ਜਕਾਰਤਾ-ਪਾਲੇਮਬੰਗ,(ਏਜੰਸੀ)। ਭਾਰਤ ਲਈ ਏਸ਼ੀਆਈ ਖੇਡਾਂ ਦਾ ਤੀਸਰਾ ਦਿਨ ਤਸੱਲੀਬਖ਼ਸ਼ ਰਿਹਾ ਭਾਰਤ ਨੂੰ ਤੀਸਰੇ ਦਿਨ ਨਿਸ਼ਾਨੇਬਾਜ਼ੀ ‘ਚ ਤਿੰਨ ਤਗਮੇ ਮਿਲੇ ਜਦੋਂਕਿ ਸੇਪਕ ਟਾਕਰਾ ‘ਚ ਪਹਿਲੀ ਵਾਰ ਭਾਰਤ ਨੂੰ ਏਸ਼ੀਆਈ ਖੇਡਾਂ ‘ਚ ਕਾਂਸੀ ਅਤੇ ਕੁਸ਼ਤੀ ‘ਚ ਦਿਵਿਆ ਕਾਕਰਾਨ ਨੇ ਕਾਂਸੀ ਤਗਮਾ ਦਿਵਾਇਆ ਇਸ ਤਰ੍ਹਾਂ ਭਾਰਤ 18ਵੀਆਂ ਏਸ਼ੀਆਈ ਖੇਡਾਂ ਦੇ ਤੀਸਰੇ ਦਿਨ ਪੰਜ ਤਗਮੇ ਜਿੱਤ ਕੇ ਹੁਣ ਤੱਕ 3 ਸੋਨ 3 ਚਾਂਦੀ ਅਤੇ 4 ਕਾਂਸੀ ਤਗਮਿਆਂ ਸਮੇਤ ਕੁੱਲ 10 ਤਗਮਿਆਂ ਨਾਲ ਤਗਮਾ ਸੂਚੀ ‘ਚ 7ਵੇਂ ਸਥਾਨ ‘ਤੇ ਹੈ। ਭਾਰਤ ਨੂੰ ਦਿਨ ਦੀ ਸ਼ੁਰੂਆਤ ਰਿਸ਼ਭ ਚੌਧਰੀ ਨੇ ਨਿਸ਼ਾਨੇਬਾਜ਼ੀ ‘ਚ ਸੋਨ ਤਗਮਾ ਜਿੱਤ ਕੇ ਕਰਵਾਈ ਰਿਸ਼ਭ ਦੀ ਈੇਵੇਂਟ ‘ਚ ਹੀ ਅਭਿਸ਼ੇਕ ਨੇ ਕਾਂਸੀ ਤਗਮਾ ਜਿੱਤਿਆ ਜਿਸ ਤੋਂਬਾਅਦ ਸੰਜੀਵ ਰਾਜਪੂਤ ਨੇ ਵੱਖਰੀਈਵੇਂਟ ‘ਚ ਚਾਂਦੀ ਤਗਮਾ ਜਿੱਤ ਕੇ ਭਾਰਤ ਦੇ ਤਗਮਿਆਂ ਦੀ ਗਿਣਤੀ ਤਿੰਨ ਤੱਕ ਪਹੁੰਚਾਈ ਇਸ ਤੋਂ ਬਾਅਦ ਭਾਰਤ ਨੇ ਸੇਪਕ ਟਾਕਰਾ ‘ਚ ਕਾਂਸੀ ਅਤੇ ਦਿਨ ਦੇ ਆਖ਼ਰ ‘ਚ ਦਿਵਿਆ ਨੇ ਕੁਸ਼ਤੀ ਮੁਕਾਬਲਿਆਂ ‘ਚ ਭਾਰਤ ਨੂੰ ਕਾਂਸੀ ਤਗਮਾ ਦਿਵਾਇਆ। (Asian Games )
ਭਾਰਤੀ ਅਥਲੀਟਾਂ ਦਿਖਾਇਆ ਉਮਰ ਨਹੀਂ ਰੱਖਦੀ ਮਾਅਨਾ
ਭਾਰਤ ਨੂੰ ਜਿੱਥੇ ਪਹਿਲਾਂ ਸਿਰਫ਼ 16 ਸਾਲਾਂ ਦੇ ਨੌਜਵਾਨ ਸੌਰਭ ਚੌਧਰੀ ਨੇ ਸੋਨ ਤਗਮਾ ਦਿਵਾਇਆ ਉੱਥੇ 37 ਸਾਲ ਦੇ ਸੰਜੀਵ ਰਾਜਪੂਤ ਨੇ 50 ਮੀਟਰ ਰਾਈਫਲ 3 ਪੋਜੀਸ਼ਨ ‘ਚ ਦੂਸਰੇ ਸਥਾਨ ‘ਤੇ ਰਹਿ ਕੇ ਚਾਂਦੀ ਤਗਮਾ ਜਿੱਤ ਕੇ ਦਰਸਾ ਦਿੱਤਾ ਕਿ ਪ੍ਰਦਰਸ਼ਨ ਲਈ ਉਮਰ ਕੋਈ ਮਾਅਨਾ ਨਹੀਂ ਰੱਖਦੀ ਸਗੋਂ ਖੇਡ ਲਈ ਲਗਨ ਅਤੇ ਸਮਰਪਨ ਭਾਵਨਾ ਆਧਾਰ ਮੰਨਿਆ ਜਾਂਦਾ ਹੈ।
