ਪੰਜਾਬੀ ਨਾਟਕ ਤੇ ਰੰਗਮੰਚ ਦੀ ਜਾਨ ਬਲਵੰਤ ਗਾਰਗੀ

ਪੰਜਾਬੀ ਨਾਟਕ ਤੇ ਰੰਗਮੰਚ ਦੀ ਜਾਨ ਬਲਵੰਤ ਗਾਰਗੀ

ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਜਦ ਵੀ ਨਾਟਕ ਤੇ ਰੰਗਮੰਚ ਦਾ ਜ਼ਿਕਰ ਹੋਵੇ ਬਲਵੰਤ ਗਾਰਗੀ ਦੀ ਚਰਚਾ ਨਾ ਹੋਵੇ ਇਹ ਕਦੇ ਹੋ ਹੀ ਨਹੀਂ ਸਕਦਾ। ਪੰਜਾਬੀ ਨਾਟਕ ਤੇ ਰੰਗਮੰਚ ਨਾਲ ਰੂਹ ਤੋਂ ਜੁੜਿਆ ਇਨਸਾਨ ਰੇਤਲੇ ਟਿੱਬਿਆਂ ਤੋਂ ਵਿਦੇਸ਼ਾਂ ਤੱਕ ਪੰਜਾਬੀ ਨਾਟਕ ਤੇ ਰੰਗਮੰਚ ਦੀ ਪਹਿਚਾਣ ਲੈ ਕੇ ਜਾਣ ਵਾਲਾ ਬਲਵੰਤ ਗਾਰਗੀ ਹੀ ਹੈ।

ਬਲਵੰਤ ਗਾਰਗੀ ਦਾ ਜਨਮ 4 ਦਸੰਬਰ 1916 ਨੂੰ ਸਹਿਣਾ (ਜ਼ਿਲ੍ਹਾ ਬਠਿੰਡਾ) ਵਿਖੇ ਲਾਲਾ ਸ਼ਿਵ ਚੰਦ ਅਤੇ ਪੁੰਨੀ ਦੇ ਘਰ ਹੋਇਆ।
ਬਲਵੰਤ ਗਾਰਗੀ ਆਪਣੇ ਬਚਪਨ ਦੀਆਂ ਗੱਲਾਂ ਕਰਦਿਆਂ ਲਿਖਦਾ ਹੈ ਕਿ ਮਾਂ ਨੇ ਦੋਹਾਂ ਭਰਾਵਾਂ ਵਿਚੋਂ ਮੈਨੂੰ ਚੁਣ ਪਿੰਡ ਦੇ ਗੁਰਦੁਆਰਾ ਸਾਹਿਬ ਪੜ੍ਹਨ ਭੇਜ ਦਿੱਤਾ। ਅਸੀਂ ਦੋ ਦਿਨ ਖੇਡਦੇ ਰਹੇ।

ਕੋਈ ਮਾਸਟਰ ਨਹੀਂ ਆਇਆ। ਇੱਕ ਦਿਨ ਰੌਲਾ ਪੈ ਗਿਆ, ਬਾਬਾ ਜੀ ਆ ਗਏ। ਨੀਲਾ ਬਾਣਾ ਪਾਈ ਘੋੜੇ ’ਤੇ ਚੜ੍ਹੇ ਬਾਬਾ ਜੀ ਨੇ ਮੈਨੂੰ ਪੁੱਛਿਆ, ਇੱਥੇ ਖੇਡਣ ਆਇਆਂ? ਆਖਿਆ, ਨਹੀਂ ਜੀ! ਇੱਥੇ ਪੜ੍ਹਦਾ ਹਾਂ। ਆਖਣ ਲੱਗੇ, ਜੇ ਪੜ੍ਹਦਾ ਏਂ ਤਾਂ ਫੇਰ ਸਬਕ ਸੁਣਾ। ਅੱਗੋਂ ਆਖਿਆ, ਸਬਕ ਤਾਂ ਤੁਸੀਂ ਅਜੇ ਪੜ੍ਹਾਇਆ ਹੀ ਨਹੀਂ। ਘੋੜੇ ’ਤੇ ਚੜ੍ਹੇ-ਚੜ੍ਹਾਇਆਂ ਹੱਥ ਫੜੇ ਨੇਜੇ ਨਾਲ ਭੋਇੰ ’ਤੇ ਪਹਿਲੋਂ ਏਕਾ ਵਾਹਿਆ ਫੇਰ ਉੁਚੀ ਛਤਰੀ ਵਾਲਾ ਊੜਾ ਤੇ ਆਖਣ ਲੱਗੇ, ਆਖ ਇੱਕ ਓਅੰਕਾਰ! ਇਹ ਤੇਰਾ ਪਹਿਲਾ ਸਬਕ ਏ। ਗਾਰਗੀ ਦੱਸਦਾ ਹੈ ਕਿ ਇਹ ਸਬਕ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਸਬਕ ਹੋ ਨਿੱਬੜਿਆ। ਬਾਕੀ ਦਾ ਸਾਰਾ ਕੁਝ ਮੈਂ ਇਨ੍ਹਾਂ ਦੋ ਸਬਕਾਂ ਦੇ ਵਿੱਚ ਰਹਿ ਕੇ ਹੀ ਕੀਤਾ।

ਗਾਰਗੀ ਨੇ ਮੁੱਢਲੀ ਵਿੱਦਿਆ ਪਿੰਡੋਂ ਹਾਸਲ ਕਰਕੇ ਦਸਵੀਂ ਤੱਕ ਦੀ ਪੜ੍ਹਾਈ ਬਠਿੰਡੇ ਦੇ ਹਾਈ ਸਕੂਲ ਤੋਂ ਕੀਤੀ। ਬੀ. ਏ. ਦਾ ਇਮਤਿਹਾਨ 1936 ਵਿੱਚ ਲਾਹੌਰ ਤੋਂ ਪਾਸ ਕੀਤਾ। ਫੋਰਮੈਨ ਕਿ੍ਰਸ਼ਚੀਅਨ ਕਾਲਜ ਲਾਹੌਰ ਤੋਂ 1938 ਵਿੱਚ ਪੁਲੀਟੀਕਲ ਸਾਇੰਸ ਦੀ ਐੱਮ. ਏ. ਅਤੇ ਡੀ. ਏ. ਵੀ. ਕਾਲਜ ਤੋਂ 1941 ਵਿੱਚ ਅੰਗਰੇਜ਼ੀ ਦੀ ਐੱਮ.ਏ. ਪਾਸ ਕੀਤੀ। ਗਾਰਗੀ ਨੇ ਪਹਿਲਾਂ ਪਹਿਲ ਲਾਹੌਰ ਦੇ ਰੇਲਵੇ ਸਟੇਸ਼ਨ ’ਤੇ ਨੌਕਰੀ ਕੀਤੀ।

