ਮੁਹਾਲੀ ’ਚ ਮੱਚਿਆ ਹਾਹਾਕਾਰ, ਕਈ ਸਥਾਨਾਂ ’ਤੇ ਡੁੱਬੇ ਵਾਹਨ, ਘਰਾਂ ਚ ਵੜਿਆ ਪਾਣੀ

Rain In Mohali
ਮੁਹਾਲੀ ’ਚ ਬਾਰਿਸ਼ ਨਾਲ ਮੱਚਿਆ ਹਾਹਾਕਾਰ, ਕਈ ਸਥਾਨਾਂ ’ਤੇ ਡੁੱਬੇ ਵਾਹਨ, ਘਰਾਂ ਚ ਵੜਿਆ ਪਾਣੀ

ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਨੇ ਰਿਕਾਰਡ ਤੋੜ ਦਿੱਤੇ ਹਨ। ਸ਼ਨੀਵਾਰ ਸਵੇਰੇ ਸ਼ੁਰੂ ਹੋਇਆ ਮੀਂਹ ਸੋਮਵਾਰ ਸ਼ਾਮ ਤੱਕ ਜਾਰੀ ਰਿਹਾ। ਪੰਜਾਬ ‘ਚ ਸ਼ਨੀਵਾਰ ਰਾਤ ਅਤੇ (Rain In Mohali) ਐਤਵਾਰ ਨੂੰ 57.5 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ 4.6 ਮਿਲੀਮੀਟਰ ਦੇ ਆਮ ਨਾਲੋਂ 1151 ਫੀਸਦੀ ਜ਼ਿਆਦਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ 24 ਘੰਟਿਆਂ ਵਿੱਚ 322 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਸੋਮਵਾਰ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਮੋਹਾਲੀ ਦੀਆਂ ਜ਼ਿਆਦਾਤਰ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ। ਚੰਡੀਗੜ੍ਹ ਰੋਡ, ਜ਼ੀਰਕਪੁਰ ਰੋਡ, ਪਟਿਆਲਾ ਰੋਡ, ਖਰੜ ਸਮੇਤ ਹੋਰ ਥਾਵਾਂ ’ਤੇ ਸੜਕਾਂ ’ਤੇ ਦੋ ਫੁੱਟ ਤੱਕ ਪਾਣੀ ਜਮ੍ਹਾਂ ਹੋ ਗਿਆ ਹੈ। ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੇ ਨਾਲ ਹੀ ਸ਼ਹਿਰ ਦੇ ਫੇਜ਼ 1,8 , ਬਲੌਂਗੀ ਸਮੇਤ ਕਈ ਇਲਾਕਿਆਂ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਵੜ ਗਿਆ ਹੈ। ਇਸ ਮੌਕੇ ਲੋਕਾਂ ਨੂੰ ਘਰਾਂ ਵਿੱਚੋਂ ਪਾਣੀ ਕੱਢਣ ਲਈ ਜੱਦੋ-ਜਹਿਦ ਕਰਦਿਆਂ ਦੇਖਿਆ ਗਿਆ। ਦੂਜੇ ਪਾਸੇ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਵੀ ਤੇਜ਼ੀ ਨਾਲ ਵੱਧ ਗਿਆ ਹੈ। ਪੁਲ ਪਾਣੀ ਨਾਲ ਭਰ ਗਿਆ ਹੈ। ਜਿਸ ਕਾਰਨ ਦਰਿਆ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੰਜ ਜ਼ਿਲ੍ਹਿਆਂ ਮੋਹਾਲੀ, ਕਪੂਰਥਲਾ, ਪਟਿਆਲਾ, ਮੋਗਾ ਅਤੇ ਪਠਾਨਕੋਟ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਦਰਜਨਾਂ ਪਿੰਡਾਂ ਵਿੱਚ ਬਚਾਅ ਕਾਰਜ ਜਾਰੀ ਹਨ। ਪਟਿਆਲਾ ਦੀਆਂ ਛੋਟੀਆਂ ਅਤੇ ਵੱਡੀਆਂ ਦੋਵੇਂ ਨਦੀਆਂ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਈਆਂ ਹਨ। ਮੋਹਾਲੀ ‘ਚ ਸਥਿਤੀ ‘ਤੇ ਕਾਬੂ ਪਾਉਣ ਲਈ ਫੌਜ ਨੂੰ ਬੁਲਾਇਆ ਗਿਆ ਹੈ।

ਪ੍ਰਸ਼ਾਸਨ ਨੇ ਹੜ੍ਹ ਦਾ ਅਲਰਟ ਜਾਰੀ ਕੀਤਾ (Rain In Mohali)

