ਗ੍ਰਹਿ ਮੰਤਰਾਲੇ ਨੇ ਸੁਖਬੀਰ ਬਾਦਲ ਨੂੰ ਦਿੱਤਾ ‘ਝੂਠਾ ਕਰਾਰ’, ਅਮਿਤ ਸ਼ਾਹ ਕੋਲ ਨਹੀਂ ਚੁੱਕਿਆ ਚੰਡੀਗੜ ਦਾ ਮੁੱਦਾ

ਕੇਂਦਰੀ ਗ੍ਰਹਿ ਵਿਭਾਗ ਸਿਰਫ ਅੰਗਰੇਜ਼ੀ‘ਚ ਹੀ ਨਹੀਂ ਸਗੋਂ ਪੰਜਾਬੀ ਵਿੱਚ ਵੀ ਕੀਤੇ 3-3 ਟਵੀਟ

ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਹੀ ਝੂਠਾ ਕਰਾਰ ਦੇ ਦਿੱਤਾ ਹੈ। ਸੁਖਬੀਰ ਬਾਦਲ ਦੀ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਤਾਂ ਜਰੂਰ ਹੋਈ ਸੀ ਪਰ ਉਨਾਂ ਨੇ ਚੰਡੀਗੜ ਦੇ ਮਾਮਲੇ ਵਿੱਚ ਨਾ ਹੀ ਕੋਈ ਮੁੱਦਾ ਚੁੱਕਿਆ ਅਤੇ ਨਾ ਹੀ ਚੰਡੀਗੜ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ। ਜਦੋਂ ਕਿ ਸੁਖਬੀਰ ਬਾਦਲ ਨੇ ਇਸ ਮੀਟਿੰਗ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਟਵੀਟ ਕਰਨ ਦੇ ਨਾਲ ਹੀ ਪ੍ਰੈਸ ਬਿਆਨ ਵੀ ਜਾਰੀ ਕੀਤਾ ਸੀ ਕਿ ਉਨਾਂ ਨੇ ਅਮਿਤ ਸ਼ਾਹ ਕੋਲ ਚੰਡੀਗੜ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਪੰਜਾਬ ਦੇ ਰਾਜਪਾਲ ਤੋਂ ਚੰਡੀਗੜ ਦੇ ਪ੍ਰਸ਼ਾਸਕ ਦਾ ਕਾਰਜਭਾਰ ਨਾ ਖੋਹਿਆ ਜਾਵੇ।

ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਬਾਅਦ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਸਪਸ਼ਟੀਕਰਨ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਸੁਖਬੀਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਇਹ ਮੁੱਦਾ ਉਠਾਇਆ ਹੀ ਨਹੀਂ ਹੈ। ਇਥੇ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਗਲੇ ਟਵੀਟ ਵਿੱਚ ਲਿਖਿਆ ਕਿ ਸੁਖਬੀਰ ਬਾਦਲ ਦਾ ਟਵੀਟ-ਖ਼ਦਸ਼ਾ, ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਬੇਨਤੀ ਕੀਤੀ ਕਿ ਉਸ ਕੇਂਦਰੀ ਫੈਸਲੇ ਨੂੰ ਮੁੜ ਤੋਂ ਵਿਚਾਰਨ, ਜਿਸ ਅਨੁਸਾਰ ਪੰਜਾਬ ਦੇ ਰਾਜਪਾਲ ਨੂੰ ਚੰਡੀਗੜ ਦੇ ਪ੍ਰਸ਼ਾਸਕ ਵਜੋਂ ਹਟਾ ਕੇ ਇੱਕ ਸੁਤੰਤਰ ਪ੍ਰਸ਼ਾਸਕ ਨਿਯੁਕਤ ਕੀਤਾ ਜਾਣਾ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਲਿਖਿਆ ਕਿ ਇਹ ਸਾਰਾ ਕੁਝ ਬੇਬੁਨਿਆਦ ਹੈ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਰਾਜਪਾਲ ਤੋਂ ਚੰਡੀਗੜ ਦੇ ਪ੍ਰਸ਼ਾਸਕ ਦੀ ਜਿੰਮੇਵਾਰੀ ਵਾਪਸ ਲੈਣ ਵਾਲੇ ਕੋਈ ਫੈਸਲਾ ਨਹੀਂ ਲਿਆ ਅਤੇ ਨਾ ਹੀ ਅਜਿਹੀ ਕੋਈ ਤਜਵੀਜ਼ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਟਵੀਟ ਕਰਦੇ ਹੋਏ ਸਾਰਾ ਕੁਝ ਜਿਥੇ ਸਾਫ਼ ਕੀਤਾ ਗਿਆ ਹੈ ਤਾਂ ਉਥੇ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਵੀ ਤਿੰਨ ਤਿੰਨ ਟਵੀਟ ਕੀਤੇ ਗਏ ਹਨ ਤਾਂ ਕਿ ਪੰਜਾਬੀ ਭਾਸ਼ਾ ਵਿੱਚ ਵੀ ਉੱਤਰ ਦਿੱਤਾ ਜਾ ਸਕੇ।

ਸੁਖਬੀਰ ਬਾਦਲ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਇਹ ਟਵੀਟ ਕਾਫ਼ੀ ਜਿਆਦਾ ਭਾਰੀ ਪੈ ਸਕਦੇ ਹਨ ਕਿਉਂਕਿ ਇਨਾਂ ਟਵੀਟ ਨਾਲ ਉਨਾਂ ’ਤੇ ਸੂਬੇ ਦੇ ਲੋਕਾਂ ਨੂੰ ਝੂਠ ਬੋਲਣ ਦਾ ਦੋਸ਼ ਵੀ ਲੱਗ ਗਿਆ ਹੈ। ਇਸ ਮਾਮਲੇ ਵਿੱਚ ਸੁਖਬੀਰ ਬਾਦਲ ਵਲੋਂ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਗਿਆ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਇਸ ਮਾਮਲੇ ਵਿੱਚ ਟਿੱਪਣੀ ਕਰਨ ਲਈ ਕੁਝ ਸਮਾਂ ਮੰਗ ਰਹੇ ਹਨ ਤਾਂ ਕਿ ਸੁਖਬੀਰ ਬਾਦਲ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਮੀਡੀਆ ਨੂੰ ਕੋਈ ਜਾਣਕਾਰੀ ਦਿੱਤੀ ਜਾਵੇ ਕਿ ਅਸਲ ਕਹਾਣੀ ਕੀ ਹੈ ?

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