ਸੇਪਕ ਟਾਕਰਾ ‘ਚ ਪਹਿਲੀ ਵਾਰ ਤਗਮਾ
ਸੇਪਕ ਟਾਕਰਾ ਨੂੰ ਕਿੱਕ ਵਾਲੀਬਾਲ ਵੀ ਕਿਹਾ ਜਾ ਸਕਦਾ ਹੈ ਇਸ ਵਿੱਚ ਖਿਡਾਰੀ ਆਪਣੇ ਪੈਰ, ਗੋਡੇ, ਛਾਤੀ ਅਤੇ ਸਿਰ ਦਾ ਇਸਤੇਮਾਲ ਕਰ ਸਕਦਾ ਹੈ। ਭਾਰਤ ਦੀ ਸੇਪਕ ਟਾਕਰਾ ਟੀਮ ਨੇ ਆਪਣੀ ਸਾਰਥਕਤਾ ਸਾਬਤ ਕਰਦੇ ਹੋਏ 18ਵੀਆਂ ਏਸ਼ੀਆਈ ਖੇਡਾਂ ‘ਚ ਇਸ ਮੁਕਾਬਲਾ ਦਾ ਕਾਂਸੀ ਤਗਮਾ ਪਹਿਲੀ ਵਾਰ ਜਿੱਤ ਲਿਆ। ਭਾਰਤ ਪੁਰਸ਼ ਰੇਗੂ ਟੀਮ ਨੇ ਸੈਮੀਫਾਈਨਲ ‘ਚ ਪਹੁੰਚ ਕੇ ਪਹਿਲਾਂ ਹੀ ਆਪਣੇ ਲਈ ਤਗਮਾ ਪੱਕਾ ਕਰ ਲਿਆ ਸੀ ਭਾਰਤ ਨੂੰ ਸੈਮੀਫਾਈਨਲ ‘ਚ ਪਿਛਲੀ ਚੈਂਪੀਅਨ ਥਾਈਲੈਂਡ ਤੋਂ 0-2 ਨਾਲ ਹਾਰ ਕੇ ਕਾਂਸੀ ਨਾਲ ਸੰਤੋਸ਼ ਕਰਨਾ ਪਿਆ ਭਾਰਤੀਆਂ ਲਈ ਲਗਭੱਗ ਅਣਜਾਣ ਇਸ ਖੇਡ ‘ਚ ਇਹ ਤਗਮਾ ਸੰਜੀਵਨੀ ਦਾ ਕੰਮ ਕਰੇਗਾ।
ਭਾਰਤ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਇਰਾਨ ਨੂੰ 2-1 ਨਾਲ ਹਰਾ ਕੇ ਕੀਤੀ ਸੀ ਪਰ ਉਸਨੂੰ ਦੂਸਰੇ ਮੈਚ ‘ਚ ਇੰਡੋਨੇਸ਼ੀਆ ਤੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਇਰਾਨ ਆਪਣੇ ਦੋਵੇਂ ਮੈਚ ਹਾਰ ਗਿਆ ਜਿਸ ਕਾਰਨ ਭਾਰਤ ਨੂੰ ਸੈਮੀਫਾਈਨਲ ‘ਚ ਪ੍ਰਵੇਸ਼ ਮਿਲਿਆ ਭਾਰਤ ਨੂੰ 9ਵਾਂ ਤਗਮਾ ਸੇਪਕਟਾਕਰਾ ਦੇ ਰੂਪ ‘ਚ ਮਿਲਿਆ।
ਦਿਵਿਆ ਨੇ ਦਿਵਾਇਆ ਕਾਂਸੀ ਤਗਮਾ
