ਬੱਚਿਆਂ’ਚ ਸਾਹਿਤਕ ਰੁਚੀਆਂ ਕਿਵੇਂ ਪੈਦਾ ਕਰੀਏ?

ਬੱਚਿਆਂ’ਚ ਸਾਹਿਤਕ ਰੁਚੀਆਂ ਕਿਵੇਂ ਪੈਦਾ ਕਰੀਏ?

ਸਾਹਿਤ, (ਸਾ+ਹਿਤ) ਦੋ ਸ਼ਬਦਾਂ ਦਾ ਸੁਮੇਲ ਹੈ। ਉਹ ਰਚਨਾ ਜੋ ਸਾਰਿਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਰਚੀ ਜਾਵੇ ਓਹੀ ਅਸਲ ਸਾਹਿਤ ਅਖਵਾਉਂਦਾ ਹੈ। ਸਾਹਿਤ ਦੀਆਂ ਪ੍ਰਮੁੱਖ ਵੰਨਗੀਆਂ ਹਨ:- ਗਦ ਅਤੇ ਪਦ। ਗਦ ਅਧੀਨ ਸਾਡਾ ਵਾਰਤਕ ਸਾਹਿਤ ਹੁੰਦਾ ਹੈ ਅਤੇ ਪਦ ਅਧੀਨ ਕਵਿਤਾ, ਗਜ਼ਲ, ਰੁਬਾਈ ਆਦਿ ਸ਼ਾਮਲ ਹਨ। ਭਾਰਤੀ ਕਾਵਿ-ਸ਼ਾਸਤਰ ਅਨੁਸਾਰ ਸਾਹਿਤ ਨੂੰ ਸੱਤਿਅਮ, ਸ਼ਿਵਮ, ਸੁੰਦਰਮ ਕਿਹਾ ਗਿਆ ਹੈ। ਸੱਤਿਅਮ ਦਾ ਅਰਥ ਹੈ ਸੱਚ। ਸ਼ਿਵਮ ਦਾ ਅਰਥ ਹੈ ਕਲਿਆਣਕਾਰੀ। ਸੁੰਦਰਮ ਦਾ ਅਰਥ ਹੈ ਸੁੰਦਰ ਅਤੇ ਸੁਹਜਮਈ।
ਬਾਲ-ਸਾਹਿਤ ਬਾਲਾਂ ਲਈ ਰਚਿਆ ਜਾਣ ਵਾਲਾ ਸਾਹਿਤ ਹੈ। ਬਾਲ-ਸਾਹਿਤ ਦੀ ਰਚਨਾ ਬਾਲਾਂ ਨੂੰ ਹੀ ਧੁਰਾ ਮੰਨ ਕੇ ਕੀਤੀ ਜਾਂਦੀ ਹੈ । ਬਾਲ-ਸਾਹਿਤ ਮੁੱਢ ਤੋਂ ਹੀ ਮੌਖਿਕ ਰੂਪ ਵਿੱਚ ਚੱਲਦਾ ਰਿਹਾ ਹੈ। ਛਾਪਾਖਾਨਾ ਆਉਣ ਤੋਂ ਬਾਅਦ ਇਹ ਲਿਖਤੀ ਰੂਪ ਵਿੱਚ ਸਾਹਮਣੇ ਆਇਆ ਹੈ।

ਸਾਹਿਤਕ ਰੁਚੀ ਕੀ ਹੁੰਦੀ ਹੈ?

