲ ਜ਼ਿੰਦਗੀ ਜਿਊਣ ਦੀ ਖੁੱਲ੍ਹ ਦਿੰਦਾ ਹੈ ਪਰ ਸਮਲਿੰਗੀ ਸਬੰਧ ਤਾਂ ਪੂਰੀ ਤਰ੍ਹਾਂ ਗੈਰ-ਕੁਦਰਤੀ ਹਨ ਉਨ੍ਹਾਂ ਅਪੀਲ ਕੀਤੀ ਕਿ ਅਦਾਲਤ ਸਮਾਜ ਦੇ ਵੱਡੇ ਹਿੱਸੇ ਦੀਆਂ ਭਾਵਨਾਵਾਂ ਨੂੰ ਜਰੂਰ ਖਿਆਲ ‘ਚ ਰੱਖੇ।