ਸਿਸਟਮ ‘ਚ ਬਦਲਾਅ ਲਿਆਉਣ ਲਈ ਹੀ ਰਾਜਨੀਤੀ ‘ਚ ਆਈ ਹਾਂ : ਨਰਿੰਦਰ ਕੌਰ ਭਰਾਜ

ਆਪ ਦੀ ਜ਼ਿਲ੍ਹਾ ਸੰਗਰੂਰ ਦੀ ਯੂਥ ਪ੍ਰਧਾਨ ਭਰਾਜ ਨੇ ‘ਸੱਚ ਕਹੂੰ’ ਨਾਲ ਕੀਤੀ ਵਾਰਤਾਲਾਪ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਪੰਜਾਬ ਦੀਆਂ ਔਰਤਾਂ ਨੂੰ ਆਜ਼ਾਦੀ ਤੋਂ ਕੁਝ ਵਰ੍ਹੇ ਬਾਅਦ ਤੱਕ ਘਰਾਂ ਤੱਕ ਹੀ ਸੀਮਤ ਰੱਖਿਆ ਜਾਂਦਾ ਸੀ ਪਰ ਹੌਲੀ-ਹੌਲੀ ਸਮੇਂ ਦੇ ਗੇੜ ਬਦਲਣ ਨਾਲ ਅੱਜ ਦੀਆਂ ਮਹਿਲਾਵਾਂ ਹਰੇਕ ਖੇਤਰ ਵਿੱਚ ਮਰਦਾਂ ਨੂੰ ਪਛਾੜ ਰਹੀਆਂ ਹਨ ਰਾਜਨੀਤੀ ਦਾ ਖ਼ੇਤਰ ਨੂੰ ਸ਼ੁਰੂ ਤੋਂ ਹੀ ਮਰਦ ਪ੍ਰਧਾਨ ਸਮਝਿਆ ਜਾਂਦਾ ਰਿਹਾ ਹੈ ਪਰ ਮੌਜ਼ੂਦਾ ਸਮੇਂ ਵਿੱਚ ਰਾਜਨੀਤੀ ਵਿੱਚ ਵੀ ਮਰਦਾਂ ਨੂੰ ਟੱਕਰ ਦੇ ਰਹੀਆਂ ਹਨ ਅਜਿਹੇ ਟਕਰਾਅ ਦੀ ਰਾਜਸੀ ਸਥਿਤੀ ‘ਚੋਂ ਉੱਭਰੀ ਨਰਿੰਦਰ ਕੌਰ ਭਰਾਜ ਅੱਜ ਕਿਸੇ ਦੀ ਜਾਣ ਪਛਾਣ ਦੀ ਮੁਥਾਜ ਨਹੀਂ ਆਮ ਆਦਮੀ ਪਾਰਟੀ ਵਿੱਚ ਪੰਜਾਬ ਦੀ ਇਕਲੌਤੀ ਜ਼ਿਲ੍ਹਾ ਯੂਥ ਪ੍ਰਧਾਨ ਭਰਾਜ ਬੇਸ਼ੱਕ ਹਾਲੇ ਛੋਟੀ ਉਮਰ ਦੇ ਹੋਣ ਕਾਰਨ ਪੜ੍ਹ ਰਹੇ ਹਨ ਪਰ ਆਪ ਲਈ ਜ਼ਿਲ੍ਹਾ ਸੰਗਰੂਰ ‘ਚ ਬੇਹੱਦ ਸਰਗਰਮ ਭੂਮਿਕਾ ਨਿਭਾ ਰਹੀ ਹੈ ਅੱਜ ਬੀਬਾ ਭਰਾਜ ਨੇ ‘ਸੱਚ ਕਹੂੰ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਰਾਜਨੀਤੀ ਵਿੱਚ ਆਉਣ ਦੇ ਕਾਰਨ ਤੇ ਹੋਰ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ

ਸਵਾਲ : ਭਰਾਜ ਜੀ, ਤੁਸੀਂ ਹਾਲੇ ਪੜ੍ਹ ਰਹੇ ਹੋ? ਰਾਜਨੀਤੀ ਦਾ ਪੜ੍ਹਾਈ ਨਾਲ ਕੀ ਸੁਮੇਲ?