ਰੁਚੀ ਦਾ ਅਰਥ ਹੈ ਕਿਸੇ ਚੀਜ ਪ੍ਰਤੀ ਦਿਲਚਸਪੀ ਰੱਖਣਾ। ਹਰੇਕ ਇਨਸਾਨ ਦੀਆਂ ਵੱਖਰੀਆਂ-ਵੱਖਰੀਆਂ ਰੁਚੀਆਂ ਹੁੰਦੀਆਂ ਹਨ।
ਜੋ ਵਿਅਕਤੀ ਸਾਹਿਤ ਵਿਚ ਪੜ੍ਹਨ-ਲਿਖਣ ਜਾਂ ਸੁਣਨ ਪ੍ਰਤੀ ਮੋਹ-ਪਿਆਰ ਰੱਖਦਾ ਹੈ, ਇਹ ਉਸਦੀ ਸਾਹਿਤਿਕ-ਰੁਚੀ ਅਖਵਾਉਂਦੀ ਹੈ। ਇਹ ਤਿੰਨ ਪ੍ਰਕਾਰ ਦੀਆਂ ਰੁਚੀਆਂ ਵਿੱਚੋਂ ਇੱਕ ਵੀ ਹੋ ਸਕਦੀ ਹੈ। ਦੋ ਵੀ ਹੋ ਸਕਦੀਆਂ ਹਨ। ਤੇ ਤਿੰਨ ਵੀ ਹੋ ਸਕਦੀਆਂ ਹਨ।

ਸਹਿਤਿਕ ਮੋਹ-ਪਿਆਰ ਦੀ ਸਥਿਤੀ ਕੀ ਹੈ?

ਅਜੋਕੇ ਸਮੇਂ ਵਿੱਚ ਸਾਹਿਤਿਕ ਰੁਚੀਆਂ ਦੀ ਸਥਿਤੀ ਬਹੁਤੀ ਸੰਤੋਖਜਨਕ ਨਹੀਂ ਹੈ। ਸੋਸ਼ਲ ਮੀਡੀਆ ਦੇ ਪਸਾਰ ਨੇ ਬੱਚਿਆਂ ਨੂੰ ਤਾਂ ਕਿਤਾਬਾਂ ਤੋਂ ਦੂਰ ਕੀਤਾ ਹੀ ਹੈ ਸਗੋਂ ਬੱਚਿਆਂ ਨੇ ਆਪਣੇ-ਆਪ ਨੂੰ ਵੀ ਸਵੈ-ਕੇਂਦਰਿਤ ਕਰ ਲਿਆ ਹੈ। ਬੱਚੇ ਤਾਂ ਬੱਚੇ ਸਗੋਂ ਬਾਲਗ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ ਅਤੇ ਪਾਠਕਾਂ ਦੀ ਗਿਣਤੀ ਘਟ ਰਹੀ ਹੈ।

ਬਾਲ-ਸਾਹਿਤ ਰਚਣ ਦੀ ਸਥਿਤੀ ਕੀ ਹੈ?

ਬਾਲ-ਸਾਹਿਤ ਬਾਰੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਬਾਲ ਸਾਹਿਤ ਹਾਲੇ ਉਸ ਪੱਧਰ ’ਤੇ ਨਹੀਂ ਰਚਿਆ ਜਾ ਰਿਹਾ ਜਿਸ ਪੱਧਰ ਤੱਕ ਲਿਖਿਆ ਜਾਣਾ ਚਾਹੀਦਾ ਹੈ, ਪਰ ਚੰਗੀ ਗੱਲ ਇਹ ਹੈ ਕਿ ਰਚਿਆ ਜਾ ਰਿਹਾ ਹੈ। ਜੋ ਕਿ ਹਾਲੇ ਤੱਕ ਸ਼ੁੱਭ ਸੰਕੇਤ ਹੈ। ਜੇਕਰ ਬਾਲ ਸਾਹਿਤ ਲੇਖਕਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਗਿਣਵੇਂ-ਚੁਣਵੇਂ ਨਾਂਅ ਹੀ ਸਾਡੇ ਸਾਹਮਣੇ ਆਉਂਦੇ ਹਨ ਜਿਵੇਂ ਕਿ ਡਾ. ਦਰਸ਼ਨ ਸਿੰਘ ਆਸਟ, ਮੋਹਨ ਸਿੰਘ ਦਾਊਂ, ਸਤਪਾਲ ਭੀਖੀ, ਸ. ਬਲਜਿੰਦਰ ਮਾਨ ਜੀ ਆਦਿ।

ਬਾਲ ਸਾਹਿਤ ਸਿਰਜਣਾ ਕਿੰਨਾ ਕੁ ਮੁਸ਼ਕਲ ਕਾਰਜ ਹੈ?

