ਡਿਸਟੈਂਸ ਐਜੂਕੇਸ਼ਨ ਦੀ ਮਹੱਤਤਾ

ਡਿਸਟੈਂਸ ਐਜੂਕੇਸ਼ਨ ਦੀ ਮਹੱਤਤਾ

ਸਿੱਖਿਆ ਦੀ ਮਹੱਤਤਾ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਕੋਈ ਕਿੱਤਾ ਹੋਵੇ ਜਾਂ ਜ਼ਿੰਦਗੀ ਦਾ ਸਫ਼ਰ ਹਰ ਇੱਕ ਜਗ੍ਹਾ ’ਤੇ ਸਿੱਖਿਆ ਸਹਾਇਕ ਵਜੋਂ ਮੱਦਦ ਕਰਦੀ ਹੈ। ਚੰਗੀ ਸ਼ਖ਼ਸੀਅਤ, ਨੈਤਿਕ ਕਦਰਾਂ-ਕੀਮਤਾਂ ਦੀ ਉਤਪਤੀ ਤੇ ਵਿਕਾਸ, ਲੋਕ ਰੀਤ, ਲੋਕ ਸੰਸਕਾਰਾਂ ਦਾ ਪ੍ਰਸਾਰ ਅਤੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਸਿੱਖਿਆ ਲਾਭਦਾਇਕ ਸਿੱਧ ਹੁੰਦੀ ਹੈ। ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਵਿਅਕਤੀ ਸਾਰੀ ਉਮਰ ਹੀ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ ਪਰੰਤੂ ਸਮੇਂ ਸਿਰ ਪ੍ਰਾਪਤ ਕੀਤਾ ਗਿਆਨ ਜ਼ਿਆਦਾ ਉਪਯੋਗੀ ਹੁੰਦਾ ਹੈ। ਉਦਾਹਰਨ ਵਜੋਂ ਜੇਕਰ ਕੋਈ ਵਿਦਿਆਰਥੀ ਰੁਜ਼ਗਾਰ ਦੀ ਪ੍ਰਾਪਤੀ ਲਈ ਚਾਲੀ ਸਾਲ ਦੀ ਉਮਰ ਤੋਂ ਬਾਅਦ ਗ੍ਰੈਜੂਏਸ਼ਨ ਕਰਦਾ ਹੈ ਤਾਂ ਉਸ ਨੂੰ ਉਮਰ ਦੀ ਹੱਦ ਲੰਘ ਜਾਣ ਵਰਗੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਵਿੱਦਿਆ ਦਾ ਵਪਾਰੀਕਰਨ ਹੋਣ ਕਰਕੇ ਪੜ੍ਹਾਈ ਮਹਿੰਗਾਈ ਦੀ ਮਾਰ ਦਾ ਸਾਹਮਣਾ ਕਰ ਰਹੀ ਹੈ। ਆਰਥਿਕ ਤੰਗੀ ਦਾ ਸੰਤਾਪ ਝੱਲਦੇ ਹੋਏ ਵਿਦਿਆਰਥੀ ਪੜ੍ਹਾਈ ਅੱਧ-ਵਿਚਕਾਰ ਛੱਡਣ ਲਈ ਮਜ਼ਬੂਰ ਹੋ ਰਹੇ ਹਨ। ਵਿਦਿਆਰਥੀ ਪੜ੍ਹਾਈ ਛੱਡ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਭੱਠਿਆਂ, ਕਾਰਖਾਨਿਆਂ ਤੇ ਖੇਤਾਂ ਵਿੱਚ ਕੰਮ ਕਰਦੇ ਹੋਏ ਆਪਣੇ ਸੁਪਨਿਆਂ ਅਤੇ ਗਿਆਨ ਦੀ ਦੁਨੀਆਂ ਤੋਂ ਦੂਰ ਹੋ ਰਹੇ ਹਨ। ਅਜਿਹੇ ਵਿਦਿਆਰਥੀ ਜਿਹੜੇ ਕਿਸੇ ਮਜ਼ਬੂਰੀ ਵੱਸ ਰੋਜ਼ਾਨਾ ਕਾਲਜ ਨਹੀਂ ਜਾ ਸਕਦੇ ਡਿਸਟੈਂਸ ਐਜੂਕੇਸ਼ਨ ਰਾਹੀਂ ਆਪਣੇ ਪੜ੍ਹਨ ਦਾ ਸੁਪਨਾ ਪੂਰਾ ਕਰਦੇ ਹੋਏ ਮੰਜ਼ਿਲ ਨੂੰ ਸਰ ਕਰ ਸਕਦੇ ਹਨ।

