ਬੇਅੰਤ ਸਿੰਘ ਇੰਡੀਆ ਇੰਟਰਨੈਸ਼ਨਲ ਸੈਂਟਰ ਲਈ ਸਿਧਾਂਤਕ ਪ੍ਰਵਾਨਗੀ

Incentive, Approval, Beant Singh, India International Center

ਬੇਅੰਤ ਸਿੰਘ ਇੰਡੀਆ ਇੰਟਰਨੈਸ਼ਨਲ ਸੈਂਟਰ ਲਈ ਸਿਧਾਂਤਕ ਪ੍ਰਵਾਨਗੀ

ਚੰਡੀਗੜ੍ਹ, ਅਸ਼ਵਨੀ ਚਾਵਲਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨਾਲ ਮਿਲ ਕੇ ਚੰਡੀਗੜ੍ਹ ਦੇ ਸੈਕਟਰ 42 ਸਥਿਤ ਬੇਅੰਤ ਸਿੰਘ ਯਾਦਗਾਰ ਤੇ ਚੰਡੀਗੜ੍ਹ ਸੈਂਟਰ ਆਫ਼ ਪਰਫਾਰਮਿੰਗ ਐਂਡ ਵਿਯੂਅਲ ਆਰਟਸ ਦੇ ਮੌਜੂਦਾ ਸਥਾਨ ਉੱਪਰ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈ.ਆਈ.ਸੀ.) ਸਥਾਪਤ ਕਰਨ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਨੂੰ 1995 ‘ਚ ਇੱਕ ਕਾਰ ਬੰਬ ਧਮਾਕੇ ਦੌਰਾਨ ਸ਼ਹੀਦ ਕਰ ਦਿੱਤਾ ਗਿਆ ਸੀ, ਦੇ ਪਰਿਵਾਰ ਨੂੰ ਇਸ ਪ੍ਰਸਤਾਵਿਤ ਸੈਂਟਰਾਂ ਬਾਰੇ ਕੋਈ ਵੀ ਇਤਰਾਜ਼ ਨਹੀਂ ਹੈ ਜੇ ਇਸ ਯਾਦਗਾਰ ਦੀ ਮਰਿਆਦਾ ਨੂੰ ਹਰ ਕੀਮਤ ‘ਤੇ ਬਣਾਈ ਰੱਖਿਆ ਜਾਵੇ। ਇਹ ਪ੍ਰਸਤਾਵਿਤ ਸੈਂਟਰ ਦਿੱਲੀ ਦੇ ਆਈ.ਆਈ.ਸੀ. ਦੀ ਤਰਜ਼ ‘ਤੇ ਵਿਕਸਿਤ ਕੀਤਾ ਜਾਵੇਗਾ। ਇਸ ਨੂੰ ਸ੍ਰ. ਬੇਅੰਤ ਸਿੰਘ ਇੰਡੀਆ ਇੰਟਰਨੈਸ਼ਨਲ ਦਾ ਨਾਂਅ ਦਿੱਤਾ ਜਾਵੇਗਾ। ਇਸ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਤੇ ਯੂ.ਟੀ. ਪ੍ਰਸ਼ਾਸਨ ਵੱਲੋਂ ਬਰਾਬਰ ਹਿੱਸੇ ਦੀ ਲਾਗਤ ਨਾਲ ਉਸਾਰਿਆ ਜਾਵੇਗਾ।

ਇਹ ਫੈਸਲਾ ਬੇਅੰਤ ਸਿੰਘ ਯਾਦਗਾਰ ਸੁਸਾਇਟੀ ਤੇ ਚੰਡੀਗੜ੍ਹ ਸੈਂਟਰ ਫਾਰ ਪ੍ਰਫਾਰਮਿੰਗ ਐਂਡ ਵਿਯੂਅਲ ਆਰਟਸ ਦੀ ਮੀਟਿੰਗ ਦੌਰਾਨ ਲਿਆ ਗਿਆ, ਜਿਸ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ ਹੋਰ ਨੁਮਾਇੰਦਿਆਂ ਦੇ ਨਾਲ ਰਾਜਪਾਲ ਤੇ ਮੁੱਖ ਮੰਤਰੀ ਵੀ ਸ਼ਾਮਲ ਹੋਏ। ਰਾਜਪਾਲ ਨੇ ਸੁਝਾਅ ਦਿੱਤਾ ਕਿ ਪ੍ਰਸਤਾਵਿਤ ਸੈਂਟਰ ਦੋਵਾਂ ਪੰਜਾਬ ਤੇ ਚੰਡੀਗੜ੍ਹ ਦੀ ਸਰਕਾਰ/ਪ੍ਰਸ਼ਾਸਨ ਤੋਂ ਆਜ਼ਾਦ ਹੋਵੇ। ਉਨ੍ਹਾਂ ਕਿਹਾ ਕਿ ਇਸ ਦੀ ਮੈਂਬਰਸ਼ਿਪ ਮੁਹਿੰਮ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ।

