ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਦਾ ਸੱਦਾ, ਆਉਣ ਵਾਲਾ ਸਮਾਂ ਬਾਗਬਾਨੀ ਤੇ ਫੁੱਲਾਂ ਦੀ ਖੇਤੀ ਦਾ | Heritage Festival
ਬਾਗਬਾਨੀ ਮੰਤਰੀ ਬੋਲੇ, ਪੰਜਾਬ ਸਰਕਾਰ ਕਿਸਾਨਾਂ ਦੀ ਹਰ ਪੱਖੋਂ ਕਰ ਰਹੀ ਹੈ ਮੱਦਦ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਪੁਰਾਤਨ ਬਾਰਾਂਦਰੀ ਬਾਗ ਵਿਖੇ ਹੈਰੀਟੇਜ ਫੈਸਟੀਵਲ (Heritage Festival) ਦੀ ਸ਼ੁਰੂਆਤ ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅਮਰੂਦ ਮੇਲੇ ਅਤੇ ਗੁਲਦਾਉਦੀ ਸ਼ੋਅ ਦੇ ਉਦਘਾਟਨ ਨਾਲ ਕਰਵਾਈ। ਇਸ ਦੌਰਾਨ ਫੁੱਲਾਂ, ਫ਼ਲਾਂ ਤੇ ਸਬਜ਼ੀਆਂ ਦੇ ਕਾਸ਼ਤਕਾਰਾਂ ਤੇ ਪਰਾਲੀ ਨਾ ਸਾੜਨ ਵਾਲੇ 39 ਅਗਾਂਹਵਧੂ ਕਿਸਾਨਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਨਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਬਾਗਬਾਨੀ ਤੇ ਫੁੱਲਾਂ ਦੀ ਖੇਤੀ ਦਾ ਸਮਾਂ ਹੈ, ਇਸ ਲਈ ਸਰਕਾਰ ਨੇ ਵੀ ਸੂਬੇ ਦੇ ਕਿਸਾਨਾਂ ਨੂੰ ਸਹਾਇਤਾ ਕਰਨ ਲਈ ਕਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਹਨ। ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੋ ਏਕੜ ਤੱਕ ਫੁੱਲਾਂ ਦੀ ਖੇਤੀ ਕਰਨ ਵਾਲੇ ਕਾਸ਼ਤਕਾਰਾਂ ਨੂੰ 14 ਹਜ਼ਾਰ ਪ੍ਰਤੀ ਏਕੜ ਸਬਸਿਡੀ ਦੇਣ ਸਮੇਤ ਬਾਗਬਾਨੀ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵੀ ਸਹਾਇਤਾ ਦੇ ਰਹੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਮੁਨਾਫਾ ਕਮਾਉਣ ਲਈ ਝੋਨੇ ਦੀ ਥਾਂ ਫ਼ਸਲੀ ਵਿਭਿੰਨਤਾ ਅਪਣਾ ਕੇ ਜ਼ਹਿਰਾਂ ਤੋਂ ਮੁਕਤ ਤੇ ਮਾਡਰਨ ਖੇਤੀ ਕਰਨ ਤਾਂ ਕਿ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਸਾਨ ਵਾਹੇ ਗਏ ਨਾਲੇ ਤੇ ਖਾਲੇ ਛੱਡ ਦੇਣ ਤਾਂ ਕਿ ਸਿੰਚਾਈ ਲਈ ਨਹਿਰੀ ਪਾਣੀ ਟੇਲਾਂ ਤੱਕ ਪੁੱਜਦਾ ਕੀਤਾ ਜਾ ਸਕੇ। ਉਨ੍ਹਾਂ ਨੇ ਪਰਾਲੀ ਤੇ ਫਸਲਾਂ ਦੀ ਨਾੜ ਨੂੰ ਅੱਗ ਨਾ ਲਗਾਉਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਨੇ ਦੁੱਧ ਵਿੱਚ ਮਿਲਾਵਟ ਕਰਨ ਵਾਲਿਆਂ ਤੇ ਨਕਲੀ ਦੁੱਧ ਬਣਾਉਣ ਤੋਂ ਬਚਣ ਲਈ ਆਖਦਿਆਂ ਅਜਿਹਾ ਕਰਨ ਵਾਲਿਆਂ ਦੀ ਸੂਚਨਾ ਪ੍ਰਸ਼ਾਸਨ ਤੱਕ ਪੁੱਜਦੀ ਕਰਨ ਲਈ ਵੀ ਕਿਹਾ। (Heritage Festival)