ਬਜਰੰਗ ਪੁਨੀਆ ਅਤੇ ਵਿਨੇਸ਼ ਫੋਗਾਟ ਦੇ ਕੁਸ਼ਤੀ ਮੁਕਾਬਲਿਆਂ ਦੇ ਪਹਿਲੇ ਦੋ ਦਿਨ ਸੋਨ ਤਗਮੇ ਜਿੱਤਣ ਤੋਂ ਬਾਅਦ ਏਸ਼ੀਆਈ ਖੇਡਾਂ ਦੇ ਤੀਸਰੇ ਦਿਨ ਕੁਸ਼ਤੀ ‘ਚ ਭਾਰਤ ਦੀ ਤਗਮਾ ਮੁਹਿੰਮ ਨੂੰ ਬਰਕਰਾਰ ਰੱਖਦੇ ਹੋਏ ਦਿਵਿਆ ਕਾਕਰਾਨ ਨੇ 68 ਕਿਗ੍ਰਾ ਵਰਗ ‘ਚ ਕਾਂਸੀ ਤਗਮਾ ਜਿੱਤ ਲਿਆ। ਭਾਰਤ ਦੀਆਂ ਦੋ ਮਹਿਲਾ ਪਹਿਲਵਾਨ (68) ਅਤੇ ਕਿਰਨ (76) ਅਤੇ ਦੋ ਗ੍ਰੀਕੋ ਰੋਮਨ ਪਹਿਲਵਾਨ ਗਿਆਨੇਂਦਰ(60) ਅਤੇ ਮਨੀਸ਼(67) ਮੁਕਾਬਲਿਆਂ ‘ਚ ਨਿੱਤਰੇ ਪਰ ਇਹਨਾਂ ਵਿੱਚ ਦਿਵਿਆ ਹੀ ਕਾਂਸੀ ਤਗਮੇ ਤੱਕ ਜਾ ਸਕੀ ਉਸਨੇ ਸਿਰਫ਼ ਇੱਕ ਮਿੰਟ 29 ਸੈਕਿੰਡ ‘ਚ ਤਾਈਪੇ ਦੀ ਚੇਨ ਨੂੰ 10-0 ਨਾਲ ਤਕਨੀਕੀ ਮੁਹਾਰਤ ਦੇ ਆਧਾਰ ‘ਤੇ ਹਰਾ ਦਿੱਤਾ ਇਸ ਤਰ੍ਹਾਂ ਭਾਰਤ ਨੇ ਕੁਸ਼ਤੀ ‘ਚ ਲਗਾਤਾਰ ਤੀਸਰੇ ਦਿਨ ਵੀ ਤਗਮਾ ਹਾਸਲ ਕੀਤਾ ਭਾਰਤ ਦਾ ਇਹਨਾਂ ਖੇਡਾਂ ‘ਚ ਇਹ 10ਵਾਂ ਤਗਮਾ ਹੈ। ਭਾਰਤ ਦੇ ਆਖ਼ਰੀ ਚਾਰ ਗ੍ਰੀਕੋ ਰੋਮਨ ਪਹਿਲਵਾਨ 77, 87, 97 ਅਤੇ 130 ਕਿਗ੍ਰਾ ਵਰਗ ‘ਚ ਬੁੱਧਵਾਰ ਨੂੰ ਮੁਕਾਬਲਿਆਂ ‘ਚ ਆਪਣੀ ਆਖ਼ਰੀ ਚੁਣੌਤੀ ਪੇਸ਼ ਕਰਣਗੇ।
ਖਾੜੇ ਸੈਕਿੰਡ ਦੇ 100ਵੇਂ ਹਿੱਸੇ ਨਾਲ ਕਾਂਸੀ ਤਗਮਾ ਖੁੰਝਿਆ
ਭਾਰਤੀ ਤੈਰਾਕ ਵੀਰਧਵਲ ਖਾੜੇ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਤੈਰਾਕੀ ਪ੍ਰਤੀਯੋਗਤਾ ‘ਚ 50 ਮੀਟਰ ਫ੍ਰੀਸਟਾਈਲ ਈਵੇਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਉਹ ਸੈਕਿੰਡ ਦੇ 100ਵੇਂ ਹਿੱਸੇ ਨਾਲ ਕਾਂਸੀ ਤਗਮੇ ਤੋਂ ਖੁੰਝ ਗਏ ਈਵੇਂਟ ਸਮਾਪਤ ਹੋਣ ਤੋਂ ਬਾਅਦ ਖਾੜੇ ਇਲੈਕਟਰਾਨਿਕ ਸਕੋਰ ਬੋਰਡ ‘ਤੇ ਨਤੀਜਾ ਦੇਖ ਰਹੇ ਸਨ ਅਤੇ ਨਤੀਜਾ ਸਾਮ੍ਹਣੇ ਆਉਂਦੇ ਹੀ ਉਹਨਾਂ ਦੇ ਚਿਹਰੇ ‘ਤੇ ਮਾਯੂਸੀ ਛਾ ਗਈ। ਤੈਰਾਕੀ ਪੂਲ ‘ਚ ਏਸ਼ੀਆਈ ਖੇਡਾਂ ‘ਚ ਖ਼ਜਾਨ ਸਿੰਘ ਟੋਕਸ ਨੇ 1986 ਦੀਆਂ ਸਿਓਲ ਖੇਡਾਂ ਅਤੇ ਸੰਦੀਪ ਸੇਜਵਾਲ ਨੇ 2010 ਦੀਆਂ ਗਵਾਂਗਝੁ ਖੇਡਾਂ ‘ਚ ਤਗਮਾ ਹਾਸਲ ਕਰਨ ਦਾ ਮਾਣ ਆਪਣੇ ਨਾਂਅ ਕੀਤਾ ਸੀ ਖਾੜੇ ਨੇ 22.47 ਸੈਕਿੰਡ ਦਾ ਸਮਾਂ ਕੱਢਿਆ ਅਤੇ ਆਪਣੇ ਰਾਸ਼ਟਰੀ ਰਿਕਾਰਡ 22.43 ਸੈਕਿੰਡ ‘ਚ ਸੁਧਾਰ ਕੀਤਾ ਪਰ ਉਹ ਚੌਥੇ ਸਥਾਨ ‘ਤੇ ਰਹਿ ਗਏ ਚੀਨ ਨੇ ਸੋਨ ਅਤੇ ਜਾਪਾਨ ਨੇ ਚਾਂਦੀ ਤਗਮਾ ਜਿੱਤਿਆ।
ਮਹਿਲਾ ਹਾਕੀ ਨੇ ਕਜ਼ਾਖ਼ਿਸਤਾਨ ਰੋਲਿਆ
ਗੁਰਜੀਤ ਕੌਰ, ਲਾਲਰੇਮਸਿਆਮੀ, ਨਵਨੀਤ ਕੌਰ ਅਤੇ ਵੰਦਨਾ ਕਟਾਰੀਆ ਦੀ ਸ਼ਾਨਦਾਰ ਹੈਟ੍ਰਿਕ ਨਾਲ ਭਾਰਤੀ ਮਹਿਲਾ ਟੀਮ ਨੇ ਹਾੱਕੀ ਮੁਕਾਬਲਿਆਂ ‘ਚ ਆਪਣੀ ਜੇਤੂ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਮੰਗਲਵਾਰ ਨੂੰ ਕਜ਼ਾਖਿਸਤਾਨ ਨੂੰ 21-0 ਨਾਲ ਰੋਲ ਕੇ ਆਪਣੀ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ‘ਚ ਮੇਜ਼ਬਾਨ ਇੰਡੋਨੇਸ਼ੀਆ ਨੂੰ ਆਪਣੇ ਪੂਲ ਬੀ ‘ਚ 8-0 ਨਾਲ ਹਰਾਇਆ ਸੀ ਭਾਰਤੀ ਟੀਮ ਨੇ ਕਜ਼ਾਖਿਸਤਾਨ ਵਿਰੁੱਧ ਪਹਿਲੇ ਅੱਧ ਤੱਕ 9-0 ਦਾ ਵਾਧਾ ਬਣਾ ਲਿਆ ਸੀ।
ਵਾੱਲਟ ਫਾਈਨਲ ‘ਚ ਨਹੀਂ ਪਹੁੰਚੀ ਦੀਪਾ