1996 ‘ਚ ਲਿਆ ਗਿਆ  ਸੀ ਇਹ ਯਾਦਗਾਰ ਸਥਾਪਤ ਕਰਨ ਦਾ ਫੈਸਲਾ

ਚੰਡੀਗੜ੍ਹ ਇੰਡੀਆ ਇੰਟਰਨੈਸ਼ਨਲ ਸੈਂਟਰ, ਬੇਅੰਤ ਸਿੰਘ ਯਾਦਗਾਰ ਦੇ ਨਾਲ ਹੀ ਵਿਕਸਿਤ ਕਰਨ ਦਾ ਪ੍ਰਸਤਾਵ ਹੈ, ਜਿਸ ‘ਚ ਮੀਡੀਆ ਸੈਂਟਰ ਹੋਵੇਗਾ ਜਿਸ ਦਾ ਢਾਂਚਾ ਤੇ ਮੌਜੂਦਾ ਲਾਇਬ੍ਰੇਰੀ ਤੇ ਕਾਨਫਰੰਸ ਹਾਲ ਤਿਆਰ ਹੈ। ਮੀਡੀਆ ਸੈਂਟਰ ਦੀ ਇਮਾਰਤ ਦਾ ਮੁੜ ਨਾਮਕਰਨ ਕੀਤਾ ਜਾਵੇਗਾ, ਜਿਸ ਵਿੱਚ ਇੱਕ ਰੈਸਟੋਰੈਂਟ ਤੇ ਕੈਫੇਟੇਰੀਆ ਤੋਂ ਇਲਾਵਾ ਇੱਕ ਕਨਵੈਨਸ਼ਨ ਸੈਂਟਰ ਹੋਵੇਗਾ। ਇਹ ਯਾਦਗਾਰ ਸਥਾਪਤ ਕਰਨ ਦਾ ਫੈਸਲਾ ਬੇਅੰਤ ਸਿੰਘ ਦੀ ਹੱਤਿਆ ਤੋਂ ਕੁਝ ਮਹੀਨੇ ਬਾਅਦ ਹੀ 1996 ‘ਚ ਲਿਆ ਗਿਆ ਸੀ। ਇਸ ਨੂੰ ਸਵਰਗੀ ਬੇਅੰਤ ਸਿੰਘ ਦੀ ਯਾਦ ਵਿੱਚ ਵਿਕਸਿਤ ਕਰਨ ਦਾ ਫੈਸਲਾ ਕੀਤਾ ਸੀ। ਜਦਕਿ ਲੀ ਕੋਰਬੁਜ਼ਰ ਦੀ ਨੀਤੀ ਅਨੁਸਾਰ ਚੰਡੀਗੜ੍ਹ ਦੇ ਜਨਤਕ ਖੇਤਰ ਵਿੱਚ ਕਿਸੇ ਮਹੱਤਵਪੂਰਨ ਸ਼ਖਸੀਅਤ ਦਾ ਕੋਈ ਵੀ ਬੁੱਤ ਸਥਾਪਤ ਨਾ ਕਰਨਾ ਸੀ ਪਰ ਇਸ ਦੇ ਬਾਵਜੂਦ ਸਰਦਾਰ ਬੇਅੰਤ ਸਿੰਘ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸੇ ਦੌਰਾਨ ਹੀ ਚੰਡੀਗੜ੍ਹ ਸੈਂਟਰ ਫਾਰ ਪਰਫਾਰਮਿੰਗ ਐਂਡ ਵੀਯੂਅਲ ਆਰਟਸ ਬਣਾਉਣ ਦੀ ਯੋਜਨਾ ਬਣਾਈ ਗਈ ਕਿਉਂਕਿ ਚੰਡੀਗੜ੍ਹ ਸ਼ਹਿਰ ਵਿੱਚ ਅਜਿਹੀ ਸੱਭਿਆਚਾਰਕ ਹੱਬ ਦੇ ਵਾਸਤੇ ਇਸ ਦੀ ਜ਼ਰੂਰਤ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Incentive, Approval, Beant Singh, India International Center