ਡਿਸਟੈਂਸ ਐਜੂਕੇਸ਼ਨ ਦੇ ਫਾਇਦੇ: ਡਿਸਟੈਂਸ ਐਜੂਕੇਸ਼ਨ ਇੱਕ ਅਜਿਹੀ ਸਿੱਖਿਆ ਪ੍ਰਣਾਲੀ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਹਰ ਰੋਜ਼ ਕਾਲਜ ਨਹੀਂ ਜਾਣਾ ਪੈਂਦਾ। ਯੂਨੀਵਰਸਿਟੀਆਂ ਦੁਆਰਾ ਸਸਤੇ ਰੇਟ ’ਤੇ ਪਾਠ ਸਮੱਗਰੀ ਉਪਲੱਬਧ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਆ ਰਹੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਮਨਾਂ ਅੰਦਰ ਪੈਦਾ ਹੋ ਰਹੇ ਪ੍ਰਸ਼ਨਾਂ ਦੇ ਹੱਲ ਲਈ ਪੀ.ਸੀ.ਪੀ. ਭਾਵ ਪਰਸਨਲ ਕੰਟਰੈਕਟ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ। ਇਹ ਆਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਹੋ ਸਕਦਾ ਹੈ। ਇਸ ਸੈਸ਼ਨ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਵਿਸ਼ਿਆਂ ’ਤੇ ਵਿਚਾਰ-ਚਰਚਾ ਹੁੰਦੀ ਹੈ

ਪੰਜਾਬ ਵਿੱਚ ਡਿਸਟੈਂਸ ਐਜੂਕੇਸ਼ਨ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਗਤ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਆਫ ਓਪਨ ਲਰਨਿੰਗ ਅਤੇ ਇੰਦਰਾ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਓਪਨ ਲਰਨਿੰਗ ਦੇ ਨਾਲ-ਨਾਲ ਅਜਿਹੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਹਨ ਜੋ ਵਿਦਿਆਰਥੀਆਂ ਨੂੰ ਡਿਸਟੈਂਸ ਐਜੂਕੇਸ਼ਨ ਮੁਹੱਈਆ ਕਰਵਾ ਰਹੀਆਂ ਹਨ।

ਡਿਸਟੈਂਸ ਐਜੂਕੇਸ਼ਨ ਰਾਹੀਂ ਵਿਦਿਆਰਥੀ ਤੇ ਕੰਮ-ਕਾਜ ਵਾਲੇ ਵਿਅਕਤੀ ਆਪਣੇ ਕੰਮ ਅਤੇ ਨੌਕਰੀ ਦੌਰਾਨ ਪੜ੍ਹਾਈ ਜਾਰੀ ਰੱਖ ਸਕਦੇ ਹਨ। ਮੌਜੂਦ ਤਕਨਾਲੋਜੀ ਦੇ ਸਮੇਂ ਵਿੱਚ ਇਹ ਗੁਣਾਤਮਕ ਅਤੇ ਮਿਆਰੀ ਰੂਪ ਵਿੱਚ ਉੱਭਰ ਰਹੀ ਹੈ। ਡਾ. ਏ ਪੀ ਜੇ ਅਬਦੁਲ ਕਲਾਮ ਜੀ ਅਨੁਸਾਰ ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਸੁੱਤੇ ਪਏ ਦੇਖਦੇ ਹਾਂ ਸਗੋਂ ਸੁਪਨੇ ਤਾਂ ਉਹ ਹੁੰਦੇ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ।

ਆਪਣੇ ਦੇਖੇ ਸੁਪਨਿਆਂ ਨੂੰ ਹਕੀਕਤ ਦਾ ਬੂਰ ਪਾਉਣ ਅਤੇ ਜ਼ਿੰਦਗੀ ਦਾ ਹਨੇ੍ਹਰਾ ਦੂਰ ਕਰਨ ਲਈ ਵਿੱਦਿਆ ਦੀ ਪ੍ਰਾਪਤੀ ਜ਼ਰੂਰੀ ਹੈ। ਭਾਰਤ ਦੀ ਸਾਖਰਤਾ ਦਰ ਵਧਾਉਣ ਅਤੇ ਸਰਵ ਸਿੱਖਿਆ ਅਭਿਆਨ ਦੇ ਟੀਚੇ ‘ਪੜ੍ਹੋ ਸਾਰੇ, ਵਧੋ ਸਾਰੇ’ ਨੂੰ ਹਾਸਲ ਕਰਨ ਲਈ ਡਿਸਟੈਂਸ ਐਜੂਕੇਸ਼ਨ ਪ੍ਰਣਾਲੀ ਮੁੱਖ ਭੂਮਿਕਾ ਨਿਭਾ ਸਕਦੀ ਹੈ। ਸਾਨੂੰ ਸਾਰਿਆਂ ਸਕੂਲਾਂ ਅਤੇ ਕਾਲਜਾਂ ਦੇ ਨਾਲ-ਨਾਲ ਸੰਚਾਰ ਦੇ ਸਾਧਨਾਂ ਦੀ ਵਰਤੋਂ ਕਰਦਿਆਂ ਡਿਸਟੈਂਸ ਐਜੂਕੇਸ਼ਨ ਦੀ ਮਹੱਤਤਾ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਵਿਅਕਤੀ ਗਿਆਨ ਦੀ ਰੌਸ਼ਨੀ ਤੋਂ ਵਾਂਝਾ ਨਾ ਰਹਿ ਸਕੇ।
ਰਜਵਿੰਦਰਪਾਲ ਸ਼ਰਮਾ,
ਕਾਲਝਰਾਣੀ, ਬਠਿੰਡਾ
ਮੋ. 70873-67969

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