ਸਿਆਟਲ (ਅਮਰੀਕਾ) ਦੀ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਿਖੇ 2 ਕੁ ਸਾਲ ਗਾਰਗੀ ਨੇ ਪ੍ਰੋਫ਼ੈਸਰ ਆਫ਼ ਡਰਾਮਾ ਵਜੋਂ ਕੰਮ ਕੀਤਾ, ਉੱਥੇ ਭਾਰਤੀ ਨਾਟਕ ਪੜ੍ਹਾਏ ਤੇ ਉਨ੍ਹਾਂ ਦਾ ਨਿਰਦੇਸ਼ਨ ਵੀ ਕੀਤਾ। ਕੁੱਝ ਸਮਾਂ ਦੂਰਦਰਸ਼ਨ ਤੇ ਆਕਾਸ਼ਵਾਣੀ ’ਤੇ ਪ੍ਰੋਫ਼ੈਸਰ ਅਮੈਰਿਟਸ ਵਜੋਂ ਵੀ ਯੋਗਦਾਨ ਦਿੱਤਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਡੀਅਨ ਥੀਏਟਰ ਵਿਭਾਗ ਦੇ ਸੰਸਥਾਪਕ ਦਾ ਕਾਰਜ ਵੀ ਨਿਭਾਇਆ।
ਸਾਹਿਤਕ ਸਫਰ ਦੀ ਗੱਲ ਕਰਦਿਆਂ ਬਲਵੰਤ ਗਾਰਗੀ ਦਾ ਇਹ ਪੱਖ ਵੀ ਆਉਂਦਾ ਹੈ ਕਿ ਉਨ੍ਹਾਂ ਨੇ ਸ਼ੁਰੂ-ਸ਼ੁਰੂ ਵਿੱਚ ਕਵਿਤਾ ’ਤੇ ਵੀ ਕਲਮ ਚਲਾਈ ਸੀ ਪਰ ਉਹ ਰਚਨਾਵਾਂ ਪੰਜਾਬੀ ਵਿੱਚ ਨਹੀਂ ਸਨ। ਇੱਕ ਵਾਰ ਗਾਰਗੀ ਆਪਣੀਆਂ ਕਵਿਤਾਵਾਂ ਲੈ ਕੇ ਰਬਿੰਦਰ ਨਾਥ ਟੈਗੋਰ ਕੋਲ ਚਲਾ ਗਿਆ। ਮਿਲਣੀ ਦੌਰਾਨ ਟੈਗੋਰ ਨੇ ਗਾਰਗੀ ਨੂੰ ਦੋ ਗੱਲਾਂ ਕਹੀਆਂ ਇੱਕ ਤਾਂ ਇਹ ਕਿ ਕਵਿਤਾ ਦੀ ਥਾਂ ਗਲਪ ਲਿਖੋ, ਦੂਜਾ ਆਪਣੀ ਮਾਂ-ਬੋਲੀ ਵਿੱਚ ਹੀ ਲਿਖੋ।

ਟੈਗੋਰ ਨੇ ਕਿਹਾ ਕਿ ਲੇਖਕ ਦੇ ਅੰਦਰ ਸੁਹਿਰਦਤਾ ਉਦੋਂ ਹੀ ਰਹਿੰਦੀ ਹੈ ਅਤੇ ਪ੍ਰਫੁਲਤ ਹੁੰਦੀ ਹੈ ਜਦੋਂ ਉਹ ਆਪਣੇ ਬਚਪਨ ਦੀ ਬੋਲੀ ਵਿੱਚ ਲਿਖਦਾ ਤੇ ਸੋਚਦਾ ਹੈ। ਟੈਗੋਰ ਨਾਲ ਇਸ ਮਿਲਣੀ ਤੋਂ ਬਾਅਦ ਗਾਰਗੀ ਪੂਰੀ ਤਰ੍ਹਾਂ ਆਪਣੀ ਮਾਂ-ਬੋਲੀ ਨੂੰ ਸਮਰਪਿਤ ਹੋ ਗਿਆ। ਗਾਰਗੀ ਨੇ ਆਪਣਾ ਸਾਹਿਤਕ ਸਫਰ ਇੱਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਦੇ ਤੌਰ ’ਤੇ ਅਰੰਭ ਕਰਦਿਆਂ ਅਖੀਰ ਤੱਕ ਰੰਗਮੰਚ ਨਾਲ ਵਿਚਰਦਿਆਂ ਬਾਖੂਬ ਨਿਭਾਇਆ।