ਜਵਾਬ : ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. (ਸਮਾਜਿਕ ਵਿਗਿਆਨ) ਕਰਨ ਤੋਂ ਬਾਅਦ ਕਾਨੂੰਨ ਦੀ ਪੜ੍ਹਾਈ (ਐਲ.ਐਲ.ਬੀ.) ਕਰ ਰਹੀ ਹਾਂ ਮੇਰੇ ਰਾਜਨੀਤੀ ਵਿੱਚ ਆਉਣ ਦਾ ਕਾਰਨ ਮੇਰੇ ਘਰੇਲੂ ਕੰਮਾਂ ਕਾਰਾਂ ਨਾਲ ਜੁੜਿਆ ਹੋਇਆ ਹੈ ਮੇਰੇ ਮਾਤਾ ਪਿਤਾ ਨੇ ਮੈਨੂੰ ਆਰੰਭ ਤੋਂ ਹੀ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੇ ‘ਤੇ ਪਾਈਆਂ ਹੋਈਆਂ ਹਨ ਚਾਹੇ ਉਹ ਘਰ ਦਾ ਕੰਮ ਹੋਵੇ, ਬਾਜ਼ਾਰ ਦਾ ਜਾਂ ਅਦਾਲਤੀ ਮੈਂ ਹੀ ਅੱਗੇ ਲੱਗ ਕੇ ਕਰਦੀ ਹਾਂ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਚੁੱਕਦਿਆਂ ਮੈਨੂੰ ਅਹਿਸਾਸ ਹੋਇਆ ਕਿ ਆਮ ਲੋਕਾਂ ਦੀ ਸਰਕਾਰੀ ਦਫ਼ਤਰਾਂ ਤੇ ਹੋਰ ਥਾਵਾਂ ‘ਤੇ ਕਿਸ ਤਰ੍ਹਾਂ ਦੀ ਖੱਜਲ ਖੁਆਰੀ ਹੁੰਦੀ ਹੈ ਕਿਵੇਂ ਏਜੰਟ ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਹਨ, ਦਫ਼ਤਰਾਂ ‘ਚ ਭ੍ਰਿਸਟਾਚਾਰੀ ਸਿਖ਼ਰ ਛੋਹ ਰਹੀ ਹੈ ਇਸੇ ਕੰਮਾਂ ‘ਚ ਬਦਲਾਅ ਲਿਆਉਣ ਲਈ ਮੈਂ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਲਿਆ ਹੈ

ਸਵਾਲ : ਆਮ ਆਦਮੀ ਪਾਰਟੀ ਨੂੰ ਹੀ ਕਿਉਂ ਚੁਣਿਆ ?

ਜਵਾਬ : ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਜੀ ਤੇ ਅੰਨਾ ਹਜ਼ਾਰੇ ਵੱਲੋਂ ਆਰੰਭ ਕੀਤੇ ਗਏ ਅੰਦੋਲਨ ਤੋਂ ਮੈਂ ਬਹੁਤ ਪ੍ਰਭਾਵਿਤ ਸੀ ਮੈਨੂੰ ਇਹ ਮੰਹਿਸੂਸ ਹੋਇਆ ਸੀ ਕਿ ਪੰਜਾਬ ਵਿੱਚ ਰਾਜਨੀਤੀ ਕਰ ਰਹੀਆਂ ਹੋਰਨਾਂ ਪਾਰਟੀਆਂ ਨਾਲ ਆਮ ਆਦਮੀ ਪਾਰਟੀ ਦੇ ਸਿਧਾਂਤ ਬਿਲਕੁਲ ਅਲੱਗ ਹਨ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਪਾਰਟੀ ਹੈ ਜਿਸ ਕਾਰਨ ਮੈਂ ਸੋਚ ਵਿਚਾਰ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਫੈਸਲਾ ਕੀਤਾ

ਸਵਾਲ : ਮਾਲਵੇ ਦੀਆਂ ਔਰਤਾਂ ਨੂੰ ਜ਼ਿਆਦਾਤਰ ਘਰੇਲੂ ਹੀ ਮੰਨਿਆ ਜਾਂਦਾ ਹੈ, ਤੁਸੀਂ ਕਿਵੇਂ ਸਮਝਦੇ ਹੋ?

