ਆਦਰਸ਼ ਅਧਿਆਪਕ, ਡਾ. ਸਰਵਪੱਲੀ ਰਾਧਾਕਿ੍ਰਸ਼ਨਨ

Ideal, Teacher, Dr.OmnipresentRadhakrishnan

ਹਰਪ੍ਰੀਤ ਸਿੰਘ ਬਰਾੜ                   

ਅਧਿਆਪਕ ਸਮਾਜ ਦੇ ਅਜਿਹੇ ਸ਼ਿਲਪਕਾਰ ਹੁੰਦੇ ਹਨ ਜੋ ਬਿਨਾ ਕਿਸੇ ਭੇਦਭਾਵ ਦੇ ਇਸ ਸਮਾਜ ਨੂੰ ਤਰਾਸ਼ਦੇ ਹਨ। ਅਧਿਆਪਕ ਦਾ ਕੰਮ ਸਿਰਫ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਸਮਾਜਿਕ ਹਾਲਾਤਾਂ ਨਾਲ ਜਾਣੂ ਕਰਵਾਉਣਾ ਵੀ ਹੁੰਦਾ ਹੈ। ਅਧਿਆਪਕਾਂ ਦੀ ਇਸੇ ਮਹਾਨਤਾ ਨੂੰ ਸਹੀ ਥਾਂ ਦੁਆਉਣ ਲਈ ਹੀ ਸਾਡੇ ਦੇਸ਼ ’ਚ ਸਰਵਪੱਲੀ ਰਾਧਾਕਿ੍ਰਸ਼ਨਨ ਨੇ ਕੋਸ਼ਿਸ਼ਾਂ ਕੀਤੀਆਂ, ਜੋ ਖੁਦ ਵੀ ਇੱਕ ਬਿਹਤਰੀਨ ਅਧਿਆਪਕ ਸਨ। ਆਪਣੇ ਇਸ ਅਹਿਮ ਯੋਗਦਾਨ ਕਾਰਨ ਹੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਰਾਧਾਕਿ੍ਰਸ਼ਨਨ ਦੇ ਜਨਮ ਦਿਨ 5 ਸਤੰਬਰ ਨੂੰ ਭਾਰਤ ’ਚ ਅਧਿਆਪਕ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ।

5 ਸਤੰਬਰ 1888 ਨੂੰ ਚੇਨੱਈ ਤੋਂ ਲਗਭਗ 200 ਕਿਲੋਮੀਟਰ ੳÎੁੱਤਰ-ਪੱਛਮ ’ਚ ਮੌਜੂਦ ਇੱਕ ਛੋਟੇ ਜਿਹੇ ਕਸਬੇ ਤਿਰੂਤਾਣੀ ’ਚ ਡਾ. ਰਾਧਾਕਿ੍ਰਸ਼ਨਨ ਦਾ ਜਨਮ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਸਰਵਪੱਲੀ ਬੀ ਰਾਮਾਸਵਾਮੀ ਅਤੇ ਮਾਤਾ ਦਾ ਨਾਂਅ ਸ੍ਰੀਮਤੀ ਸੀਤਾ ਝਾ ਸੀ। ਰਾਮਾਸਵਾਮੀ ਇੱਕ ਗਰੀਬ ਬ੍ਰਾਹਮਣ ਸਨ ਅਤੇ ਤਿਰੂਤਾਣੀ ਕਸਬੇ ਦੇ ਜਿਮੀਂਦਾਰਾਂ ਕੋਲ ਇੱਕ ਸਾਧਾਰਨ ਕਰਮਚਾਰੀ ਦੇ ਤੌਰ ’ਤੇ ਕੰਮ ਕਰਦੇ ਹਨ।