ਉਤਮ ਕਿਸਮ ਦੇ ਫੁੱਲਾਂ ਦੇ ਜੇਤੂਆਂ ਨੂੰ ਇਨਾਮ ਦਿੱਤੇ
ਇਸ ਗੁਲਦਾਉਦੀ ਸ਼ੋਅ ਦੀ ਪ੍ਰਸ਼ੰਸਾ ਕਰਦਿਆਂ ਜੌੜਾਮਾਜਰਾ ਨੇ ਦੱਸਿਆ ਕਿ ਅੱਜ ਇੱਥੇ ਗੁਲਦਾਉਦੀ ਦੀ ਪ੍ਰਦਰਸ਼ਨੀ ’ਚ 10 ਐਂਟਰੀਆਂ ਲਿਆਂਦੀਆਂ ਜਿਨ੍ਹਾਂ ’ਚੋਂ ਉਤਮ ਕਿਸਮ ਦੇ ਫੁੱਲਾਂ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ ਹਨ ਤੇ ਜਨ ਹਿਤ ਸੰਮਤੀ ਨੂੰ ਪਹਿਲਾ ਇਨਾਮ ਮਿਲਿਆ ਹੈ। ਜਦੋਂਕਿ ਅਮਰੂਦ ਮੇਲੇ ’ਚ ਬਾਗਬਾਨਾਂ ਨੇ ਅਮਰੂਦ ਦੀਆਂ ਵੱਖ-ਵੱਖ ਕਿਸਮਾਂ ਸਮੇਤ ਅਮਰੂਦ ਤੋਂ ਬਣੇ ਪਦਾਰਥਾਂ ਦੀ ਦਿਲਕਸ਼ ਨੁਮਾਇਸ਼ ਲਗਾਈ ਹੈ।
ਇਹ ਵੀ ਪੜ੍ਹੋ: Mukh Mantri Tirth Yatra ਤਹਿਤ ਨਾਭਾ ਤੋਂ ਸ਼੍ਰੀ ਸਾਲਾਸਰ ਧਾਮ ਲਈ ਬੱਸ ਰਵਾਨਾ
ਇਸ ਮੌਕੇ ਲਗਾਈਆਂ ਗਈਆਂ ਸਟਾਲਾਂ ਵਿੱਚ ਨਗਰ ਨਿਗਮ ਦੀ ਵੇਸਟ ਟੂ ਵੈਲਥ ਤਹਿਤ ਲਗਾਈ ਸਟਾਲ ਨੂੰ ਪਹਿਲਾ ਸਥਾਨ ਤੇ ਅਗਾਂਹਵਧੂ ਕਿਸਾਨ ਤੇ ਫੁੱਲਾਂ ਦੀ ਖੇਤੀ ਕਰਨ ਵਾਲੇ ਗੁਰਪ੍ਰੀਤ ਸਿੰਘ ਮੰਜਾਲ ਦੀ ਸਟਾਲ ਨੂੰ ਦੂਜਾ ਸਥਾਨ ਮਿਲਿਆ। ਇਸ ਮੌਕੇ ਡਾਇਰੈਕਟਰ ਬਾਗਬਾਨੀ-ਕਮ-ਮਿਸ਼ਨ ਡਾਇਰੈਕਟਰ ਡਾ. ਸ਼ੈਲਿੰਦਰ ਕੌਰ ਨੇ ਬਾਗਬਾਨੀ ਵਿਭਾਗ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਇੰਪਰੂਵਮੈਂਟ ਟਰੱਸਟ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਵੀਰਪਾਲ ਕੌਰ ਚਹਿਲ, ਬਲਕਾਰ ਸਿੰਘ ਗੱਜੂਮਾਜਰਾ, ਸੋਨੂ ਥਿੰਦ, ਗੱਜਣ ਸਿੰਘ, ਅੰਗਰੇਜ ਸਿੰਘ ਰਾਮਗੜ੍ਹ ਸਮੇਤ ਵੱਡੀ ਗਿਣਤੀ ਲੋਕ ਮੌਜੂਦ ਸਨ।
ਪਰਾਲੀ ਨਾ ਸਾੜਨ ਵਾਲੇ 39 ਅਗਾਂਹਵਧੂ ਕਿਸਾਨਾਂ ਦਾ ਸਨਮਾਨ
ਇਸ ਮੌਕੇ ਬਾਗਬਾਨੀ ਅਤੇ ਖੇੜੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਫੁੱਲਾਂ, ਫ਼ਲਾਂ ਤੇ ਸਬਜ਼ੀਆਂ ਦੇ ਕਾਸ਼ਤਕਾਰਾਂ ਸਮੇਤ ਪਰਾਲੀ ਨਾ ਸਾੜਨ ਵਾਲੇ 39 ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕੀਤਾ। ਇਸ ਮੇਲੇ ’ਚ ਖਾਣ-ਪੀਣ ਦੀਆਂ ਵਸਤਾਂ ਦੀਆਂ ਸਟਾਲਾਂ ਸਮੇਤ ਵੱਖ-ਵੱਖ ਖੇਤੀ ਤੇ ਬਾਗਬਾਨੀ ਉਤਪਾਦਾਂ ਦੀਆਂ ਸਟਾਲਾਂ ਤੋਂ ਇਲਾਵਾ ਬੱਚਿਆਂ ਲਈ ਵਿਸ਼ੇਸ਼ ਕੋਨਾ ਤਿਆਰ ਕੀਤਾ ਗਿਆ ਸੀ, ਜਿੱਥੇ ਸਕੂਲੀ ਬੱਚਿਆਂ ਨੇ ਖੂਬ ਆਨੰਦ ਮਾਣਿਆ ਅਤੇ ਇਸ ਮੇਲੇ ਨੇ ਪਟਿਆਲਵੀ ਦਰਸ਼ਕ ਕੀਲ ਲਏ। Heritage Festival