ਰਿਓ ਓਲੰਪਿਕ ‘ਚ ਇਤਿਹਾਸਕ ਪ੍ਰਦਰਸ਼ਨ ਕਰਕੇ ਚੌਥਾ ਸਥਾਨ ਹਾਸਲ ਕਰਨ ਵਾਲੀ ਜਿਮਨਾਸਟ ਦੀਪਾ ਕਰਮਾਕਰ 18ਵੀਆਂ ਏਸ਼ੀਆਈ ਖੇਡਾਂ ਨੂੰ ਆਪਣੀ ਪਸੰਦੀਦਾ ਵਾੱਲਟ ਈਵੇਂਟ ਦੇ ਫਾਈਨਲ ‘ਚ ਨਹੀਂ ਪਹੁੰਚ ਸਕੀ ਦੀਪਾ ਨੇ ਜਖ਼ਮੀ ਹੋਣ ਦੇ ਕਾਰਨ ਅਪਰੈਲ ‘ਚ ਰਾਸ਼ਟਰਮੰਡਲ ਖੇਡਾਂ ‘ਚ ਹਿੱਸਾ ਨਹੀਂ ਲਿਆ ਸੀ ਅਤੇ ਉਹ ਫਿਟ ਹੋ ਕੇ ਏਸ਼ੀਆਈ ਖੇਡਾਂ ‘ਚ ਸ਼ਿਰਕਤ ਕਰਨ ਉੱਤਰੀ ਦੀਪਾ ਤੋਂ ਵਾੱਲਟ ਈਵੇਂਟ ਦੇ ਫਾਈਨਲ ‘ਚ ਪਹੁੰਚਣ ਦੀ ਆਸ ਸੀ ਪਰ ਉਹ ਕੁਆਲੀਫਿਕੇਸ਼ਨ ਗੇੜ ‘ਚ 13.225 ਦੇ ਸਕੋਰ ਨਾਲ ਅੱਠਵੇਂ ਨੰਬਰ ‘ਤੇ ਰਹੀ।
ਭਾਰਤ ਦੀ ਪਰਣੀਤੀ ਨਾਇਕ 13.425 ਦੇ ਸਕੋਰ ਨਾਲ ਛੇਵੇਂ ਅਤੇ ਅਰੁਣਾ 13.350 ਦੇ ਸਕੋਰ ਨਾਲ ਸੱਤਵੇਂ ਸਥਾਨ ‘ਤੇ ਰਹੀ ਇਸ ਈਵੇਂਟ ‘ਚ ਇੱਕ ਦੇਸ਼ ਤੋਂ ਦੋ ਖਿਡਾਰੀ ਹੀ ਫਾਈਨਲ ਗੇੜ ‘ਚ ਪਹੁੰਚ ਸਕਦੀਆਂ ਸਨ ਅਤੇ ਦੀਪਾ ਨੂੰ ਬਾਹਰ ਹੋਣਾ ਪਿਆ। ਇਸ ਨਿਰਾਸ਼ਾ ਦੇ ਬਾਵਜ਼ੂਦ ਦੀਪਾ ਨੇ ਬੈਲੇਂਸ ਬੀਮ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਜਦੋਂਕਿ ਭਾਰਤ ਨੇ ਟੀਮ ਮੁਕਾਬਲੇ ਦੇ ਫਾਈਨਲ ‘ਚ ਆਪਣਾ ਸਥਾਨ ਬਣਾ ਲਿਆ ਦੀਪਾ ਬੈਲੇਂਸ ਬੀਮ ਈਵੇਂਟ ‘ਚ ਸੱਤਵੇਂ ਸਥਾਨ ‘ਤੇ ਰਹਿ ਕੇ ਫਾਈਨਲ ‘ਚ ਪਹੁੰਚੀ ਭਾਰਤੀ ਟੀਮ ਵੀ ਸੱਤਵੇਂ ਸਥਾਨ ‘ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤੀ ਟੀਮ ਪ੍ਰਤੀਯੋਗਤਾ ਅਤੇ ਵਾੱਲਟ ਫਾਈਨਲ ਬੁੱਧਵਾਰ ਨੂੰ ਹੋਣਗੇ ਜਦੋਂਕਿ ਬੈਲੇਂਸ ਬੀਮ ਫਾਈਨਲ ਵੀਰਵਾਰ ਨੂੰ ਹੋਵੇਗਾ। (Asian Games)