ਡਾ. ਰਾਧਾਕ੍ਰਿਸ਼ਨਨ ਆਪਣੇ ਪਿਤਾ ਦੀ ਦੂਜੀ ਸੰਤਾਨ ਸਨ। ਉਨ੍ਹਾਂ ਦੇ ਚਾਰ ਭਰਾ ਅਤੇ ਇੱਕ ਛੋਟੀ ਭੈਣ ਸੀ। ਛੇ ਭੈਣ-ਭਾਈ ਅਤੇ ਦੋ ਮਾਤਾ-ਪਿਤਾ ਨੂੰ ਮਿਲਾ ਕੇ ਅੱਠ ਮੈਂਬਰੀ ਇਸ ਪਰਿਵਾਰ ਦੀ ਆਮਦਨ ਕਾਫੀ ਸੀਮਤ ਸੀ। ਇਸ ਸੀਮਤ ਆਮਦਨ ’ਚ ਵੀ ਡਾ. ਰਾਧਾਕਿ੍ਰਸ਼ਨਨ ਨੇ ਸਿੱਧ ਕਰ ਦਿੱਤਾ ਕਿ ਹੁਨਰ ਕਿਸੇ ਦਾ ਮੁਹਤਾਜ ਨਹੀਂ ਹੁੰਦਾ। ਉਨ੍ਹਾਂ ਨੇ ਨਾ ਸਿਰਫ ਮਹਾਨ ਸਿੱਖਿਆ ਸ਼ਾਸਤਰੀ ਦੇ ਰੂਪ ’ਚ ਸ਼ੋਹਰਤ ਹਾਸਲ ਕੀਤੀ ਸਗੋਂ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਰਾਸ਼ਟਰਪਤੀ ਪਦ ’ਤੇ ਵੀ ਬਿਰਾਜਮਾਨ ਹੋਏ।

ਆਜਾਦ ਭਾਰਤ ਦੇ ਪਹਿਲੇ ਉੱੱਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਸਰਵਪੱਲੀ ਰਾਧਾਕਿ੍ਰਸ਼ਨਨ ਨੂੰ ਬਚਪਨ ਤੋਂ ਹੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਰਵਪੱਲੀ ਰਾਧਾਕਿ੍ਰਸ਼ਨਨ ਦਾ ਸ਼ੁਰੂਆਤੀ ਜੀਵਨ ਤਿਰੂਤਾਣੀ ਅਤੇ ਤਿਰੂਪਤੀ ਜਿਹੀਆਂ ਧਾਰਮਿਕ ਥਾਵਾਂ ’ਤੇ ਬੀਤਿਆ। ਇਨ੍ਹਾਂ ਦੇੇ ਪਿਤਾ ਨੇ ਇਨ੍ਹਾਂ ਨੂੰ ਪੜ੍ਹਨ ਲਈ ਕਿ੍ਰਸ਼ਚਨ ਮਿਸ਼ਨਰੀ ਸੰਸਥਾ, ਲੁਧਨ ਮਿਸ਼ਨ ਸਕੂਲ, ਤਿਰੂਪਤੀ ’ਚ ਦਾਖਲਾ ਦੁਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਬੇਲੁਰੂ ਅਤੇ ਮਦਰਾਸ ਕਾਲਜਾਂ ’ਚ ਸਿੱਖਿਆ ਪ੍ਰਾਪਤ ਕੀਤੀ। ਉੱਥੇ ਡਾ. ਰਾਧਾਕਿ੍ਰਸ਼ਨਨ ਸ਼ੁਰੂ ਤੋਂ ਹੀ ਇੱਕ ਹੋਣਹਾਰ ਵਿਦਿਆਰਥੀ ਦੇ ਰੂਪ ’ਚ ਉÎੱਭਰ ਕੇ ਸਾਹਮਣੇ ਆਏ।

ਆਪਣੇ ਵਿਦਿਆਰਥੀ ਜੀਵਨ ’ਚ ਹੀ ਉਨ੍ਹਾਂ ਨੇ ਬਾਈਬਲ ਦੇ ਮਹੱਤਵਪੂਰਨ ਅੰਸ਼ ਯਾਦ ਕਰ ਲਏ ਸਨ, ਜਿਸ ਲਈ ਉਨ੍ਹਾਂ ਨੂੰ ਵਿਸ਼ੇਸ਼ ਯੋਗਤਾ ਦਾ ਸਨਮਾਨ ਵੀ ਪ੍ਰਦਾਨ ਕੀਤਾ ਗਿਆ ਸੀ। ਉਨ੍ਹਾਂ ਨੇ ਵੀਰ ਸਾਵਰਕਰ ਅਤੇ ਵਿਵੇਕਾਨੰਦ ਦੇ ਆਦਰਸ਼ਾਂ ਦਾ ਵੀ ਡੂੰਘਾਈ ਨਾਲ ਅਧਿਐਨ ਕੀਤਾ ਸੀ। ਸੰਨ 1902 ’ਚ ਉਨ੍ਹਾਂ ਨੇ ਮੈਟਿ੍ਰਕ ਦੀ ਪੜ੍ਹਾਈ ਚੰਗੇ ਅੰਕਾਂ ਨਾਲ ਪਾਸ ਕੀਤੀ ਜਿਸ ਲਈ ਉਨ੍ਹਾਂ ਨੂੰ ਵਜੀਫਾ ਵੀ ਦਿੱਤਾ ਗਿਆ।