ਜਵਾਬ : ਔਰਤਾਂ ਭਾਵੇਂ ਕਿਸੇ ਵੀ ਖਿੱਤੇ ਦੀਆਂ ਹੋਣ ਜੇਕਰ ਆਰੰਭ ਤੋਂ ਹੀ ਪਰਿਵਾਰ ਵੱਲੋਂ ਉਸ ਦੀ ਪਰਵਰਿਸ਼ ਨੂੰ ਮੁੰਡਿਆਂ ਦੇ ਬਰਾਬਰ ਰੱਖਿਆ ਜਾਵੇ, ਉਨ੍ਹਾਂ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਜਾਵੇ ਤਾਂ ਔਰਤਾਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਰਹਿ ਸਕਣਗੀਆਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਰਾਜਨੀਤੀ ਦੇ ਖੇਤਰ ਨੂੰ ਮਰਦ ਪ੍ਰਧਾਨ ਸਮਝਿਆ ਜਾਂਦਾ ਹੈ ਪਰ ਹੁਣ ਔਰਤਾਂ ਇਸ ਵਿੱਚ ਵੀ ਪਿੱਛੇ ਨਹੀਂ ਰਹੀਆਂ ਵੱਖ ਵੱਖ ਪਾਰਟੀਆਂ ਵਿੱਚ ਔਰਤਾਂ ਵੱਲੋਂ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ

ਸਵਾਲ : ਪਿੰਡ ਭਰਾਜ ਵਿੱਚ ਵਿਰੋਧੀ ਪਾਰਟੀਆਂ ਨਾਲ ਤੁਹਾਡਾ ਟਕਰਾਅ ਹੋਇਆ ਸੀ, ਉਸ ਬਾਰੇ ਵੀ ਚਾਨਣਾ ਪਾਓ?

ਜਵਾਬ : (ਹੱਸਦੇ ਹੋਏ), 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਬਿਲਕੁਲ ਨਵੀਂ ਪਾਰਟੀ ਸੀ ਉਸ ਸਮੇਂ ਵਿਰੋਧੀ ਪਾਰਟੀਆਂ ਪੂਰੇ ਜੋਸ਼ ਵਿੱਚ ਚੋਣ ਲੜ ਰਹੀਆਂ ਸਨ ਪਿੰਡ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦਾ ਪੋਲਿੰਗ ਬੂਥ ਨਹੀਂ ਲੱਗਣ ਦਿੱਤਾ ਜਾ ਰਿਹਾ ਪਰ ਉਸ ਸਮੇਂ ਮੈਂ ਇਕੱਲੀ ਨੇ  ਪਿੰਡ ਵਿੱਚ ਆਮ ਆਦਮੀ ਪਾਰਟੀ ਦਾ ਪੋਲਿੰਗ ਬੂਥ ਲਾਇਆ ਸੀ ਅਤੇ ਇਕੱਲਿਆਂ ਹੀ ਪੋਲਿੰਗ ਬੂਥ ‘ਤੇ ਬੈਠ ਕੇ ਹਾਜ਼ਰੀ ਦਿੱਤੀ ਸੀ ਇਸ ਦੇ ਇਵਜ਼ ਵਿੱਚ ਸਾਡੇ ਪਰਿਵਾਰ ‘ਤੇ ਵਿਰੋਧੀ ਪਾਰਟੀਆਂ ਵੱਲੋਂ ਪਰਚੇ ਦਰਜ਼ ਵੀ ਕਰਵਾ ਦਿੱਤੇ ਗਏ ਜਿਸ ਦੀਆਂ ਤਾਰੀਖ਼ਾਂ ਹਾਲੇ ਤੱਕ ਅਸੀਂ ਭੁਗਤ ਰਹੇ ਹਾਂ ਪਰ ਇਸ ਪਿਛੋਂ ਪਾਰਟੀ ਵੱਲੋਂ ਬਹੁਤ ਹੌਸਲਾ ਅਫ਼ਜਾਈ ਕੀਤੀ ਗਈ