ਮਹਿਲਾ ਕਬੱਡੀ ਟੀਮ ਲਗਾਤਾਰ ਦੋ ਮੈਚ ਜਿੱਤੀ, ਪੁਰਸ਼ ਵੀ ਜਿੱਤੇ
ਸ਼ਾਨਦਾਰ ਲੈਅ ‘ਚ ਚੱਲ ਰਹੀ ਭਾਰਤੀ ਮਹਿਲਾ ਕਬੱਡੀ ਟੀਮ ਨੇ ਇੱਕ ਹੀ ਦਿਨ ‘ਚ ਆਪਣੇ ਗਰੁੱਪ ਏ ਦੇ ਮੁਕਾਬਲਿਆਂ ‘ਚ ਸ਼੍ਰੀਲੰਕਾ ਅਤੇ ਇੰਡੋਨੇਸ਼ੀਆ ਵਿਰੁੱਧ ਜਿੱਤ ਦਰਜ ਕੀਤੀ ਕਬੱਡੀ ਮੁਕਾਬਲਿਆਂ ‘ਚ ਮਹਿਲਾ ਟੀਮ ਨੇ ਪਹਿਲਾਂ ਸ਼੍ਰੀਲੰਕਾ ਨੂੰ 38-12 ਨਾਲ ਹਰਾਇਆ ਅਤੇ ਫਿਰ ਦਿਨ ਦੇ ਆਪਣੇ ਗਰੁੱਪ ਦੇ ਦੂਸਰੇ ਮੈਚ ‘ਚ ਮੇਜ਼ਬਾਨ ਇੰਡੋਨੇਸ਼ੀਆ ਨੂੰ 54-22 ਨਾਲ ਹਰਾਇਆ ਸ਼ੁਰੂਆਤੀ ਗੇੜ ਦੇ ਮੁਕਾਬਲਿਆਂ ‘ਚ ਭਾਰਤੀ ਟੀਮ ਇਸ ਤੋਂ ਪਹਿਲਾਂ ਜਾਪਾਨ ਨੂੰ ਅਤੇ ਥਾਈਲੈਂਡ ਨੂੰ ਹਰਾ ਚੁੱਕੀ ਹੈ ਮਹਿਲਾਵਾਂ ਨੇ ਸ਼੍ਰੀਲੰਕਾ ਅਤੇ ਇੰਡੋਨੇਸ਼ੀਆ ਨੂੰ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਸੱਤ ਵਾਰ ਦੀ ਚੈਂਪੀਅਨ ਪੁਰਸ਼ ਕਬੱਡੀ ਟੀਮ ਨੇ ਥਾਈਲੈਂਡ ਨੂੰ 49-30 ਨਾਲ ਹਰਾ ਕੇ ਚਾਰ ਮੈਚਾਂ ‘ਚ ਆਪਣੀ ਤੀਸਰੀ ਜਿੱਤ ਦਰਜ ਕੀਤੀ।
ਬੋਪੰਨਾ-ਦਿਵਿਜ, ਅੰਕਿਤਾ ਕੁਆਰਟਰਫਾਈਨਲ ‘ਚ
ਤਜ਼ਰਬੇਕਾਰ ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਦੀ ਅੱਵਲ ਦਰਜਾ ਪ੍ਰਾਪਤ ਡਬਲਜ਼ ਜੋੜੀ ਨੇ ਏਸ਼ੀਆਈ ਖੇਡਾਂ ‘ਚ ਜੇਤੂ ਪ੍ਰਦਰਸ਼ਨ ਕਰਦੇ ਹੋਏ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਜਦੋਂਕਿ ਮਹਿਲਾਵਾਂ ‘ਚ ਅਕਿਤਾ ਰੈਣਾ ਨੇ ਆਪਣਾ ਸਿੰਗਲ ਮੈਚ ਜਿੱਤ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ ਬੋਪੰਨਾ -ਸ਼ਰਣ ਨੇ ਗੇੜ 16 ‘ਚ ਥਾਈਲੈਂਡ ਦੇ ਵਿਸ਼ਾਇਆ ਅਤੇ ਕਦਚਾਪਨ ਦੀ ਜੋੜੀ ਨੂੰ ਲਗਾਤਰ ਸੈੱਟਾਂ ‘ਚ 6-3, 6-1 ਨਾਲ ਹਰਾ ਕੇ 51 ਮਿੰਟ ‘ਚ ਜਿੱਤ ਦਰਜ ਕਰ ਲਈ ਭਾਰਤੀ ਜੋੜੀ ਨੇ ਮੈਚ ‘ਚ ਕੁੱਲ 5 ਏਸ ਅਤੇ 19 ਵਿਨਰਜ਼ ਲਾਏ ਅਤੇ ਪਹਿਲੀ ਸਰਵ ‘ਤੇ 82 ਫੀਸਦੀ ਅੰਕ ਲਏ। ਪੁਰਸ਼ ਡਬਲਜ਼ ‘ਚ ਹੋਰ ਭਾਰਤੀ ਜੋੜੀ ਸੁਮਿਤ ਨਾਗਲ ਅਤੇ ਰਾਮਕੁਮਾਰ ਰਾਮਨਾਥਨ ਨੇ ਵੀ ਆਪਣਾ ਮੈਚ ਜਿੱਤਿਆ ਅਤੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕਰ ਲਿਆ ਉਹਨਾਂ ਚੀਨੀ ਤਾਈਪੇ ਦੇ ਪੇਂਗ ਅਤੇ ਤੀ ਚੇਨ ਦੀ ਜੋੜੀ ਨੂੰ 7-6, 76 ਨਾਲ ਹਰਾਇਆ।
ਬੋਪੰਨਾ ਅਤੇ ਸ਼ਰਣ ਦੀ ਜੋੜੀ ਹੁਣ ਬੁੱਧਵਾਰ ਨੂੰ ਕੁਆਰਟਰ ਫਾਈਨਲ ‘ਚ ਚੀਨੀ ਤਾਈਪੇ ਦੇ ਚੇਂਗਪੈਂਗ ਅਤੇ ਸੁੰਗ ਨਾਲ ਜਦੋਂਕਿ ਸੁਮਿਤ-ਰਾਮਕੁਮਾਰ ਦੀ ਜੋੜੀ ਕਜ਼ਾਖ਼ਿਸਤਾਨ ਦੇ ਬੁਬਲਿਕ ਅਤੇ ਡੈਨਿਸ ਨਾਲ ਭਿੜੇਗੀ ਮਹਿਲਾ ਸਿੰਗਲ ‘ਚ ਅੰਕਿਤਾ ਨੇ ਜਾਪਾਨੀ ਖਿਡਾਰੀ ਹੋਜੋਮੀ ਨੂੰ ਲਗਾਤਾਰ ਸੈੱਟਾਂ ‘ਚ 6-1, 6-2 ਨਾਲ ਮਾਤ ਦਿੱਤੀ ਅੰਕਿਤਾ ਅਗਲੇ ਮੈਚ ‘ਚ ਹਾਂਗਕਾਂਗ ਦੀ ਚੋਂਗ ਨਾਲ ਭਿੜੇਗੀ ਹਾਲਾਂਕਿ ਹੋਰ ਮਹਿਲਾ ਸਿੰਗਲ ਖਿਡਾਰੀ ਕਰਮਨ ਨੂੰ ਚੀਨੀ ਤਾਈਪੇ ਦੀ ਲਿਆਂਗ ਨੇ 2-6, 6-4, 7-6 ਨਾਲ ਆਖ਼ਰੀ 16 ‘ਚ ਹਰਾ ਦਿੱਤਾ। ਮਿਕਸਡ ਡਬਲਜ਼ ‘ਚ ਅੰਕਿਤਾ ਅਤੇ ਤਜ਼ਰਬੇਕਾਰ ਰੋਹਨ ਬੋਪੰਨਾ ਦੀ ਜੋੜੀ ਕੋਰੀਆ ਦੇ ਨਾਰੀ ਕਿਮ ਅਤੇ ਜੀਮੂਨ ਲੀ ਵਿਰੁੱਧ ਰਾਊਂਡ 32 ‘ਚ ਨਿੱਤਰੇਗੀ