ਕਲਾ ਫੈਕਲਟੀ ਦੀ ਬੈਚਲਰ ਪ੍ਰੀਖਿਆ ’ਚ ਉਹ ਪਹਿਲੇ ਸਥਾਨ ’ਤੇ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਾਸਫੀ ’ਚ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ ਜ਼ਲਦ ਹੀ ਮਦਰਾਸ ਰੈਜੀਡੈਂਸੀ ਕਾਲਜ ’ਚ ਫਿਲਾਸਫੀ ਦੇ ਸਹਾਇਕ ਪ੍ਰੋਫੈਸਰ ਨਿਯੁਕਤ ਹੋ ਗਏ। ਡਾ. ਰਾਧਾਕਿ੍ਰਸ਼ਨਨ ਨੇ ਆਪਣੇ ਲੇਖਾਂ ਅਤੇ ਭਾਸ਼ਣਾਂ ਰਾਹੀਂ ਵਿਸ਼ਵ ਨੂੰ ਭਾਰਤੀ ਫਿਲਾਸਫੀ ਨਾਲ ਜਾਣੂ ਕਰਵਾਇਆ।

ਉੁਸ ਸਮੇਂ ਮਦਰਾਸ ਦੇ ਬ੍ਰਾਹਮਣ ਪਰਿਵਾਰਾਂ ’ਚ ਘੱਟ ਉਮਰ ’ਚ ਵਿਆਹ ਹੋ ਜਾਂਦੇ ਸਨ ਤੇ ਰਾਧਾਕਿ੍ਰਸ਼ਨਨ ਵੀ ਉਸ ਤੋਂ ਬਚ ਨਾ ਸਕੇ। 1903 ’ਚ 16 ਸਾਲ ਦੀ ਉਮਰ ’ਚ ਹੀ ਉਨ੍ਹਾਂ ਦਾ ਵਿਆਹ ਹੋ ਗਿਆ। ਉਸ ਸਮੇਂ ਉਨ੍ਹਾਂ ਦੀ ਪਤਨੀ ਦੀ ਉਮਰ ਸਿਰਫ 10 ਸਾਲ ਸੀ। ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਭਾਰਤੀ ਸੰਸਕਿ੍ਰਤੀ ਦੇ ਗਿਆਨੀ, ਮਹਾਨ ਸਿੱਖਿਆ ਵਿਦਵਾਨ, ਇੱਕ ਦਾਰਸ਼ਨਿਕ, ਮਹਾਨ ਬੁਲਾਰੇ ਹੋਣ ਦੇ ਨਾਲ ਇੱਕ ਵਿਗਿਆਨੀ ਹਿੰਦੂ ਵਿਚਾਰਕ ਵੀ ਸਨ। ਉਨ੍ਹਾਂ ਨੇ ਆਪਣੇ ਜੀਵਨ ਦੇ 40 ਸਾਲ ਇੱਕ ਅਧਿਆਪਕ ਦੇ ਰੂਪ ’ਚ ਬਿਤਾਏ। ਉਹ ਇੱਕ ਆਦਰਸ਼ ਅਧਿਆਪਕ ਸਨ।