ਬਾਲ-ਸਾਹਿਤ ਦੀ ਸਿਰਜਣਾ ਕਰਨੀ ਬਹੁਤ ਮੁਸ਼ਕਲ ਕਾਰਜ ਹੈ। ਇਸ ਦੀ ਰਚਨਾ ਕਰਨ ਲਈ ਸਾਨੂੰ ਬੱਚੇ ਦੇ ਪੱਧਰ ’ਤੇ ਆ ਕੇ, ਉਹਦੇ ਹਾਣ ਦਾ ਹਾਣੀ ਬਣਨਾ ਪੈਂਦਾ ਹੈ। ਸਾਨੂੰ ਬੱਚਿਆਂ ਵਰਗੀਆਂ ਝੱਲ-ਵਲੱਲੀਆਂ ਗੱਲਾਂ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਦੇ ਪੱਧਰ ਦੀ ਬੋਲੀ ਅਤੇ ਭਾਸ਼ਾ ਦੀ ਵਰਤੋਂ ਕਰਨੀ ਪੈਂਦੀ ਹੈ। ਬਾਲ ਸਾਹਿਤ ਦੀ ਰਚਨਾ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਓਨਾ ਜੋਰ ਬਾਲਗ ਸਾਹਿਤ ਨੂੰ ਲਿਖਣ ਵੇਲੇ ਨਹੀਂ ਲੱਗਦਾ ਜਿੰਨਾ ਕਿ ਬਾਲ ਸਾਹਿਤ ਦੀ ਰਚਨਾ ਕਰਨ ਵੇਲੇ ਲੱਗਦਾ ਹੈ।

ਲੇਖਕ ਦੀ ਮਨੋ-ਦਸ਼ਾ ਕਿਹੋ-ਜਿਹੀ ਹੋਵੇ?

ਲੇਖਕ ਦੀ ਮਨੋਦਸ਼ਾ ਬਾਲਕਾਂ ਦੀ ਮਨੋ-ਦਸ਼ਾ ਦੇ ਹਾਣ ਦੀ ਹੋਣੀ ਚਾਹੀਦੀ ਹੈ। ਲੇਖਕ ਆਪਣੀਆਂ ਰਚਨਾਵਾਂ ਵਿੱਚ ਔਖੀ ਸ਼ਬਦਾਵਲੀ ਨਾ ਵਰਤੇ। ਇਹ ਨਾ ਹੋਵੇ ਕਿ ਲੇਖਕਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਉਹਨਾਂ ਦੇ ਸਿਰ ਉੱਪਰੋਂ ਲੰਘ ਜਾਣ। ਜੇਕਰ ਔਖੇ ਸ਼ਬਦ ਵਰਤੇ ਜਾਣਗੇ ਤਾਂ ਬੱਚੇ ਦੀ ਸਮਝ ਨਹੀਂ ਪੈਣਗੇ ਤੇ ਉਹਨਾਂ ਦਾ ਮੋਹ ਕਿਤਾਬਾਂ ਨਾਲ ਨਹੀਂ ਪਵੇਗਾ।

ਬਾਲ ਸਾਹਿਤ ਦੇ ਵਿਸ਼ੇ ਕਿਹੋ-ਜਿਹੇ ਹੋਣੇ ਚਾਹੀਦੇ ਹਨ?