ਪ੍ਰਸ਼ਾਸਨ ਨੇ ਹੜ੍ਹ ਦਾ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਨੀਵੇਂ ਇਲਾਕਿਆਂ ‘ਚ ਸਥਿਤ ਘਰਾਂ ਨੂੰ ਖਾਲੀ ਕਰਵਾ ਲਿਆ ਹੈ। ਬੀਤੀ 9 ਜੁਲਾਈ ‘ਚ 290.9 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਆਮ ਨਾਲੋਂ 6826 ਫੀਸਦੀ ਜ਼ਿਆਦਾ ਹੈ। ਭਾਰੀ ਮੀਂਹ ਕਾਰਨ ਮੁਹਾਲੀ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਸੂਬੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਇੱਥੇ ਮੁਹਾਲੀ ਦੇ ਡੇਰਾਬੱਸੀ ਵਿੱਚ ਗੁਲਮੋਹਰ ਹਾਊਸਿੰਗ ਸੁਸਾਇਟੀ ਵਿੱਚ ਭਾਰੀ ਬਾਰਸ਼ ਕਾਰਨ ਹਾਲਾਤ ਲਗਾਤਾਰ ਵਿਗੜ ਰਹੇ ਹਨ। ਉੱਥੋਂ ਡਰਾਉਣੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਥੇ ਕਈ ਸੁਸਾਇਟੀਆਂ ਵਿਚ ਪਾਣੀ ਭਰ ਗਿਆ। ਤਸਵੀਰਾਂ ਵਿਚ ਵੇਖਿਆ ਦਾ ਸਕਦਾ ਹੈ ਕਿ ਪਾਰਕਿੰਗ ਵਿਚ ਖੜ੍ਹੀਆਂ ਕਾਰਾਂ ਪਾਣੀ ਵਿਚ ਡੁੱਬ ਗਈਆਂ ਹਨ।

ਘਰਾਂ ਵਿਚੋਂ ਪਾਣੀ ਕੱਢਦੇ ਮੁਹਾਲੀ ਵਾਸੀ

ਲੋਕਾਂ ਨੂੰ ਕੱਢਣ ਲਈ ਕਿਸ਼ਤੀਆਂ ਮੰਗਵਾਉਣੀਆਂ ਪਈਆਂ

ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕੱਢਣ ਲਈ ਕਿਸ਼ਤੀਆਂ ਮੰਗਵਾਉਣੀਆਂ ਪਈਆਂ। ਰੋਪੜ, ਨਵਾਂਸ਼ਹਿਰ, ਫਿਰੋਜ਼ਪੁਰ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਸੁਖਨਾ ਝੀਲ ਦੇ ਦੋਵੇਂ ਫਲੱਡ ਗੇਟ ਖੋਲ੍ਹਣੇ ਪਏ। ਮੌਸਮ ਵਿਭਾਗ ਦੁਆਰਾ ਪੰਜਾਬ ‘ਚ ਸੋਮਵਾਰ ਨੂੰ ਵੀ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ।

ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜ ਉਡਾਣਾਂ ਰੱਦ (Rain In Mohali)

ਦੱਸਣਯੋਗ ਹੈ ਕਿ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜ ਉਡਾਣਾਂ ਰੱਦ ਕਰਨੀਆਂ ਪਈਆਂ। ਰੋਪੜ-ਨੰਗਲ ਰੇਲ ਮਾਰਗ ਹੜ੍ਹਾਂ ਕਾਰਨ ਉਖੜ ਗਿਆ ਹੈ। ਫਿਰੋਜ਼ਪੁਰ ਵਿੱਚ ਵੀ ਟ੍ਰੈਕ ਪਾਣੀ ਵਿੱਚ ਡੁੱਬਣ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ। ਭਾਰਤ-ਪਾਕਿ ਸਰਹੱਦ ਦੀ ਕੰਡਿਆਲੀ ਤਾਰ ਵੀ ਤੋੜ ਦਿੱਤੀ ਗਈ। ਫਤਿਹਗੜ੍ਹ ਦੇ ਰੇਲਵੇ ਕੁਆਟਰ ਪਾਣੀ ਨਾਲ ਭਰੇ ਹੋਏ ਹਨ। ਹੁਸ਼ਿਆਰਪੁਰ ‘ਚ ਵੀ ਪ੍ਰਸ਼ਾਸਨ ਨੇ ਹੜ੍ਹਾਂ ਦਾ ਅਲਰਟ ਜਾਰੀ ਕਰ ਦਿੱਤਾ ਹੈ।