ਡਾ. ਸਰਵਪੱਲੀ ਰਾਧਾਕਿ੍ਰ੍ਰਸ਼ਨਨ ਦੇ ਪੁੱਤਰ ਡਾ. ਐਸ ਗੋਪਾਲ ਨੇ 1989 ’ਚ ਉਨ੍ਹਾਂ ਦੀ ਜੀਵਨੀ ਦਾ ਪ੍ਰਕਾਸ਼ਨ ਵੀ ਕੀਤਾ। ਇਸ ਤੋਂ ਉਨ੍ਹਾਂ ਦੇ ਜੀਵਨ ਅਤੇ ਸ਼ਖਸੀਅਤ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ। ਖੁਦ ਉਨ੍ਹਾਂ ਦੇ ਪੁੱਤਰ ਨੇ ਵੀ ਮੰਨਿਆ ਕਿ ਉਨ੍ਹਾਂ ਦੇ ਪਿਤਾ ਦੀ ਵਿਅਕਤੀਗਤ ਜਿੰਦਗੀ ਦੇ ਵਿਸ਼ੇ ’ਚ ਲਿਖਣਾ ਇੱਕ ਵੱਡੀ ਚੁਣੌਤੀ ਅਤੇ ਇੱਕ ਨਾਜ਼ੁਕ ਮਾਮਲਾ ਸੀ। ਪਰ ਡਾ. ਐਸ ਗੋਪਾਲ ਨੇ 1952 ’ਚ ਨਿਊਯਾਰਕ ’ਚ ‘ਲਾਇਬ੍ਰੇਰੀ ਆਫ ਲਿਵਿੰਗ ਫਿਲਾਸਫਰਜ਼’ ਦੇ ਨਾਂਅ ਹੇਠਾਂ ਇੱਕ ਲੜੀ ਪੇਸ਼ ਕੀਤੀ ਜਿਸ ਵਿੱਚ ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਬਾਰੇ ਅਧਿਕਾਰਿਕ ਤੌਰ ’ਤੇ ਲਿਖਿਆ ਗਿਆ ਸੀ। ਖੁਦ ਰਾਧਾਕਿ੍ਰਸ਼ਨਨ ਨੇ ਉਸ ਵਿੱਚ ਦਰਜ ਸਮੱਗਰੀ ਦਾ ਕਦੇ ਖੰਡਨ ਨਹੀਂ ਕੀਤਾ।

ਇਸ ਸਮੇਂ ਡਾ. ਰਾਧਾਕਿ੍ਰਸ਼ਨਨ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਚੁੱਕੇ ਸਨ। ਰਾਧਾਕਿ੍ਰਸ਼ਨਨ ਦੀ ਯੋਗਤਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਵਿੰਧਾਨ ਨਿਰਮਾਣ ਸਭਾ ਦਾ ਮੈਂਬਰ ਬਣਾਇਆ ਗਿਆ ਸੀ। ਜਦੋਂ ਭਾਰਤ ਨੂੂੰ ਆਜਾਦੀ ਮਿਲੀ ਉਸ ਸਮੇਂ ਜਵਾਹਰ ਲਾਲ ਨਹਿਰੂ ਨੇ ਡਾ. ਰਾਧਾਕਿ੍ਰਸ਼ਨਨ ਅੱਗੇ ਇਹ ਪ੍ਰਾਰਥਨਾ ਕੀਤੀ ਸੀ ਕਿ ਉਹ ਵਿਸ਼ੇਸ਼ ਰਾਜਨੀਤਿਕ ਕੰਮਾਂ ਨੂੰ ਪੂਰਾ ਕਰਨ। 1952 ਤੱਕ ਉਹ ਡਿਪਲੋਮੈਟ ਰਹੇ। ਇਸ ਤੋਂ ਬਾਅਦ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਦੇ ਅਹੁੂੇ ’ਤੇ ਨਿਯੁਕਤ ਕੀਤਾ ਗਿਆ। ਸੰਸਦ ਦੇ ਸਾਰੇ ਮੈਬਰਾਂ ਨੇ ਉਨ੍ਹਾਂ ਦੇ ਕੰਮਾਂ ਅਤੇ ਵਿਵਹਾਰ ਲਈ ਕਾਫੀ ਸਲਾਹਿਆ।1962 ’ਚ ਰਜਿੰਦਰ ਪ੍ਰਸਾਦ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਡਾ. ਰਾਧਾਕਿ੍ਰਸ਼ਨਨ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਇਹਨਾਂ ਦਾ ਕਾਰਜਕਾਲ ਕਾਫੀ ਚੁਣੌਤੀਆਂ ਵਾਲਾ ਸੀ। ਕਿਉਂÎਕਿ ਜਿੱਥੇ ਇੱਕ ਪਾਸੇ ਚੀਨ ਦੇ ਨਾਲ ਲੜਾਈ ’ਚ ਭਾਰਤ ਨੂੰ ਹਾਰ ਦਾ ਸਾਹਮਾਣ ਕਰਨਾ ਪਿਆ ਤਾਂ ਉੱਥੇ ਦੂਜੇ ਪਾਸੇ ਦੋ ਪ੍ਰਧਾਨ ਮੰਤਰੀਆਂ ਦੀ ਮੌਤ ਵੀ ਇਨ੍ਹਾਂ ਦੇ ਕਾਰਜਕਾਲ ਦੌਰਾਨ ਹੋਈ ਸੀ।