ਮੁੱਢਲੇ ਦੌਰ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਰਹਿੰਦਿਆਂ (ਜਿਸ ਨੂੰ ਗਾਰਗੀ ਦੇ ਨਾਟਕਾਂ ਦੀ ਜਨਮਦਾਤੀ ਧਰਤੀ ਮੰਨਿਆ ਗਿਆ) ਬਲਵੰਤ ਗਾਰਗੀ ਦੀ ਨਾਟਕੀ ਪ੍ਰਤਿਭਾ ਪ੍ਰਫੁੱਲਤ ਹੋਣੀ ਸ਼ੁਰੂ ਹੋਈ।
ਉਸ ਨੇ ਰੇਡੀਉ ਅਤੇ ਰੰਗਮੰਚ ਲਈ ਨਾਟਕ ਲਿਖੇ। ਬਾਅਦ ਵਿਚ ਅਮਰੀਕਾ ਜਾ ਕੇ ਸੀਐਟਲ ਵਿਚ ਥੀਏਟਰ ਦੇ ਅਧਿਆਪਕ ਰਹੇ। ਉੱਥੇ ਹੀ ਅਮਰੀਕਨ ਕੁੜੀ ਜੀਨੀ ਨਾਲ ਵਿਆਹ ਕਰਵਾ ਲਿਆ ਜੋ ਕਿ ਜ਼ਿੰਦਗੀ ਭਰ ਲਈ ਤਾਂ ਨਿਭ ਨਹੀਂ ਸਕਿਆ।

ਗਾਰਗੀ ਦਾ ਨਾਵਲ ‘ਕੱਕਾ ਰੱਤਾ’ ਤੇ ਨਾਟਕ ‘ਲੋਹਾ ਕੁੱਟ’ 1944 ’ਚ ਪ੍ਰਕਾਸ਼ਿਤ ਹੋਏ। ਆਪਣੇ ਇਸੇ ਪਹਿਲੇ ਸਫ਼ਲ ਨਾਟਕ ਨਾਲ ਹੀ ਗਾਰਗੀ ਪੰਜਾਬੀ ਨਾਟਕਕਾਰਾਂ ਦੀ ਪਹਿਲੀ ਕਤਾਰ ਵਿੱਚ ਅਪਣੀ ਵਿਸ਼ੇਸ਼ ਥਾਂ ਬਣਾਉਣ ਵਿੱਚ ਕਾਮਯਾਬ ਰਿਹਾ। ਉਸ ਤੋਂ ਬਾਅਦ ਉਨ੍ਹਾਂ ਦੇ ਬਹੁਤ ਪ੍ਰਸਿੱਧ ਨਾਟਕ ਪ੍ਰਕਾਸ਼ਿਤ ਹੋਏ

ਪੰਜਾਬੀ ਵਾਰਤਕ ਵਿੱਚ ਰੇਖਾ-ਚਿੱਤਰਾਂ ਦਾ ਮੁੱਢ ਬੰਨ੍ਹਣ ਦਾ ਸਿਹਰਾ ਵੀ ਗਾਰਗੀ ਦੀ ਕਲਮ ਹਿੱਸੇ ਹੀ ਆਇਆ। ‘ਨਿੰਮ ਦੇ ਪੱਤੇ’ ਰੇਖਾ-ਚਿੱਤਰ ਨਾਲ ਗਾਰਗੀ ਨੇ ਆਪਣੇ ਵਾਰਤਕ ਜੀਵਨ ਦੀ ਸ਼ੁਰੂਆਤ ਕੀਤੀ।

ਜਿੱਥੇ ਉਸ ਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਅਤੇ ਬਾਹਰਲੀਆਂ ਯੂਨੀਵਰਸਟੀਆਂ ’ਚ ਰੰਗ-ਮੰਚ ਦਾ ਅਧਿਆਪਨ ਕੀਤਾ, ਉੱਥੇ ਉਸ ਨੇ ਬਾਹਰਲੇ ਦੇਸ਼ਾਂ ਪੋਲੈਂਡ, ਫ਼ਰਾਂਸ, ਅਮਰੀਕਾ ਅਤੇ ਇੰਗਲੈਂਡ ਆਦਿ ਵਿੱਚ ਜਾ ਕੇ ਉੱਥੋਂ ਦੀਆਂ ਨਾਟਕ ਸ਼ੈਲੀਆਂ ਅਤੇ ਰੰਗ-ਮੰਚ ਕਲਾ ਦਾ ਵਿਸ਼ੇਸ਼ ਅਧਿਐਨ ਵੀ ਕੀਤਾ।