ਬਾਲਾਂ ਸਬੰਧੀ ਵਿਸ਼ਿਆਂ ਦਾ ਘੇਰਾ ਬਹੁਤ ਵਿਸ਼ਾਲ ਹੈ। ਪ੍ਰਸਿੱਧ ਮਨੋਵਿਗਿਆਨੀ ਫਰਾਇਡ ਅਨੁਸਾਰ, ਬੱਚੇ ਦੇ ਮੁੱਢਲੇ ਸਾਲ ਬਹੁਤ ਮਹੱਤਵਪੂਰਨ ਹੁੰਦੇ ਹਨ ਜਿਸ ਦੇ ਅਧਾਰ ’ਤੇ ਉਹਦੀ ਪੂਰੀ ਜ਼ਿੰਦਗੀ ਨਿਰਭਰ ਕਰਦੀ ਹੈ। ਬਾਲ ਸਾਹਿਤ ਦੇ ਵਿਸ਼ੇ ਸੂਝ ਨੂੰ ਵਿਕਸਿਤ ਕਰਨ ਵਾਲੇ ਹੋਣੇ ਚਾਹੀਦੇ ਹਨ। ਕਲਪਨਾ -ਸ਼ਕਤੀ ਨੂੰ ਪ੍ਰਚੰਡ ਕਰਨ ਵਾਲੇ ਹੋਣੇ ਚਾਹੀਦੇ ਹਨ। ਅਜਿਹੇ ਵਿਸ਼ੇ ਚੁਣਨੇ ਚਾਹੀਦੇ ਹਨ ਜਿਸ ਨਾਲ ਉਸ ਦਾ ਸਰਵਪੱਖੀ ਵਿਕਾਸ ਹੋ ਸਕੇ।

ਬੱਚਿਆਂ ਦੀ ਸਾਹਿਤਕ ਰੁਚੀ ਕਿੰਨੀ ਕੁ ਹੈ?

ਅਜੋਕੇ ਸਮੇਂ ਵਿੱਚ ਬੱਚਿਆਂ ਦੀ ਸਾਹਿਤਕ ਰੁਚੀ ਬਹੁਤ ਘੱਟ ਹੈ। ਨਾ-ਮਾਤਰ ਹੀ ਹੈ। ਪਹਿਲਾਂ ਬੱਚਿਆਂ ਦਾ ਮੋਹ ਟੈਲੀਵਿਜ਼ਨ ਨਾਲ ਹੁੰਦਾ ਸੀ। ਹੁਣ ਇਹ ਸਿਰਫ ਤੇ ਸਿਰਫ ਮੋਬਾਇਲ ਨਾਲ ਹੀ ਰਹਿ ਗਿਆ ਹੈ ਜਿਸ ਕਾਰਨ ਬੱਚੇ ਦਿਨੋ-ਦਿਨ ਚਿੜਚਿੜੇ ਅਤੇ ਮਾਨਸਿਕ ਰੋਗੀ ਵੀ ਬਣ ਗਏ ਹਨ।

ਮਾਪਿਆਂ ਦੀ ਜਿੰਮੇਵਾਰੀ ਕੀ ਹੋਵੇ?

ਜੇਕਰ ਮਾਪੇ ਆਪ ਦੀ ਸਾਹਿਤਕ ਰੁਚੀ ਨਹੀਂ ਰੱਖਦੇ ਤਾਂ ਬੱਚੇ ਨੂੰ ਸਾਹਿਤ ਨਾਲ ਕਿਵੇਂ ਜੋੜ ਸਕਦੇ ਹਨ। ਸਾਡੇ ਘਰਾਂ ਵਿੱਚ ਸਕੂਲੀ ਕਿਤਾਬਾਂ ਤੋਂ ਇਲਾਵਾ ਕੋਈ ਹੋਰ ਕਿਤਾਬੀ ਕੋਨਾ ਨਹੀਂ ਹੁੰਦਾ ਜਿੱਥੇ ਸਿਲੇਬਸ ਤੋਂ ਬਾਹਰੀ ਕਿਤਾਬਾਂ ਸ਼ਾਮਲ ਹੋਣ। ਮਾਪਿਆਂ ਦਾ ਫਰਜ ਬਣਦਾ ਹੈ ਕਿ ਉਹ ਘਰ ਵਿਚ ਮਿੰਨੀ ਲਾਇਬ੍ਰੇਰੀ ਸਥਾਪਤ ਕਰਨ। ਪੁਸਤਕ ਮੇਲੇ ਵਿੱਚ ਬੱਚਿਆਂ ਨੂੰ ਨਾਲ ਲਿਜਾ ਕੇ ਉਨ੍ਹਾਂ ਦੀਆਂ ਪਸੰਦ ਦੀਆਂ ਕਿਤਾਬਾਂ ਖਰੀਦ ਕੇ ਦੇਣ। ਇਹ ਇੱਕ ਵੱਡਾ ਉਪਰਾਲਾ ਹੋ ਸਕਦਾ ਹੈ।