1967 ਦੇ ਗਣਤੰਤਰ ਦਿਵਸ ’ਤੇ ਡਾ. ਸਰਵਪੱਲੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਇਹ ਸਪੱਸ਼ਟ ਕੀਤਾ ਕਿ ਉਹ ਹੁਣ ਰਾਸ਼ਟਰਪਤੀ ਨਹੀਂ ਬਣਨਾ ਚਾਹੁੰਦੇ। ਬਾਅਦ ’ਚ ਕਾਂਗਰਸ ਦੇ ਨੇਤਾਵਾਂ ਨੇ ਇਸ ਲਈ ਉਨ੍ਹਾਂ ਨੂੰ ਕਈ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਆਪਣੇ ਐਲਾਨ ’ਤੇ ਅਮਲ ਕੀਤਾ।

ਸਿੱਖਿਆ ਅਤੇ ਰਾਜਨੀਤੀ ’ਚ ਉਚੇਚਾ ਯੋਗਦਾਨ ਦੇਣ ਲਈ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸਾਦ ਨੇ ਮਹਾਨ ਫਿਲਾਸਫਰ ਅਤੇ ਲੇਖਕ ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਨੂੰ ਦੇਸ਼ ਦਾ ਸਰਵਉੱਚ ਪੁਰਸਕਾਰ ‘ਭਾਰਤ ਰਤਨ’ ਪ੍ਰਦਾਨ ਕੀਤਾ।

ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਦੇ ਮਰਨ ਉਪਰੰਤ ਉਨ੍ਹਾਂ ਨੂੰ ਮਾਰਚ 1975 ’ਚ ਅਮਰੀਕੀ ਸਰਕਾਰ ਵੱਲੋਂ ‘ਟੈ੍ਰਂਪਲਟਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਧਰਮ ਖੇੇਤਰ ਦੇ ਕਲਿਆਣ ਲਈ ਪ੍ਰਦਾਨ ਕੀਤਾ ਜਾਂਦਾ ਹੈ। ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਗੈਰ-ਇਸਾਈ ਭਾਈਚਾਰੇ ਦੇ ਵਿਅਕਤੀ ਸਨ। ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਸਮਾਜਿਕ ਬੁਰਾਈਆਂ ਨੂੰ ਹਟਾਉਣ ਲਈ ਸਿੱਖਿਆ ਨੂੰ ਹੀ ਕਾਰਗਰ ਮੰਨਦੇ ਸਨ। ਸਿੱਖਿਆ ਨੂੰ ਮਨੁੱਖ ਅਤੇ ਸਮਾਜ ਦਾ ਸਭ ਤੋਂ ਵੱਡਾ ਆਧਾਰ ਮੰਨਣ ਵਾਲੇ ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਦਾ ਸਿੱਖਿਆ ਜਗਤ ’ਚ ਨਾ ਭੁੱਲਣ ਯੋਗ ਅਤੇ ਲਾਸਾਨੀ ਯੋਗਦਾਨ ਰਿਹਾ ਹੈ। ਜੀਵਨ ਦੇ ਸਫਰ ’ਚ ਉÎੱਚੇ ਅਹੁਦਿਆਂ ’ਤੇ ਰਹਿਣ ਦੌਰਾਨ ਸਿੱÎਖਿਆ ਜਗਤ ’ਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਬਣਿਆ ਰਿਹਾ।

17 ਅਪਰੈਲ, 1975 ਨੂੰ ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਨੇ ਲੰਮੀ ਬਿਮਾਰੀ ਤੋਂ ਬਾਅਦ ਆਪਣੀ ਦੇਹ ਤਿਆਗ ਦਿੱਤੀ। ਪਰ ਸਿੱਖਿਆ ਜਗਤ ’ਚ ਉਨ੍ਹਾਂ ਦੇ ਕੰਮਾਂ ਅਤੇ ਯੋਗਦਾਨ ਕਰਕੇ ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।

ਸਾਬਕਾ ਡੀ ਓ ,
174 ਮਿਲਟਰੀ ਹਸਪਤਾਲ,
ਮੇਨ ਏਅਰ ਫੋਰਸ ਰੋਡ, ਬਠਿੰਡਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।