ਹਿਮਾਚਲ ਨੇ ਮੰਗਿਆ ਚੰਡੀਗੜ ਵਿੱਚ 7.19 ਫੀਸਦੀ ਮੰਗਿਆ ਹਿੱਸਾ, ਬਣਾਈ ਕੈਬਨਿਟ ਸਬ ਕਮੇਟੀ (Himachal News)
(ਅਸ਼ਵਨੀ ਚਾਵਲਾ) ਚੰਡੀਗੜ। ਚੰਡੀਗੜ੍ਹ ਵਿੱਚ 7.19 ਫੀਸਦੀ ਹਿੱਸਾ ਹਿਮਾਚਲ ਸਰਕਾਰ ਵਲੋਂ ਮੰਗਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ਾਸੇ ਨਰਾਜ਼ ਹੋ ਗਏ ਹਨ। ਉਨਾਂ ਨੇ ਇਸ ਮਾਮਲੇ ਵਿੱਚ ਪ੍ਰਤਾਪ ਸਿੰਘ ਬਾਜਵਾ ’ਤੇ ਸਖ਼ਤ ਟਿੱਪਣੀ ਕਰਦੇ ਹੋਏ ਉਨਾਂ ਨੂੰ ਆਪਣਾ ਸਟੈਂਡ ਕਲੀਅਰ ਕਰਨ ਲਈ ਕਿਹਾ ਹੈ। (Himachal News) ਪ੍ਰਤਾਪ ਸਿੰਘ ਬਾਜਵਾ ਇਸ ਸਮੇਂ ਹਿਮਾਚਲ ਕਾਂਗਰਸ ਦੇ ਇੰਚਾਰਜ ਹਨ ਅਤੇ ਹਿਮਾਚਲ ਦੀ ਸਰਕਾਰ ਵੱਲੋਂ ਹੀ ਬੀਤੇ ਦਿਨ ਚੰਡੀਗੜ ਮਾਮਲੇ ਵਿੱਚ ਵੱਡਾ ਫੈਸਲਾ ਕੀਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਟਿੱਪਣੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵਿੱਟ ਕਰਦੇ ਹੋਏ ਟਿੱਪਣੀ ਕੀਤੀ ਹੈ ਕਿ ‘‘ਚੰਡੀਗੜ ਦੇ ਮੁੱਦੇ ’ਤੇ ਹਿਮਾਚਲ ਦੀ ਕਾਂਗਰਸ ਸਰਕਾਰ ਦੇ ਦਾਅਵੇ ਬਾਰੇ ਹਿਮਾਚਲ ਦੇ ਇੰਚਾਰਜ ਪ੍ਰਤਾਪ ਸਿੰਘ ‘‘ਭਾਜਪਾ’’ ਜੀ ਦੋਵਾਂ ਪਾਰਟੀਆਂ ਦਾ ਪੱਖ ਪੇਸ਼ ਕਰ ਦੇਣ.. .. .. ਸ਼ਰਮ ਦਾ ਘਾਟਾ..। ਭਗਵੰਤ ਮਾਨ ਦੇ ਇਸ ਟਵਿਟ ਰਾਹੀਂ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ ਗਿਆ ਹੈ।
ਚੰਡੀਗੜ ਦੇ ਮੁੱਦੇ ਤੇ ਹਿਮਾਚਲ ਦੀ ਕਾਂਗਰਸ ਸਰਕਾਰ ਦੇ ਦਾਅਵੇ ਬਾਰੇ ਹਿਮਾਚਲ ਦੇ ਇੰਚਾਰਜ ਪ੍ਰਤਾਪ ਸਿੰਘ “ਭਾਜਪਾ” ਜੀ ਦੋਵਾਂ ਪਾਰਟੀਆਂ ਦਾ ਪੱਖ ਪੇਸ਼ ਕਰ ਦੇਣ…ਸ਼ਰਮ ਦਾ ਘਾਟਾ..
— Bhagwant Mann (@BhagwantMann) July 1, 2023
ਇੱਥੇ ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਵਿਧਾਇਕ ਦਲ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਪਿਛਲੇ ਕਾਫ਼ੀ ਸਮੇਂ ਤੋਂ ਹਿਮਾਚਲ ਕਾਂਗਰਸ ਦੇ ਇਨਚਾਰਜ ਚਲਦੇ ਆ ਰਹੇ ਹਨ। ਲੰਘੇ ਦਿਨ ਹਿਮਾਚਲ ਪ੍ਰਦੇਸ਼ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਚੰਡੀਗੜ ’ਤੇ ਹਿਮਾਚਲ ਪ੍ਰਦੇਸ਼ ਦਾ ਵੀ ਪੂਰਾ ਹਿੱਸਾ ਬਣਦਾ ਹੈ ਅਤੇ ਇਸ 7.19 ਫੀਸਦੀ ਹਿੱਸੇ ਨੂੰ ਲੈਣ ਲਈ ਕਾਨੂੰਨੀ ਜਾਂ ਫਿਰ ਚਿੱਠੀ ਪੱਤਰ ਸਬੰਧੀ ਚਾਰਾਜੋਈ ਸ਼ੁਰੂ ਕੀਤੀ ਜਾਏਗੀ।
ਇਹ ਵੀ ਪੜ੍ਹੋ : ਪਾਵਰਕੌਮ ਨੇ ਬਿਜਲੀ ਚੋਰਾਂ ਨੂੰ ਪਾਈ ‘ਕੁੰਡੀ’
ਇਸ ਤਰ੍ਹਾਂ ਦੇ ਫੈਸਲੇ ਨੂੰ ਲਾਗੂ ਕਰਨ ਸਬੰਧੀ ਕਾਨੂੰਨੀ ਅਤੇ ਸੰਵਿਧਾਨਿਕ ਦਸਤਾਵੇਜ਼ ਨੂੰ ਘੋਖਣ ਲਈ ਕੈਬਨਿਟ ਦੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਦੀ ਇਸ ਕਾਰਵਾਈ ਤੋਂ ਪੰਜਾਬ ਦੇ ਮੁੱਖ ਮੰਤਰੀ ਖ਼ਾਸੇ ਨਰਾਜ਼ ਨਜ਼ਰ ਆ ਰਹੇ ਹਨ।