ਤਗਮੇ ਜਿੱਤਣ ਵਾਲੇ ਹਰਿਆਣਵੀ ਖਿਡਾਰੀ ਹੋਣਗੇ ਮਾਲਾਮਾਲ
ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਇੰਡੋਨੇਸ਼ੀਆ ‘ਚ ਚੱਲ ਰਹੀਆਂ 18ਵੀਆਂ ਏਸ਼ੀਆਈ ਖੇਡਾਂ ‘ਚ ਤਗਮਾ ਜਿੱਤਣ ਵਾਲੇ ਰਾਜ ਦੇ ਖਿਡਾਰੀਆਂ ਨੂੰ ਰਾਜ ਦੀ ਖੇਡ ਨੀਤੀ ਅਨੁਸਾਰ ਪੁਰਸਕਾਰ ਰਾਸ਼ੀ ਅਤੇ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਵਿਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਤੱਕ ਰਾਜ ਦੇ ਪੰਜ ਖਿਡਾਰੀ ਤਗਮੇ ਜਿੱਤ ਚੁੱਕੇ ਹਨ ਅਤੇ ਰਾਜ ਖੇਡ ਨੀਤੀ ‘ਚ ਸੋਨ ਤਗਮਾ ਜੇਤੂ ਨੂੰ ਤਿੰਨ ਕਰੋੜ ਰੁਪਏ ਅਤੇ ਏ ਕਲਾਸ ‘ਚ ਸਰਕਾਰੀ ਨੌਕਰੀ, ਚਾਂਦੀ ਤਗਮਾ ਜੇਤੂ ਨੂੰ ਡੇਢ ਕਰੋੜ ਰੁਪਏ ਅਤੇ ਏ ਵਰਗ ਦੀ ਨੌਕਰੀ ਅਤੇ ਕਾਂਸੀ ਤਗਮਾ ਜੇਤੂ ਨੂੰ 75 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਟੀਚਾ ਹੈ।
ਵੁਸ਼ੂ ‘ਚ ਦੋ ਭਾਰਤੀ ਕੁਆਰਟਰ ਫਾਈਨਲ ‘ਚ
ਭਾਰਤ ਦੇ ਸੰਤੋਸ਼ ਕੁਮਾਰ ਅਤੇ ਸੂਰਿਆ ਭਾਨੂ ਪ੍ਰਤਾਪ ਸਿੰਘ ਨੇ ਵੁਸ਼ੂ ਮੁਕਾਬਲਿਆਂ ‘ਚ ਸਾਂਡਾ ਵਰਗ ‘ਚ ਗੇੜ 16 ਦੇ ਆਪਣੇ ਆਪਣੇ ਮੁਕਾਬਲੇ ਜਿੱਤ ਲਏ ਸੰਤੋਸ਼ ਨੇ 56 ਕਿਗ੍ਰਾ ਵਰਗ ‘ਚ ਯਮਨ ਦੇ ਜ਼ੈਦ ਅਲੀ ਵਾਜ਼ੀਆ ਨੂੰ 2-0 ਨਾਲ ਅਤੇ ਸੂਰਿਆ ਭਾਨੁ ਨੇ ਮੇਜ਼ਬਾਨ ਇੰਡੋਨੇਸ਼ੀਆ ਦੇ ਅਬਦੁਲ ਹੈਰਿਸ ਸੋਫਿਆਨ ਨੂੰ 2-1 ਨਾਲ ਹਰਾਇਆ ਇਸ ਦੌਰਾਨ ਮਹਿਲਾ ਤਾਈਜਿਜਿਆਨ ‘ਚ ਭਾਰਤ ਦੀ ਸਨਾਤੋਂਬੀ ਚਾਨੂ ਨੂੰ ਅੱਠਵਾਂ ਸਥਾਨ ਮਿਲਿਆ। (Asian Games)