ਵਿੱਦਿਅਕ-ਸੰਸਥਾਵਾਂ ਤੇ ਅਧਿਆਪਕਾਂ ਦੀ ਭੂਮਿਕਾ:

ਪਿਛਲੇ ਕੁਝ ਸਾਲਾਂ ਤੋਂ ਸਿੱਖਿਆ ਵਿਭਾਗ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਪ੍ਰਾਇਮਰੀ ਤੋਂ ਸੈਕੰਡਰੀ ਸਕੂਲ ਪੱਧਰ ਤੱਕ ਲਾਇਬ੍ਰੇਰੀ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀ ਕਿਤਾਬਾਂ ਨਾਲ ਜੁੜ ਸਕਣ ਅਤੇ ਸਾਹਿਤਕ ਰੁਚੀਆਂ ਪੈਦਾ ਹੋ ਸਕਣ। ਜਿੱਥੋਂ ਤੱਕ ਅਧਿਆਪਕਾਂ ਦੀ ਭੂਮਿਕਾ ਹੈ ਉਸ ਦਾ ਪ੍ਰਭਾਵ ਵਿਦਿਆਰਥੀ ਵੱਧ ਕਬੂਲਦੇ ਹਨ। ਜੇਕਰ ਅਧਿਆਪਕ ਵੀ ਲੇਖਕ ਹੋਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇੱਕ ਅਧਿਆਪਕ ਬਾਲ-ਲੇਖਕ ਵੀ ਪੈਦਾ ਕਰ ਸਕਦਾ ਹੈ। ਸਕੂਲ ਵਿੱਚ ਪੁਸਤਕ-ਪ੍ਰਦਰਸ਼ਨੀਆਂ ਵੀ ਲਾਈਆਂ ਜਾ ਸਕਦੀਆਂ ਹਨ। ਕਿਸੇ ਨਾ ਕਿਸੇ ਲੇਖਕ ਨੂੰ ਬੱਚਿਆਂ ਦੇ ਰੂਬਰੂ ਵੀ ਕਰਵਾਉਣਾ ਚਾਹੀਦਾ ਹੈ। ਸਾਹਿਤਕ ਰੁਚੀ ਦੀ ਕੋਈ ਉਮਰ ਨਹੀਂ ਹੁੰਦੀ। ਮੇਰੇ ਪ੍ਰੋਫੈਸਰ ਸਹਿਬਾਨਾਂ ਦਾ ਪ੍ਰਭਾਵ ਹੀ ਮੇਰੇ ਉੱਪਰ ਏਨਾ ਪਿਆ ਸੀ ਕਿ ਮੈਂ ਇੱਕ ਲੇਖਕ ਦੇ ਤੌਰ ’ਤੇ ਜਾਣਿਆ ਜਾਣ ਲੱਗ ਪਿਆ ਹਾਂ।

ਲੇਖਕਾਂ ਦੀ ਜਿੰਮੇਵਾਰੀ ਕੀ ਹੋਵੇ?

ਲੇਖਕਾਂ ਦੀ ਜਿੰਮੇਵਾਰੀ ਤਾਂ ਇਹ ਹੈ ਕਿ ਲੇਖਕ ਬਾਲ ਸਾਹਿਤ ਦੀ ਰਚਨਾ ਵੀ ਵੱਧ ਤੋਂ ਵੱਧ ਕਰਨ ਤਾਂ ਜੋ ਵਿਦਿਆਰਥੀ ਵੱਧ ਤੋਂ ਵੱਧ ਸਾਹਿਤ ਨਾਲ ਜੁੜ ਸਕਣ। ਸਾਹਿਤਕਾਰ ਬੌਧਿਕ ਸੋਚ ਵਾਲੇ ਵਿਸ਼ੇ ਦੀ ਚੋਣ ਕਰਨ। ਜਿੰਨ, ਭੂਤ, ਪਰੀਆਂ, ਰਾਖਸ਼ਾਂ ਆਦਿ ਪਾਤਰਾਂ ਨੂੰ ਤਿਲਾਂਜਲੀ ਦੇਣੀ ਚਾਹੀਦੀ ਹੈ। ਏਸ ਵਲਗਣ ਨੂੰ ਤੋੜਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਪ੍ਰੋਗਰਾਮਾਂ ਵਿੱਚ ਬੱਚਿਆਂ ਦੀ ਸਮੂਲੀਅਤ ਜਾਂ ਭਾਗੀਦਾਰੀ ਦੀ ਕੀ ਸਥਿਤੀ ਹੈ?