ਬਲਵੰਤ ਗਾਰਗੀ ਦਾ ਪਿਛੋਕੜ ਪੇਂਡੂ ਹੋਣ ਕਰ ਕੇ ਉਹ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਦਾ ਚੰਗਾ ਜਾਣਕਾਰ ਸੀ। ਉਸ ਨੇ ਪੇਂਡੂ ਜਨ-ਜੀਵਨ ਅਤੇ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਦਾ ਵਿਸ਼ਾ ਬਣਾਇਆ। ਬਲਵੰਤ ਗਾਰਗੀ ਨੇ ਪ੍ਰਗਤੀਵਾਦੀ, ਸੁਧਾਰਵਾਦੀ, ਰੋਮਾਂਟਿਕ, ਯਥਾਰਥਕ, ਦੁਖਾਂਤਕ, ਮਨੋਵਿਗਿਆਨਕ, ਇਤਿਹਾਸਕ, ਸਮਾਜਿਕ ਆਦਿ ਹਰ ਤਰ੍ਹਾਂ ਦੇ ਨਾਟਕਾਂ ਦੀ ਸਿਰਜਣਾ ਕਰ ਕੇ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਅਮੀਰ ਕੀਤਾ।ਰੰਗਮੰਚ ਉੱਤੇ ਸਫਲਤਾ ਨਾਲ ਨਾਟਕ ਨੂੰ ਨਿਭਾਉਣ ਦੀ ਕਲਾ ਗਾਰਗੀ ਦੇ ਹਿੱਸੇ ਹੀ ਆਈ।

ਆਲ ਇੰਡੀਆ ਰੇਡੀਓ ਦੇ ਨਾਟ-ਮੁਕਾਬਲੇ ਵਿੱਚ ਗਾਰਗੀ ਦੇ ਇਕਾਂਗੀ ‘ਪੱਤਣ ਦੀ ਬੇੜੀ’ ਨੂੰ ਪਹਿਲਾ ਇਨਾਮ ਪ੍ਰਾਪਤ ਕਰਨ ਦਾ ਮਾਣ ਵੀ ਮਿਲਿਆ।

ਨਾਟਕ ਦੇ ਖੇਤਰ ਵਿਚ ਉਸ ਦੀਆਂ ਪ੍ਰਾਪਤੀਆਂ ਸਦਕਾ ਭਾਸ਼ਾ ਵਿਭਾਗ, ਪੰਜਾਬ ਵੱਲੋਂ ਬਲਵੰਤ ਗਾਰਗੀ ਨੂੰ ਸਨਮਾਨਿਤ ਕੀਤਾ ਗਿਆ ਅਤੇ 1962 ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਬਲਵੰਤ ਗਾਰਗੀ ਨੂੰ ਰੰਗਮੰਚ ਪੁਸਤਕ ਲਿਖਣ ’ਤੇ ਪੁਰਸਕਾਰ ਪ੍ਰਦਾਨ ਕੀਤਾ ਗਿਆ।
22 ਅਪਰੈਲ 2003 ਨੂੰ ਬਲਵੰਤ ਗਾਰਗੀ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਪੰਜਾਬੀ ਸਾਹਿਤ ਵਿੱਚ ਨਾਟਕ ਤੇ ਰੰਗਮੰਚ ਦੀ ਗੱਲ ਕਰਦਿਆਂ ਬਲਵੰਤ ਗਾਰਗੀ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ।
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਨਾਂ ਸਿੰਘ ਵਾਲਾ (ਫਿਰੋਜ਼ਪੁਰ)
ਸ. ਸੁਖਚੈਨ ਸਿੰਘ ਕੁਰੜ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