ਫੇਜ਼-8 ਨੇੜੇ ਪਾਣੀ ਵਿੱਚ ਡੁੱਬੀਆਂ ਕਾਰਾਂ

ਮੋਗਾ ਵਿੱਚ ਮੋਗਾ-ਜਲੰਧਰ ਸੜਕ ਦਾ ਇੱਕ ਹਿੱਸਾ ਵਹਿ ਗਿਆ ਹੈ। ਦਰਿਆਵਾਂ ਅਤੇ ਨਹਿਰਾਂ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਮੰਤਰੀਆਂ, ਵਿਧਾਇਕਾਂ, ਡੀਸੀ ਅਤੇ ਐਸਐਸਪੀ ਸਮੇਤ ਸਾਰੇ ਅਧਿਕਾਰੀਆਂ ਨੂੰ ਜਨਤਾ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਲੋਕਾਂ ਨੂੰ ਤੁਰੰਤ ਰਾਹਤ ਦੇਣ ਲਈ ਕਿਹਾ ਹੈ। ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਫੂਡ ਸਪਲਾਈ ਵਿਭਾਗ ਨੂੰ ਵੀ ਖਾਣੇ ਦੇ ਪੈਕੇਟ ਤਿਆਰ ਕਰਨ ਲਈ ਕਿਹਾ ਗਿਆ ਹੈ।

 ਮੈਨ ਸਪਲਾਈ ਪੈਨਲਾਂ ਵਿੱਚ ਪਾਣੀ ਭਰਿਆ, ਜ਼ੀਰਕਪੁਰ ਵਿੱਚ ਬਿਜਲੀ ਹੋਈ ਗੁੱਲ

ਦੱਸ ਦੇਈਏ ਕਿ ਭਾਰੀ ਮੀਂਹ ਕਾਰਨ ਕਈ ਥਾਵਾਂ ‘ਤੇ ਮੇਨ ਸਪਲਾਈ ਦੇ ਪੈਨਲਾਂ ‘ਚ ਪਾਣੀ ਭਰ ਜਾਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਅਜਿਹੀ ਸਥਿਤੀ ਵਿੱਚ ਪੀ.ਐਸ.ਪੀ.ਸੀ.ਐਲ ਦੇ ਕਰਮਚਾਰੀ ਕਿਸੇ ਵੀ ਤਰੁੱਟੀ ਨੂੰ ਸੁਧਾਰਨ ਵਿੱਚ ਅਸਮਰੱਥ ਹਨ। ਇਸ ਦੇ ਨਾਲ ਹੀ ਪੀਐਸਪੀਸੀਐਲ ਜ਼ੀਰਕਪੁਰ ਵੱਲੋਂ ਜਾਰੀ ਮੋਬਾਈਲ ਹੈਲਪਲਾਈਨ ਨੰਬਰ ’ਤੇ ਵੀ ਕੋਈ ਜਵਾਬ ਨਹੀਂ ਦੇ ਰਿਹਾ। ਪੀਐਸਪੀਸੀਐਲ ਜ਼ੀਰਕਪੁਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਤੱਕ ਮੀਂਹ ਨਹੀਂ ਰੁਕਦਾ, ਉਦੋਂ ਤੱਕ ਨੁਕਸ ਠੀਕ ਨਹੀਂ ਕੀਤਾ ਜਾਵੇਗਾ।

ਮੀਂਹ ਦੇ ਪਾਣੀ ਚ ਡੁੱਬੀਆਂ ਝੌਂਪੜੀਆਂ

ਇਸ ਦੇ ਨਾਲ ਹੀ ਪੀਐਸਪੀਸੀਐਲ ਦਫ਼ਤਰ ਡਿਫੈਂਸ ਕਲੋਨੀ ਵਿੱਚ ਵੀ ਮੀਂਹ ਦਾ ਪਾਣੀ ਭਰ ਗਿਆ ਹੈ ਜਿਸ ਕਾਰਨ ਦਫ਼ਤਰ ਬੰਦ ਕਰਨਾ ਪਿਆ। ਦਫ਼ਤਰ ਵਿੱਚ ਰੱਖੇ ਰਿਕਾਰਡ ਨੂੰ ਸੁਰੱਖਿਅਤ ਥਾਂ ’ਤੇ ਰੱਖਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੀਐਸਪੀਸੀਐਲ ਜ਼ੀਰਕਪੁਰ ਦੇ ਆਪਣੇ ਦਫ਼ਤਰ ਵਿੱਚ ਵੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਭਾਰੀ ਮੀਂਹ ਕਾਰਨ ਜ਼ੀਰਕਪੁਰ ਦੇ ਵੀਆਈਪੀ ਰੋਡ, ਗਾਜ਼ੀਪੁਰ, ਏਕੇਐਸ ਕਲੋਨੀ, ਸਵਾਸਤਿਕ ਵਿਹਾਰ, ਲੋਹਗੜ੍ਹ, ਢਕੋਲੀ ਆਦਿ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ।