ਪਹਿਲਾਂ ਸਕੂਲਾਂ ਵਿੱਚ ਬਾਲ ਸਭਾਵਾਂ ਲੱਗਦੀਆਂ ਸਨ। ਬੱਚੇ ਆਪਣੀਆਂ ਛੋਟੀਆਂ-ਛੋਟੀਆਂ ਰਚਨਾਵਾਂ ਪੇਸ਼ ਕਰਦੇ ਸਨ। ਪਰ ਹੁਣ ਇਹ ਰਿਵਾਜ ਵੀ ਖਤਮ ਹੋ ਰਿਹਾ ਹੈ। ਕਈ ਵਾਰ ਵਿਦਿਆਰਥੀ ਕੁਝ ਅਜਿਹੀ ਪੇਸ਼ਕਾਰੀ ਕਰਦੇ ਹਨ ਜਿਸ ਨੂੰ ਸੁਣ ਕੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਧਾਰਮਿਕ ਸਮਾਗਮਾਂ ਵਿੱਚ ਬੱਚੇ ਸ਼ਬਦ-ਕੀਰਤਨ ਵੀ ਵਧੀਆ ਢੰਗ ਨਾਲ ਕਰਦੇ ਹਨ। ਕਵੀਸ਼ਰੀ ਗਾਉਂਦੇ ਵੀ ਵੇਖੇ ਜਾ ਸਕਦੇ ਹਨ।

ਕਿਸਾਨੀ ਸੰਘਰਸ਼ ਵਿੱਚ ਵੀ ਕਿਤੇ ਨਾ ਕਿਤੇ ਬੱਚਿਆਂ ਦੀ ਕਵਿਤਾ ਪੇਸ਼ ਕੀਤੀ ਜਾ ਰਹੀ ਹੈ। ਪਿਛਲੇ ਸਮੇਂ ਵਿੱਚ ਵਿਆਹ-ਸ਼ਾਦੀਆਂ ਦੇ ਪ੍ਰੋਗਰਾਮ ਸਮੇਂ ਛੋਟੀਆਂ ਬੱਚੀਆਂ ਸਿੱਖਿਆ ਬੋਲਦੀਆਂ ਸਨ। ਪਰ ਇਹ ਰਿਵਾਜ ਵੀ ਬਿਲਕੁਲ ਖਤਮ ਕਰ ਹੋ ਚੁੱਕਾ ਹੈ।
ਸੋ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਕਿਤਾਬਾਂ ਸਾਡੀਆਂ ਸੱਚੀਆਂ ਦੋਸਤ ਹੁੰਦੀਆਂ ਹਨ। ਉਹ ਜਿੰਦਗੀ ਦੇ ਤਜਰਬੇ ਸਾਂਝੇ ਕਰਦੀਆਂ ਹਨ । ਉਹ ਸਾਨੂੰ ਚੰਗੇ ਮਾਪਿਆਂ ਵਾਂਗ ਸਿੱਖਿਆ ਦੇਣ ਦਾ ਕੰਮ ਕਰਦੀਆਂ ਹਨ। ਸੋ! ਬਾਲਕਾਂ ਨੂੰ ਅਤੇ ਬਾਲਗਾਂ ਨੂੰ, ਦੋਹਾਂ ਵਰਗ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੁੜਨਾ ਚਾਹੀਦਾ ਹੈ।
ਹੀਰਾ ਸਿੰਘ ਤੂਤ,
ਫਿਰੋਜਪੁਰ
ਮੋ. 98724-55994

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