ਸਵਾਲ : ਆਮ ਆਦਮੀ ਪਾਰਟੀ ਲਈ ਸੰਗਰੂਰ ‘ਚ ਕਿਸ ਤਰ੍ਹਾਂ ਵਿਚਰ ਰਹੇ ਹੋ  ?

ਜਵਾਬ : ਮੈਂ ਪਿਛਲੇ ਕਈ ਸਾਲਾਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਹਾਂ ਮੈਨੂੰ ਪਾਰਟੀ ਨੇ ਪੰਜਾਬ ਪੱਧਰ ਦੀ ਕਮੇਟੀ ਵਿੱਚ ਲਿਆ ਅਤੇ ਮੈਨੂੰ ਜ਼ਿਲ੍ਹਾ ਸੰਗਰੂਰ ਦੀ ਯੂਥ ਦੀ ਜ਼ਿਲ੍ਹਾ ਪ੍ਰਧਾਨ ਵੀ ਨਿਯੁਕਤ ਕੀਤਾ ਅਤੇ ਹੁਣ ਮੈਂ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਕੋ-ਇੰਚਾਰਜ ਦੇ ਤੌਰ ਤੇ ਕੰਮ ਕਰ ਰਹੀ ਹਾਂ ਅਸੀਂ ਪਿਛਲੇ ਲੰਮੇ ਸਮੇਂ ਤੋਂ ਹਲਕੇ ਤੋਂ  ਵੱਡੀ ਗਿਣਤੀ ਲੋਕਾਂ ਨੂੰ ਪਾਰਟੀ ਨਾਲ ਜੋੜਨ ਵਿੱਚ ਵੀ ਕਾਮਯਾਬ ਹੋਏ ਹਾਂ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕੰਮ ਜਾਰੀ ਰਹਿਣਗੇ

ਸਵਾਲ : ਸੰਗਰੂਰ ਹਲਕੇ ‘ਚ ਤੁਸੀਂ ਲੰਮੇ ਸਮੇਂ ਤੋਂ ਵਿਚਰ ਰਹੇ ਹੋ ? ਕਿਹੜੀਆਂ ਕਿਹੜੀਆਂ ਕਮੀਆਂ ਲੱਗ ਰਹੀਆਂ ਹਨ ?

ਜਵਾਬ : ਵਿਧਾਨ ਸਭਾ ਹਲਕਾ ਸੰਗਰੂਰ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਸਿਹਤ ਸੁਵਿਧਾਵਾਂ ਤੇ ਸਿੱਖਿਆ ਸੁਵਿਧਾਵਾਂ ਦੀ ਘਾਟ ਨਾਲ ਜੂਝ ਰਹੇ ਹਨ ਸੰਗਰੂਰ ਤੇ ਭਵਾਨੀਗੜ੍ਹ ਵਿਖੇ ਕੋਈ ਵੀ ਸਰਕਾਰੀ ਅਦਾਰਾ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਯੋਗ ਨਹੀਂਸਿਹਤ ਤੇ ਸਿੱਖਿਆ ਮੁਢਲੀਆਂ ਲੋੜਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਹਰੇਕ ਸਰਕਾਰ ਦਾ ਫਰਜ਼ ਹੈ ਪਰ ਅਫ਼ਸੋਸ ਸੰਗਰੂਰ ਵਿੱਚ ਇਨ੍ਹਾਂ ਸੁਵਿਧਾਵਾਂ ਦੀ ਵੱਡੀ ਘਾਟ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।