ਖ਼ਤਰੇ ਦੇ ਨਿਸ਼ਾਨ `ਤੇ ਘੱਗਰ ! ਘਰਾਂ ਦੇ ਨੇੜੇ ਪਹੁੰਚਿਆ ਪਾਣੀ

ਉੱਧਰ ਪੰਜਾਬ ਤੇ ਮੈਦਾਨੀ ਵਿੱਚ ਇਲਾਕਿਆਂ ਵਿੱਚ ਕਈ ਦਿਨ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਨਦੀਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਰਹੇ ਹਨ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਘੱਗਰ ਨਦੀ ‘ਚ ਵੀ ਵੱਧ ਬਹਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਪਾਣੀ ਖਤਰੇ ਦੇ ਨਿਸ਼ਾਨ ਤੋਂ ਲਗਭਰ 2.5 ਫੁੱਟ ਉੱਪਰ ਵਹਿ ਰਿਹਾ ਹੈ। ਇਸ ਨਾਲ ਖ਼ਤਰੇ ਦੀ ਘੰਟੀ ਵੱਜ ਗਈ ਹੈ ਅਤੇ ਮੁਹਾਲੀ ਦੇ ਟਿਵਾਣਾ ਪਿੰਡ ਵਿੱਚ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਨੂੰ ਬੁਲਾਇਆ ਗਿਆ ਹੈ।

ਘੱਗਰ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਲਈ ਸੁਚੇਤ ਕੀਤਾ

ਮੁੱਖ ਇੰਜਨੀਅਰ ਸਿੰਚਾਈ ਐਚਐਸ ਮਹਿੰਦੀਰੱਤਾ ਨੇ ਕਿਹਾ, “ਉਹ ਤਿਆਰ ਹਨ ਕਿਉਂਕਿ ਪਾਣੀ 10 ਫੁੱਟ ਦੇ ਖਤਰੇ ਦੇ ਨਿਸ਼ਾਨ ਦੇ ਵਿਰੁੱਧ 12.5 ਫੁੱਟ ‘ਤੇ ਵਹਿ ਰਿਹਾ ਹੈ।” ਉਨ੍ਹਾਂ ਕਿਹਾ ਕਿ ਘੱਗਰ ਦਾ ਪਾਣੀ ਪਟਿਆਲਾ ਅਤੇ ਸੰਗਰੂਰ ਵੱਲ ਹੇਠਾਂ ਵੱਲ ਵਹਿਣ ਕਾਰਨ ਉਹ ਪੂਰੀ ਨਜ਼ਰ ਰੱਖ ਰਹੇ ਹਨ। ਡੇਰਾਬੱਸੀ ਵਿੱਚ ਵੀ ਘੱਗਰ ਦਾ ਪਾਣੀ ਖੇਤਾਂ ਵਿੱਚ ਵੜ ਗਿਆ ਹੈ ਅਤੇ ਜ਼ਮੀਨਾਂ ਦਾ ਵੱਡਾ ਹਿੱਸਾ ਪਾਣੀ ਵਿੱਚ ਡੁੱਬ ਗਿਆ ਹੈ। ਇਸ ਦੇ ਨਾਲ ਹੀ ਖਰੜ ਵਿੱਚ ਵੀ ਭਾਰੀ ਮੀਂਹ ਕਾਰਨ ਕੁਝ ਘਰਾਂ ਦੇ ਨੁਕਸਾਨਿਆ ਗਿਆ ਹੈ। ਜੇਕਰ ਇਸ ਤਰ੍ਹਾਂ ਹੀ ਬਰਸਾਤ ਜਾਰੀ ਰਹੀ ਤਾਂ ਘੱਗਰ ਦਰਿਆ ਵਿੱਚ ਹੜ੍ਹ ਵਰਗੇ ਹਾਲਾਤ ਬਣਨ ਦਾ ਖ਼ਦਸ਼ਾ ਹੈ। ਘੱਗਰ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਲਈ ਸੁਚੇਤ ਕੀਤਾ ਜਾਂਦਾ ਹੈ।